ਨੈਸ਼ਨਲ ਡੈਸਕ– ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਪੜਾਅ ’ਚ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ’ਚ 1600 ਤੋਂ ਵੱਧ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਪੜਾਅ ’ਚ 9 ਕੇਂਦਰੀ ਮੰਤਰੀਆਂ, 2 ਸਾਬਕਾ ਮੁੱਖ ਮੰਤਰੀਆਂ ਤੇ 1 ਸਾਬਕਾ ਰਾਜਪਾਲ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ।
ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਹਾਲਾਂਕਿ ਕੁਝ ਸੂਬਿਆਂ ’ਚ ਵੋਟਿੰਗ ਖ਼ਤਮ ਹੋਣ ਦਾ ਸਮਾਂ ਵੱਖਰਾ ਹੈ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਅੱਜ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ 92 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ
ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ’ਚ 16.63 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ’ਚ 8.4 ਕਰੋੜ ਮਰਦ ਤੇ 8.23 ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ’ਚੋਂ 35.67 ਲੱਖ ਵੋਟਰ ਅਜਿਹੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ, ਜਦਕਿ 20 ਤੋਂ 29 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 3.51 ਕਰੋੜ ਹੈ। ਇਨ੍ਹਾਂ ਲਈ 1.87 ਲੱਖ ਪੋਲਿੰਗ ਬੂਥ ਬਣਾਏ ਗਏ ਹਨ।
ਪਹਿਲੇ ਪੜਾਅ ਦੀ ਵੋਟਿੰਗ ਪੂਰੀ ਹੋਣ ਦੇ ਨਾਲ ਹੀ 10 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ, ਜਿਥੇ ਚੋਣਾਂ ਖ਼ਤਮ ਹੋ ਜਾਣਗੀਆਂ। ਪਹਿਲੇ ਪੜਾਅ ’ਚ ਤਾਮਿਲਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ ’ਚ 543 ਸੀਟਾਂ ਲਈ 7 ਪੜਾਵਾਂ ’ਚ ਵੋਟਿੰਗ ਹੋਵੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਇਨ੍ਹਾਂ ਸੀਟਾਂ ’ਤੇ ਹੋਵੇਗੀ ਵੋਟਿੰਗ
