ਜਲੰਧਰ/ਚੰਡੀਗੜ੍ਹ (ਧਵਨ )- ਭ੍ਰਿਸ਼ਟਾਚਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਜੁਗਰਾਜ ਸਿੰਘ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਕਿਉਂਕਿ ਵਾਇਰਲ ਹੋਏ ਵੀਡੀਓ ਵਿਚ ਉਕਤ ਅਧਿਕਾਰੀ ਵਲੋਂ ਇਕ ਦੁਕਾਨਦਾਰ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਦਾ ਸਖ਼ਤ ਨੋਟਿਸ ਲਿਆ। ਇਹ ਵੀਡੀਓ ਜਲੰਧਰ ਦੇ ਦੁਕਾਨਦਾਰ ਬਿੱਕਰ ਸਿੰਘ ਵਲੋਂ 11 ਜੁਲਾਈ ਨੂੰ ਬਣਾਇਆ ਗਿਆ ਸੀ, ਜਿਸ ਵਿਚ ਸਾਫ ਤੌਰ 'ਤੇ ਪਤਾ ਲੱਗ ਰਿਹਾ ਸੀ ਕਿ ਖੇਤੀਬਾੜੀ ਅਧਿਕਾਰੀ ਉਨ੍ਹਾਂ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ 16 ਜੁਲਾਈ ਨੂੰ ਅਪਲੋਡ ਕੀਤਾ ਗਿਆ ਸੀ ਤੇ ਇਸ ਨੂੰ ਅਨੇਕਾਂ ਲੋਕਾਂ ਨੇ ਸ਼ੇਅਰ ਕੀਤਾ।
ਦੁਕਾਨਦਾਰ ਮੁਤਾਬਕ ਜਿਵੇਂ ਹੀ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ। ਖੇਤੀਬਾੜੀ ਵਿਭਾਗ ਨੇ ਸੰਬੰਧਤ ਦੁਕਾਨਦਾਰ ਨਾਲ ਡਿਪਟੀ ਕਮਿਸ਼ਨਰ ਰਾਹੀਂ ਸੰਪਰਕ ਕੀਤਾ ਤੇ ਬਿੱਕਰ ਸਿੰਘ ਨੇ ਇਸ ਸੰਬੰਧ ਵਿਚ 19 ਜੁਲਾਈ ਨੂੰ ਹਲਫੀਆ ਬਿਆਨ ਵੀ ਦੇ ਦਿੱਤਾ। ਖੇਤੀਬਾੜੀ ਵਿਭਾਗ ਨੇ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਮੁੱਖ ਖੇਤੀਬਾੜੀ ਅਧਿਕਾਰੀ ਦੇ ਖਿਲਾਫ ਸੌਂਪੀ, ਜਿਸ ਤੋਂ ਬਾਅਦ ਉਕਤ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਕੋਈ ਸਮਝੌਤਾ ਨਹੀਂ ਕਰੇਗੀ ਤੇ ਹੋਰ ਵਿਭਾਗਾਂ ਵਿਚ ਵੀ ਜੇਕਰ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ। ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਐੱਮ. ਪੀ. ਸਿੰਘ ਵਲੋਂ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਰੂਲਜ਼ 1970 ਦੇ ਨਿਯਮ 5 ਤੇ ਆਰਟੀਕਲ 311 (2) ਦੇ ਅਧੀਨ ਮੁੱਖ ਖੇਤੀਬਾੜੀ ਅਧਿਕਾਰੀ ਜੁਗਰਾਜ ਸਿੰਘ ਨੂੰ ਸੇਵਾ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਹੋਏ।
ਮੁੱਖ ਮੰਤਰੀ ਨੇ ਧੀਮਾਨ ਨੂੰ ਕੀਤਾ ਤਲਬ , ਧੀਮਾਨ ਨੇ ਨਸ਼ਿਆਂ ਦੀ ਵਿਕਰੀ ਜਾਰੀ ਰਹਿਣ ਦਾ ਦਿੱਤਾ ਸੀ ਬਿਆਨ
NEXT STORY