ਕੋਟਕਪੂਰਾ (ਨਰਿੰਦਰ, ਭਾਵਿਤ) - ਪੰਜਾਬ ਸਰਕਾਰ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਧੂਮੀਤ ਕੌਰ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕੋਟਕਪੂਰਾ ਅਤੇ ਅਜਿੱਤ ਗਿੱਲ ਮੱਤਾ ਦੀ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਸਹਾਇਕ ਪ੍ਰਾਜੈਕਟ ਅਫਸਰ ਅਤੇ ਬੀ. ਡੀ. ਪੀ. ਓ. ਕੋਟਕਪੂਰਾ ਵੀ ਹਾਜ਼ਰ ਸਨ। ਚੈਕਿੰਗ ਦੌਰਾਨ ਤਿੰਨ ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜਿਨ੍ਹਾਂ ਵਿਚ ਮਗਨਰੇਗਾ ਅਧੀਨ ਕੰਮ ਕਰਦੇ ਕੰਪਿਊਟਰ ਸਹਾਇਕ, ਮੁੱਖ ਸੇਵਿਕਾ ਏ. ਜੀ. ਐੱਸ. ਅਤੇ ਸੇਵਾਦਾਰ ਸ਼ਾਮਲ ਸਨ। ਇਸ ਮੌਕੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਕੰਮ ਕਰਦੇ 22 ਕਰਮਚਾਰੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕਰਦਿਆਂ ਕਿਹਾ ਗਿਆ ਕਿ ਭਵਿੱਖ ਵਿਚ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਹ ਚੈਕਿੰਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਟਕਪੂਰਾ ਬਲਾਕ 'ਚ ਪੈਂਦੇ ਪਿੰਡ ਰੋਮਾਣਾ ਅਲਬੇਲ ਸਿੰਘ ਦੀ ਡਿਸਪੈਂਸਰੀ ਦੀ ਚੈਕਿੰਗ ਵੀ ਕੀਤੀ ਗਈ, ਜਿਥੇ ਡਾਕਟਰ ਸਮੇਤ ਸਾਰਾ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਸਮੇਂ ਖਾਰਾ, ਸਰਾਏਨਾਗਾ ਪਿੰਡਾਂ 'ਚ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਊਣਤਾਈਆਂ ਪਾਈਆਂ ਜਾਣ 'ਤੇ ਉਨ੍ਹਾਂ ਵਿਚ ਸੁਧਾਰ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮਧੂਮੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਰੋਜ਼ਾਨਾ ਦੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਤੇ ਲੋਕ ਭਲਾਈ ਦੇ ਕੰਮ ਈਮਾਨਦਾਰੀ ਅਤੇ ਤਨਦੇਹੀ ਦੇ ਨਾਲ ਹੁੰਦੇ ਰਹਿਣ।
ਕਾਬੂ ਕੀਤੇ ਚੋਰ ਨੂੰ ਇਕ ਘੰਟਾ ਫੜਨ ਨਾ ਆਈ ਪੁਲਸ
NEXT STORY