- ਪਹਿਲੇ ਪੜਾਅ ’ਚ ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ- ਅਰੁਣਾਚਲ ਪੱਛਮੀ ਤੇ ਅਰੁਣਾਚਲ ਪੂਰਬੀ ਤੇ ਅਸਾਮ ਦੀਆਂ 5- ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ, ਡਿਬਰੂਗੜ੍ਹ ਤੇ ਜੋਰਹਾਟ, ਜਦਕਿ ਬਿਹਾਰ ਦੀਆਂ 4 ਸੀਟਾਂ- ਔਰੰਗਾਬਾਦ, ਗਯਾ, ਜਮੁਈ ਤੇ ਨਵਾਦਾ ’ਤੇ ਵੋਟਿੰਗ ਹੋਵੇਗੀ।
- ਮੱਧ ਪ੍ਰਦੇਸ਼ ਦੀਆਂ 6 ਸੀਟਾਂ- ਸਿੱਧੀ, ਸ਼ਾਹਡੋਲ, ਜਬਲਪੁਰ, ਮੰਡਲਾ, ਬਾਲਾਘਾਟ ਤੇ ਛਿੰਦਵਾੜਾ, ਮਹਾਰਾਸ਼ਟਰ ਦੀਆਂ 5 ਸੀਟਾਂ- ਰਾਮਟੇਕ, ਨਾਗਪੁਰ, ਭੰਡਾਰਾ-ਗੋਂਦੀਆ, ਗੜ੍ਹਚਿਰੌਲੀ-ਚਿਮੂਰ ਤੇ ਚੰਦਰਪੁਰ ਤੇ ਰਾਜਸਥਾਨ ਦੀਆਂ 12 ਸੀਟਾਂ- ਗੰਗਾਨਗਰ, ਬੀਕਾਨੇਰ, ਚੁਰੂ, ਝੁੰਨੂ, ਸੀਕਰ, ਜੈਪੁਰ ਦਿਹਾਤੀ, ਜੈਪੁਰ, ਅਲਵਰ, ਭਰਤਪੁਰ, ਕਰੌਲੀ-ਧੌਲਪੁਰ, ਦੌਸਾ ਤੇ ਨਾਗੌਰ ’ਚ ਵੀ ਵੋਟਿੰਗ ਹੋਵੇਗੀ।
- ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ’ਤੇ ਵੋਟਿੰਗ ਹੋਵੇਗੀ। ਇਨ੍ਹਾਂ ’ਚ ਤਿਰੂਵੱਲੁਰ, ਚੇਨਈ ਉੱਤਰੀ, ਚੇਨਈ ਦੱਖਣ, ਚੇਨਈ ਸੈਂਟਰਲ, ਸ਼੍ਰੀਪੇਰੰਬਦੂਰ, ਕਾਂਚੀਪੁਰਮ, ਅਰਾਕੋਨਮ, ਵੇਲੋਰ, ਕ੍ਰਿਸ਼ਨਾਗਿਰੀ, ਧਰਮਪੁਰੀ, ਤਿਰੂਵੰਨਮਲਾਈ, ਅਰਾਨੀ, ਵਿਲੁਪੁਰਮ, ਕਾਲਾਕੁਰੁਚੀ, ਸਲੇਮ, ਨਮਕਕਲ, ਇਰੋਡ, ਤਿਰੁਪੁਰ, ਨੀਲਗਿਰੀਸ, ਕੋਇੰਬਟੂਰ, ਪੋਲਾਚੁਰਦੀ, ਕਰਾਚੀਪੁਰਮ, ਤਿਰੂਚਿਰਾਪੱਲੀ, ਪੇਰੰਬਲੁਰ, ਕੁੱਡਲੋਰ, ਚਿਦੰਬਰਮ, ਮੇਇਲਾਦੁਥੁਰਾਈ, ਨਾਗਪੱਟੀਨਮ, ਤੰਜਾਵੁਰ, ਸਿਵਾਗੰਗਈ, ਮਦੁਰਾਈ, ਥੇਨੀ, ਵਿਰੂਧੁਨਗਰ, ਰਾਮਨਾਥਪੁਰਮ, ਥੂਥੂਕੁੜੀ, ਟੇਨਕਸੀ, ਤਿਰੂਨੇਲਵੇਲੀ ਤੇ ਕੰਨਿਆਕੁਮਾਰੀ ਸ਼ਾਮਲ ਹਨ।
- ਉੱਤਰਾਖੰਡ ਦੀਆਂ ਸਾਰੀਆਂ 5 ਸੀਟਾਂ- ਟਿਹਰੀ ਗੜ੍ਹਵਾਲ, ਗੜਵਾਲ, ਅਲਮੋੜਾ, ਨੈਨੀਤਾਲ-ਊਧਮ ਸਿੰਘ ਨਗਰ ਤੇ ਹਰਿਦੁਆਰ ਤੇ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ- ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਤੇ ਪੀਲੀਭੀਤ ’ਤੇ ਵੋਟਿੰਗ ਹੋਵੇਗੀ।
