ਮਹਿਲ ਕਲਾਂ (ਹਮੀਦੀ)– ਪੰਜਾਬ ਰਾਜ ਵਿਜੀਲੈਂਸ ਬਿਊਰੋ ਵੱਲੋਂ ਚੱਲ ਰਹੇ “ਭ੍ਰਿਸ਼ਟਾਚਾਰ ਵਿਰੋਧੀ ਸਲਾਨਾ ਜਾਗਰੂਕਤਾ ਸਪਤਾਹ” ਤਹਿਤ ਅੱਜ ਬਾਬਾ ਜੰਗ ਸਿੰਘ ਪਾਰਕ, ਮਹਿਲ ਕਲਾਂ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਇੰਸਪੈਕਟਰ ਗੁਰਮੇਲ ਸਿੰਘ, ਵਿਜੀਲੈਂਸ ਯੂਨਿਟ ਬਰਨਾਲਾ ਨੇ ਕੀਤੀ, ਜਦਕਿ ਡੀਐਸਪੀ (ਵਿਜੀਲੈਂਸ) ਸੰਗਰੂਰ ਸ. ਹਰਮਿੰਦਰ ਸਿੰਘ ਮੁੱਖ ਅਤਿਥੀ ਵਜੋਂ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਦੋਵੇਂ ਪੰਚਾਇਤਾਂ ਸਮੇਤ ਮਹਿਲ ਕਲਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਸੰਬੋਧਨ ਕਰਦਿਆਂ ਡੀਐਸਪੀ ਹਰਮਿੰਦਰ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਐਸੀ ਬੁਰਾਈ ਹੈ ਜੋ ਸਮਾਜ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕਰਨ ਲਈ ਵਿਜੀਲੈਂਸ ਵਿਭਾਗ ਦਾ ਸਹਿਯੋਗ ਕੀਤਾ ਜਾਵੇ, ਤਾਂ ਜੋ ਪੰਜਾਬ ਨੂੰ ਇਸ ਘੁਣ ਵਾਂਗ ਖਾ ਰਹੀ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੇਕਰ ਲੋਕ ਕਿਸੇ ਭ੍ਰਿਸ਼ਟ ਅਫਸਰ ਜਾਂ ਘਪਲੇ ਸਬੰਧੀ ਸੂਚਨਾ ਦਿੰਦੇ ਹਨ, ਤਾਂ ਵਿਜੀਲੈਂਸ ਬਿਊਰੋ ਤੁਰੰਤ ਕਾਰਵਾਈ ਕਰੇਗਾ। ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਦੇ ਕੁਝ ਸਰਕਾਰੀ ਦਫ਼ਤਰਾਂ ਬਾਰੇ ਉਨ੍ਹਾਂ ਨੂੰ ਕੁਝ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ’ਤੇ ਜਲਦ ਹੀ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਸਾਫ਼-ਸੁਥਰਾ ਪ੍ਰਸ਼ਾਸਨ ਹੀ ਨਹੀਂ ਚਾਹੀਦਾ, ਸਗੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਵੀ ਹੈ। ਉਨ੍ਹਾਂ ਦੱਸਿਆ ਕਿ ਅਕਸਰ ਲੋਕਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਹੁੰਦਾ ਹੈ ਪਰ ਉਹ ਡਰ ਜਾਂ ਅਣਗਹਿਲੀ ਕਾਰਨ ਸੂਚਨਾ ਨਹੀਂ ਦਿੰਦੇ। ਇੰਸਪੈਕਟਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਦਿੱਤੀ ਹਰ ਸੂਚਨਾ ਦੀ ਪੂਰੀ ਗੋਪਨੀਯਤਾ ਰੱਖੀ ਜਾਵੇਗੀ ਅਤੇ ਨਤੀਜੇ ਸਪਸ਼ਟ ਤੌਰ ’ਤੇ ਸਾਹਮਣੇ ਆਉਣਗੇ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਐਡਵੋਕੇਟ ਅਭਿਸ਼ੇਕ ਸਿੰਗਲਾ (ਬਰਨਾਲਾ), ਸੰਨੀ ਧੌਲਾ, ਮੰਗਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਅਣਖੀ, ਬਾਬਾ ਜਗਸੀਰ ਸਿੰਘ ਖਾਲਸਾ, ਬਾਬਾ ਸ਼ੇਰ ਸਿੰਘ ਖਾਲਸਾ, ਨਿਰਮਲ ਸਿੰਘ ਪੰਡੋਰੀ, ਪ੍ਰਧਾਨ ਬੇਅੰਤ ਸਿੰਘ ਮਹਿਲ ਕਲਾਂ, ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਅਰੁਣ ਬਾਂਸਲ ਅੱਪੂ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਮੈਦਾਨ ਵਿੱਚ ਉਤਰਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੀ ਇਸ ਜਾਗਰੂਕਤਾ ਮੁਹਿੰਮ ਨਾਲ ਸਮਾਜਿਕ ਸਫਾਈ ਅਤੇ ਲੋਕ ਜਾਗਰੂਕਤਾ ਵਿੱਚ ਵਾਧਾ ਹੋਵੇਗਾ। ਇਸ ਮੌਕੇ ਸਰਪੰਚ ਸ. ਸਰਬਜੀਤ ਸਿੰਘ ਮਹਿਲ ਕਲਾਂ ਸੋਢੇ, ਸਰਪੰਚ ਬੀਬੀ ਕਿਰਨਾ ਰਾਣੀ ਮਹਿਲ ਕਲਾਂ, ਅਤੇ ਇਲਾਕੇ ਦੇ ਕਈ ਮੋਹਤਬਰ ਵਿਅਕਤੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਸਹੁੰ ਚੁਕਵਾਈ ਗਈ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਸ਼ਪਥ ਦਿਵਾਈ ਗਈ।
ਠੁੱਲੀਵਾਲ ਵਿਖੇ ਪਾਵਰਕਾਮ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਚੋਣ; ਮੁਖਤਿਆਰ ਸਿੰਘ ਕਲਿਆਣ ਬਣੇ ਪ੍ਰਧਾਨ
NEXT STORY