ਪਟਿਆਲਾ (ਬਲਜਿੰਦਰ) - ਸੰਗਰੂਰ ਰੋਡ 'ਤੇ ਸਥਿਤ ਪਿੰਡ ਭੇਡਪੁਰਾ ਨੂੰ ਜਾਣ ਵਾਲੀ ਲਿੰਕ ਰੋਡ 'ਤੇ ਸ਼ਰਾਬ ਦਾ ਠੇਕਾ ਨਾ ਚੁੱਕੇ ਜਾਣ 'ਤੇ ਭੜਕੇ ਪਿੰਡ ਵਾਸੀਆਂ ਨੇ ਅੱਜ ਸੰਗਰੂਰ ਜਾਮ ਕਰ ਦਿੱਤਾ। ਇਸ ਕਾਰਨ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਵਾਹਨ ਫਸ ਗਏ। ਲੋਕਾਂ ਨੇ ਸ਼ਰਾਬ ਦੇ ਠੇਕੇਦਾਰ ਅਤੇ ਐਕਸਾਈਜ਼ ਅਧਿਕਾਰੀਆਂ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਪਸਿਆਣਾ ਦੇ ਐੈੱਸ. ਐੈੱਚ. ਓ. ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਮੌਕੇ 'ਤੇ ਪਹੁੰਚੇ। ਉਨ੍ਹਾਂ ਲੋਕਾਂ ਦੀ ਗੱਲ ਸੁਣੀ ਅਤੇ ਵਿਸ਼ਵਾਸ ਦਿਵਾਇਆ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਥੋਂ ਠੇਕਾ ਚੁਕਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਗੱਜਣ ਸਿੰਘ, ਅਮਰ ਸਿੰਘ, ਪ੍ਰੀਤਮ ਸਿੰਘ, ਸਰਪੰਚ ਗੁਰਦੇਵ ਕੌਰ, ਆਤਮਾ ਸਿੰਘ ਸਾਬਕਾ ਸਰਪੰਚ, ਗੁਲਜ਼ਾਰਾ ਸਿੰਘ, ਮਿੱਠੂ ਸਿੰਘ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਤੇ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਸੜਕ ਕਿਨਾਰੇ ਸ਼ਰਾਬ ਦੇ ਠੇਕਾ ਖੋਲ੍ਹੇ ਜਾਣ ਕਾਰਨ ਪਿੰਡ ਨੌਜਵਾਨ ਨੂੰ ਸ਼ਰਾਬ ਦੀ ਆਸਾਨੀ ਨਾਲ ਸਪਲਾਈ ਮਿਲ ਜਾਂਦੀ ਹੈ। ਨੌਜਵਾਨ ਸ਼ਰਾਬ ਦੇ ਆਦੀ ਹੋ ਰਹੇ ਹਨ। ਇਸ ਲਈ ਪਿੰਡ ਵਾਸੀਆਂ ਨੇ ਇੱਕ ਮਤਾ ਪਾਸ ਕਰ ਕੇ ਐਕਸਾਈਜ਼ ਵਿਭਾਗ ਨੂੰ ਦੇ ਦਿੱਤਾ ਸੀ ਪਰ ਵਿਭਾਗ ਨੇ ਕੋਈ ਐਕਸ਼ਨ ਨਾ ਲਿਆ। ਉਨ੍ਹਾਂ ਠੇਕੇਦਾਰ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਸ਼ਰਾਬ ਦਾ ਠੇਕਾ ਹਟਾ ਦੇਣ। ਲੋਕਾਂ ਦਾ ਕਹਿਣਾ ਸੀ ਕਿ ਇਹ ਤਾਂ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਠੇਕਾ ਸਿਰਫ ਲਗਭਗ 100 ਮੀਟਰ ਦੀ ਦੂਰੀ 'ਤੇ ਹੈ। ਦੂਸਰਾ ਲਿੰਕ ਰੋਡ 'ਤੇ ਬਿਲਕੁੱਲ ਕਿਨਾਰੇ 'ਤੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਵੱਡੀ ਗਿਣਤੀ ਵਿਚ ਕੁੱਟਮਾਰ ਲਈ ਬੀਤੇ ਕੱਲ ਕਿਰਾਏ ਦੇ ਵਿਅਕਤੀ ਬੁਲਾ ਲਏ। ਇਸ ਕਰ ਕੇ ਲੋਕ ਭੜਕ ਪਏ। ਇਸ ਦੌਰਾਨ ਠੇਕੇਦਾਰ ਦੇ ਵਿਅਕਤੀਆਂ ਅਤੇ ਪਿੰਡ ਵਾਸੀਆਂ ਵਿਚ ਝੜਪ ਵੀ ਹੋ ਗਈ, ਜਿਸ ਵਿਚ ਸਰਪੰਚ ਗੁਰਦੇਵ ਕੌਰ ਦਾ ਪੁੱਤਰ ਅਵਤਾਰ ਸਿੰਘ ਅਤੇ ਇੱਕ ਵਿਅਕਤੀ ਠੇਕੇਦਾਰਾਂ ਦਾ ਜ਼ਖਮੀ ਹੋਇਆ। ਬਾਵਜੂਦ ਇਸ ਦੇ ਐਕਸਾਈਜ਼ ਵਿਭਾਗ ਨੇ ਠੇਕਾ ਨਹੀਂ ਚੁੱÎਕਿਆ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ। ਦੁਜੇ ਪਾਸੇ ਲੋਕਾਂ ਦੀ ਇੱਛਾ ਦੇ ਵਿਰੁੱਧ ਥਾਂ-ਥਾਂ ਸ਼ਰਾਬ ਦੇ ਠੇਕੇ ਖੋਲ੍ਹ ਕੇ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਇਥੋਂ ਸ਼ਰਾਬ ਦਾ ਠੇਕਾ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
20-30 ਲੱਖ ਦੇ ਕੇ ਵੀ ਵਿਦੇਸ਼ ਨਹੀਂ ਜਾ ਸਕਦੇ ਠੱਗਾਂ ਦੇ ਸ਼ਿਕਾਰ ਨੌਜਵਾਨ
NEXT STORY