- ਇਸ ਪੜਾਅ ’ਚ ਪੱਛਮੀ ਬੰਗਾਲ ਦੀਆਂ 3 ਸੀਟਾਂ- ਕੂਚਬਿਹਾਰ, ਅਲੀਪੁਰਦੁਆਰ ਤੇ ਜਲਪਾਈਗੁੜੀ ਤੇ ਜੰਮੂ-ਕਸ਼ਮੀਰ ਦੀ ਊਧਮਪੁਰ ਸੀਟ ’ਤੇ ਵੀ ਵੋਟਿੰਗ ਹੋਵੇਗੀ। ਛੱਤੀਸਗੜ੍ਹ ਦੀ ਬਸਤਰ ਸੀਟ ’ਤੇ ਵੋਟਿੰਗ ਹੋਵੇਗੀ।
- ਇਨ੍ਹਾਂ ਤੋਂ ਇਲਾਵਾ ਮਨੀਪੁਰ ਦੀਆਂ ਦੋਵੇਂ ਸੀਟਾਂ- ਅੰਦਰੂਨੀ ਮਨੀਪੁਰ ਤੇ ਬਾਹਰੀ ਮਨੀਪੁਰ ’ਤੇ ਵੀ ਵੋਟਿੰਗ ਹੋਵੇਗੀ। 26 ਅਪ੍ਰੈਲ ਨੂੰ ਬਾਹਰੀ ਮਣੀਪੁਰ ਦੀਆਂ ਕੁਝ ਥਾਵਾਂ ’ਤੇ ਵੀ ਵੋਟਿੰਗ ਹੋਵੇਗੀ। ਮੇਘਾਲਿਆ ਦੀ ਸ਼ਿਲਾਂਗ ਤੇ ਤੁਰਾ ਸੀਟਾਂ ਤੇ ਤ੍ਰਿਪੁਰਾ ਦੀ ਤ੍ਰਿਪੁਰਾ ਪੱਛਮੀ ਸੀਟ ’ਤੇ ਵੋਟਿੰਗ ਹੋਵੇਗੀ।
- ਪਹਿਲੇ ਪੜਾਅ ’ਚ ਮਿਜ਼ੋਰਮ (1), ਨਾਗਾਲੈਂਡ (1), ਸਿੱਕਿਮ (1), ਲਕਸ਼ਦੀਪ (1), ਪੁਡੂਚੇਰੀ (1) ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ (1) ’ਚ ਵੀ ਵੋਟਾਂ ਪੈਣਗੀਆਂ।
ਉਹ 15 ਸੀਟਾਂ, ਜਿਨ੍ਹਾਂ ’ਤੇ ਰਹੇਗੀ ਨਜ਼ਰ
1. ਨਾਗਪੁਰ (ਮਹਾਰਾਸ਼ਟਰ)– ਕੇਂਦਰੀ ਮੰਤਰੀ ਨਿਤਿਨ ਗਡਕਰੀ ਇਥੋਂ ਤੀਜੀ ਵਾਰ ਚੋਣ ਲੜ ਰਹੇ ਹਨ। 2014 ’ਚ ਗਡਕਰੀ ਨੇ ਸਾਬਕਾ ਕੇਂਦਰੀ ਮੰਤਰੀ ਵਿਲਾਸ ਮੁਤੇਮਵਾਰ ਨੂੰ ਹਰਾਇਆ ਸੀ। 2019 ’ਚ ਉਨ੍ਹਾਂ ਨੇ ਮਹਾਰਾਸ਼ਟਰ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਾਨਾ ਪਟੋਲੇ ਨੂੰ ਹਰਾਇਆ। ਇਸ ਵਾਰ ਕਾਂਗਰਸ ਨੇ ਗਡਕਰੀ ਦੇ ਖ਼ਿਲਾਫ਼ ਵਿਕਾਸ ਠਾਕਰੇ ਨੂੰ ਮੈਦਾਨ ’ਚ ਉਤਾਰਿਆ ਹੈ।
2. ਅਰੁਣਾਚਲ ਪੱਛਮੀ (ਅਰੁਣਾਚਲ)– ਕੇਂਦਰੀ ਮੰਤਰੀ ਕਿਰਨ ਰਿਜਿਜੂ ਇਥੋਂ ਚੋਣ ਲੜ ਰਹੇ ਹਨ। ਰਿਜਿਜੂ 2004 ਤੋਂ ਇਥੋਂ ਦੇ ਸੰਸਦ ਮੈਂਬਰ ਹਨ। ਰਿਜਿਜੂ ਉੱਤਰ-ਪੂਰਬ ’ਚ ਭਾਜਪਾ ਦਾ ਵੱਡਾ ਚਿਹਰਾ ਹਨ। ਉਹ ਕਾਨੂੰਨ ਮੰਤਰੀ ਤੇ ਗ੍ਰਹਿ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਨਬਾਮ ਤੁਕੀ ਨਾਲ ਹੋਣ ਜਾ ਰਿਹਾ ਹੈ।
