ਅੱਜ ਦੇ ਸਿਆਸੀ ਹਫੜਾ-ਦਫੜੀ ਅਤੇ ਅਰਾਜਕਤਾ ਵਾਲੇ ਦੌਰ 'ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਵਰਗੇ 'ਅਜਾਤਸ਼ਤਰੂ' ਸਿਆਸਤਦਾਨ ਦੀ ਸਰਗਰਮੀ ਦੀ ਲੋੜ ਬਹੁਤ ਮਹਿਸੂਸ ਹੁੰਦੀ ਹੈ | ਉਨ੍ਹਾਂ ਦੀ ਸ਼ਖ਼ਸੀਅਤ ਦਾ ਹੀ ਇਹ ਚੁੰਬਕੀ ਗੁਣ ਸੀ ਕਿ ਵਿਚਾਰਕ ਨਜ਼ਰੀਏ ਤੋਂ ਉਲਟ ਧੁਰੀ ਵਾਲੇ ਰਾਜਨੇਤਾ ਅਤੇ ਸਿਆਸੀ ਪਾਰਟੀਆਂ ਵੀ ਉਨ੍ਹਾਂ ਨਾਲ ਜੁੜਨ ਤੋਂ ਕਦੇ ਝਿਜਕਦੀਆਂ ਨਹੀਂ ਸਨ |
ਸ਼੍ਰੀ ਵਾਜਪਾਈ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ 6 ਸਾਲ ਗੱਠਜੋੜ ਸਰਕਾਰ ਚਲਾਈ ਅਤੇ ਅਜਿਹੇ ਗੱਠਜੋੜ ਧਰਮ ਦੀ ਮਿਸਾਲ ਪੇਸ਼ ਕੀਤੀ, ਜੋ ਮੌਜੂਦਾ ਅਰਾਜਕ ਗੱਠਜੋੜ ਸਰਕਾਰਾਂ ਦੇ ਦੌਰ 'ਚ ਪ੍ਰੇਰਨਾਦਾਇਕ ਹੀ ਕਹੀ ਜਾ ਸਕਦੀ ਹੈ | ਉਹ ਇਸ ਗੱਲ ਦੇ ਸਬੂਤ ਹਨ ਕਿ ਭਾਰਤੀ ਸਿਆਸਤ ਵਿਚ ਬੜਬੋਲੀ ਭਾਸ਼ਾ ਅਤੇ ਫਜ਼ੂਲ ਦੇ ਕੰਮ ਕਦੇ ਸਵੀਕਾਰ ਨਹੀਂ ਹੋ ਸਕਦੇ | ਉਨ੍ਹਾਂ ਨੇ ਸੰਸਦੀ ਜੀਵਨ ਦੇ ਸਰਵਉੱਤਮ ਪੈਮਾਨੇ ਬਣਾਏ |
ਆਪਣੇ ਇਕ ਵੀ ਭਾਸ਼ਣ 'ਚ ਉਨ੍ਹਾਂ ਨੇ ਕਦੇ ਕਿਸੇ ਵਿਰੋਧੀ ਰਾਜਨੇਤਾ ਪ੍ਰਤੀ ਵੀ ਅਪਮਾਨਜਨਕ ਜਾਂ ਘਟੀਆ ਭਾਸ਼ਾ ਦੀ ਵਰਤੋਂ ਨਹੀਂ ਕੀਤੀ | ਉਨ੍ਹਾਂ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਵਿਰੋਧੀ ਧਿਰ ਨੂੰ ਦਲੀਲਾਂ ਅਤੇ ਸਲੀਕੇ ਨਾਲ ਮਾਤ ਦਿਓ | ਇਹੋ ਵਜ੍ਹਾ ਹੈ ਕਿ ਸਲੀਕੇਦਾਰ ਸਿਆਸਤ ਦੇ ਚਿਰੰਜੀਵੀ ਪ੍ਰਤੀਕ ਅਟਲ ਬਿਹਾਰੀ ਵਾਜਪਾਈ ਅੱਜ ਗੰਭੀਰ ਬੀਮਾਰ ਅਵਸਥਾ ਵਿਚ ਵੀ ਇਕ ਅਜਿਹਾ ਸ਼ਾਨਦਾਰ 'ਸਫਲ ਸਿੱਕਾ' ਮੰਨੇ ਜਾਂਦੇ ਹਨ, ਜਿਸ ਦੀ ਚਮਕ ਤੇ ਧਮਕ ਹਿੰਦੋਸਤਾਨ ਦੇ ਹਰ ਹਿੱਸੇ ਵਿਚ ਬਰਕਰਾਰ ਹੈ |
