ਹੁਸ਼ਿਆਰਪੁਰ (ਅਮਰਿੰਦਰ)— 'ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਅਤੇ ਨਾ ਕੋਈ ਬਾਰੀ' ਗਾਣੇ 'ਚ ਖੁਦ 'ਤੇ ਖਟਾਰਾ ਹੋਣ ਦਾ ਟੈਗ ਲਵਾ ਚੁੱਕੀ ਪੰਜਾਬ ਰੋਡਵੇਜ਼ ਭਵਿੱਖ 'ਚ ਵੀ ਖਟਾਰਾ ਹੀ ਨਜ਼ਰ ਆਵੇਗੀ। ਸਰਕਾਰ ਦੀ ਅਣਦੇਖੀ ਕਾਰਣ ਆਰਥਕ ਸੰਕਟ 'ਚੋਂ ਲੰਘ ਰਹੀ ਪੰਜਾਬ ਰੋਡਵੇਜ਼ ਲਈ ਆਉਣ ਵਾਲੇ ਸਮੇਂ 'ਚ ਆਪਣੇ ਬੇੜੇ 'ਚ ਵੋਲਵੋ ਬੱਸਾਂ ਸ਼ਾਮਲ ਕਰਨਾ ਦੂਰ ਦੀ ਕੌਡੀ ਹੈ। ਪਨਬੱਸ ਦੀਆਂ ਪੁਰਾਣੀਆਂ ਖਟਾਰਾ ਬੱਸਾਂ ਨੂੰ ਆਰਥਕ ਸੰਕਟ 'ਚੋਂ ਲੰਘ ਰਹੀ ਪੰਜਾਬ ਰੋਡਵੇਜ਼ ਦੇ ਬੇੜੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਸਪੱਸ਼ਟ ਹੈ ਕਿ ਵੋਲਵੋ ਬੱਸਾਂ ਨੂੰ ਨਾ ਸਿਰਫ ਹੁਸ਼ਿਆਰਪੁਰ ਡਿਪੂ ਸਗੋਂ ਸੂਬੇ ਦੇ ਹੋਰ ਡਿਪੂਆਂ 'ਚ ਵੀ ਸ਼ਾਮਲ ਕਰਨ ਦਾ ਸੁਪਨਾ ਬਹੁਤ ਦੂਰ ਦੀ ਗੱਲ ਹੈ।
ਦਿੱਲੀ ਦੇ ਏਅਰਪੋਰਟ 'ਤੇ ਵੀ ਨਹੀਂ ਜਾ ਰਹੀ ਵੋਲਵੋ ਬੱਸ
ਸਾਲ 2018 'ਚ ਕੈਪਟਨ ਸਰਕਾਰ ਨੇ ਹੁਸ਼ਿਆਰਪੁਰ ਦੇ ਬੱਸ ਅੱਡੇ ਸਮੇਤ ਸਾਰੇ ਰੋਡਵੇਜ਼ ਡਿਪੂਆਂ ਤੋਂ ਅਤਿ-ਆਧੁਨਿਕ ਵੋਲਵੋ ਬੱਸਾਂ ਚਲਾਈਆਂ ਸਨ। ਇਹ ਦਾਅਵਾ ਕੀਤਾ ਗਿਆ ਸੀ ਕਿ ਜਲਦ ਵੋਲਵੋ ਬੱਸਾਂ ਹੁਸ਼ਿਆਰਪੁਰ ਤੋਂ ਦਿੱਲੀ ਹੁੰਦੇ ਹੋਏ ਅਤੇ ਮਥੁਰਾ-ਵ੍ਰਿੰਦਾਵਨ ਲਈ ਚੱਲਣਗੀਆਂ ਪਰ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਹੁਸ਼ਿਆਰਪੁਰ ਵਾਸੀਆਂ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ। ਇੰਨਾ ਹੀ ਨਹੀਂ ਹੁਸ਼ਿਆਰਪੁਰ ਤੋਂ ਪੀ. ਆਰ. ਟੀ. ਸੀ. ਦੀਆਂ ਬੱਸਾਂ, ਜੋ ਕਿ ਬਹੁਤ ਘੱਟ ਪੈਸਿਆਂ 'ਚ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਨ, ਨੂੰ ਵੀ ਪਿਛਲੇ 10 ਮਹੀਨਿਆਂ ਤੋਂ ਦਿੱਲੀ ਬੱਸ ਸਟੈਂਡ ਤੱਕ ਚਲਾਇਆ ਜਾ ਰਿਹਾ ਹੈ।
