ਸਾਡੇ ਇਕ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਯਾਦ ’ਚ ਹਰ ਸਾਲ 23 ਦਸੰਬਰ ਨੂੰ ਕਿਸਾਨ ਦਿਵਸ ਮਨਾਉਣ ਦੀ ਪ੍ਰੰਪਰਾ ਹੈ। ਸਵਾਲ ਉੱਠਦਾ ਹੈ ਕਿ ਕੀ ਅਸੀਂ ਹੁਣ ਤੱਕ ਕੀਤੇ ਗਏ ਉਪਾਵਾਂ ਨਾਲ ਉਸ ਨੂੰ ਗਰੀਬੀ ਤੋਂ ਮੁਕਤੀ ਦਿਵਾ ਸਕੇ, ਉਸ ਨਾਲ ਹੋ ਰਹੇ ਸਮਾਜਿਕ ਅਤੇ ਆਰਥਿਕ ਅਨਿਆਂ ਨੂੰ ਰੋਕ ਸਕੇ ਅਤੇ ਕੀ ਉਸ ਨੂੰ ਦੇਸ਼ ਦੀ ਮੁੱਖ ਧਾਰਾ ’ਚ ਇਕ ਕੁਲੀਨ ਅਤੇ ਸੰਪੰਨ ਨਾਗਰਿਕ ਹੋਣ ਦਾ ਦਰਜਾ ਦਿਵਾ ਸਕੇ? ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਦਸ਼ਾ-ਦੁਰਦਸ਼ਾ ’ਤੇ ਗੰਭੀਰਤਾ ਨਾਲ ਵਿਚਾਰ ਹੋਵੇ ਕਿਉਂਕਿ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਖੇਤੀ ’ਤੇ ਨਿਰਭਰ ਹੈ ਅਤੇ ਉਨ੍ਹਾਂ ’ਚੋਂ ਸਿਰਫ 5 ਫੀਸਦੀ ਖੁਸ਼ਹਾਲ ਕਹੇ ਜਾ ਸਕਦੇ ਹਨ।
ਖੇਤੀ ਨੀਤੀ ਕਿਹੋ ਜਿਹੀ ਹੋਵੇ?
ਖੇਤੀਬਾੜੀ, ਕਿਸਾਨੀ ਅਤੇ ਕਿਸਾਨ ਦੀ ਖੁਸ਼ਹਾਲੀ ਨੂੰ ਲੈ ਕੇ ਪਹਿਲਾਂ ਤੋਂ ਲੈ ਕੇ ਅੱਜ ਤੱਕ ਦੇ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਯੋਜਨਾਵਾਂ ਬਣਾਉਂਦੇ ਰਹੇ ਹਨ ਪਰ ਇਕ ਬਹੁਤ ਵੱਡਾ ਕਿਸਾਨ ਵਰਗ ਨਾ ਤਾਂ ਸੰਪੰਨ ਹੋ ਸਕਿਆ ਹੈ ਅਤੇ ਨਾ ਹੀ ਉਸ ਦੀ ਆਮਦਨੀ ਵਧ ਸਕੀ ਹੈ, ਦੁੱਗਣੀ ਆਮਦਨ ਕਰਨ ਵਾਲੇ ਦਾਅਵੇ ਖੋਖਲੇ ਹੀ ਸਾਬਤ ਹੋਏ। ਇਸ ਦਾ ਕੁਝ ਨਾ ਕੁਝ ਤਾਂ ਕਾਰਨ ਹੋਵੇਗਾ ਜਿਸ ਦਾ ਹੱਲ ਕੀਤੇ ਬਿਨਾਂ ਕੋਈ ਗਤੀ ਨਹੀਂ ਹੈ। ਤਾਂ ਕੀਤਾ ਕੀ ਜਾਵੇ, ਇਕ ਫਾਰਮੂਲਾ ਸੁਝਾਉਂਦੇ ਹਾਂ।
ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਖੇਤੀਬਾੜੀ ਲਈ ਜਿਨ੍ਹਾਂ 4 ਚੀਜ਼ਾਂ ਦਵਾਈਆਂ, ਸਿੰਚਾਈ, ਖਾਦਾਂ ਅਤੇ ਬੀਜ ਦੀ ਲੋੜ ਹੁੰਦੀ ਹੈ, ਉਨ੍ਹਾਂ ਦੀ ਪੂਰਤੀ ਹੋਣੀ ਚਾਹੀਦੀ ਹੈ। ਇਸ ਲਈ ਪਹਿਲਾ ਸੁਝਾਅ ਇਹ ਹੈ ਕਿ ਇਹ ਸਭ 3 ਤੋਂ 5 ਹੈਕਟੇਅਰ ਜ਼ਮੀਨ ਰੱਖਣ ਵਾਲਿਆਂ ਨੂੰ 3 ਸਾਲ ਤੱਕ ਸਰਕਾਰ ਵੱਲੋਂ ਫ੍ਰੀ ਭਾਵ ਮੁਫਤ ਪ੍ਰਦਾਨ ਕੀਤੀਆਂ ਜਾਣ। ਉਸ ਲਈ ਉਤਪਾਦਨ ਦਾ ਟੀਚਾ ਨਿਰਧਾਰਿਤ ਕਰ ਦਿੱਤਾ ਜਾਵੇ ਕਿ ਇੰਨੀ ਪੈਦਾਵਾਰ ਤਾਂ ਕਰਨੀ ਹੀ ਹੈ। ਇਸ ਦਾ ਭਾਵ ਇਹ ਕਿ ਕਿਸਾਨ ਦੀ ਜ਼ਮੀਨ ਅਤੇ ਮਿਹਨਤ ਉਸ ਦੀ, ਸੋਮੇ ਸਰਕਾਰ ਦੇ। ਹੁਣ ਉਪਜ ਸਿੱਧਾ ਸਰਕਾਰ ਖਰੀਦੇ ਜਾਂ ਉਸ ਦੀ ਵਿਕਰੀ ਦਾ ਪ੍ਰਬੰਧ ਕਰੇ, ਇਹ ਉਸ ਦੀ ਮਰਜ਼ੀ, ਕਿਸਾਨ ਨੂੰ ਉਸ ਦਾ ਭਾਅ ਮਿਲ ਜਾਵੇ, ਬਸ ਇੰਨਾ ਕਾਫੀ ਹੈ।
ਦੂਜਾ ਸੁਝਾਅ ਇਹ ਕਿ 3 ਸਾਲ ਬਾਅਦ ਸਰਵੇਖਣ ਹੋਵੇ ਕਿ ਕਿਸ ਕਿਸਾਨ ਨੇ ਟੀਚਾ ਪੂਰਾ ਕੀਤਾ ਅਤੇ ਕਿਸ ਨੇ ਨਹੀਂ। ਜਿਸ ਨੇ ਕਰ ਲਿਆ, ਉਸ ਨੂੰ 2 ਹੋਰ ਸਾਲ ਤੱਕ ਇਹੀ ਸਹੂਲਤਾਂ ਮਿਲਣ ਅਤੇ ਜਿਸ ਨੇ ਨਹੀਂ ਕੀਤਾ, ਉਸ ਦੇ ਸਾਹਮਣੇ ਬਦਲ ਹੋਣ ਕਿ ਉਹ ਖੇਤੀਬਾੜੀ ਛੱਡ ਕੇ ਕੋਈ ਹੋਰ ਕਾਰੋਬਾਰ ਕਰ ਲਵੇ ਅਤੇ ਆਪਣੀ ਜ਼ਮੀਨ ਅਤੇ ਮਿਹਨਤ ਦੀ ਵਰਤੋਂ ਦਾ ਬਦਲ ਲੱਭੇ। ਇਹ ਵੀ ਕੀਤਾ ਜਾ ਸਕਦਾ ਹੈ ਕਿ ਉਸ ਦੀ ਸਹਿਮਤੀ ਨਾਲ ਉਸ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਜਿਨ੍ਹਾਂ ਕਾਰਨ ਉਹ ਟੀਚਾ ਪੂਰਾ ਨਹੀਂ ਕਰ ਸਕਿਆ। ਇਸ ’ਚ ਸੋਕਾ, ਹੜ੍ਹ, ਕੁਦਰਤੀ ਆਫਤ, ਆਧੁਨਿਕ ਖੇਤੀਬਾੜੀ ਤਕਨਾਲੋਜੀ ਉਸ ਤੱਕ ਨਾ ਪਹੁੰਚ ਸਕਣਾ ਜਾਂ ਉਸ ਦੀ ਵਰਤੋਂ ਨਾ ਕਰ ਸਕਣ ਵਰਗੇ ਕਾਰਨਾਂ ਦਾ ਅਧਿਐਨ ਕਰ ਕੇ ਉਸ ਦੇ ਲਈ ਇਕ ਰਿਲੀਫ ਪੈਕੇਜ ਬਣਾਇਆ ਜਾਵੇ ਅਤੇ ਉਸ ਨੂੰ 2 ਸਾਲ ਹੋਰ ਦਿੱਤੇ ਜਾਣ।