3. ਡਿਬਰੂਗੜ੍ਹ (ਅਸਾਮ)– ਭਾਜਪਾ ਨੇ ਇਥੋਂ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। 2021 ’ਚ ਹਿਮਾਂਤਾ ਬਿਸਵਾ ਸਰਮਾ ਨੂੰ ਅਸਾਮ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਸੋਨੋਵਾਲ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਸੀ। ਇਸ ਵਾਰ ਸਰਬਾਨੰਦ ਸੋਨੋਵਾਲ ਦਾ ਮੁਕਾਬਲਾ ਅਸਾਮ ਜਾਤੀ ਪ੍ਰੀਸ਼ਦ ਦੀ ਲੁਰੀਨਜਯੋਤੀ ਗੋਗੋਈ ਤੇ ਆਮ ਆਦਮੀ ਪਾਰਟੀ ਦੇ ਮਨੋਜ ਧਨੋਵਰ ਨਾਲ ਹੋਵੇਗਾ।
4. ਮੁਜ਼ੱਫਰਨਗਰ (ਯੂ. ਪੀ.)– ਮੋਦੀ ਸਰਕਾਰ ’ਚ ਕੇਂਦਰੀ ਮੰਤਰੀ ਡਾ. ਸੰਜੀਲ ਬਾਲਿਆਨ ਇਥੋਂ ਭਾਜਪਾ ਦੇ ਉਮੀਦਵਾਰ ਹਨ। ਬਲਿਆਨ 2014 ਤੋਂ ਇਥੋਂ ਜਿੱਤਦੇ ਆ ਰਹੇ ਹਨ। 2019 ’ਚ ਉਨ੍ਹਾਂ ਨੇ ਆਰ. ਐੱਲ. ਡੀ. ਦੇ ਚੌਧਰੀ ਅਜੀਤ ਸਿੰਘ ਨੂੰ ਹਰਾਇਆ ਸੀ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਹਰਿੰਦਰ ਮਲਿਕ ਤੇ ਬਸਪਾ ਦੇ ਦਾਰਾ ਸਿੰਘ ਪ੍ਰਜਾਪਤੀ ਨਾਲ ਹੈ।
5. ਊਧਮਪੁਰ (ਜੰਮੂ-ਕਸ਼ਮੀਰ)– ਰਾਜ ਮੰਤਰੀ ਜਤਿੰਦਰ ਸਿੰਘ ਇਸ ਸੀਟ ਤੋਂ ਚੋਣ ਲੜ ਰਹੇ ਹਨ। ਜਤਿੰਦਰ ਸਿੰਘ ਇਸ ਤੋਂ ਪਹਿਲਾਂ 2014 ਤੇ 2019 ’ਚ ਵੀ ਇਥੋਂ ਜਿੱਤ ਚੁੱਕੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਚੌਧਰੀ ਲਾਲ ਸਿੰਘ ਨਾਲ ਹੈ। ਜਤਿੰਦਰ ਸਿੰਘ ਤੋਂ ਪਹਿਲਾਂ ਚੌਧਰੀ ਲਾਲ ਸਿੰਘ ਊਧਮਪੁਰ ਤੋਂ ਸੰਸਦ ਮੈਂਬਰ ਸਨ।
6. ਅਲਵਰ (ਰਾਜਸਥਾਨ)– ਮੋਦੀ ਸਰਕਾਰ ’ਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਇਸ ਸੀਟ ਤੋਂ ਚੋਣ ਲੜ ਰਹੇ ਹਨ। ਭੂਪੇਂਦਰ ਯਾਦਵ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ। ਯਾਦਵ 2012 ਤੋਂ ਰਾਜ ਸਭਾ ਦੇ ਮੈਂਬਰ ਹਨ। ਬਾਬਾ ਬਾਲਕਨਾਥ 2019 ’ਚ ਅਲਵਰ ਸੀਟ ਤੋਂ ਜਿੱਤੇ ਸਨ। ਇਸ ਵਾਰ ਭੂਪੇਂਦਰ ਯਾਦਵ ਦਾ ਮੁਕਾਬਲਾ ਕਾਂਗਰਸ ਦੇ ਲਲਿਤ ਯਾਦਵ ਨਾਲ ਹੈ।
