ਪੰਜਾਬ ਦੀ ਅਸੈਂਬਲੀ ਵਿਚ ਮੁੱਖ ਵਿਰੋਧੀ ਪਾਰਟੀ 'ਆਪ' ਦੀ ਹਾਲਤ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 'ਆਪ' ਮੁਖੀ ਅਰਵਿੰਦ ਕੇਜਰੀਵਾਲ ਤੇ ਉਸ ਦੇ ਸਹਿਯੋਗੀਆਂ ਵਲੋਂ ਦਿੱਲੀ ਦੀਆਂ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਈਮਾਨਦਾਰੀ, ਭਾਈਚਾਰਕ ਸਾਂਝ, ਪਾਰਦਰਸ਼ਿਤਾ, ਜਮਹੂਰੀਅਤ, 'ਲੋਕਸ਼ਾਹੀ' ਦੀ ਮਜ਼ਬੂਤੀ, ਲੋੜਵੰਦਾਂ ਨੂੰ ਸਿਹਤ ਸੇਵਾਵਾਂ, ਵਿੱਦਿਆ, ਸਮਾਜਿਕ ਸੁਰੱਖਿਆ ਆਦਿ ਪ੍ਰਦਾਨ ਕਰਨ 'ਤੇ ਔਰਤਾਂ ਦੀ ਸੁਰੱਖਿਆ ਬਾਰੇ ਕੀਤੇ ਸਾਰੇ ਵਾਅਦੇ ਹਵਾ 'ਚ ਉੱਡ-ਪੁੱਡ ਗਏ ਹਨ। ਦੇਸ਼ 'ਚ ਲੋਕਰਾਜ ਨੂੰ ਖਤਰਿਆਂ ਬਾਰੇ ਦੁਹਾਈ ਦੇਣ ਵਾਲੀ 'ਆਪ' ਨੇ ਆਪਣੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਨੁੱਕਰੇ ਲਾ ਦਿੱਤਾ ਹੈ। ਕਈ ਆਪ ਆਗੂਆਂ 'ਤੇ ਭ੍ਰਿਸ਼ਟਾਚਾਰੀ ਤੇ ਅਨੈਤਿਕ ਕਾਰਵਾਈਆਂ ਦੇ ਦੋਸ਼ ਲੱਗ ਰਹੇ ਹਨ।
ਪੰਜਾਬ ਅੰਦਰ ਪਾਰਲੀਮੈਂਟ ਤੇ ਅਸੈਂਬਲੀ ਚੋਣਾਂ 'ਚ ਪ੍ਰਾਪਤ ਕੀਤੀ ਵੱਡੀ ਲੋਕ ਹਮਾਇਤ ਤੇ ਸਦਭਾਵਨਾ ਨਾਲ ਹਕੀਕੀ ਤੌਰ 'ਤੇ 'ਆਪ' ਦੇ ਆਗੂਆਂ ਨੇ ਦਗਾ ਕਮਾਇਆ ਹੈ। ਲੋਕਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਜਨਤਕ ਲਾਮਬੰਦੀ ਕਰਨ ਦੀ ਥਾਂ ਇਸ ਦੇ ਨੇਤਾ ਡਰਾਮੇਬਾਜ਼ੀ ਕਰਨ ਵਿਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ।