ਪਨਬੱਸ ਦੇ ਸਹਾਰੇ ਚੱਲ ਰਹੀ ਰੋਡਵੇਜ਼
ਪੰਜਾਬ ਦੇ ਟਰਾਂਸਪੋਰਟ ਵਿਭਾਗ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਨਵੀਆਂ ਬੱਸਾਂ ਖਰੀਦ ਕੇ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਕਰ ਸਕੇ। ਇਸੇ ਕਾਰਨ ਬੈਂਕਾਂ ਦੀ ਸਲਾਹ 'ਤੇ ਪੰਜਾਬ ਰੋਡਵੇਜ਼ 'ਚ ਪਨਬੱਸ ਨਾਂ ਦੀ ਇਕ ਕੰਪਨੀ ਸਥਾਪਤ ਕੀਤੀ ਗਈ ਸੀ। ਇਸ ਕੰਪਨੀ ਤਹਿਤ ਬੈਂਕ ਨਵੀਆਂ ਬੱਸਾਂ ਖਰੀਦਣ ਲਈ ਕਰਜ਼ੇ ਪ੍ਰਦਾਨ ਕਰ ਰਹੇ ਹਨ, ਜਦੋਂ ਤੱਕ ਸਬੰਧਤ ਬੱਸ ਦਾ ਲੋਨ ਪੂਰਾ ਨਹੀਂ ਹੁੰਦਾ, ਇਸ ਨੂੰ ਪੰਜਾਬ ਰੋਡਵੇਜ਼ 'ਚ ਤਬਦੀਲ ਨਹੀਂ ਕੀਤਾ ਜਾ ਸਕਦਾ। ਯਾਨਿ ਜਦੋਂ ਬੈਂਕ ਦਾ ਕਰਜ਼ਾ ਖਤਮ ਹੁੰਦਾ ਹੈ, ਉਦੋਂ ਤੱਕ ਬੱਸ ਲੱਖਾਂ ਕਿਲੋਮੀਟਰ ਦਾ ਸਫਰ ਤਹਿ ਕਰ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜਾਬ ਰੋਡਵੇਜ਼ ਪਨਬੱਸ ਦੇ ਸਹਾਰੇ ਚੱਲ ਰਹੀ ਹੈ।

ਕਰਜ਼ਾ ਖਤਮ ਹੋਣ ਤੱਕ ਬੱਸਾਂ ਹੋ ਜਾਂਦੀਆਂ ਨੇ ਖਟਾਰਾ
ਅਸਲੀਅਤ ਇਹ ਹੈ ਕਿ ਪਨਬੱਸ ਵੱਲੋਂ ਜੋ ਬੱਸਾਂ ਪੰਜਾਬ ਰੋਡਵੇਜ਼ ਦੇ ਬੇੜੇ 'ਚ ਤਬਦੀਲ ਕੀਤੀਆਂ ਜਾ ਰਹੀਆਂ ਹਨ, ਉਹ 5 ਸਾਲ ਤੋਂ ਵੀ ਪੁਰਾਣੀਆਂ ਹਨ ਅਤੇ 7 ਲੱਖ ਕਿਲੋਮੀਟਰ ਤੋਂ ਵੀ ਵੱਧ ਚੱਲ ਚੁੱਕੀਆਂ ਹਨ। ਇੰਨੀ ਚੱਲਣ ਤੋਂ ਬਾਅਦ ਬੱਸ ਖਟਾਰਾ ਹੋ ਜਾਂਦੀ ਹੈ ਅਤੇ ਜਦੋਂ ਉਹ ਪੰਜਾਬ ਰੋਡਵੇਜ਼ ਦੇ ਬੇੜੇ ਵਿਚ ਸ਼ਾਮਲ ਹੁੰਦੀ ਹੈ, ਉਦੋਂ ਉਸ ਨੂੰ ਮੁੱਖ ਮਾਰਗ 'ਤੇ ਚਲਾਉਣਾ ਸੰਭਵ ਨਹੀਂ ਹੁੰਦਾ। ਇਸ ਸਮੇਂ ਪੰਜਾਬ ਰੋਡਵੇਜ਼ ਦੇ ਬੇੜੇ ਵਿਚ 700 ਦੇ ਕਰੀਬ ਬੱਸਾਂ ਬਚੀਆਂ ਹਨ। ਆਉਣ ਵਾਲੇ ਸਮੇਂ 'ਚ ਟਰਾਂਸਪੋਰਟ ਵਿਭਾਗ ਵੱਲੋਂ ਨਵੀਆਂ ਬੱਸਾਂ ਖਰੀਦ ਕੇ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਕਰਨਾ ਸੰਭਵ ਨਹੀਂ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਪੰਜਾਬ ਰੋਡਵੇਜ਼ ਦੀ ਬੱਸਾਂ ਖਟਾਰਾ ਹੀ ਰਹਿਣਗੀਆਂ।