7. ਬੀਕਾਨੇਰ (ਰਾਜਸਥਾਨ)– ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਬੀਕਾਨੇਰ ਤੋਂ ਚੋਣ ਲੜ ਰਹੇ ਹਨ। ਅਰਜੁਨ ਰਾਮ ਮੇਘਵਾਲ 2009 ਤੋਂ ਇਸ ਸੀਟ ਤੋਂ ਜਿੱਤਦੇ ਆ ਰਹੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਤੇ ਬਸਪਾ ਦੇ ਖੇਤ ਰਾਮ ਮੇਘਵਾਲ ਨਾਲ ਹੈ।
8. ਤ੍ਰਿਪੁਰਾ ਪੱਛਮੀ (ਤ੍ਰਿਪੁਰਾ)– ਭਾਜਪਾ ਨੇ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਬੀ. ਜੇ. ਪੀ. ਨੇ 2019 ’ਚ ਪਹਿਲੀ ਵਾਰ ਇਸ ਸੀਟ ਤੋਂ ਚੋਣ ਜਿੱਤੀ ਸੀ। ਇਸ ਤੋਂ ਪਹਿਲਾਂ 1996 ਤੋਂ 2014 ਤੱਕ ਇਸ ਜਗ੍ਹਾ ’ਤੇ ਸੀ. ਪੀ. ਐੱਮ. ਦਾ ਕਬਜ਼ਾ ਸੀ। ਬਿਪਲਬ ਦੇਵ ਦਾ ਮੁਕਾਬਲਾ ਕਾਂਗਰਸ ਦੇ ਸੂਬਾ ਪ੍ਰਧਾਨ ਆਸ਼ੀਸ਼ ਕੁਮਾਰ ਸਾਹਾ ਨਾਲ ਹੋਵੇਗਾ।
9. ਨੀਲਗਿਰੀ (ਤਾਮਿਲਨਾਡੂ)– ਇਸ ਸੀਟ ’ਤੇ ਇਕ ਕੇਂਦਰੀ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਵਿਚਕਾਰ ਮੁਕਾਬਲਾ ਹੈ। ਭਾਜਪਾ ਦੀ ਤਰਫ਼ੋਂ ਕੇਂਦਰੀ ਮੰਤਰੀ ਐੱਲ. ਮੁਰੂਗਨ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਡੀ. ਐੱਮ. ਕੇ. ਨੇ ਸਾਬਕਾ ਕੇਂਦਰੀ ਮੰਤਰੀ ਏ. ਰਾਜੇ ਨੂੰ ਹੇਠਾਂ ਲਿਆਂਦਾ ਗਿਆ ਹੈ। ਮੁਰੂਗਨ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ।
10. ਸਿਵਾਗੰਗਈ (ਤਾਮਿਲਨਾਡੂ)– ਇਸ ਸੀਟ ’ਤੇ ਵੀ ਹਾਈ ਪ੍ਰੋਫਾਈਲ ਮੁਕਾਬਲਾ ਹੋਣ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਕਾਂਗਰਸ ਵਲੋਂ ਚੋਣ ਮੈਦਾਨ ’ਚ ਹਨ। ਕਾਰਤੀ 2019 ’ਚ ਵੀ ਇਥੋਂ ਸੰਸਦ ਮੈਂਬਰ ਚੁਣੇ ਗਏ ਸਨ।
11. ਕੋਇੰਬਟੂਰ (ਤਾਮਿਲਨਾਡੂ)– ਭਾਜਪਾ ਨੇ ਇਥੋਂ ਆਪਣੇ ਸੂਬਾ ਪ੍ਰਧਾਨ ਅੰਨਾਮਾਲਾਈ ਨੂੰ ਮੈਦਾਨ ’ਚ ਉਤਾਰਿਆ ਹੈ। ਅੰਨਾਮਲਾਈ ਆਈ. ਪੀ. ਐੱਸ. ਰਹਿ ਚੁੱਕੇ ਹਨ ਤੇ ਉਨ੍ਹਾਂ ਨੂੰ ਇਥੇ ‘ਸਿੰਘਮ’ ਵੀ ਕਿਹਾ ਜਾਂਦਾ ਹੈ। ਉਹ ਡੀ. ਐੱਮ. ਕੇ. ਦੇ ਗਣਪਤੀ ਪੀ. ਰਾਜਕੁਮਾਰ ਤੇ ਏ. ਆਈ. ਏ. ਡੀ. ਐੱਮ. ਕੇ. ਦੇ ਸਿੰਗਾਈ ਰਾਮਚੰਦਰਨ ਖ਼ਿਲਾਫ਼ ਚੋਣ ਲੜ ਰਹੇ ਹਨ।