ਪੰਜਾਬ ਦੀ 'ਆਪ' ਦੋ ਧੜਿਆਂ ਵਿਚ ਵੰਡੀ ਗਈ ਹੈ ਪਰ ਇਸ ਫੁੱਟ ਦਾ ਕਿਸੇ ਸਿਧਾਂਤ ਜਾਂ ਲੋਕਾਂ ਦੀ ਸੇਵਾ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਲੜਾਈ ਸਿਰਫ ਤੇ ਸਿਰਫ ਸੱਤਾ, ਅਹੁਦੇ, ਚੌਧਰ ਤੇ ਪੈਸੇ ਦੀ ਹੈ। ਉਹ ਵਾਲੰਟੀਅਰ, ਜਿਨ੍ਹਾਂ ਨੇ 'ਆਪ' ਦੀ ਕਾਇਮੀ ਲਈ ਤੇ ਇਸ ਦੇ ਪੱਖ ਵਿਚ ਜਨਤਕ ਹਮਾਇਤ ਜੁਟਾਉਣ ਵਿਚ ਵੱਡਾ ਹਿੱਸਾ ਪਾਇਆ ਸੀ, 'ਆਪ' ਨੇਤਾਵਾਂ ਦੀ ਕਾਰਗੁਜ਼ਾਰੀ ਦੇਖ ਕੇ ਮਾਯੂਸ ਤੇ ਦੁਚਿੱਤੀ ਦੇ ਨਾਲ-ਨਾਲ ਗੁੱਸੇ ਵਿਚ ਵੀ ਹਨ।
ਬਹੁਤ ਸਾਰੇ 'ਵਾਲੰਟੀਅਰਜ਼' ਨੇ 'ਆਪ' ਦੇ ਲੋਕ-ਲੁਭਾਊ ਪਰ ਹਵਾਈ, ਗੈਰ-ਵਿਗਿਆਨਕ ਤੇ ਭੁਲੇਖਾ ਪਾਉਣ ਵਾਲੇ ਨਾਅਰਿਆਂ ਦੇ ਪ੍ਰਭਾਵ ਹੇਠਾਂ ਆ ਕੇ ਨੌਕਰੀਆਂ ਤਿਆਗੀਆਂ, ਧਨ ਤੇ ਸਮੇਂ ਦੀ ਕੁਰਬਾਨੀ ਕੀਤੀ ਅਤੇ ਰਾਤ-ਦਿਨ ਇਕ ਕਰ ਕੇ 'ਆਪ' ਨੂੰ ਮਜ਼ਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ।
ਬਹੁਤ ਸਾਰੇ ਅਗਾਂਹਵਧੂ ਤੇ ਜਮਹੂਰੀ ਸੋਚ ਵਾਲੇ ਬੁੱਧੀਜੀਵੀ, ਲਿਖਾਰੀ ਤੇ ਦਰਮਿਆਨੀਆਂ ਜਮਾਤਾਂ ਦੇ ਖੱਬੇਪੱਖੀ ਤੇ ਅਗਾਂਹਵਧੂ ਸਿਆਸੀ ਵਿਚਾਰਾਂ ਦੇ ਪੈਰੋਕਾਰ ਜਜ਼ਬਾਤੀ ਲੋਕਾਂ ਨੇ 'ਆਪ' ਦੇ ਇਕ ਹਕੀਕੀ ਲੋਕ-ਪੱਖੀ ਦਲ ਹੋਣ ਦਾ ਭਰਮ ਪਾਲ਼ ਲਿਆ। ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੇ ਤਾਂ ਆਪਣੀ ਕਿਰਤ ਕਮਾਈ ਵਿਚੋਂ 'ਆਪ' ਲਈ ਧਨ ਦੀਆਂ ਥੈਲੀਆਂ ਦੇ ਮੂੰਹ ਹੀ ਖੋਲ੍ਹ ਦਿੱਤੇ।
