ਸੰਵੇਦਨਸ਼ੀਲ ਰਾਜਨੀਤੀ ਦੇ ਪ੍ਰੇਰਕ ਅਟਲ ਜੀ ਚਲੇ ਗਏ ਪਰ ਅਟਲ ਜੀ ਕਦੇ ਜਾਣਗੇ ਨਹੀਂ। ਉਨ੍ਹਾਂ ਦੀ ਵਿਸ਼ਾਲ ਸ਼ਖ਼ਸੀਅਤ, ਵਿਚਾਰ ਅਤੇ ਕੰਮ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ।
ਅਟਲ ਬਿਹਾਰੀ ਵਾਜਪਾਈ ਜੀ ਸਿਰਫ ਇਕ ਨੇਤਾ ਨਹੀਂ, ਭਾਰਤੀ ਸਿਆਸਤ ਵਿਚ ਤਾਲਮੇਲ ਅਤੇ ਉਦਾਰਵਾਦ ਦੇ ਪ੍ਰੇਰਕ ਅਤੇ 1977 ਦੇ ਜਨਤਾ ਪਾਰਟੀ ਦੇ ਪ੍ਰਯੋਗ ਦੀ ਅਸਫਲਤਾ ਤੋਂ ਬਾਅਦ ਗੱਠਜੋੜ ਸਰਕਾਰ ਚਲਾਉਣ ਦਾ ਪ੍ਰਯੋਗ ਸਫਲ ਕਰਨ ਵਾਲੇ ਪਹਿਲੇ ਨੇਤਾ ਸਨ। ਐਮਰਜੈਂਸੀ ਦੇ ਕਾਲੇ ਅਧਿਆਏ ਤੋਂ ਬਾਅਦ ਦੇਸ਼ ਵਿਚ ਵੱਡੀਆਂ ਆਸਾਂ ਦੇ ਨਾਲ ਜਨਤਾ ਪਾਰਟੀ ਦੀ ਸਰਕਾਰ ਬਣਾਈ। ਚੰਗੀ ਸ਼ੁਰੂਆਤ ਹੋਈ ਪਰ ਫੁੱਟ ਪਈ। ਪਾਰਟੀ ਟੁੱਟੀ ਅਤੇ ਸਰਕਾਰ ਵੀ ਟੁੱਟ ਗਈ। ਜਨਮਾਨਸ ਵਿਚ ਇਕ ਨਿਰਾਸ਼ਾ ਛਾਈ ਅਤੇ ਇਕ ਧਾਰਨਾ ਪੈਦਾ ਕੀਤੀ ਜਾਣ ਲੱਗੀ ਕਿ ਕਾਂਗਰਸ ਤੋਂ ਇਲਾਵਾ ਕੋਈ ਵੀ ਦੇਸ਼ ਦੀ ਸਰਕਾਰ ਨਹੀਂ ਚਲਾ ਸਕਦਾ। ਕਿਸੇ ਇਕ ਪਾਰਟੀ ਦੇ ਕੋਲ ਬਹੁਮਤ ਨਹੀਂ ਸੀ, ਨਾ ਹੋ ਸਕਦਾ ਸੀ।
ਸਿਆਸੀ ਨਿਰਾਸ਼ਾ ਦੇ ਇਸ ਵਾਤਾਵਰਣ ਵਿਚ ਅਟਲ ਜੀ ਦੀ ਅਗਵਾਈ ਵਿਚ ਰਾਸ਼ਟਰੀ ਗੱਠਜੋੜ ਬਣਿਆ, ਚੋਣਾਂ ਲੜੀਆਂ ਅਤੇ ਸਰਕਾਰ ਬਣਾਈ। 