ਫਿਰੋਜ਼ਪੁਰ/ਮੱਲਾਂਵਾਲਾ, (ਮਲਹੋਤਰਾ, ਜਸਪਾਲ)— ਸਰਹੱਦੀ ਪਿੰਡ ਬੰਡਾਲਾ ਵਿਚ ਕਣਕ ਦੀ ਖੜ੍ਹੀ ਫਸਲ ਨੂੰ ਜ਼ਬਰਦਸਤ ਅੱਗ ਲੱਗ ਗਈ, ਜਿਸ ਨਾਲ 32 ਕਿੱਲੇ ਜ਼ਮੀਨ ਵਿਚ ਖੜ੍ਹੀ ਫਸਲ ਸੜ ਕੇ ਰਾਖ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿਗ੍ਰੇਡ ਵਿਭਾਗ ਦੀਆਂ ਗੱਡੀਆਂ ਉਥੇ ਪੁੱਜੀਆਂ ਅਤੇ ਅੱਗ ਬੁਝਾਈ। ਤਹਿਸੀਲਦਾਰ ਮਨਜੀਤ ਸਿੰਘ, ਮਾਲ ਵਿਭਾਗ ਦੇ ਪਟਵਾਰੀ, ਪੁਲਸ ਫੋਰਸ ਵੀ ਮੌਕੇ 'ਤੇ ਪੁੱਜੀ ਤੇ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਫਾਇਰ ਬਿਗ੍ਰੇਡ ਕਰਮਚਾਰੀਆਂ ਦੇ ਨਾਲ ਮਿਲ ਕੇ ਸਖਤ ਮਿਹਨਤ ਨਾਲ ਅੱਗ ਨੂੰ ਫੈਲਣ ਤੋਂ ਰੋਕਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।ਪਤਾ ਲੱਗਾ ਹੈ ਕਿ ਪਿੰਡ ਦੇ ਜਿਨ੍ਹਾਂ ਕਿਸਾਨਾਂ ਦੀ ਫਸਲ ਸੜੀ ਹੈ, ਉਨ੍ਹਾਂ ਵਿਚ ਸੁੱਚਾ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ ਦੇ ਪਰਿਵਾਰਾਂ ਦੀ ਲਗਭਗ ਅੱਠ-ਅੱਠ ਕਿੱਲੇ ਫਸਲ ਸ਼ਾਮਲ ਹੈ।
ਪੀੜਤ ਕਿਸਾਨਾਂ ਨੂੰ ਇਕ ਮਹੀਨੇ 'ਚ ਮੁਆਵਜ਼ਾ ਜਾਰੀ ਕਰੇਗੀ ਸਰਕਾਰ : ਪਿੰਕੀ
ਵਿਧਾਨ ਸਭਾ ਖੇਤਰ ਫਿਰੋਜ਼ਪੁਰ ਸ਼ਹਿਰ ਦੇ ਪਿੰਡ ਬੰਡਾਲਾ ਵਿਚ ਹੋਏ ਨੁਕਸਾਨ ਦੇ ਸਬੰਧ ਵਿਚ ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 'ਜਗ ਬਾਣੀ' ਨੂੰ ਦੱਸਿਆ ਕਿ ਜਿਵੇਂ ਹੀ ਬੰਡਾਲਾ ਪਿੰਡ ਦੇ ਵਾਸੀਆਂ ਨੇ ਫਸਲ ਨੂੰ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਤੁਰੰਤ ਇਸ ਮਾਮਲੇ ਨੂੰ ਮੁੱਖ ਮੰਤਰੀ ਕੋਲ ਪਹੁੰਚਾਇਆ ਤੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨੂੰ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਿੰਕੀ ਨੇ ਕਿਹਾ ਕਿ ਬੰਡਾਲਾ ਪਿੰਡ ਵਿਚ ਜ਼ਿਆਦਾਤਰ ਛੋਟੇ ਕਿਸਾਨ ਹਨ ਤੇ 4-5 ਕਿੱਲੇ ਜ਼ਮੀਨ ਦੇ ਮਾਲਕ ਹਨ ਅਤੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ। ਸਰਕਾਰ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦੇ ਦਿੱਤੇ ਜਾਣਗੇ। ਪਿੰਕੀ ਨੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਫਾਇਰ ਬਿਗ੍ਰੇਡ ਵਿਭਾਗ ਦੇ ਸਟਾਫ ਨੂੰ ਅਪੀਲ ਕੀਤੀ ਹੈ ਕਿ ਫਸਲ ਕਟਾਈ ਦੇ ਸੀਜ਼ਨ ਵਿਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਪੂਰੀ ਨਜ਼ਰ ਰੱਖੀ ਜਾਵੇ ਤੇ ਜਿਵੇਂ ਹੀ ਕਿਤੇ ਫਸਲ ਨੂੰ ਅੱਗ ਲੱਗਣ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਫਾਇਰ ਬਿਗ੍ਰੇਡ ਕਰਮਚਾਰੀ ਤੁਰੰਤ ਸਖਤ ਮਿਹਨਤ ਨਾਲ ਕੰਮ ਕਰਨ ਅਤੇ ਕਿਸਾਨਾਂ ਦੀ ਫਸਲ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕਰਨ।