ਬਹੁਤ ਸਾਰੇ ਸੱਜਣ ਸਮੇਂ ਦੇ ਵੇਗ ਵਿਚ ਆ ਕੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀ. ਪੀ. ਪੀ. ਤੇ ਬਾਅਦ ਵਿਚ 'ਆਪ' ਦੇ ਐਨੇ ਅੰਨ੍ਹੇ ਭਗਤ ਬਣ ਗਏ ਕਿ ਉਹ ਕਮਿਊਨਿਸਟ ਪਾਰਟੀਆਂ ਤੇ ਖੱਬੇਪੱਖੀ ਸੰਘਰਸ਼ਸ਼ੀਲ ਧਿਰਾਂ ਨੂੰ 'ਆਪ' ਸੰਗ ਚੱਲਣ ਦੀਆਂ ਮੱਤਾਂ ਦੇਣ ਦੀ ਹੱਦ ਤੱਕ ਚਲੇ ਗਏ।
'ਆਪ' ਦੇ ਨੇਤਾਵਾਂ ਵਿਚੋਂ ਹੁਣ ਕੋਈ ਪੰਜਾਬ ਨੂੰ 'ਸੂਬਾਈ ਖੁਦਮੁਖਤਿਆਰੀ' ਦੇਣ ਤੇ ਕੋਈ ਅਫੀਮ-ਡੋਡਿਆਂ ਦੀ ਖੇਤੀ ਕਰ ਕੇ ਪੰਜਾਬ ਦੀ ਤਰਸਯੋਗ ਅਵਸਥਾ ਨੂੰ ਸੁਧਾਰਨ ਦੀਆਂ ਦਲੀਲਾਂ ਦੇ ਰਿਹਾ ਹੈ।
ਕਈ 'ਆਪ' ਆਗੂ ਤਾਂ ਆਪਣੇ ਆਪ ਹੀ ਸਿੱਖਾਂ ਦੇ ਹਿੱਤਾਂ ਦੇ 'ਵੱਡੇ ਪਹਿਰੇਦਾਰ' ਹੋਣ ਦੇ ਦਾਅਵੇਦਾਰ ਬਣੀ ਜਾ ਰਹੇ ਹਨ। ਉਂਝ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਦੇ 'ਆਪ' ਆਗੂਆਂ ਤਕ ਸਾਰੇ ਹੀ ਪੰਜਾਬ ਦੇ ਮੁੱਠੀ ਭਰ ਗਰਮਦਲੀਏ ਸਿੱਖਾਂ ਦੇ ਪੂਰਨ ਰੂਪ 'ਚ ਹਮਾਇਤੀ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦੀ ਭਾਈਚਾਰਕ ਸਾਂਝ, ਸਿੱਖ ਹਿੱਤਾਂ ਤੇ ਜਮਹੂਰੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ।
ਹੁਣ ਵੀ ਅਜਿਹੇ 'ਗਰਮਦਲੀਏ ਸਿੱਖ ਆਗੂ' ਕੋਈ ਸਾਰਥਕ ਕੰਮ ਜਾਂ ਪੀੜਤ ਲੋਕਾਈ ਨੂੰ ਇਕਜੁੱਟ ਕਰ ਕੇ ਹਾਕਮਾਂ ਵਿਰੁੱਧ ਜ਼ੋਰਦਾਰ ਜਨਤਕ ਲਹਿਰ ਖੜ੍ਹੀ ਕਰਨ ਦੀ ਥਾਂ ਧਾਰਮਿਕ ਮੁੱਦਿਆਂ ਦੇ ਪਰਦੇ ਹੇਠਾਂ ਫਿਰਕਾਪ੍ਰਸਤੀ ਫੈਲਾਉਣ ਤੇ ਅੱਤਵਾਦ ਦਾ ਮਾਹੌਲ ਪੈਦਾ ਕਰਨ ਦੀ ਤਾਕ 'ਚ ਹਨ ਅਤੇ ਹਾਕਮਾਂ ਦੇ ਇਸ਼ਾਰਿਆਂ 'ਤੇ ਫੁੱਟ-ਪਾਊ ਕਾਰਵਾਈਆਂ ਕਰਨ ਵਿਚ ਮਸ਼ਰੂਫ ਹਨ।