22 ਸਿਆਸੀ ਵਿਰੋਧੀ ਦਲਾਂ ਨੂੰ ਨਾਲ ਲੈ ਕੇ ਸਫਲਤਾ ਨਾਲ ਸਰਕਾਰ ਚਲਾਉਣ ਦਾ ਪ੍ਰਯੋਗ ਭਾਰਤ ਦੀ ਸਿਆਸਤ ਵਿਚ ਇਕ ਨਵਾਂ ਅਧਿਆਏ ਸੀ। ਜਾਰਜ ਫਰਨਾਂਡੀਜ਼ ਵਰਗੇ ਗਰਮ ਵਿਚਾਰ ਵਾਲੇ ਸਮਾਜਵਾਦੀ ਨੇਤਾ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਤੋਂ ਆਏ ਭਾਜਪਾ ਦੇ ਨੇਤਾ ਅਟਲ ਜੀ ਨੇ ਸਭ ਨੂੰ ਨਾਲ ਚਲਾਇਆ। ਸਰਕਾਰ ਪੂਰਾ ਸਮਾਂ ਚੱਲੀ ਅਤੇ ਬਹੁਤ ਵਧੀਆ ਕੰਮ ਹੋਇਆ। ਅਟਲ ਜੀ ਦੀ ਅਗਵਾਈ ਵਿਚ ਇਸ ਧਾਰਨਾ ਨੂੰ ਖਤਮ ਕੀਤਾ ਗਿਆ ਕਿ ਕਾਂਗਰਸ ਤੋਂ ਇਲਾਵਾ ਦੇਸ਼ ਵਿਚ ਕੋਈ ਵੀ ਸਰਕਾਰ ਨਹੀਂ ਚਲਾ ਸਕਦਾ।
ਅਟਲ ਜੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਵੈਮ ਸੇਵਕ ਸਨ, ਪ੍ਰਚਾਰਕ ਰਹੇ ਅਤੇ ਹਿੰਦੂਤਵ 'ਤੇ ਉਨ੍ਹਾਂ ਦਾ ਅਟਲ ਵਿਸ਼ਵਾਸ ਸੀ। ਉਨ੍ਹਾਂ ਦੀ ਕਵਿਤਾ 'ਹਿੰਦੂ ਤਨ-ਮਨ ਹਿੰਦੂ ਜੀਵਨ, ਰਗ-ਰਗ ਹਿੰਦੂ ਮੇਰਾ ਪਰੀਚੈ' ਉਨ੍ਹਾਂ ਦੇ ਹਿੰਦੂਤਵ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਦੀ ਸੀ। ਇਸ ਸਭ ਦੇ ਬਾਅਦ ਵੀ ਉਨ੍ਹਾਂ 'ਤੇ ਕਦੇ ਫਿਰਕਾਪ੍ਰਸਤ ਹੋਣ ਦਾ ਦੋਸ਼ ਨਹੀਂ ਲੱਗ ਸਕਿਆ। ਇਸ ਦਾ ਇਕ ਹੀ ਕਾਰਨ ਸੀ ਕਿ ਅਟਲ ਜੀ ਦਾ ਹਿੰਦੂਤਵ ਵੇਦਾਂਤ ਦਾ ਹਿੰਦੂਤਵ ਸੀ। ਸਵਾਮੀ ਵਿਵੇਕਾਨੰਦ ਵਲੋਂ ਪਰਿਭਾਸ਼ਿਤ ਹਿੰਦੂਤਵ ਸੀ। ਉਸ ਵਿਚ ਕਦੇ ਸੌੜਾਪਣ ਅਤੇ ਕੱਟੜਪਣ ਨੇੜੇ ਨਹੀਂ ਆਇਆ। ਸੱਚਾਈ ਇਹ ਹੈ ਕਿ ਜਿੱਥੇ ਕੱਟੜਤਾ ਹੈ, ਉਥੇ ਹਿੰਦੂਤਵ ਨਹੀਂ ਹੋ ਸਕਦਾ ਅਤੇ ਜਿੱਥੇ ਹਿੰਦੂਤਵ ਹੈ, ਉਥੇ ਕੱਟੜਤਾ ਵੀ ਨਹੀਂ ਹੋ ਸਕਦੀ।
