ਲੁਧਿਆਣਾ, (ਸਲੂਜਾ)- ਦੇਸ਼ ਭਰ ਵਿਚ ਮੋਦੀ ਦੇ ਸ਼ਾਸਨਕਾਲ ਦੌਰਾਨ ਔਰਤਾਂ ਉੱਤੇ ਦਿਨ-ਪ੍ਰਤੀ-ਦਿਨ ਵਧ ਰਹੇ ਜ਼ੁਲਮ ਅਤੇ ਮਹਿੰਗਾਈ ਖਿਲਾਫ ਅੱਜ ਵਾਰਡ ਨੰਬਰ 41-42 ਵਿਚ ਔਰਤਾਂ ਨੇ ਬੀਬੀ ਸਵਰਨ ਕੌਰ ਸੱਗੂ ਦੀ ਅਗਵਾਈ ਵਿਚ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਹੱਥਾਂ ਵਿਚ ਸਰਕਾਰ ਵਿਰੋਧੀ ਤਖਤੀਆਂ ਫੜ ਕੇ ਔਰਤਾਂ ਨੇ ਸਾਰੇ ਇਲਾਕੇ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਵਰਨ ਕੌਰ ਸੱਗੂ ਨੇ ਯੂ. ਪੀ., ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ (ਕਠੂਆ) ਵਿਚ ਪਿਛਲੇ ਦਿਨੀਂ ਜਬਰ-ਜ਼ਨਾਹ ਅਤੇ ਹੋਰ ਘਟਨਾਵਾਂ ਲਈ ਸਿੱਧੇ ਤੌਰ 'ਤੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇ ਸ਼ਾਸਨਕਾਲ ਵਿਚ 'ਬੇਟੀ ਬਚਾਓ' ਦਾ ਨਾਅਰਾ ਲਾਉਣ ਵਾਲੇ ਨੇਤਾਵਾਂ ਤੋਂ ਹੀ ਬੇਟੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅੱਜ ਮਹਿੰਗਾਈ ਆਸਮਾਨ ਨੂੰ ਛੂਹ ਚੁੱਕੀ ਹੈ। ਮੋਦੀ ਸਰਕਾਰ ਦੇ ਹੁਣ ਤੱਕ ਦੇ ਰਾਜ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਰਜਨਾਂ ਵਾਰ ਵਾਧਾ ਹੋ ਚੁੱਕਾ ਹੈ, ਜਿਸ ਨਾਲ ਹਰ ਵਰਗ ਦਾ ਬਜਟ ਹਿੱਲ ਗਿਆ ਹੈ। ਬਾਵਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਨਾਲ ਜੋੜਿਆ ਜਾਵੇ, ਪੈਟਰੋਲੀਅਮ ਪਦਾਰਥਾਂ ਉੱਤੇ ਜੀ. ਐੱਸ. ਟੀ. ਲਾਇਆ ਜਾਵੇ ਤਾਂ ਹੀ ਡੀਜ਼ਲ 25 ਰੁਪਏ ਅਤੇ ਪੈਟਰੋਲ 40 ਰੁਪਏ ਮਿਲੇਗਾ ਪਰ ਭਾਜਪਾ ਦੀ ਬੇਈਮਾਨ ਸਰਕਾਰ ਦੇਸ਼ ਨੂੰ ਮਹਿੰਗਾਈ ਦੇ ਖੂਹ ਵਿਚ ਡੁਬੋ ਰਹੀ ਹੈ। ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਕੌਂਸਲਰ ਬਰਜਿੰਦਰ ਕੌਰ, ਸ਼ਸ਼ੀ ਸੂਦ, ਰਜਿੰਦਰ ਚੋਪੜਾ, ਭਗਵਾਨ ਸਿੰਘ ਦਿਓਗਨ, ਪਾਲ ਸਿੰਘ ਮਠਾੜੂ, ਜਸਦੀਪ ਸਿੰਘ ਦੀਪਾ, ਅਮਰਜੀਤ ਸ਼ਰਮਾ ਆਦਿ ਨੇ ਹਾਜ਼ਰੀ ਭਰੀ।
ਲੜਕੀ ਨੂੰ ਜਨਮ ਦੇਣ 'ਤੇ ਪਤੀ ਨੇ ਦਿਉਰ ਨਾਲ ਮਿਲ ਕੇ ਕੀਤੀ ਪਤਨੀ ਦੀ ਕੁੱਟ-ਮਾਰ
NEXT STORY