ਆਪ ਦੇ ਦੋਨੋਂ ਧੜੇ ਕਿਸੇ ਵੀ ਦੂਸਰੀ ਲੋਕ-ਪੱਖੀ ਸਿਆਸੀ ਧਿਰ ਨਾਲ ਮਿਲ ਕੇ ਅਜੋਕੇ ਲੁੱਟ-ਖਸੁੱਟ ਦੇ ਢਾਂਚੇ ਵਿਰੁੱਧ ਕੋਈ ਹਕੀਕੀ ਰਾਜਸੀ ਮੁਤਬਾਦਲ ਉਸਾਰਨ ਤੇ ਇਸ ਮਨੋਰਥ ਲਈ ਲੋੜੀਂਦੀ ਸਾਂਝੀ ਲੋਕ-ਲਹਿਰ ਖੜ੍ਹੀ ਕਰਨ ਤੋਂ ਇਨਕਾਰੀ ਹੋਣ ਦਾ ਵਾਰ-ਵਾਰ ਐਲਾਨ ਕਰ ਰਹੇ ਹਨ।
ਅਜਿਹਾ ਕਰਨ ਨਾਲ ਉਹ ਇਕੱਲਿਆਂ ਆਪਣੀ ਮਰਜ਼ੀ ਅਨੁਸਾਰ ਹਾਕਮ ਧਿਰਾਂ ਨਾਲ ਗਿੱਟ-ਮਿੱਟ ਕਰ ਸਕਣਗੇ, ਜੋ ਕਈ ਵਾਰ ਸਾਂਝੀਆਂ ਲਹਿਰਾਂ ਵਿਚ ਸੰਭਵ ਨਹੀਂ ਹੁੰਦਾ। ਵਿਰੋਧੀ ਧਿਰਾਂ ਦੇ ਆਗੂਆਂ ਵਿਰੁੱਧ ਰਿਸ਼ਵਤਖੋਰੀ, ਨਸ਼ਾ ਤਸਕਰੀ ਵਰਗੇ ਇਲਜ਼ਾਮ ਲਾਉਣ ਵਾਲੇ ਕੇਜਰੀਵਾਲ ਤੇ ਉਨ੍ਹਾਂ 'ਤੇ ਸਹਿਯੋਗੀ ਸਮਾਂ ਆਉਣ 'ਤੇ ਇਸ ਤੋਂ ਮੁਨਕਰ ਹੋ ਗਏ। ਇਸ ਤੋਂ ਵੱਡੀ ਸੇਵਾ ਭ੍ਰਿਸ਼ਟ ਤੇ ਲੋਕ-ਵਿਰੋਧੀ ਹਾਕਮ ਪਾਰਟੀਆਂ ਦੇ ਆਗੂਆਂ ਦੀ ਹੋਰ ਕੀ ਹੋ ਸਕਦੀ ਹੈ?
ਅੱਜ ਤੱਕ ਦੀ ਸਥਿਤੀ ਅੰਦਰ ਨਹੀਂ ਜਾਪਦਾ ਕਿ 'ਆਪ' ਆਗੂ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਕੋਈ ਦਰੁੱਸਤ ਰਸਤਾ ਅਪਣਾਉਣ ਤੇ ਸੱਤਾ ਦੀ ਭੁੱਖ ਨੂੰ ਤਿਆਗ ਕੇ ਲੋਕ-ਮੁੱਦਿਆਂ 'ਤੇ ਆਧਾਰਿਤ ਸਾਂਝੀਆਂ ਜਨਤਕ ਕਾਰਵਾਈਆਂ ਲਈ ਸੰਘਰਸ਼ਸ਼ੀਲ ਸਿਆਸੀ ਧਿਰਾਂ ਨਾਲ ਕੋਈ ਸਾਂਝ ਕਾਇਮ ਕਰਨਗੇ।
'ਆਪ' ਦੇ ਬਹੁਤ ਸਾਰੇ ਪ੍ਰਤੀਬੱਧ ਤੇ ਈਮਾਨਦਾਰ ਵਾਲੰਟੀਅਰ 'ਆਪ' ਦੇ ਮੌਜੂਦਾ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਰਾਜਨੀਤੀ ਤੋਂ ਕਿਨਾਰਾਕਸ਼ੀ ਕਰ ਕੇ ਘਰੀਂ ਬੈਠ ਰਹੇ ਹਨ ਤੇ ਕਈ ਉਨ੍ਹਾਂ ਦੂਸਰੀਆਂ ਸਿਆਸੀ ਪਾਰਟੀਆਂ ਵਿਚ ਜਾ ਰਹੇ ਹਨ, ਜਿਨ੍ਹਾਂ ਨੂੰ ਉਹ ਪਾਣੀ ਪੀ-ਪੀ ਕੇ ਨਿੰਦਦੇ ਨਹੀਂ ਸਨ ਥੱਕਦੇ। 