ਜਲਾਲਾਬਾਦ, (ਸੇਤੀਆ, ਜਤਿੰਦਰ, ਨਿਖੰਜ, ਟੀਨੂੰ, ਦੀਪਕ, ਬਜਾਜ, ਬੰਟੀ, ਗੋਇਲ)—ਪਿੰਡ ਚੱਕ ਸੈਦੋਕੇ ਅਤੇ ਸਵਾਹ ਵਾਲਾ ਖੇਤੀਬਾੜੀ ਰਕਬੇ ਵਿਚ ਸੋਮਵਾਰ ਸਵੇਰ ਸਮੇਂ ਕੰਬਾਈਨ ਦੀ ਚੰਗਿਆੜੀ ਨਾਲ ਭੜਕੀ ਅੱਗ ਨੇ ਕਿਸਾਨਾਂ ਦੀ ਕਰੀਬ 54 ਏਕੜ ਕਣਕ ਦੀ ਫਸਲ ਸਾੜ ਕੇ ਸੁਆਹ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡ ਵਾਸੀ ਇਕੱਠੇ ਹੋਏ ਅਤੇ ਉਨ੍ਹਾਂ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਪਰ ਰਸਤਾ ਨਾ ਹੋਣ ਕਾਰਨ ਪਿੱਛੇ ਹੀ ਰਹਿ ਗਈਆਂ।
ਜਾਣਕਾਰੀ ਦਿੰਦਿਆਂ ਕਿਸਾਨ ਗੁਰਬੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੈਦੋਕੇ ਨੇ ਦੱਸਿਆ ਕਿ ਉਸ ਦੇ ਗੁਆਂਢੀ ਕਿਸਾਨ ਗੁਰਸ਼ਰਨ ਸਿੰਘ ਵੱਲੋਂ ਆਪਣੇ ਖੇਤਾਂ ਵਿਚ ਕੰਬਾਈਨ ਲਾਈ ਹੋਈ ਸੀ ਅਤੇ ਵੱਟ ਸਾਂਝੀ ਹੋਣ ਕਾਰਨ ਕੰਬਾਈਨ ਦੀ ਚੰਗਿਆੜੀ ਨੇ ਉਸ ਦੀ ਕਣਕ ਦੀ ਫਸਲ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ 25 ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਇਸ ਤੋਂ ਇਲਾਵਾ ਕਿਸਾਨ ਮੀਹਾ ਸਿੰਘ ਦੀ 5 ਏਕੜ, ਕਿਸਾਨ ਜੀਤ ਸਿੰਘ ਦੀ 5 ਏਕੜ, ਕਿਸਾਨ ਬਲਰਾਜ ਸਿੰਘ ਦੀ 5 ਏਕੜ ਅਤੇ ਪਿੰਡ ਤੇਲੀਆਂ ਵਾਲਾ ਦੇ ਕਿਸਾਨ ਬੂੜ ਸਿੰਘ ਦੀ 7 ਏਕੜ ਅਤੇ ਕਿਸਾਨ ਬਿੱਲੂ ਸਿੰਘ ਦੀ 3 ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਕੋਈ ਵੀ ਉੱਚ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ, ਜਦਕਿ ਪਟਵਾਰੀ ਪ੍ਰੇਮ ਪ੍ਰਕਾਸ਼ ਵੱਲੋਂ ਹੀ ਮੌਕੇ 'ਤੇ ਪਹੁੰਚ ਹੋਏ ਨੁਕਸਾਨ ਬਾਰੇ ਦੱਸਿਆ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਵਿਚ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਅੱਗ ਲੱਗਣ ਨਾਲ 70 ਕਿੱਲੇ ਕਣਕ ਸੜ ਕੇ ਹੋਈ ਰਾਖ
ਗੁਰੂਹਰਸਹਾਏ, (ਆਵਲਾ)—ਪਿੰਡ ਤੇਲੀਆਂਵਾਲਾ ਵਿਚ ਅੱਜ ਦੁਪਹਿਰ ਸਮੇਂ ਗੁਰਬਚਨ ਸਿੰਘ ਦੇ ਖੇਤਾਂ ਵਿਚ ਕਣਕ ਵੱਢ ਰਹੀ ਕੰਬਾਈਨ 'ਚੋਂ ਚੰਗਿਆੜੀ ਨਿਕਲਣ ਨਾਲ ਕਣਕ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕੀਤਾ ਤੇ ਭਿਆਨਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅੱਗ ਨਾਲ ਕਰੀਬ 70 ਕਿੱਲੇ ਕਣਕ ਸੜ ਕੇ ਰਾਖ ਹੋ ਗਈ।
ਇਸ ਅੱਗ ਦੀ ਘਟਨਾ ਵਿਚ ਪਿੰਡ ਚੱਕ ਸੈਦੇ ਕੇ ਦੇ ਕਿਸਾਨ ਪੰਤਪ੍ਰੀਤ ਸਿੰਘ ਦੀ ਕਰੀਬ 25 ਏਕੜ ਕਣਕ, ਕਿਸਾਨ ਜੈ ਚੰਦ, ਰਾਜ ਸਿੰਘ ਤੇ ਪਾਲਾ ਸਿੰਘ ਵਾਸੀਆਨ ਤੇਲੀਆਂਵਾਲਾ ਦੀ 45 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਨਿਆਂ ਅਨੁਸਾਰ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ।
ਸੱਟਾਂ ਮਾਰਨ ਦੇ ਦੋਸ਼ 'ਚ 6 ਖਿਲਾਫ ਪਰਚਾ ਦਰਜ
NEXT STORY