ਤੀਜਾ ਸੁਝਾਅ ਇਹ ਕਿ ਸਰਕਾਰ ਨੇ ਅਜੇ ਜੋ ਕਿਸਾਨ ਸਨਮਾਨ ਨਿਧੀ, ਉਸ ਦੀ ਫਸਲ ਦਾ ਬੀਮਾ, ਯੂਰੀਆ ਪੂਰਤੀ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਇਨ੍ਹਾਂ ਨੂੰ ਹੌਲੀ-ਹੌਲੀ ਵਾਪਸ ਲਿਆ ਜਾਵੇ ਅਤੇ ਇਨ੍ਹਾਂ ਦੀ ਥਾਂ ਉਸ ਨੂੰ ਆਤਮਨਿਰਭਰ ਬਣਾਉਣ, ਉਸ ਦੀ ਆਮਦਨੀ ਵਧਾਉਣ ਅਤੇ ਗਰੀਬੀ ਰੇਖਾ ਤੋਂ ਬਾਹਰ ਕੱਢਣ ਦੀਆਂ ਨੀਤੀਆਂ ਬਣਨ। ਸਹਿਕਾਰਿਤਾ ’ਤੇ ਆਧਾਰਿਤ ਖੇਤੀ ਵਰਗੀਆਂ ਪੁਰਾਣੀਆਂ ਨੀਤੀਆਂ ਤੋਂ ਕਿਨਾਰਾ ਕਰ ਲਿਆ ਜਾਵੇ ਅਤੇ ਵਿਅਕਤੀਗਤ ਕਿਸਾਨ ਨੂੰ ਖੁਸ਼ਹਾਲੀ ਵੱਲ ਲਿਆਂਦਾ ਜਾਵੇ।
ਨੌਜਵਾਨਾਂ ਨੂੰ ਰੋਜ਼ਗਾਰ
ਇਸ ਦੇ ਨਾਲ ਹੀ ਖੇਤੀ ਲਈ ਅਯੋਗ ਹੋ ਚੁੱਕੇ ਕਿਸਾਨਾਂ ਦੇ ਸਾਹਮਣੇ ਜੋ ਬਦਲ ਹੋਣ, ਉਹ ਅਜਿਹੇ ਹੋਣ ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਖੇਤ-ਬੰਨ੍ਹੇ ਨਾਲ ਸਬੰਧ ਹੋਵੇ। ਜਿਵੇਂ ਕਿ ਪਰਿਵਾਰ ਦੇ ਤਜਰਬੇਕਾਰ ਮੈਂਬਰਾਂ ਅਤੇ ਸਿੱਖਿਅਤ ਨੌਜਵਾਨਾਂ ਨੂੰ ਖੇਤੀ ਉਪਜ ਖਰੀਦਣ, ਵੇਚਣ, ਖੇਤੀ ਯੰਤਰਾਂ ਦਾ ਵਪਾਰ ਕਰਨ, ਫਾਰਮ ਪ੍ਰੋਡਕਸ਼ਨ ਕੰਪਨੀ ਬਣਾਉਣ, ਦਿਹਾਤੀ ਖੇਤਰਾਂ ’ਚ ਸਟਾਰਟਅਪ ਖੋਲ੍ਹਣ, ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਇਸੇ ਤਰ੍ਹਾਂ ਦੇ ਦੂਜੇ ਕੰਮਾਂ ’ਚ ਲਿਆਂਦਾ ਜਾ ਸਕਦਾ ਹੈ। ਉਹ ਆਪਣੀ ਜ਼ਮੀਨ ਨਾਲ ਜੁੜੇ ਰਹਿਣਗੇ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਲੱਗੇਗਾ ਕਿ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਹੈ ਅਤੇ ਉਹ ਮੁੜ ਸਥਾਪਿਤ ਹੋ ਗਏ ਹਨ, ਬਸ ਉਨ੍ਹਾਂ ਦਾ ਕੰਮ ਬਦਲ ਿਗਆ ਹੈ। ਅੱਜ ਦਿਹਾਤੀ ਇਲਾਕਿਆਂ ’ਚ ਅਮੀਰ ਕਿਸਾਨਾਂ ਨੂੰ ਆਧੁਨਿਕ ਸਹੂਲਤਾਂ ਜਿਵੇਂ ਨਵੀਂ ਤੋਂ ਨਵੀਂ ਕਾਰ, ਐਸ਼ਪ੍ਰਸਤੀ ਦੇ ਸਾਧਨ ਮੁਹੱਈਆ ਕਰਾਉਣ ਦੀ ਹੋੜ ਲੱਗੀ ਹੋਈ ਹੈ। ਨੈਸ਼ਨਲ ਅਤੇ ਮਲਟੀ-ਨੈਸ਼ਨਲ ਕੰਪਨੀਆਂ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ’ਚ ਲੱਗੀਆਂ ਹਨ। ਇਸ ਤਰ੍ਹਾਂ ਖੇਤੀ ਦੀਆਂ ਆਧੁਨਿਕ ਮਸ਼ੀਨਾਂ, ਬਿਜਾਈ, ਕਟਾਈ ਦੇ ਯੰਤਰ ਇਹ ਦੇਸੀ ਜਾਂ ਵਿਦੇਸ਼ੀ ਉਤਪਾਦਕ ਪਹੁੰਚਾ ਰਹੇ ਹਨ। ਇਸ ਕੰਮ ’ਚ ਦਿਹਾਤੀ ਨੌਜਵਾਨ ਵਰਗ ਨੂੰ ਲਾਉਣ ਲਈ ਉਨ੍ਹਾਂ ਨੂੰ ਆਰਥਿਕ ਸਾਧਨ ਮੁਹੱਈਆ ਕਰਾਉਣੇ ਹੋਣਗੇ ਤਾਂ ਕਿ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ ਅਤੇ ਨਵੇਂ ਮਾਹੌਲ ’ਚ ਖੁਦ ਨੂੰ ਐਡਜਸਟ ਕਰ ਸਕਣ।
ਔਰਤਾਂ ਦਾ ਯੋਗਦਾਨ
ਇੱਥੇ ਇਕ ਬਹੁਤ ਹੀ ਮਹੱਤਵਪੂਰਨ ਤੇ ਜ਼ਿਆਦਾਤਰ ਅਣਦੇਖੇ ਪਹਿਲੂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਹ ਇਕ ਅਸਲੀਅਤ ਹੈ ਕਿ ਖੇਤੀਬਾੜੀ ਦਾ ਸਭ ਤੋਂ ਵੱਧ ਗਿਆਨ ਅਤੇ ਉਸ ਦੇ ਵਿਹਾਰਕ ਪੱਖ ਦਾ ਧਿਆਨ ਔਰਤਾਂ ਨੂੰ ਹੀ ਰਹਿੰਦਾ ਹੈ ਜਦਕਿ ਸਭ ਤੋਂ ਵੱਧ ਅਣਦੇਖੀ ਉਨ੍ਹਾਂ ਦੀ ਹੀ ਕੀਤੀ ਜਾਂਦੀ ਹੈ। ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਮਿਲਦੀ ਕਿਉਂਕਿ ਮਰਦ ਸਮਾਜ ਨੂੰ ਪਹਿਲ ਦਿੱਤੀ ਜਾਂਦੀ ਹੈ ਜਦਕਿ ਸਭ ਤੋਂ ਵੱਧ ਯੋਗਦਾਨ ਔਰਤਾਂ ਦਾ ਹੁੰਦਾ ਹੈ। ਤ੍ਰਾਸਦੀ ਇਹ ਹੈ ਕਿ ਔਰਤ ਜੇਕਰ ਨਿਯਮਾਂ ਮੁਤਾਬਕ ਪੰਚ ਜਾਂ ਸਰਪੰਚ ਚੁਣ ਲਈ ਜਾਂਦੀ ਹੈ ਤਾਂ ਵੀ ਉਸ ਦੇ ਪਰਿਵਾਰ ਦੇ ਮਰਦ ਪੰਚਾਇਤ ’ਚ ਆਪਣੀ ਚਲਾਉਂਦੇ ਹਨ, ਨਤੀਜਾ ਔਰਤਾਂ ਸਿਰਫ ਰਬੜ ਦੀ ਮੋਹਰ ਬਣ ਜਾਂਦੀਆਂ ਹਨ।