'ਆਪ' ਅੰਦਰ ਅਜੇ ਉਹ ਵਾਲੰਟੀਅਰ ਵੀ ਮੌਜੂਦ ਹਨ, ਜੋ ਇਸ ਪਾਰਟੀ ਦੀ ਮੁੜ ਲੋਕ-ਪੱਖੀ ਦਿੱਖ ਬਣਨ ਅਤੇ ਸੱਤਾਧਾਰੀ ਹੋਣ ਦੀ ਆਸ ਲਾਈ ਬੈਠੇ ਹਨ।
ਸਾਡੀ ਨਜ਼ਰੇ ਇਹ ਤਿੰਨੇ ਹੀ ਰਾਹ ਗਲਤ ਹਨ। ਬਿਨਾਂ ਕਿਸੇ ਲੋਕ-ਪੱਖੀ ਵਿਚਾਰਧਾਰਾ, ਹਕੀਕੀ ਅਮਲ ਤੇ ਨਿਰਸਵਾਰਥ ਕੁਰਬਾਨੀ ਦੀ ਭਾਵਨਾ ਤੋਂ, ਸਿਰਫ ਭਾਵਨਾਤਮਕ ਨਾਅਰਿਆਂ ਰਾਹੀਂ ਲੋਕ-ਹਮਾਇਤ ਜੁਟਾ ਕੇ ਸੱਤਾ ਦੇ ਗਲਿਆਰਿਆਂ ਤੱਕ ਪੁੱਜਣ ਦੀ ਆਸ ਲਾਉਣ ਵਾਲੀ ਕਿਸੇ ਵੀ ਰਾਜਸੀ ਪਾਰਟੀ ਦਾ ਹਸ਼ਰ ਮੌਜੂਦਾ 'ਆਪ' ਵਰਗਾ ਹੀ ਹੋਵੇਗਾ।
ਮੌਜੂਦਾ ਭ੍ਰਿਸ਼ਟ ਤੇ ਲੋਕ-ਵਿਰੋਧੀ ਸਥਾਪਤੀ ਨੂੰ ਉਖਾੜਨਾ ਤੇ ਇਸ ਦੀ ਜਗ੍ਹਾ ਇਕ ਹਕੀਕੀ ਲੋਕ-ਪੱਖੀ ਮੁਤਬਾਦਲ ਉਸਾਰਨਾ ਕੋਈ ਕੌਫੀ ਹਾਊਸ 'ਚ ਕੀਤੀ ਗੱਲਬਾਤ ਵਰਗੀ ਚੀਜ਼ ਨਹੀਂ ਹੈ ਤੇ ਨਾ ਹੀ ਇਹ ਨਿਸ਼ਾਨਾ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰ ਕੇ ਪੜ੍ਹੇ-ਲਿਖੇ ਨੌਜਵਾਨਾਂ, ਮੁਲਾਜ਼ਮਾਂ ਤੇ ਦਰਮਿਆਨੇ ਤਬਕੇ ਦੇ ਲੋਕਾਂ ਨੂੰ ਭੁਚਲਾਉਣ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਇਸ ਵਾਸਤੇ ਇਕ ਲੰਬੇ, ਸਿਰੜੀ, ਕੁਰਬਾਨੀਆਂ ਨਾਲ ਭਰਪੂਰ ਤੇ ਲਗਾਤਾਰ ਸਾਂਝੇ ਲੋਕ-ਪੱਖੀ ਸੰਘਰਸ਼ਾਂ ਦੀ ਜ਼ਰੂਰਤ ਹੁੰਦੀ ਹੈ, ਜੋ ਇਕ ਵਿਗਿਆਨਕ ਵਿਚਾਰਧਾਰਾ ਅਨੁਸਾਰ ਅਮਲ ਕਰਨ ਤੇ ਇਨਕਲਾਬੀ ਅਨੁਸ਼ਾਸਿਤ ਸੰਗਠਨ ਦੀ ਕਾਇਮੀ ਰਾਹੀਂ ਹੀ ਸੰਭਵ ਹੋ ਸਕਦਾ ਹੈ।