ਯੂ. ਪੀ. ਤੋਂ ਬਿਹਾਰ ਅਤੇ ਦੱਖਣ ਤੋਂ ਧੁਰ ਪੂਰਬ-ਉੱਤਰ ਤਕ ਸਿਆਸੀ ਨਜ਼ਰੀਏ ਤੋਂ ਭਾਜਪਾ ਦੇ ਕੱਟੜ ਵਿਰੋਧੀ ਵੀ ਸ਼੍ਰੀ ਵਾਜਪਾਈ ਦਾ ਨਾਂ ਆਉਂਦਿਆਂ ਹੀ 'ਨਿਹੱਥੇ' ਹੋ ਜਾਂਦੇ ਹਨ | ਵਿਦੇਸ਼ੀ ਸੰਬੰਧਾਂ ਦੇ ਨਜ਼ਰੀਏ ਤੋਂ ਪਾਕਿਸਤਾਨ, ਚੀਨ ਅਤੇ ਅਮਰੀਕਾ ਤਕ 'ਚ ਜੇ ਕਿਸੇ ਭਾਰਤੀ ਰਾਜਨੇਤਾ ਦਾ ਨਾਂ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਸ਼ਾਇਦ ਪੰ. ਨਹਿਰੂ ਤੋਂ ਬਾਅਦ ਉਹ ਅਟਲ ਬਿਹਾਰੀ ਵਾਜਪਾਈ ਹਨ | ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਕੌਮੀ ਹਿੱਤਾਂ ਨਾਲ ਸਮਝੌਤਾ ਕਰਦਿਆਂ ਬਾਹਰਲੇ ਦੇਸ਼ਾਂ ਨਾਲ ਦੋਸਤੀ ਬਣਾਉਣ ਦੀ ਕੋਸ਼ਿਸ਼ ਕੀਤੀ |
ਕੌਮੀ ਹਿੱਤਾਂ 'ਤੇ ਉਹ ਚੱਟਾਨ ਵਾਂਗ ਡਟੇ ਰਹੇ | ਪੋਖਰਣ-2 ਦਾ ਪ੍ਰੀਖਣ ਕੀਤਾ | ਅਮਰੀਕਾ, ਯੂਰਪ ਤੇ ਜਾਪਾਨ ਦੀਆਂ ਸਖ਼ਤ ਪਾਬੰਦੀਆਂ ਦਾ ਡਟ ਕੇ ਸਾਹਮਣਾ ਕੀਤਾ ਤੇ ਕਿਹਾ ਕਿ ''ਅਸੀਂ ਟੁੱਟ ਸਕਦੇ ਹਾਂ ਪਰ ਝੁਕ ਨਹੀਂ ਸਕਦੇ |''
ਪਾਕਿਸਤਾਨ ਨਾਲ ਜੇ ਉਨ੍ਹਾਂ ਦੇ ਸਮੇਂ ਭਾਰਤ ਦੇ ਬਿਹਤਰੀਨ ਸੰਬੰਧ ਕਾਇਮ ਹੋਏ ਤਾਂ ਲੋਕਤੰਤਰ ਦੇ ਕਾਤਿਲ ਪ੍ਰਵੇਜ਼ ਮੁਸ਼ੱਰਫ ਵਲੋਂ ਕਰਵਾਏ ਕਾਰਗਿਲ ਹਮਲੇ ਦਾ ਵੀ ਉਨ੍ਹਾਂ ਨੇ ਡਟ ਕੇ ਜਵਾਬ ਦਿੱਤਾ | ਫਿਰ ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਸ਼ਾਂਤੀਵਾਰਤਾ ਦੇ ਬਹਾਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਵਾਸ਼ਿੰਗਟਨ ਸੱਦਿਆ ਤਾਂ ਵਾਜਪਾਈ ਨੇ ਜਾਣ ਤੋਂ ਨਾਂਹ ਕਰ ਦਿੱਤੀ | ਉਨ੍ਹਾਂ ਨੇ ਦੇਸ਼ ਦੇ ਜਵਾਨਾਂ ਦੇ ਸਨਮਾਨ ਦਾ ਜੋ ਆਦਰਸ਼ ਕਾਇਮ ਕੀਤਾ, ਉਹ ਇਤਿਹਾਸਿਕ ਹੈ |