ਅੰਤਿਮ ਸੁਝਾਅ ਇਹ ਹੈ ਕਿ ਇਹ ਨਿਯਮ ਬਣਾ ਦਿੱਤਾ ਜਾਵੇ ਕਿ ਜਦੋਂ ਤੱਕ ਖੇਤੀ ਕਾਰਜ ਨਾਲ ਜੁੜੀ ਔਰਤ ਦੀ ਸਹਿਮਤੀ ਨਹੀਂ ਹੋਵੇਗੀ ਉਦੋਂ ਤੱਕ ਉਸ ਦੇ ਪਰਿਵਾਰ ਨੂੰ ਕੋਈ ਸਹਾਇਤਾ, ਗ੍ਰਾਂਟ ਜਾਂ ਸਰੋਤ ਨਹੀਂ ਮਿਲਣਗੇ। ਇਸ ਦੇ ਹੈਰਾਨੀਜਨਕ ਨਤੀਜੇ ਮਿਲਣਗੇ। ਔਰਤਾਂ ਨੂੰ ਖੇਤੀਬਾੜੀ ਦੇ ਆਧੁਨਿਕ ਢੰਗਾਂ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ ਜਾਣੀ ਲਾਜ਼ਮੀ ਹੋਵੇ। ਕਿਸੇ ਵੀ ਯੋਜਨਾ ਦੀ ਪਹਿਲੀ ਲਾਭਪਾਤਰੀ ਖੇਤੀਬਾੜੀ ਨਾਲ ਜੁੜੀ ਔਰਤ ਹੋਵੇ। ਮਰਦਾਂ ਦਾ ਕੰਮ ਹਲ, ਟ੍ਰੈਕਟਰ ਚਲਾਉਣਾ ਹੋ ਸਕਦਾ ਹੈ ਪਰ ਬਿਜਾਈ ਲਈ ਬੀਜ ਦੀ ਕਿਸਮ ਦਾ ਫੈਸਲਾ ਕਰਨ ’ਚ ਉਸ ਦੀ ਸਹਿਮਤੀ ਹੋਵੇ।
ਸਾਡੇ ਸਾਹਿਤ ’ਚ ਮੁਨਸ਼ੀ ਪ੍ਰੇਮ ਚੰਦ ਤੋਂ ਲੈ ਕੇ ਕ੍ਰਿਸ਼ਨ ਚੰਦਰ ਤੱਕ ਨੇ ਕਿਸਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਕਹਾਣੀਆਂ ਅਤੇ ਨਾਵਲਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਸਭ ’ਚ ਔਰਤਾਂ ਦਾ ਯੋਗਦਾਨ ਬਾਖੂਬੀ ਦਿਖਾਇਆ ਗਿਆ ਹੈ। ਇਸ ਤਰ੍ਹਾਂ ਸਾਡੇ ਨਾਟਕਾਂ ਤੋਂ ਲੈ ਕੇ ਫਿਲਮਾਂ ਤੱਕ ’ਚ ਔਰਤਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਕੀ ਕਾਰਨ ਹੈ ਕਿ ਅਸਲੀ ਧਰਾਤਲ ਭਾਵ ਖੇਤੀਬਾੜੀ ’ਚ ਉਨ੍ਹਾਂ ਦੀ ਭੂਮਿਕਾ ਨੂੰ ਨਕਾਰਿਆ ਜਾਂਦਾ ਰਿਹਾ ਹੈ। ਕਿਸਾਨ ਦਿਵਸ ’ਤੇ ਇੰਨੀ ਤਾਂ ਆਸ ਕੀਤੀ ਹੀ ਜਾ ਸਕਦੀ ਹੈ ਕਿ ਸਰਕਾਰ ਹੋਵੇ ਜਾਂ ਨਾਗਰਿਕ, ਕੁਝ ਤਾਂ ਨਵਾਂ ਸੋਚਣ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ।
ਪੂਰਨ ਚੰਦ ਸਰੀਨ
ਸੰਸਦ ਕਾਂਡ : ਅਜਿਹਾ ਵਿਹਾਰ ਗਲਤ ਅਤੇ ਮੰਦਭਾਗਾ
NEXT STORY