ਬਿਨਾਂ ਲੋਕ-ਪੱਖੀ ਵਿਗਿਆਨਕ ਸਿਧਾਂਤ ਤੋਂ ਕੰਮ ਕਰਨ ਵਾਲਾ ਕੋਈ ਰਾਜਸੀ ਦਲ ਜਾਂ ਨੇਤਾ ਅੰਤਿਮ ਰੂਪ ਵਿਚ ਮੌਜੂਦਾ ਲੋਕ-ਦੋਖੀ ਪ੍ਰਬੰਧ ਦਾ ਮਦਦਗਾਰ ਹੋ ਨਿੱਬੜਦਾ ਹੈ। ਸਾਡੀ ਮਨੋਂ ਇੱਛਾ ਹੈ ਕਿ 'ਆਪ' ਦੇ ਈਮਾਨਦਾਰ, ਜੁਝਾਰੂ ਤੇ ਲੋਕ-ਸੇਵਾ ਲਈ ਪ੍ਰਤੀਬੱਧ ਵਾਲੰਟੀਅਰ ਨਿਰਾਸ਼ ਹੋ ਕੇ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਦੀ ਬਜਾਏ ਪਹਿਲਾਂ ਹੀ ਅਜ਼ਮਾਈ ਹੋਈ ਕਿਸੇ ਲੋਕ-ਦੋਖੀ ਪਾਰਟੀ ਦੇ ਗਲ਼ ਲੱਗਣ ਜਾਂ 'ਆਪ' ਦੀ ਦਰੁੱਸਤੀ ਲਈ ਮ੍ਰਿਗਤ੍ਰਿਸ਼ਨਾ ਵਾਂਗ ਆਸ਼ਾਵਾਦੀ ਬਣਨ ਦੀ ਥਾਂ ਪ੍ਰਾਂਤ ਅੰਦਰ ਲੋਕ-ਹਿੱਤਾਂ ਲਈ ਸੰਘਰਸ਼ਾਂ ਵਿਚ ਜੁਟੀਆਂ ਖੱਬੇਪੱਖੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਿਚ ਆਪਣਾ ਸਥਾਨ ਮੱਲਣ ਤੇ ਸਮਾਜਿਕ ਤਬਦੀਲੀ ਲਈ ਆਪਣੀ ਬਣਦੀ ਭੂਮਿਕਾ ਅਦਾ ਕਰਨ।
ਇਕ ਪਾਸੇ ਬੈਠ ਕੇ ਤਮਾਸ਼ਾ ਦੇਖਣ ਨਾਲ ਸਮਾਜ ਨਹੀਂ ਬਦਲਦਾ ਬਲਕਿ ਇਸ ਕੰਮ ਲਈ ਤਾਂ ਆਪਾ ਵਾਰਨ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੁੰਦੀ ਹੈ। ਹਾਂ, ਕਿਸੇ ਰਾਜਸੀ ਦਲ ਜਾਂ ਜਨਤਕ ਜਥੇਬੰਦੀ ਵਿਚ ਸ਼ਿਰਕਤ ਕਰਨ ਵੇਲੇ ਉਸ ਦੇ ਪ੍ਰੋਗਰਾਮਾਂ, ਅਮਲਾਂ ਤੇ ਨਿਸ਼ਾਨਿਆਂ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਸਿਆਸਤ ਵਿਚ ਬਿਨਾਂ ਸਿਧਾਂਤਾਂ ਦੇ ਅਮਲ ਅੰਨ੍ਹਾ ਹੈ ਤੇ ਅਮਲਾਂ ਤੋਂ ਬਿਨਾਂ ਸਿਧਾਂਤ ਨਿਰਾਰਥਕ ਹੈ।
ਲੋਕਾਂ ਦੇ ਮਨਾਂ 'ਚ ਉੱਠਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਮੋਦੀ
NEXT STORY