ਭਾਰਤੀ ਜਨਸੰਘ ਅਤੇ ਉਸ ਤੋਂ ਬਾਅਦ ਭਾਜਪਾ 'ਤੇ ਸਭ ਤੋਂ ਵੱਡਾ ਦੋਸ਼ ਫਿਰਕਾਪ੍ਰਸਤੀ ਦਾ ਲਗਾਇਆ ਜਾਂਦਾ ਸੀ ਪਰ ਅਟਲ ਜੀ ਦੇ ਵਿਵਹਾਰ ਅਤੇ ਭਾਸ਼ਣਾਂ ਤੋਂ ਇਹ ਦੋਸ਼ ਬਹੁਤ ਹੱਦ ਤਕ ਖਤਮ ਹੋਇਆ ਅਤੇ ਉਨ੍ਹਾਂ ਨੂੰ ਸੰਘ ਅਤੇ ਭਾਜਪਾ ਦੇ ਸੈਕੁਲਰ ਚਿਹਰੇ ਦੇ ਨਾਲ-ਨਾਲ ਜਾਣਿਆ ਜਾਣ ਲੱਗਾ। ਭਾਰਤੀ ਜਨਸੰਘ ਦੇ ਨਾਲ ਸਿਆਸੀ ਦੂਰੀ ਖਤਮ ਹੋਈ। ਹਿੰਦੂਤਵ ਦੇ ਪ੍ਰਤੀ ਉਨ੍ਹਾਂ ਦੇ ਇਸ ਉਦਾਰ ਦ੍ਰਿਸ਼ਟੀਕੋਣ ਦੇ ਕਾਰਨ ਸੰਘ ਅਤੇ ਭਾਜਪਾ ਨਾਲ ਉਨ੍ਹਾਂ ਦੇ ਮੱਤਭੇਦ ਵੀ ਹੋਏ। ਬਾਬਰੀ ਮਸਜਿਦ 'ਤੇ ਵੀ ਉਨ੍ਹਾਂ ਦਾ ਇਕ ਅਲੱਗ ਦ੍ਰਿਸ਼ਟੀਕੋਣ ਸੀ। ਇਸ ਸਬੰਧ ਵਿਚ ਉਨ੍ਹਾਂ ਨਾਲ ਮੇਰੀ ਕਈ ਵਾਰ ਗੱਲ ਵੀ ਹੋਈ ਸੀ ਪਰ ਉਹ ਆਪਣੇ ਮੱਤਭੇਦ ਬੜੀ ਹਲੀਮੀ ਅਤੇ ਮਰਿਆਦਾ ਨਾਲ ਜ਼ਾਹਿਰ ਕਰਦੇ ਸਨ।
ਵੋਟ ਬੈਂਕ ਅਤੇ ਕੀਮਤ ਰਹਿਤ ਰਾਜਨੀਤੀ ਦੇ ਰੇਗਿਸਤਾਨ ਵਿਚ ਅਟਲ ਜੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਦੀ ਰਾਜਨੀਤੀ ਦੇ ਇਕ ਨਖਲਿਸਤਾਨ ਸਨ। ਵਿਰੋਧ ਦੇ ਲਈ ਵਿਰੋਧ ਅਤੇ ਸੌੜੇਪਣ ਦੀ ਰਾਜਨੀਤੀ ਤੋਂ ਬਹੁਤ ਉਪਰ ਸਨ। ਉਹ ਕਹਿੰਦੇ ਹੁੰਦੇ ਸਨ, ''ਰਾਜਨੀਤੀ ਦੀਆਂ ਕੰਧਾਂ ਬਹੁਤ ਛੋਟੀਆਂ ਹਨ ਅਤੇ ਰਾਸ਼ਟਰ ਦਾ ਮੰਦਿਰ ਬਹੁਤ ਉੱਚਾ ਹੈ।''
''ਅਸੀਂ ਸਿਰਫ ਸਰਕਾਰ ਹੀ ਨਹੀਂ ਬਣਾਉਣਾ ਚਾਹੁੰਦੇ, ਅਸੀਂ ਤਾਂ ਸਮਾਜ ਬਣਾਉਣਾ ਚਾਹੁੰਦੇ ਹਾਂ।''
''ਮੈਂ ਉਨ੍ਹਾਂ 'ਚੋਂ ਨਹੀਂ ਹਾਂ, ਜੋ ਇਹ ਕਹਿੰਦੇ ਹਨ ਕਿ ਕਾਂਗਰਸ ਨੇ ਦੇਸ਼ ਲਈ ਕਦੇ ਕੁਝ ਨਹੀਂ ਕੀਤਾ।''
