ਬਠਿੰਡਾ(ਪਰਮਿੰਦਰ)-ਮੌਸਮ 'ਚ ਫੈਲੇ ਸਮੋਗ ਨੇ ਜ਼ਿੰਦਗੀ ਦੀ ਰਫਤਾਰ ਰੋਕ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਆਸਮਾਨ 'ਚ ਛਾਏ ਇਸ ਧੂੰਏਂ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਹੀ ਨਹੀਂ ਹੋ ਰਹੇ। ਬੀਤੀ ਰਾਤ ਤੇ ਮੰਗਲਵਾਰ ਨੂੰ ਸਵੇਰੇ ਪਈ ਧੁੰਦ ਨੇ ਕਾਫੀ ਧੂੰਏਂ ਨੂੰ ਹੇਠਾਂ ਦਬਾ ਦਿੱਤਾ ਪਰ ਇਸ ਦੇ ਬਾਵਜੂਦ ਪੂਰਾ ਦਿਨ ਮੌਸਮ ਦਾ ਮਿਜਾਜ਼ ਵਿਗੜਿਆ ਰਿਹਾ। ਧੂੰਏਂ ਨਾਲ ਮਿਲ ਕੇ ਧੁੰਦ ਵੀ ਆਪਣਾ ਕਹਿਰ ਵਰਸਾ ਰਹੀ ਹੈ, ਜਿਸ ਕਾਰਨ ਲੋਕ ਅੱਖਾਂ ਤੇ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹੀ ਨਹੀਂ ਸਮੋਗ ਕਾਰਨ ਵਿਜ਼ੀਬਿਲਟੀ ਵੀ ਕਾਫੀ ਘੱਟ ਹੋ ਜਾਂਦੀ ਹੈ, ਜਿਸ ਕਾਰਨ ਹਰ ਸਮੇਂ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਪਿਛਲੇ 2-4 ਦਿਨਾਂ ਵਿਚ ਹੀ ਇਹ ਸਮੋਗ ਪੰਜਾਬ ਭਰ 'ਚ ਕਈ ਜਾਨਾਂ ਲੈ ਚੁੱਕਾ ਹੈ ਤੇ ਇਸ ਦਾ ਇਹ ਸਿਲਸਿਲਾ ਅਜੇ ਤੱਕ ਜਾਰੀ ਹੈ।
ਸਾਹ ਤੇ ਅੱਖਾਂ ਦੀਆਂ ਬੀਮਾਰੀਆਂ ਦਾ ਖਤਰਾ
ਆਸਮਾਨ 'ਚ ਛਾਏ ਗੁਬਾਰ ਕਾਰਨ ਪੂਰੀ ਫਿਜ਼ਾ ਵਿਚ ਧੂੰਆਂ ਭਰ ਗਿਆ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਬਜ਼ੁਰਗਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਛੋਟੇ ਬੱਚੇ ਵੀ ਇਸ ਗੁਬਾਰ ਤੋਂ ਨਹੀਂ ਬਚ ਸਕੇ। ਡਾਕਟਰਾਂ ਕੋਲ ਸਾਹ ਦੀ ਤਕਲੀਫ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਇਹੀ ਨਹੀਂ ਧੂੰਏਂ ਕਾਰਨ ਅੱਖਾਂ 'ਚ ਜਲਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਦੋ-ਪਹੀਆ ਵਾਹਨ ਚਾਲਕਾਂ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਅੱਖਾਂ 'ਚ ਜਲਣ ਦੀ ਸ਼ਿਕਾਇਤ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਹਰ ਸਾਲ ਹੋਣ ਵਾਲੀ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ।
ਵਿਜ਼ੀਬਿਲਟੀ ਘੱਟ ਹੋਣ ਕਾਰਨ ਹੋ ਰਹੇ ਹਾਦਸੇ
ਸਮੋਗ ਦਿਨ ਢਲਦਿਆਂ ਹੀ ਹੋਰ ਗਹਿਰਾ ਹੋ ਜਾਂਦਾ ਹੈ, ਜਿਸ ਕਾਰਨ ਵਾਹਨਾਂ ਦੀ ਸਪੀਡ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਸਮੋਗ ਕਾਰਨ ਹਾਦਸਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਬਠਿੰਡਾ ਤੇ ਆਸ-ਪਾਸ ਹਾਈਵੇ 'ਤੇ ਸਮੋਗ ਕਾਰਨ ਕਈ ਹਾਦਸੇ ਹੋ ਚੁੱਕੇ ਹਨ, ਜਿਸ 'ਚ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੀਤੇ ਦਿਨ ਮਲੋਟ ਰੋਡ 'ਤੇ ਇਕ ਬੱਸ ਵੀ ਪਲਟ ਗਈ ਜਦਕਿ 4 ਦਿਨ ਪਹਿਲਾਂ ਮਾਨਸਾ ਰੋਡ 'ਤੇ ਵੀ ਇਕ ਟਰੱਕ ਤੇ ਬੱਸ ਦੀ ਟੱਕਰ ਵਿਚ ਕਈ ਲੋਕ ਜ਼ਖਮੀ ਹੋ ਗਏ ਸਨ। ਅਜਿਹੇ ਵਿਚ ਲੋਕਾਂ ਨੂੰ ਚੌਕਸ ਹੋ ਕੇ ਵਾਹਨ ਚਲਾਉਣਾ ਚਾਹੀਦਾ ਹੈ। ਕੰਮ 'ਤੇ ਜਾਂਦੇ ਸਮੇਂ ਕੁਝ ਦੇਰ ਪਹਿਲਾਂ ਨਿਕਲੋ ਤਾਂ ਜੋ ਜਲਦਬਾਜ਼ੀ ਨਾ ਕਰਨੀ ਪਵੇ। ਸਪੀਡ 'ਤੇ ਕੰਟਰੋਲ ਰੱਖਣਾ ਤੇ ਘੱਟ ਵਿਜ਼ੀਬਿਲਟੀ ਦੌਰਾਨ ਓਵਰਟੇਕ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ।
ਕੁੱਟਮਾਰ ਦੇ ਦੋਸ਼ 'ਚ 3 ਨਾਮਜ਼ਦ
NEXT STORY