ਅਮਰੀਕੀ ਪਾਬੰਦੀਆਂ ਸਾਹਮਣੇ ਜਦੋਂ ਸੁਪਰ ਕੰਪਿਊਟਰ ਮੁਹੱਈਆ ਨਾ ਹੋਣ ਦੀ ਚੁਣੌਤੀ ਖੜ੍ਹੀ ਹੋਈ ਤਾਂ ਇਹ ਅਟਲ ਜੀ ਦੀ ਹਿੰਮਤ ਭਰੀ ਪ੍ਰੇਰਨਾ ਦਾ ਹੀ ਪ੍ਰਤਾਪ ਸੀ ਕਿ ਭਾਰਤੀ ਵਿਗਿਆਨੀਆਂ ਨੇ ਸੁਪਰ ਕੰਪਿਊਟਰ ਤੋਂ ਵੀ ਬਿਹਤਰ ਤੇ ਸਸਤਾ ਕੰਪਿਊਟਰ ਬਣਾ ਕੇ ਦਿਖਾਇਆ | ਇਸੇ ਤਰ੍ਹਾਂ ਭਾਰਤ ਦੇ ਕੋਨੇ-ਕੋਨੇ ਨੂੰ ਸ਼ਾਨਦਾਰ ਰਾਜਮਾਰਗਾਂ ਨਾਲ ਜੋੜਨ ਦੀ ਪ੍ਰਸਿੱਧ ਯੋਜਨਾ ਅਟਲ ਜੀ ਸਾਹਮਣੇ ਮਹਾਰਾਸ਼ਟਰ ਦੇ ਉਸ ਵੇਲੇ ਦੇ ਮੰਤਰੀ ਨਿਤਿਨ ਗਡਕਰੀ ਨੇ ਰੱਖੀ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਮੰਨ ਲਿਆ ਅਤੇ ਅੱਜ ਅਟਲ ਜੀ ਦੇ ਬਣਵਾਏ ਰਾਜਮਾਰਗ ਪੂਰੇ ਦੇਸ਼ ਵਿਚ ਨਵੀਂ ਤਰੱਕੀ ਦੇ ਰਿਕਾਰਡ ਥੰਮ੍ਹ ਮੰਨੇ ਜਾਂਦੇ ਹਨ | ਟੈਲੀਕਾਮ ਕ੍ਰਾਂਤੀ ਅਤੇ ਲੜਾਕੂ ਫੌਜੀ ਸਾਜ਼ੋ-ਸਾਮਾਨ ਵਿਚ ਕਾਫੀ ਤਰੱਕੀ ਵੀ ਵਾਜਪਾਈ ਦੀ ਹੀ ਦੇਣ ਹੈ |
13 ਦਸੰਬਰ ਨੂੰ ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਸੀ ਪਰ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਬੁਸ਼ ਨੇ ਵਾਅਦਾ ਕੀਤਾ ਸੀ ਕਿ ਭਾਰਤ ਵਲੋਂ ਉਹ ਖੁਦ ਪਾਕਿਸਤਾਨ ਨੂੰ 'ਠੀਕ' ਕਰਨਗੇ | ਇਹ ਇਕ ਵੱਖਰਾ ਅਧਿਆਏ ਹੈ |
ਅਟਲ ਜੀ ਪੱਤਰਕਾਰੀ ਵਿਚ ਸਖ਼ਤ ਨਿੰਦਕ ਸ਼ਬਦਾਂ ਦੇ ਹਮਾਇਤੀ ਨਹੀਂ ਰਹੇ | ਉਹ 'ਪਾਂਚਜਨਯ' ਅਤੇ 'ਰਾਸ਼ਟਰਧਰਮ' ਵਰਗੀਆਂ ਰਾਸ਼ਟਰਵਾਦੀ ਅਖ਼ਬਾਰਾਂ ਦੇ ਪਹਿਲੇ ਸੰਪਾਦਕ ਸਨ | ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਉਹ 'ਪਾਂਚਜਨਯ' ਦੀ ਪੇਸ਼ਕਾਰੀ 'ਤੇ ਅਕਸਰ ਸਿੱਖਿਆਤਮਕ ਫੋਨ ਕਰਦੇ ਰਹਿੰਦੇ ਸਨ | ਉਹ ਰੂੜੀਵਾਦੀਆਂ ਤੇ ਬੁਰਾਈਆਂ ਵਿਰੁੱਧ ਸਵਾਮੀ ਵਿਵੇਕਾਨੰਦ ਤੇ ਡਾ. ਅੰਬੇਡਕਰ ਵਾਂਗ ਸਖ਼ਤ ਆਵਾਜ਼ ਉਠਾਉਣ ਦੇ ਸਮਰਥਕ ਸਨ |
ਇਕ ਵਾਰ ਸਵਦੇਸ਼ੀ ਅੰਦੋਲਨ ਦੌਰਾਨ ਅਸੀਂ 'ਪਾਂਚਜਨਯ' ਵਿਚ ਭਾਰਤ ਮਾਤਾ ਦੇ ਚੀਰਹਰਨ ਦੀ ਤਸਵੀਰ ਛਾਪੀ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਫੋਨ ਕਰਕੇ ਕਿਹਾ, ''ਇਹ ਕੀ ਛਾਪ ਦਿੱਤਾ ਤੁਸੀਂ, ਕੀ ਅਸੀਂ ਮਰ ਗਏ ਹਾਂ? ਸਾਡੇ ਹੁੰਦਿਆਂ ਕੀ ਭਾਰਤ ਮਾਤਾ 'ਤੇ ਕੋਈ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਕਰ ਸਕਦਾ ਹੈ?'' ਇਹ ਕਹਿ ਕੇ ਉਨ੍ਹਾਂ ਨੇ ਫੋਨ ਰੱਖ ਦਿੱਤਾ |
ਇਸੇ ਤਰ੍ਹਾਂ ਇਕ ਵਾਰ ਸ਼੍ਰੀਮਤੀ ਸੋਨੀਆ ਗਾਂਧੀ ਬਾਰੇ ਲੇਖ 'ਚ ਕੌੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਉਨ੍ਹਾਂ ਨੇ ਫਿਰ ਸਮਝਾਇਆ ਕਿ ''ਪ੍ਰੋਗਰਾਮਾਂ ਤੇ ਨੀਤੀਆਂ ਦੀ ਆਲੋਚਨਾ ਡਟ ਕੇ ਕਰੋ ਪਰ ਨਿੱਜੀ ਨਿੰਦਾ ਸਾਡੀ ਵਿਚਾਰਧਾਰਾ ਦੇ ਦਾਇਰੇ ਤੋਂ ਬਾਹਰ ਦੀ ਗੱਲ ਹੈ |''
'ਪਾਂਚਜਨਯ ਗੋਲਡਨ ਜੁਬਲੀ ਕਮੇਟੀ' ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਕਈ ਹੋਣਹਾਰ ਲੇਖਕਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿਚ ਬਹੁਤੇ ਸਾਡੀ ਵਿਚਾਰਧਾਰਾ ਨਾਲ ਨਾ ਜੁੜੇ ਹੋਣ ਦੇ ਬਾਵਜੂਦ ਸਿਰਜਣਸ਼ੀਲ ਲੇਖਕ ਸਨ | ਅਟਲ ਜੀ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੁਭਾਅ ਰੱਖਣਾ ਚਾਹੀਦਾ ਹੈ |
