ਲੁਧਿਆਣਾ (ਰਾਮ)- ਇਕ ਵਿਅਕਤੀ ਨੇ ਜਾਇਦਾਦ ਹੜੱਪਣ ਲਈ ਫਿਲਮੀ ਅੰਦਾਜ਼ 'ਚ ਪਹਿਲਾਂ ਰਿਸ਼ਤੇਦਾਰੀ 'ਚ ਲਗਦੇ ਆਪਣੇ ਭਰਾ ਦਾ ਕਤਲ ਕਰਕੇ ਉਸ ਦੀ ਪਤਨੀ (ਭਾਬੀ) ਨਾਲ ਵਿਆਹ ਕਰਵਾਇਆ, ਫਿਰ ਭਾਬੀ ਤੇ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮਤਰੇਈ ਧੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਨੂੰ ਤੇ ਉਸ ਦੇ ਛੋਟੇ ਭਰਾ ਨੂੰ ਇਹ ਕਹਿੰਦੇ ਹੋਏ ਘਰ 'ਚੋਂ ਕੱਢ ਦਿੱਤਾ ਕਿ ਜੇਕਰ ਘਟਨਾ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
ਘਟਨਾ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਮੁੱਖ ਸਾਜ਼ਿਸ਼ਕਰਤਾ ਅਤੇ ਉਸ ਦੇ ਇਕ ਸਾਥੀ ਖਿਲਾਫ ਜਬਰ-ਜ਼ਨਾਹ, ਸਾਜ਼ਿਸ਼ ਤਹਿਤ ਧੋਖਾਦੇਹੀ ਦੀਆਂ ਧਾਰਾਵਾਂ ਲਗਾ ਕੇ ਕੇਸ ਦਰਜ ਕਰ ਲਿਆ ਹੈ, ਹਾਲਾਂ ਕਿ ਪੁਲਸ ਦਾ ਕਹਿਣਾ ਹੈ ਕਿ ਜ਼ਹਿਰ ਦੇ ਕੇ ਹੱਤਿਆਵਾਂ ਕਰਨ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜ਼ਹਿਰ ਦੇ ਕੇ ਹੱਤਿਆਵਾਂ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਧਾਰਾਵਾਂ ਵੀ ਮਾਮਲੇ ਵਿਚ ਜੋੜ ਦਿੱਤੀਆਂ ਜਾਣਗੀਆਂ।
ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਦੀ ਰਹਿਣ ਵਾਲੀ ਪੀੜਤਾ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਆਪਣੀ ਹੱਡਬੀਤੀ ਬਿਆਨ ਕਰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਦੁਬਈ ਵਿਖੇ ਇਕ ਵੱਡੀ ਕੰਪਨੀ 'ਚ ਬਤੌਰ ਫੋਰਮੈਨ ਸਨ। ਉਨ੍ਹਾਂ ਨੇ ਲੁਧਿਆਣਾ ਅਤੇ ਜਲੰਧਰ 'ਚ ਕਾਫੀ ਪ੍ਰਾਪਰਟੀ ਬਣਾਈ ਹੋਈ ਸੀ। ਉਸ ਦੇ ਪਿਤਾ 2003 'ਚ ਲੁਧਿਆਣਾ ਵਾਪਸ ਆਏ ਤਾਂ ਅਚਾਨਕ ਬੀਮਾਰ ਹੋ ਗਏ। ਇਸ ਦੌਰਾਨ ਉਸ ਦੇ ਚਾਚਾ ਬਲਵੀਰ ਸਿੰਘ ਜੱਗੀ, ਜੋ ਜਲੰਧਰ ਦੇ ਰਜਿੰਦਰ ਨਗਰ ਦਾ ਰਹਿਣ ਵਾਲਾ ਹੈ, ਨੇ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ, ਜਿਸ ਨੇ ਦੋਸਤੀ ਦੀ ਆੜ 'ਚ ਉਸ ਦੇ ਪਿਤਾ ਨੂੰ ਸਲੋ-ਪੁਆਇਜ਼ਨ ਦੇਣਾ ਸ਼ੁਰੂ ਕਰ ਦਿੱਤਾ।
ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਬਲਵੀਰ ਸਿੰਘ ਨੇ ਉਸ ਦੇ ਪਿਤਾਂ ਨੂੰ ਸਲੋਅ ਪੁਆਇਜ਼ਨ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ 2007 'ਚ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜੱਗੀ ਨੇ ਉਸ ਦੀ ਮਾਤਾ ਨਾਲ ਹਮਦਰਦੀ ਵਿਖਾਉਂਦੇ ਹੋਏ ਵਿਆਹ ਕਰਵਾਉਣ ਲਈ ਕਿਹਾ, ਜਿਸ 'ਤੇ ਉਸ ਦੀ ਮਾਤਾ ਨੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਕੇ ਜੱਗੀ ਨਾਲ ਵਿਆਹ ਕਰਵਾ ਲਿਆ, ਜਿਸ ਦੇ ਬਾਅਦ ਉਸ ਦੇ ਮਤਰੇਏ ਪਿਤਾ ਨੇ ਸਾਜ਼ਿਸ਼ ਤਹਿਤ ਕਮਲ ਮਧੂ ਨਾਮਕ ਮੈਡੀਸਨ (ਸਲੋਅ ਪੁਆਇਜ਼ਨ) ਦੇ ਕੇ ਉਸ ਦੀ ਮਾਂ ਅਤੇ ਭਰਾ ਨੂੰ ਵੀ ਆਪਣੇ ਰਸਤੇ 'ਚੋਂ ਹਟਾ ਦਿੱਤਾ।
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮਤਰੇਏ ਪਿਤਾ ਨੇ ਉਸ ਨੂੰ ਬਹਾਨੇ ਨਾਲ ਆਪਣੇ ਦਫਤਰ 'ਚ ਬੁਲਾ ਕੇ ਆਪਣੇ ਇਕ ਸਾਥੀ ਬੰਨੀ ਦੇ ਨਾਲ ਮਿਲ ਕੇ ਉਸ ਨੂੰ ਕੋਲਡ ਡਰਿੰਕ 'ਚ ਕਥਿਤ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ, ਜਿਸ ਦੇ ਬਾਅਦ ਉਸ ਦੇ ਮਤਰੇਏ ਪਿਤਾ ਨੇ ਕਿਸੇ ਨੂੰ ਦੱਸਣ 'ਤੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਮਰਵਾਉਣ ਦੀ ਧਮਕੀ ਦਿੱਤੀ। ਡਰ ਦੇ ਮਾਰੇ ਉਸ ਨੇ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਪਰ ਜਦੋਂ ਉਸ ਨੂੰ ਅਤੇ ਉਸ ਦੇ ਛੋਟੇ ਭਰਾ ਨੂੰ ਘਰ 'ਚੋਂ ਬਾਹਰ ਕੱਢ ਦਿੱਤਾ ਤਾਂ ਉਸ ਪੂਰੇ ਮਾਮਲੇ 'ਤੇ ਸ਼ੱਕ ਹੋਇਆ, ਜਿਸ ਦੇ ਬਾਅਦ ਉਸ ਨੇ ਇਸ ਸਾਰੀ ਕਹਾਣੀ ਬਾਰੇ ਪੁਲਸ ਕਮਿਸ਼ਨਰ ਨੂੰ ਸੂਚਿਤ ਕੀਤਾ। ਪੁਲਸ ਨੇ ਬਲਬੀਰ ਸਿੰਘ ਜੱਗੀ ਪੁੱਤਰ ਭਗਤ ਸਿੰਘ ਵਾਸੀ ਰਜਿੰਦਰ ਨਗਰ, ਜਲੰਧਰ ਅਤੇ ਬੰਨੀ ਨਾਮਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
'ਆਪ' ਦਾ ਅੰਦਰੂਨੀ ਕਲੇਸ਼, ਫਿਰ ਦਿੱਲੀ ਵਾਲੇ ਪੰਜਾਬੀਆਂ 'ਤੇ ਹੋਏ ਹਾਵੀ
NEXT STORY