ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਵਿਰੁੱਧ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਫਰਾਰ ਸਿੰਗਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਸੀ.ਬੀ.ਆਈ. ਅਤੇ ਇੰਟਰਪੋਲ ਨਵੀਂ ਦਿੱਲੀ ਨੂੰ ਪੱਤਰ ਵੀ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ...ਤੇ ਹੁਣ ਰੇਲ ਯਾਤਰਾ ਦੌਰਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਬੀਮਾਰ ਯਾਤਰੀਆਂ ਨੂੰ ਵੀ ਮਿਲੇਗੀ ਇਹ ਸਹੂਲਤ
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਕਰੋੜਾਂ ਰੁਪਏ ਦੇ ਟੈਂਡਰ ਅਲਾਟਮੈਂਟ ਘੋਟਾਲੇ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਦਰਜ ਐੱਫਆਈਆਰ ਨੰ. 11 ਮਿਤੀ 16-08-2022 ਦੀ ਪੜਤਾਲ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਉਪਰੋਕਤ ਮੁੱਖ ਦੋਸ਼ੀ ਰਾਕੇਸ਼ ਕੁਮਾਰ ਸਿੰਗਲਾ, ਜੋ ਕਿ ਵਿਭਾਗੀ ਵਿਜੀਲੈਂਸ ਸੈੱਲ ਦਾ ਚੇਅਰਮੈਨ ਵੀ ਸੀ, ਨੇ ਆਪਣੀ ਤਾਇਨਾਤੀ ਦੌਰਾਨ ਰਿਸ਼ਵਤ ਦੀ ਵੱਡੀ ਰਕਮ ਇਕੱਠੀ ਕੀਤੀ ਤੇ ਕਈ ਜਾਇਦਾਦਾਂ ਬਣਾਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਦੋਸ਼ੀ ਨੇ ਆਪਣੇ ਤੇ ਪਤਨੀ ਰਚਨਾ ਸਿੰਗਲਾ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ ਅਤੇ ਇਹ ਜਾਇਦਾਦਾਂ ਉਸ ਦੀ ਕੁਲ ਆਮਦਨ ਦੇ ਜਾਣੂ ਸਰੋਤਾਂ ਤੋਂ 1.36,56,005 ਰੁਪਏ ਵੱਧ ਹਨ, ਜੋ ਕਿ 58.97 ਫ਼ੀਸਦੀ ਵੱਧ ਬਣਦੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਨਹੀਂ ਰੁਕ ਰਿਹਾ 'ਗੋਲ਼ੀਬਾਰੀ' ਦਾ ਸਿਲਸਿਲਾ, ਅਲਬਾਮਾ 'ਚ ਹੋਈ ਫਾਇਰਿੰਗ 'ਚ 4 ਲੋਕਾਂ ਦੀ ਮੌਤ
ਬੁਲਾਰੇ ਨੇ ਅੱਗੇ ਕਿਹਾ ਕਿ ਮਿਤੀ 01-04-2011 ਤੋਂ 31-07-2022 ਤੱਕ ਦੀ ਚੈਕਿੰਗ ਮਿਆਦ ਦੌਰਾਨ ਪਾਇਆ ਗਿਆ ਕਿ ਦੋਸ਼ੀ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਨੇ 5 ਕੀਮਤੀ ਜਾਇਦਾਦਾਂ ਖਰੀਦੀਆਂ ਅਤੇ ਇਨ੍ਹਾਂ 'ਤੇ 3,68,15,757 ਰੁਪਏ ਦੀ ਰਕਮ ਖਰਚ ਕੀਤੀ, ਜਦੋਂ ਕਿ ਉਨ੍ਹਾਂ ਦੀ ਅਸਲ ਆਮਦਨ ਸਿਰਫ਼ 2,31,59,752 ਰੁਪਏ ਸੀ। ਵਿਜੀਲੈਂਸ ਜਾਂਚ ਦੇ ਆਧਾਰ 'ਤੇ ਦੋਵਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13 (2) ਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐੱਫਆਈਆਰ ਨੰਬਰ 8 ਮਿਤੀ 19-04-2023 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਘਰੇਲੂ ਗੈਸ ਪਾਈਪ ਲਾਈਨ ਨੂੰ ਲੱਗੀ ਭਿਆਨਕ ਅੱਗ, ਲੋਕ ਘਰਾਂ 'ਚੋਂ ਨਿਕਲੇ ਬਾਹਰ, ਜਾਣੋ ਫਿਰ ਕੀ ਹੋਇਆ
ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਸਿੰਗਲਾ ਦੀ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬਹੁਤ ਨੇੜਤਾ ਸੀ ਅਤੇ ਉਸ ਨੇ ਠੇਕੇ ਅਲਾਟ ਕਰਾਉਣ ਲਈ ਤੇਲੂ ਰਾਮ ਠੇਕੇਦਾਰ ਤੋਂ 30 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਉਪਰੋਕਤ ਦੋਸ਼ੀ ਐੱਫ.ਆਈ.ਆਰ. ਨੰਬਰ 11/2022 ਵਿੱਚ ਵੀ ਸ਼ਾਮਲ ਹੈ ਅਤੇ ਉਸ ਨੇ ਤੇਲੂ ਰਾਮ ਤੋਂ 20 ਲੱਖ ਰੁਪਏ ਉਸ ਦੀ ਫਰਮ ਨੂੰ ਟੈਂਡਰ ਅਲਾਟ ਕਰਵਾਉਣ ਲਈ ਰਿਸ਼ਵਤ ਵਜੋਂ ਲਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਰਾਕੇਸ਼ ਸਿੰਗਲਾ ਉਪਰੋਕਤ ਕੇਸ ਵਿੱਚ ਲੋੜੀਂਦਾ ਹੈ ਅਤੇ ਵਿਜੀਲੈਂਸ ਬਿਊਰੋ ਦੀ ਪਹਿਲਕਦਮੀ 'ਤੇ ਉਸ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ 3.12.2022 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੁਆਰਾ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਅਤੇ 27.03.2023 ਨੂੰ ਸੀ.ਬੀ.ਆਈ. ਅਤੇ ਇੰਟਰਪੋਲ ਨਵੀਂ ਦਿੱਲੀ ਨੂੰ ਇਸ ਬਾਰੇ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਲਯੁੱਗ ਦਾ ਬੁਰਾ ਜ਼ਮਾਨਾ, ਰੋਟੀ ਮੰਗਣ ’ਤੇ ਪੁੱਤ ਨੇ ਕੁੱਟ-ਕੁੱਟ ਲਹੂ-ਲੁਹਾਨ ਕੀਤਾ ਪਿਓ
NEXT STORY