ਚੰਡੀਗੜ੍ਹ/ਮੋਹਾਲੀ (ਬਿਊਰੋ, ਕੁਲਦੀਪ) : ਮੀਂਹ ਤੋਂ ਬਾਅਦ ਜਿੱਥੇ ਪੂਰਾ ਸ਼ਹਿਰ ਜਲ-ਥਲ ਸੀ, ਉਥੇ ਹੀ ਚੰਡੀਗੜ੍ਹ ਏਅਰਪੋਰਟ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ 'ਚ ਏਅਰਪੋਰਟ 'ਤੇ ਪਾਰਕ ਕੀਤੇ ਗਏ ਜਹਾਜ਼ ਪਾਣੀ 'ਚ ਖੜ੍ਹੇ ਦਿਸੇ ਤੇ ਲਿਖਿਆ ਗਿਆ ਕਿ ਚੰਡੀਗੜ੍ਹ ਏਅਰਪੋਰਟ ਵਿਚ ਭਰਿਆ ਮੀਂਹ ਦਾ ਪਾਣੀ, ਜਿਸ ਕਾਰਨ ਚੰਡੀਗੜ੍ਹ ਏਅਰਪੋਰਟ ਦੀ ਕਾਫੀ ਬਦਨਾਮੀ ਹੋਈ। ਸੰਦੇਸ਼ ਨੂੰ ਪੜ੍ਹ ਕੇ ਟੀ. ਵੀ. ਚੈਨਲਾਂ 'ਤੇ ਬ੍ਰੇਕਿੰਗ ਨਿਊਜ਼ ਵੀ ਚੱਲੀ ਤੇ ਆਨਲਾਈਨ ਨਿਊਜ਼ ਵੀ ਫਲੈਸ਼ ਹੋ ਗਈ। ਜਾਂਚ 'ਚ ਪਤਾ ਲੱਗਾ ਕਿ ਇਕ ਮੈਗਜ਼ੀਨ 'ਚ ਅਹਿਮਦਾਬਾਦ ਏਅਰਪੋਰਟ ਦੀ ਤਸਵੀਰ ਛਾਪੀ ਗਈ ਸੀ, ਜਿਸ ਨੂੰ ਕਿਸੇ ਨੇ ਚੰਡੀਗੜ੍ਹ ਏਅਰਪੋਰਟ ਲਿਖ ਕੇ ਵਟਸਐਪ 'ਤੇ ਅਪਲੋਡ ਕਰ ਦਿੱਤਾ ਤੇ ਬੀਤੇ ਦਿਨ ਦੀ ਸਥਿਤੀ ਨਾਲ ਜੋੜ ਕੇ ਦਿਖਾਇਆ ਗਿਆ।
ਇਕ ਅੰਗਰੇਜ਼ੀ ਅਖ਼ਬਾਰ ਦੀ ਵੈੱਬਸਾਈਟ 'ਤੇ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਅਹਿਮਦਾਬਾਦ ਏਅਰਪੋਰਟ ਦੀ ਵੀ ਨਹੀਂ ਹੈ। ਇਹ 2015 'ਚ ਤਾਮਿਲਨਾਡੂ 'ਚ ਆਏ ਹੜ੍ਹ ਦੌਰਾਨ ਚੇਨੱਈ ਏਅਰਪੋਰਟ ਦੀ ਹੈ। ਚੰਡੀਗੜ੍ਹ ਏਅਰਪੋਰਟ ਪੁਲਸ ਸਟੇਸ਼ਨ ਦੇ ਇੰਚਾਰਜ ਐੱਚ. ਐੱਸ. ਬੱਲ ਨੇ ਪੁਸ਼ਟੀ ਕੀਤੀ ਹੈ ਕਿ ਉਕਤ ਤਸਵੀਰ ਏਅਰਪੋਰਟ ਦੀ ਨਹੀਂ ਹੈ, ਪੁਲਸ ਪਤਾ ਲਾ ਰਹੀ ਹੈ ਕਿ ਇਹ ਤਸਵੀਰ ਨੂੰ ਸਭ ਤੋਂ ਪਹਿਲਾਂ ਕਿਸ ਵਿਅਕਤੀ ਨੇ ਅਪਲੋਡ ਕੀਤਾ ਸੀ, ਜਿਸ ਲਈ ਸਾਈਬਰ ਸੈੱਲ ਦੀ ਮਦਦ ਲਈ ਜਾਵੇਗੀ।
ਪੁਲਸ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ ਤੇ ਏਅਰਪੋਰਟ ਅਥਾਰਟੀ ਵਲੋਂ ਸ਼ਿਕਾਇਤ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਨਿਰਦੇਸ਼ਕ ਸੁਨੀਲ ਦੱਤ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੂੰ ਕਿਸੇ ਹੋਰ ਏਅਰਪੋਰਟ ਦੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਕਤ ਫੋਟੋ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਸੈਂਕੜੇ ਫੋਨ ਆ ਰਹੇ ਹਨ। ਅਫਸਰ ਵੀ ਨਾਰਾਜ਼ਗੀ ਜਤਾ ਰਹੇ ਹਨ, ਜਿਨ੍ਹਾਂ ਨੂੰ ਕਲੈਰੀਫਾਈ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਘਟਨਾਕ੍ਰਮ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ਦੀ ਬਦਨਾਮੀ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੁਨੀਲ ਦੱਤ ਨੇ ਪੁਲਸ 'ਚ ਸ਼ਿਕਾਇਤ ਦੇਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਤਸਵੀਰ ਅੱਪਲੋਡ ਕਰਨ ਵਾਲੇ ਦਾ ਮਕਸਦ ਕੁਝ ਵੀ ਹੋਵੇ ਪਰ ਚੰਡੀਗੜ੍ਹ ਏਅਰਪੋਰਟ ਦੀ ਇੱਜ਼ਤ 'ਤੇ ਧੱਬਾ ਲੱਗਾ ਹੈ, ਇਸ ਲਈ ਅਸੀਂ ਸ਼ਿਕਾਇਤ ਜ਼ਰੂਰ ਕਰਾਂਗੇ।
ਲੁਧਿਆਣਾ 'ਚ ਵਾਪਰਿਆ ਰੂਹ ਕੰਬਾਊ ਕਾਂਡ, ਫਿਲਮੀ ਅੰਦਾਜ਼ 'ਚ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ
NEXT STORY