ਡੇਰਾ ਬਾਬਾ ਨਾਨਕ (ਗੁਰਪ੍ਰੀਤ ਸਿੰਘ) — ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਮੈਚ ਅੱਜ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋ ਰਹੇ ਹਨ । ਜਿੱਥੇ ਅੱਜ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਾਲੇ ਫਸਵਾਂ ਫਾਈਨਲ ਮੁਕਾਬਲਾ ਦੇਖਣ ਨੂੰ ਮਿਲੇਗਾ। ਉਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਇਸ ਵਿਸ਼ਵ ਕਬੱਡੀ ਕੱਪ ਦੇ ਹੋ ਰਹੇ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ ਅਤੇ ਇਸ ਮੌਕੇ 'ਤੇ ਕੈਬਨਿਟ ਮੰਤਰੀ ਰਾਜਿੰਦਰ ਬਾਜਵਾ ਅਤੇ ਐੱਮ. ਐੱਲ. ਏ ਬਰਿੰਦਰ ਮਿੱਤਰ ਪਾਹੜਾ ਵੀ ਮੌਜੂਦ ਸਨ।
ਅੱਜ ਡੇਰਾ ਬਾਬਾ ਨਾਨਕ ਇਨ੍ਹਾਂ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਨ ਪੁੱਜੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦਾ ਇਹ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 'ਚ ਜੇਕਰ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਹੁੰਦੀ ਤਾਂ ਇਸ ਟੂਰਨਾਮੈਂਟ ਦਾ ਅਲਗ ਹੀ ਨਜ਼ਾਰਾ ਹੁੰਦਾ। ਉਥੇ ਇਸ ਟੂਰਨਾਮੈਂਟ ਦੇ ਫਾਈਨਲ ਮੈਚਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਅਤੇ ਗਾਇਕ ਜਸਬੀਰ ਜੱਸੀ ਅਤੇ ਸਤਿੰਦਰ ਸੱਤੀ ਨੇ ਉਥੇ ਪਹੁੰਚੇ ਦਰਸ਼ਕਾਂ ਦਾ ਆਪਣੀ ਗਾਇਕੀ ਦੇ ਜੌਹਰ ਦਿੱਖਾ ਕੇ ਰੱਜ ਕੇ ਮਨੋਰੰਜਨ ਕੀਤਾ।
ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਤੀਜੇ ਅਤੇ ਚੌਥੋ ਸਥਾਨ ਲਈ ਹੋਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ 7 ਅੰਕਾਂ ਦੇ ਫਰਕ (42-35) ਨਾਲ ਹਰਾ ਦਿੱਤਾ ਅਤੇ ਅਮਰੀਕਾ ਨੇ ਇਹ ਮੈਚ ਜਿੱਤ ਕੇ ਤੀਜਾ ਸਥਾਨ ਹਾਸਲ ਕਰਨ 'ਚ ਸਫਲ ਰਹੀ, ਜਦ ਕਿ ਇੰਗਲੈਂਡ ਨੂੰ ਚੌਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ।
ਭਾਰਤ ਨੇ ਵਿਸ਼ਵ ਕਬੱਡੀ ਕੱਪ 'ਚ ਕੈਨੇਡਾ ਨੂੰ 45 ਅੰਕਾਂ ਨਾਲ ਹਰਾ ਕੇ ਜਿੱਤਿਆ ਖਿਤਾਬ
NEXT STORY