13 ਦਿਨਾਂ ਦੀ ਸਰਕਾਰ ਤੋਂ ਬਾਅਦ ਅਸਤੀਫਾ ਦਿੰਦੇ ਸਮੇਂ ਉਨ੍ਹਾਂ ਨੇ ਕਿਹਾ ਸੀ, ''ਕਿਸੇ ਦਲ ਨੂੰ ਤੋੜ ਕੇ ਨਵਾਂ ਗੱਠਜੋੜ ਬਣਾ ਕੇ ਜੇਕਰ ਸੱਤਾ ਮਿਲਦੀ ਹੈ ਤਾਂ ਉਸ ਸੱਤਾ ਨੂੰ ਮੈਂ ਚਿਮਟੇ ਨਾਲ ਵੀ ਛੂਹਣਾ ਨਹੀਂ ਚਾਹਾਂਗਾ।''
ਹਿਮਾਚਲ ਵਿਚ 1985 ਦੀਆਂ ਚੋਣਾਂ ਵਿਚ ਭਾਜਪਾ ਨੂੰ 29 ਅਤੇ ਕਾਂਗਰਸ ਨੂੰ 31 ਸੀਟਾਂ ਮਿਲੀਆਂ, 6 ਆਜ਼ਾਦ ਜਿੱਤੇ। ਜੋੜ-ਤੋੜ, ਤੋਲ-ਭਾਅ ਹੋਣ ਲੱਗਾ। ਮੇਰੇ 'ਤੇ ਦਬਾਅ ਸੀ ਕਿ ਕੁਝ ਵੀ ਕਰਕੇ ਸਰਕਾਰ ਬਣਾਈ ਜਾਵੇ। ਮੈਂ ਰਾਜਨੀਤੀ ਦੀ ਖਰੀਦੋ-ਫਰੋਖਤ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ। ਮੈਂ ਜਨਤਕ ਤੌਰ 'ਤੇ ਕਹਿ ਦਿੱਤਾ ਸੀ, ''ਮੈਂ ਜ਼ਿੰਦਾ ਮਾਸ ਦਾ ਵਪਾਰੀ ਨਹੀਂ ਹਾਂ।'' ਮੈਂ ਇਥੋਂ ਤਕ ਕਹਿ ਦਿੱਤਾ ਕਿ ਜੇਕਰ ਪਾਰਟੀ ਨੇ ਵਿਧਾਇਕ ਖਰੀਦ ਕੇ ਸਰਕਾਰ ਬਣਾਉਣੀ ਹੋਵੇ ਤਾਂ ਪਾਰਟੀ ਨੇਤਾ ਬਦਲ ਲਵੇ। ਸ਼ਿਮਲਾ ਵਿਚ ਹਲਚਲ ਵਧੀ। ਕੁਝ ਵਿਧਾਇਕ ਮੇਰੇ ਵਿਰੋਧੀ ਹੋ ਗਏ। ਅਟਲ ਜੀ ਜੈਪੁਰ ਵਿਚ ਸਨ। ਮੈਂ ਫੋਨ 'ਤੇ ਆਪਣੀ ਵਿਥਿਆ ਦੱਸੀ। ਉਨ੍ਹਾਂ ਨੇ ਉਥੋਂ ਹੀ ਐਲਾਨ ਕੀਤਾ ਕਿ ''ਹਿਮਾਚਲ ਵਿਚ ਜਨਤਾ ਨੇ ਸਾਨੂੰ ਵਿਰੋਧੀ ਧਿਰ ਵਿਚ ਬੈਠਣ ਦਾ ਹੁਕਮ ਦਿੱਤਾ ਹੈ। ਜੋੜ-ਤੋੜ ਨਾਲ ਸਰਕਾਰ ਨਹੀਂ ਬਣਾਵਾਂਗੇ।'' ਮੈਂ ਰਾਹਤ ਦਾ ਸਾਹ ਲਿਆ।