12. ਚੇਨਈ ਦੱਖਣੀ (ਤਾਮਿਲਨਾਡੂ)– ਭਾਜਪਾ ਨੇ ਤਾਮਿਲਸਾਈ ਸੁੰਦਰਰਾਜਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੁੰਦਰਰਾਜਨ ਪੁਡੂਚੇਰੀ ਦੇ ਉਪ ਰਾਜਪਾਲ ਤੇ ਤੇਲੰਗਾਨਾ ਦੇ ਰਾਜਪਾਲ ਰਹਿ ਚੁੱਕੇ ਹਨ। ਉਸ ਦੇ ਸਾਹਮਣੇ ਡੀ. ਐੱਮ. ਕੇ. ਦੇ ਥਮਿਜ਼ਾਚੀ ਥੰਗਾਪਾਂਡਿਅਨ ਹਨ, ਜਦਕਿ ਅੰਨਾ ਡੀ. ਐੱਮ. ਕੇ. ਦੇ ਪੱਖ ਤੋਂ ਜੇ. ਜੈਵਰਧਨ ਉਮੀਦਵਾਰ ਹਨ।
13. ਜੋਰਹਾਟ (ਅਸਾਮ)– ਸੂਬੇ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਗੌਰਵ ਗੋਗੋਈ ਇਥੋਂ ਕਾਂਗਰਸ ਦੇ ਉਮੀਦਵਾਰ ਹਨ। ਗੌਰਵ ਗੋਗੋਈ ਪਹਿਲੀ ਵਾਰ ਜੋਰਹਾਟ ਸੀਟ ਤੋਂ ਚੋਣ ਲੜ ਰਹੇ ਹਨ। 2014 ਤੇ 2019 ’ਚ ਉਨ੍ਹਾਂ ਨੇ ਕਾਲੀਆਬਾਰ ਸੀਟ ਤੋਂ ਚੋਣ ਜਿੱਤੀ। ਗੌਰਵ ਗੋਗੋਈ ਦੇ ਵਿਰੋਧੀ ਭਾਜਪਾ ਦੇ ਤਪਨ ਗੋਗੋਈ ਹਨ, ਜੋ 2019 ’ਚ ਇਥੋਂ ਜਿੱਤੇ ਸਨ।
14. ਛਿੰਦਵਾੜਾ (ਮੱਧ ਪ੍ਰਦੇਸ਼)– ਕਾਂਗਰਸ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਨਕੁਲ ਨਾਥ ਇਥੋਂ ਚੋਣ ਲੜ ਰਹੇ ਹਨ। ਕਮਲਨਾਥ 1980 ਤੋਂ 2014 ਤੱਕ ਇਥੋਂ ਦੇ ਸੰਸਦ ਮੈਂਬਰ ਰਹੇ। ਨਕੁਲ ਨਾਥ ਨੇ 2019 ’ਚ ਇਥੋਂ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ ਨਕੁਲ ਨਾਥ ਦੇ ਮੁਕਾਬਲੇ ਵਿਵੇਕ ਬੰਟੀ ਸਾਹੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
15. ਸਹਾਰਨਪੁਰ (ਉੱਤਰ ਪ੍ਰਦੇਸ਼)– ਇੰਡੀਆ ਬਲਾਕ ’ਚ ਇਹ ਸੀਟ ਕਾਂਗਰਸ ਦੇ ਖ਼ਾਤੇ ’ਚ ਆ ਗਈ ਹੈ। ਕਾਂਗਰਸ ਨੇ ਇਥੋਂ ਇਮਰਾਨ ਮਸੂਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਮਰਾਨ ਮਸੂਦ ਦੇ ਚਾਚਾ ਰਾਸ਼ਿਦ ਮਸੂਦ ਇਥੋਂ 5 ਵਾਰ ਸਾਂਸਦ ਰਹਿ ਚੁੱਕੇ ਹਨ। ਇਸ ਵਾਰ ਇਮਰਾਨ ਮਸੂਦ ਦਾ ਮੁਕਾਬਲਾ ਭਾਜਪਾ ਦੇ ਰਾਘਵ ਲਖਨਪਾਲ ਸ਼ਰਮਾ ਨਾਲ ਹੈ।
102 ਸੀਟਾਂ ’ਤੇ ਕੌਣ ਕਿੰਨਾ ਮਜ਼ਬੂਤ?
ਜੇਕਰ ਅਸੀਂ 2019 ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਜਿਨ੍ਹਾਂ 102 ਸੀਟਾਂ ’ਤੇ ਪਹਿਲੇ ਪੜਾਅ ’ਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ’ਚ ਭਾਜਪਾ ਮਜ਼ਬੂਤ ਦਿਖਾਈ ਦਿੰਦੀ ਹੈ। ਇਨ੍ਹਾਂ 102 ਸੀਟਾਂ ’ਚੋਂ 2019 ਦੀਆਂ ਚੋਣਾਂ ’ਚ ਭਾਜਪਾ ਨੇ 40, ਡੀ. ਐੱਮ. ਕੇ. ਨੇ 24 ਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ।
ਪਹਿਲੇ ਪੜਾਅ ’ਚ 9 ਸੀਟਾਂ ਅਜਿਹੀਆਂ ਹਨ, ਜੋ ਭਾਜਪਾ ਤੇ ਕਾਂਗਰਸ ਦੇ ਗੜ੍ਹ ਹਨ। ਗੜ੍ਹ ਭਾਵ ਭਾਜਪਾ ਜਾਂ ਕਾਂਗਰਸ 2009 ਤੋਂ ਲੈ ਕੇ ਹੁਣ ਤੱਕ ਤਿੰਨੋਂ ਲੋਕ ਸਭਾ ਚੋਣਾਂ ਜਿੱਤਦੀ ਆ ਰਹੀ ਹੈ। ਭਾਜਪਾ ਨੇ 2009, 2014 ਤੇ 2019 ’ਚ ਜਬਲਪੁਰ, ਚੁਰੂ, ਬੀਕਾਨੇਰ, ਸਿੱਧੀ, ਪੀਲੀਭੀਤ ਤੇ ਬਾਲਾਘਾਟ ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ ਕਾਲੀਆਬੋਰ, ਛਿੰਦਵਾੜਾ ਤੇ ਸ਼ਿਲਾਂਗ ਸੀਟਾਂ ਜਿੱਤੀਆਂ ਹਨ।
2019 ’ਚ ਭਾਜਪਾ ਨੇ ਪਹਿਲੇ ਪੜਾਅ ’ਚ 102 ’ਚੋਂ 60 ਸੀਟਾਂ ’ਤੇ ਚੋਣ ਲੜੀ ਸੀ। ਇਨ੍ਹਾਂ ’ਚੋਂ 34 ਸੀਟਾਂ ’ਤੇ 50 ਫ਼ੀਸਦੀ ਤੋਂ ਵੱਧ, 19 ਸੀਟਾਂ ’ਤੇ 30-50 ਫ਼ੀਸਦੀ ਤੇ 7 ਸੀਟਾਂ ’ਤੇ 30 ਫ਼ੀਸਦੀ ਤੋਂ ਘੱਟ ਵੋਟਾਂ ਪ੍ਰਾਪਤ ਹੋਈਆਂ। ਦੂਜੇ ਪਾਸੇ ਡੀ. ਐੱਮ. ਕੇ. ਨੇ ਪਿਛਲੀਆਂ ਚੋਣਾਂ ’ਚ ਫੇਜ਼ 1 ’ਚ ਲੜੀਆਂ ਸਾਰੀਆਂ 24 ਸੀਟਾਂ ਜਿੱਤੀਆਂ ਸਨ। ਇਸ ਨੂੰ 19 ਸੀਟਾਂ ’ਤੇ 50 ਫ਼ੀਸਦੀ ਤੋਂ ਵੱਧ ਤੇ ਬਾਕੀ 5 ’ਤੇ 30 ਤੋਂ 50 ਫ਼ੀਸਦੀ ਵੋਟਾਂ ਮਿਲੀਆਂ।
ਇਸ ਦੇ ਨਾਲ ਹੀ ਕਾਂਗਰਸ ਨੇ ਇਨ੍ਹਾਂ 102 ਸੀਟਾਂ ’ਚੋਂ 65 ’ਤੇ ਚੋਣ ਲੜੀ ਸੀ। ਇਸ ਦਾ ਵੋਟ ਸ਼ੇਅਰ 10 ਸੀਟਾਂ ’ਤੇ 50 ਫ਼ੀਸਦੀ ਤੋਂ ਉੱਪਰ, 36 ਸੀਟਾਂ ’ਤੇ 30 ਤੋਂ 50 ਫ਼ੀਸਦੀ, 9 ਸੀਟਾਂ ’ਤੇ 10 ਤੋਂ 30 ਫ਼ੀਸਦੀ ਤੇ 10 ਸੀਟਾਂ ’ਤੇ 10 ਫ਼ੀਸਦੀ ਤੋਂ ਘੱਟ ਸੀ।
ਲੋਕ ਸਭਾ ਚੋਣਾਂ ਦਾ ਅੱਗੇ ਦਾ ਪਲਾਨ
ਦੂਜਾ ਪੜਾਅ– ਸੀਟਾਂ 89, ਵੋਟਿੰਗ 26 ਅਪ੍ਰੈਲ