ਨਵੀਂ ਬੱਸ ਦੀ ਛੱਤ 'ਤੇ ਕੋਈ ਰੈਕ ਨਹੀਂ, ਕਿੰਝ ਹੋਵੇਗੀ ਕਮਾਈ
ਡਿੱਗੀ ਦਾ ਛੋਟਾ ਆਕਾਰ ਪੰਜਾਬ ਰੋਡਵੇਜ਼ ਦੀਆਂ ਨਵੀਆਂ ਆਮ ਬੱਸਾਂ ਦੀ ਕਮਾਈ 'ਚ ਵਿਘਨ ਪਾ ਰਿਹਾ ਹੈ। ਜ਼ਿਆਦਾ ਸਾਮਾਨ ਲੈ ਕੇ ਚੱਲਣ ਵਾਲੇ ਯਾਤਰੀ ਪੰਜਾਬ ਰੋਡਵੇਜ਼ ਦੀਆਂ ਨਵੀਆਂ ਆਮ ਬੱਸਾਂ ਵਿਚ ਸਫਰ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਦਰਅਸਲ, ਪੰਜਾਬ ਰੋਡਵੇਜ਼ ਦੇ ਬੇੜੇ ਵਿਚ ਸ਼ਾਮਲ ਨਵੀਆਂ ਬੱਸਾਂ ਦੀਆਂ ਛੱਤਾਂ 'ਤੇ ਸਾਮਾਨ ਲਿਜਾਣ ਲਈ ਰੈਕਾਂ ਦਾ ਕੋਈ ਇੰਤਜ਼ਾਮ ਨਹੀਂ ਹੈ ਅਤੇ ਯਾਤਰੀ ਬੱਸ ਦੇ ਦੋ ਦਰਵਾਜ਼ਿਆਂ ਵਿਚਕਾਰ ਬਣੀਆਂ ਛੋਟੀਆਂ ਡਿੱਗੀਆਂ 'ਚ ਸਾਮਾਨ ਰੱਖਣ ਲਈ ਮਜਬੂਰ ਹਨ, ਜਿਨ੍ਹਾਂ 'ਚ ਵੱਡੀਆਂ ਚੀਜ਼ਾਂ ਰੱਖਣਾ ਸੰਭਵ ਨਹੀਂ ਹੈ।
ਯਾਤਰੀਆਂ, ਖਾਸ ਕਰ ਕੇ ਕਾਰੋਬਾਰੀਆਂ ਦੀ ਪਹਿਲੀ ਪਸੰਦ ਨਿੱਜੀ ਬੱਸਾਂ
ਵਧੇਰੇ ਸਾਮਾਨ ਲੈ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਅਤੇ ਕਾਰੋਬਾਰੀਆਂ ਦੀ ਪਹਿਲੀ ਪਸੰਦ ਸਰਕਾਰੀ ਦੀ ਬਜਾਏ ਨਿੱਜੀ ਬੱਸਾਂ ਹਨ। ਪ੍ਰਾਈਵੇਟ ਬੱਸਾਂ ਦੇ ਸਟਾਫ ਮੈਂਬਰ ਵੱਡੇ ਪੈਮਾਨੇ ਦੀਆਂ ਪ੍ਰਾਈਵੇਟ ਬੱਸਾਂ ਵਿਚ ਸਵਾਰੀਆਂ ਨੂੰ ਖੁੱਲ੍ਹੀ ਡਿੱਗੀ ਅਤੇ ਛੱਤ 'ਤੇ ਰੈਕ ਲੱਗੇ ਹੋਣ ਦਾ ਲਾਲਚ ਦਿੰਦੇ ਹਨ। ਇਹੀ ਕਾਰਨ ਹੈ ਕਿ ਸਾਮਾਨ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਖਾਸਕਰ ਕਾਰੋਬਾਰੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸਫਰ ਕਰਨਾ ਘੱਟ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਰੋਡਵੇਜ਼ ਦੀ ਕਮਾਈ 'ਤੇ ਪੈ ਰਿਹਾ ਹੈ।
ਹਰਸਿਮਰਤ ਕੁਝ ਕਹਿਣ ਤੋਂ ਪਹਿਲਾਂ ਤੱਥ ਜਾਣ ਲਵੇ : ਸਿੰਗਲਾ
NEXT STORY