29 ਵਿਧਾਇਕ ਜਿੱਤਣ ਤੋਂ ਬਾਅਦ ਇਹ ਗੱਲ ਅਟਲ ਜੀ ਹੀ ਕਰ ਸਕਦੇ ਸਨ। ਮੈਂ 29 ਵਿਧਾਇਕਾਂ ਨੂੰ ਲੈ ਕੇ ਸਾਰੇ ਪ੍ਰਦੇਸ਼ ਵਿਚ ਘੁੰਮਿਆ ਅਤੇ ਜਨਤਾ ਦਾ ਧੰਨਵਾਦ ਕੀਤਾ। ਅਪੋਜ਼ੀਸ਼ਨ ਦੀ ਭੂਮਿਕਾ ਨਿਭਾਈ। ਸੰਗਠਨ ਵਧਾਇਆ। ਇਸ ਸਭ ਦਾ ਨਤੀਜਾ ਇਹ ਹੋਇਆ ਕਿ ਉਸ ਤੋਂ ਬਾਅਦ 1990 ਦੀਆਂ ਚੋਣਾਂ ਵਿਚ ਭਾਜਪਾ ਨੂੰ ਇਤਿਹਾਸਿਕ ਜਿੱਤ ਮਿਲੀ। ਸਮਝੌਤੇ 'ਚ 51 ਸੀਟਾਂ ਲੜੀਆਂ ਅਤੇ 46 ਜਿੱਤੀਆਂ। ਅਜਿਹੀ ਜਿੱਤ ਕਦੇ ਕਿਸੇ ਨੂੰ ਨਹੀਂ ਮਿਲੀ ਸੀ।
ਅਟਲ ਜੀ ਦੀ ਸ਼ਖ਼ਸੀਅਤ ਵਿਚ ਕਈ ਵਿਸ਼ੇਸ਼ਤਾਵਾਂ ਸਨ। ਉਹ ਕਵੀ ਸਨ। ਉਨ੍ਹਾਂ ਦਾ ਕਵੀ-ਹਿਰਦਾ ਸਿਆਸਤ ਵਿਚ ਵੀ ਝਲਕਦਾ ਰਿਹਾ। ਮੈਨੂੰ ਉਨ੍ਹਾਂ ਦੀ ਸੰਪੂਰਨ ਸ਼ਖ਼ਸੀਅਤ ਵਿਚ ਉਨ੍ਹਾਂ ਦੀ ਸੰਵੇਦਨਸ਼ੀਲਤਾ ਬਹੁਤ ਮਹੱਤਵਪੂਰਨ ਲੱਗਦੀ ਹੈ। ਉਨ੍ਹਾਂ ਦੇ ਮੰਤਰੀ ਮੰਡਲ ਵਿਚ ਮੈਂ ਖੁਰਾਕ ਮੰਤਰੀ ਬਣਿਆ। ਸੈਂਪਲ ਸਰਵੇ ਦੀ ਇਕ ਰਿਪੋਰਟ ਪੜ੍ਹੀ। ਉਸ ਵਿਚ ਲਿਖਿਆ ਸੀ ਕਿ ਦੇਸ਼ ਵਿਚ ਗਰੀਬੀ ਦੀ ਰੇਖਾ ਤੋਂ ਹੇਠਾਂ 26 ਕਰੋੜ ਲੋਕ ਹਨ ਪਰ 5 ਕਰੋੜ ਲੋਕ ਇੰਨੇ ਗਰੀਬ ਹਨ ਕਿ ਰਾਤ ਨੂੰ ਭੁੱਖੇ ਪੇਟ ਸੌਂਦੇ ਹਨ। ਉਸ ਸਮੇਂ ਦੇਸ਼ ਵਿਚ ਅਨਾਜ ਦੀ ਕਮੀ ਨਹੀਂ ਸੀ। ਭੰਡਾਰ ਭਰੇ ਪਏ ਸਨ। ਬਾਹਰ ਰੱਖਿਆ ਅਨਾਜ ਖਰਾਬ ਹੋ ਜਾਂਦਾ ਸੀ। ਉਹ ਰਿਪੋਰਟ ਪੜ੍ਹ ਕੇ ਮੈਂ ਬਹੁਤ ਚਿੰਤਤ ਹੋਇਆ। ਅਟਲ ਜੀ ਦੇ ਕੋਲ ਗਿਆ। ਉਨ੍ਹਾਂ ਤੋਂ ਇਕ ਯੋਜਨਾ ਬਣਾਉਣ ਦੀ ਇਜਾਜ਼ਤ ਲਈ। ਸਭ ਨਾਲ ਸਲਾਹ ਕਰਕੇ ਅੰਤੋਦਿਆ ਅੰਨ ਯੋਜਨਾ ਬਣਾਈ। ਅਤਿ-ਗਰੀਬ 10 ਕਰੋੜ ਲੋਕਾਂ ਨੂੰ 25 ਕਿਲੋ ਅਨਾਜ, 2 ਰੁਪਏ ਕਿਲੋ ਕਣਕ ਅਤੇ 3 ਰੁਪਏ ਕਿਲੋ ਚਾਵਲ ਦੇਣ ਦੀ ਵਿਵਸਥਾ ਕੀਤੀ।