ਇਕ ਵਾਰ ਕੈਲਾਸ਼ ਮਾਨਸਰੋਵਰ ਬਾਰੇ ਆਪਣੀ ਕਿਤਾਬ ਦੀ ਘੰੁਡ-ਚੁਕਾਈ ਲਈ ਕਹਿਣ ਮੈਂ ਅਟਲ ਜੀ ਕੋਲ ਗਿਆ ਤਾਂ ਉਹ ਬੋਲੇ, ''ਮੈਂ ਕਰ ਹੀ ਦੇਵਾਂਗਾ ਪਰ ਚੰਗਾ ਹੋਵੇਗਾ, ਜੇ ਸਾਡੇ ਸੰਗਠਨ ਅਤੇ ਵਿਚਾਰਧਾਰਾ ਤੋਂ ਬਾਹਰਲੇ ਵਿਅਕਤੀ ਨੂੰ ਵੀ ਸੱਦਿਆ ਜਾਵੇ |''
ਮੈਂ ਕਿਹਾ ਕਿ ਅਜਿਹਾ ਕੌਣ ਹੋ ਸਕਦਾ ਹੈ, ਤਾਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡਾ. ਕਰਨ ਸਿੰਘ ਨਾਲ ਗੱਲ ਕਰੋ | ਫਿਰ ਉਨ੍ਹਾਂ ਨੂੰ ਸ਼੍ਰੀ ਵਾਜਪਾਈ ਨੇ ਖ਼ੁਦ ਹੀ ਫੋਨ ਕਰਕੇ ਸਮਾਗਮ ਵਿਚ ਆਉਣ ਲਈ ਰਾਜ਼ੀ ਕੀਤਾ |
ਲੱਦਾਖ ਵਿਚ ਅਸੀਂ ਅਡਵਾਨੀ ਜੀ ਦੀ ਸਰਪ੍ਰਸਤੀ ਹੇਠ ਸਿੰਧੂ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਵਿਚ ਕੁਝ ਕਾਰਨਾਂ ਕਰਕੇ ਸ਼੍ਰੀ ਅਟਲ ਜੀ ਨਹੀਂ ਆ ਸਕੇ | ਇਕ ਵਾਰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਸਥਿਤ ਪੰਚਵਟੀ ਸਭਾ ਹਾਲ ਵਿਚ ਉਨ੍ਹਾਂ ਨੇ ਮੈਨੂੰ ਕਿਹਾ ਕਿ ''ਤੁਸੀਂ ਸਾਰਿਆਂ ਨੂੰ ਬੁਲਾਉਂਦੇ ਹੋ, ਸਾਨੂੰ ਸਿੰਧੂ ਦੇ ਦਰਸ਼ਨ ਨਹੀਂ ਕਰਵਾਏ |''
ਫਿਰ ਉਹ ਅਗਲੇ ਸਾਲ ਵੀ ਆਏ ਤੇ ਉਨ੍ਹਾਂ ਦੀ ਮੌਜੂਦਗੀ ਵਿਚ ਸਿੰਧੂ ਪੂਜਨ ਤੇ ਦਰਸ਼ਨ ਦਾ ਉਹ ਪ੍ਰੋਗਰਾਮ ਅਭੁੱਲ ਯਾਦ ਬਣ ਗਿਆ |
ਅਟਲ ਬਿਹਾਰੀ ਵਾਜਪਾਈ ਅੱਜ ਵੀ ਸਹੀ ਅਰਥਾਂ ਵਿਚ ਦੁਸ਼ਮਣੀ ਰਹਿਤ, ਸਲੀਕੇਦਾਰ ਸਿਆਸਤ ਦੇ ਸ਼ਾਨਦਾਰ ਪ੍ਰਤੀਕ ਹਨ | ਕਵੀ, ਪੱਤਰਕਾਰ, ਸਾਹਿਤਕ ਲੇਖਕ, ਕੱਟੜ ਸਿਆਸਤਦਾਨ ਅਤੇ ਅਸਾਧਾਰਨ ਬੁਲਾਰੇ ਅਟਲ ਜੀ ਲੰਮੀ ਉਮਰ ਭੋਗਣ, ਇਹੋ ਸਾਡੀ ਕਾਮਨਾ ਹੈ | (tarunvijay2@yahoo.com)
ਰਾਹੁਲ ਦੀ 'ਸ਼ਾਹੀ ਜੀਵਨਸ਼ੈਲੀ' ਲਈ ਪੈਸਾ ਕੌਣ ਖਰਚ ਕਰਦੈ
NEXT STORY