ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਰੇਤਗੜ੍ਹ ਦੀ ਇਕ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਬੱਗਾ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਵਾਉਣ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪੁਲਸ ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਦੇ ਫਤਿਹਾਬਾਦ ਨੇੜੇ ਨਹਿਰ 'ਚੋਂ ਬੱਗਾ ਸਿੰਘ ਦੀ ਲਾਸ਼ ਬਰਾਮਦ ਕੀਤੀ। ਇਸ ਮਗਰੋਂ ਪੁਲਸ ਨੇ ਔਰਤ ਅਤੇ ਉਸਦੇ ਪ੍ਰੇਮੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਭਵਾਨੀਗੜ੍ਹ ਥਾਣੇ ਦੇ ਐੱਸ.ਐੱਚ.ਓ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮ੍ਰਿਤਕ ਬੱਗਾ ਸਿੰਘ ਦੇ ਜਵਾਈ ਸਿੰਦਰਪਾਲ ਸਿੰਘ ਵਾਸੀ ਰਤੀਆ (ਹਰਿਆਣਾ) ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਸੱਸ ਬੇਅੰਤ ਕੌਰ ਤੇ ਬਿਜਲਪੁਰ ਦੇ ਸਤਨਾਮ ਸਿੰਘ ਦੇ ਆਪਸੀ ਸਬੰਧ ਸਨ ਜਿਸ ਕਾਰਨ ਉਸਦਾ ਸਹੁਰਾ ਬੱਗਾ ਸਿੰਘ ਬੇਅੰਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਬੇਅੰਤ ਕੌਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬੇਅੰਤ ਕੌਰ ਨੇ ਹੀ ਬੱਗਾ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਪ੍ਰੇਮੀ ਸਤਨਾਮ ਸਿੰਘ ਤੋਂ ਅਗਵਾ ਕਰਵਾਇਆ ਹੈ। ਐੱਸ.ਐੱਚ.ਓ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਬੇਅੰਤ ਕੌਰ ਤੇ ਉਕਤ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੋਵਾਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਸੀ ਤੇ ਨਾਲ ਹੀ ਲਾਪਤਾ ਬੱਗਾ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ।
ਮੁਲਜ਼ਮਾਂ ਖਿਲਾਫ਼ ਪੁਲਸ ਨੇ ਹੱਤਿਆ ਦੀ ਧਾਰਾ ਜੋੜੀ
ਪੁਲਸ ਹਿਰਾਸਤ ਦੌਰਾਨ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਬੱਗਾ ਸਿੰਘ ਨੂੰ ਉਸਦੇ ਘਰੋਂ ਆਪਣੇ ਨਾਲ ਲੈ ਕੇ ਗਿਆ ਸੀ ਤੇ ਸ਼ਰਾਬ ਪਿਲਾਉਣ ਮਗਰੋਂ ਸਮਾਣਾ ਦੇ ਧਨੇਠਾ ਪੁਲ ਨੇੜੇ ਭਾਖੜਾ ਵਿਚ ਬੱਗਾ ਸਿੰਘ ਨੂੰ ਸੁੱਟ ਦਿੱਤਾ। ਇਸ ਖੁਲਾਸੇ ਤੋਂ ਬਾਅਦ ਪੁਲਸ ਸਤਨਾਮ ਸਿੰਘ ਦੀ ਨਿਸ਼ਾਨਦੇਹੀ 'ਤੇ ਗੋਤਾਖੋਰਾਂ ਦੀ ਮਦਦ ਨਾਲ ਵੱਖ-ਵੱਖ ਥਾਵਾਂ 'ਤੇ ਨਹਿਰ ਵਿਚ ਬੱਗਾ ਸਿੰਘ ਦੀ ਲਗਾਤਾਰ ਭਾਲ ਕਰ ਰਹੀ ਸੀ ਤੇ ਇਸ ਦੌਰਾਨ ਪੁਲਸ ਨੂੰ ਉਸਦੀ ਲਾਸ਼ ਸ਼ੁੱਕਰਵਾਰ ਦੇਰ ਰਾਤ ਫਤਿਹਾਬਾਦ ਤੋਂ ਕਰੀਬ 15 ਕਿਲੋਮੀਟਰ ਅੱਗੇ ਸਲੇਮ ਖੇੜਾ ਨਹਿਰ ਤੋਂ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦਿਆਂ ਮੁਲਜ਼ਮ ਬੇਅੰਤ ਕੌਰ ਤੇ ਉਸਦੇ ਪ੍ਰੇਮੀ ਸਤਨਾਮ ਸਿੰਘ ਵਿਰੁੱਧ ਹੱਤਿਆ ਦੀ ਧਾਰਾ ਜੋੜ ਕੇ ਜੁਰਮ ਵਿਚ ਵਾਧਾ ਕੀਤਾ ਗਿਆ ਹੈ।
ਪਾਕਿਸਤਾਨ ਤੋਂ ਮੰਗਵਾਈ ਗਈ 535 ਗ੍ਰਾਮ ਹੈਰੋਇਨ ਬਰਾਮਦ
NEXT STORY