ਕਿਥੇ-ਕਿਥੇ ਵੋਟਿੰਗ– ਅਸਾਮ (5), ਬਿਹਾਰ (5), ਛੱਤੀਸਗੜ੍ਹ (3), ਕਰਨਾਟਕ (14), ਕੇਰਲ (20), ਮੱਧ ਪ੍ਰਦੇਸ਼ (7), ਮਹਾਰਾਸ਼ਟਰ (8), ਮਨੀਪੁਰ (1), ਰਾਜਸਥਾਨ (13), ਤ੍ਰਿਪੁਰਾ (1), ਉੱਤਰ ਪ੍ਰਦੇਸ਼ (8), ਪੱਛਮੀ ਬੰਗਾਲ (3), ਜੰਮੂ ਤੇ ਕਸ਼ਮੀਰ (1)।
ਤੀਜਾ ਪੜਾਅ– ਸੀਟਾਂ 94, ਵੋਟਿੰਗ 7 ਮਈ
ਕਿਥੇ-ਕਿਥੇ ਵੋਟਿੰਗ– ਅਸਾਮ (4), ਬਿਹਾਰ (5), ਛੱਤੀਸਗੜ੍ਹ (7), ਗੋਆ (2), ਗੁਜਰਾਤ (26), ਕਰਨਾਟਕ (14), ਮੱਧ ਪ੍ਰਦੇਸ਼ (8), ਮਹਾਰਾਸ਼ਟਰ (11), ਉੱਤਰ ਪ੍ਰਦੇਸ਼ (10), ਪੱਛਮੀ ਬੰਗਾਲ (4), ਦਾਦਰਾ ਨਗਰ ਹਵੇਲੀ ਤੇ ਦਮਨ ਦੀਉ (2), ਜੰਮੂ ਤੇ ਕਸ਼ਮੀਰ (1)।
ਚੌਥਾ ਪੜਾਅ– ਸੀਟਾਂ 96, ਵੋਟਿੰਗ 13 ਮਈ
ਕਿਥੇ-ਕਿਥੇ ਵੋਟਿੰਗ– ਆਂਧਰਾ ਪ੍ਰਦੇਸ਼ (25), ਬਿਹਾਰ (5), ਝਾਰਖੰਡ (4), ਮੱਧ ਪ੍ਰਦੇਸ਼ (8), ਮਹਾਰਾਸ਼ਟਰ (11), ਉੜੀਸਾ (4), ਤੇਲੰਗਾਨਾ (17), ਉੱਤਰ ਪ੍ਰਦੇਸ਼ (13), ਪੱਛਮੀ ਬੰਗਾਲ (8) ), ਜੰਮੂ ਤੇ ਕਸ਼ਮੀਰ (1)।
ਪੰਜਵਾਂ ਪੜਾਅ– ਸੀਟਾਂ 49, ਵੋਟਿੰਗ 20 ਮਈ
ਕਿਥੇ-ਕਿਥੇ ਵੋਟਿੰਗ– ਬਿਹਾਰ (5), ਝਾਰਖੰਡ (3), ਮਹਾਰਾਸ਼ਟਰ (13), ਉੜੀਸਾ (5), ਉੱਤਰ ਪ੍ਰਦੇਸ਼ (14), ਪੱਛਮੀ ਬੰਗਾਲ (7), ਜੰਮੂ ਤੇ ਕਸ਼ਮੀਰ (1), ਲੱਦਾਖ (1)।
ਛੇਵਾਂ ਪੜਾਅ– ਸੀਟਾਂ 57, ਵੋਟਿੰਗ 25 ਮਈ
ਕਿਥੇ-ਕਿਥੇ ਵੋਟਿੰਗ– ਬਿਹਾਰ (8), ਹਰਿਆਣਾ (10), ਝਾਰਖੰਡ (4), ਉੜੀਸਾ (6), ਉੱਤਰ ਪ੍ਰਦੇਸ਼ (14), ਪੱਛਮੀ ਬੰਗਾਲ (8), ਦਿੱਲੀ (7)।
ਸੱਤਵਾਂ ਪੜਾਅ– ਸੀਟਾਂ 57, ਵੋਟਿੰਗ 1 ਜੂਨ
ਕਿਥੇ-ਕਿਥੇ ਵੋਟਿੰਗ– ਬਿਹਾਰ (8), ਹਿਮਾਚਲ ਪ੍ਰਦੇਸ਼ (4), ਝਾਰਖੰਡ (3), ਉੜੀਸਾ (6), ਪੰਜਾਬ (13), ਉੱਤਰ ਪ੍ਰਦੇਸ਼ (13), ਪੱਛਮੀ ਬੰਗਾਲ (9), ਚੰਡੀਗੜ੍ਹ (1)।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤਿਹਾੜ ਜੇਲ੍ਹ 'ਚ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ CM ਮਾਨ ਨੇ ਜਤਾਈ ਚਿੰਤਾ, ਕਿਹਾ- ''ਤਾਨਾਸ਼ਾਹੀ ਦੀ ਵੀ ਹੱਦ ਹੁੰਦੀ ਐ''
NEXT STORY