ਯੋਜਨਾ ਜਦੋਂ ਮੰਤਰੀ ਮੰਡਲ ਵਿਚ ਗਈ ਤਾਂ ਆਰਥਿਕ ਕਾਰਨਾਂ ਕਰਕੇ ਵਿੱਤ ਵਿਭਾਗ ਨੇ ਇਸ ਦਾ ਵਿਰੋਧ ਕੀਤਾ। ਅਖਬਾਰਾਂ ਵਿਚ ਯੋਜਨਾ ਦੀ ਚਰਚਾ ਹੋਣ ਲੱਗੀ। ਇਕ ਪ੍ਰਮੁੱਖ ਅਖ਼ਬਾਰ ਨੇ ਲੰਮੀ ਟਿੱਪਣੀ ਕੀਤੀ ਕਿ ਸ਼ਾਂਤਾ ਕੁਮਾਰ ਗਰੀਬਾਂ ਲਈ ਵੱਡੀ ਯੋਜਨਾ ਬਣਾਉਣਾ ਚਾਹੁੰਦੇ ਹਨ ਪਰ ਯਸ਼ਵੰਤ ਸਿਨ੍ਹਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਕਾਰਨ ਯਸ਼ਵੰਤ ਸਿਨ੍ਹਾ ਮੇਰੇ ਨਾਲ ਨਾਰਾਜ਼ ਹੋ ਗਏ ਸਨ। ਉਹ ਬਿਨਾਂ ਕਾਰਨ ਵਿਰੋਧ ਕਰ ਰਹੇ ਸਨ। ਮੇਰੀ ਅਪੀਲ 'ਤੇ ਦੋ ਵਾਰ ਮੰਤਰੀ ਮੰਡਲ ਵਿਚ ਯੋਜਨਾ 'ਤੇ ਫਿਰ ਵਿਚਾਰ ਹੋਇਆ। ਮੰਤਰੀ ਸਮੂਹ ਬਣਿਆ, ਅਨੁਕੂਲ ਸਿਫਾਰਿਸ਼ ਹੋਈ ਪਰ ਵਿੱਤ ਮੰਤਰਾਲੇ ਦੇ ਵਿਰੋਧ ਕਾਰਨ ਯੋਜਨਾ ਸਵੀਕਾਰ ਨਹੀਂ ਹੋਈ। ਮੈਂ ਉਨ੍ਹੀਂ ਦਿਨੀਂ ਬਹੁਤ ਪ੍ਰੇਸ਼ਾਨ ਰਹਿੰਦਾ ਸੀ, ਇਹ ਸੋਚ ਕਿ ਅਨਾਜ ਦੇ ਭੰਡਾਰ ਭਰੇ ਪਏ ਹਨ ਅਤੇ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹਨ।
25 ਦਸੰਬਰ 2000 ਨੂੰ ਅਟਲ ਜੀ ਦੇ ਜਨਮ ਦਿਨ 'ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸ਼ੁਰੂ ਕੀਤੀ ਜਾ ਰਹੀ ਸੀ। ਕੁਝ ਦਿਨ ਪਹਿਲਾਂ ਕਾਲਾਹਾਂਡੀ ਵਿਚ ਭੁੱਖਮਰੀ ਨਾਲ 10 ਲੋਕਾਂ ਦੀ ਮੌਤ ਹੋ ਗਈ। ਖ਼ਬਰ ਪੜ੍ਹ ਕੇ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ। ਅਖ਼ਬਾਰ ਲੈ ਕੇ ਅਟਲ ਜੀ ਦੇ ਕੋਲ ਪਹੁੰਚਿਆ ਅਤੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਉਹ ਪੜ੍ਹਨ ਲੱਗੇ, ਭਾਵੁਕ ਹੋ ਗਏ, ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ। ਭਾਵੁਕਤਾ ਨਾਲ ਮੈਨੂੰ ਕਿਹਾ, ''ਮੈਨੂੰ ਮੈਂ ਖ਼ੁਦ ਅਤੇ ਤੁਸੀਂ ਅਪਰਾਧੀ ਲੱਗ ਰਹੇ ਹੋ।'' ਹੈਰਾਨ ਹੋ ਕੇ ਪੁੱਛਣ ਲੱਗੇ, ''ਕਿਵੇਂ?'' ਮੈਂ ਕਿਹਾ, ''ਮੈਂ ਦੇਸ਼ ਦਾ ਖੁਰਾਕ ਮੰਤਰੀ ਅਤੇ ਤੁਸੀਂ ਪ੍ਰਧਾਨ ਮੰਤਰੀ, ਅਨਾਜ ਦੇ ਭੰਡਾਰ ਭਰੇ ਪਏ ਹਨ ਅਤੇ ਕਾਲਾਹਾਂਡੀ ਵਿਚ ਭੁੱਖਮਰੀ ਨਾਲ ਕੁਝ ਲੋਕ ਮਰ ਗਏ।'' ਅਟਲ ਜੀ ਦੀਆਂ ਅੱਖਾਂ ਭਰ ਆਈਆਂ ਸਨ। ਕੁਝ ਬੋਲੇ ਨਹੀਂ। ਕੁਝ ਦੇਰ ਤੋਂ ਬਾਅਦ ਮੈਂ ਕਿਹਾ, ''ਜੇਕਰ ਅੰਤੋਦਿਆ ਅੰਨ ਯੋਜਨਾ ਲਾਗੂ ਕਰ ਦਿੱਤੀ ਹੁੰਦੀ ਤਾਂ ਭੁੱਖਮਰੀ ਨਾਲ ਇਹ ਮੌਤਾਂ ਕਦੇ ਨਾ ਹੁੰਦੀਆਂ।'' ਉਹ ਸੁਣਦੇ ਰਹੇ ਅਤੇ ਚੁੱਪ ਰਹੇ। ਮੈਂ ਫਿਰ ਕਿਹਾ, ''ਅਟਲ ਜੀ, ਕਿੰਨਾ ਚੰਗਾ ਹੋਵੇ, ਜੇਕਰ ਤੁਹਾਡੇ ਜਨਮ ਦਿਨ 'ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਨਾਲ ਹੀ ਅੰਤੋਦਿਆ ਅੰਨ ਯੋਜਨਾ ਦਾ ਵੀ ਸ਼ੁੱਭ ਆਰੰਭ ਹੋ ਜਾਵੇ।'' ਭਾਵੁਕ ਹੋ ਕੇ ਭਰੀਆਂ ਅੱਖਾਂ ਨਾਲ ਕੁਝ ਦੇਰ ਸੋਚਣ ਤੋਂ ਬਾਅਦ ਅਟਲ ਜੀ ਆਪਣੇ ਅੰਦਾਜ਼ ਵਿਚ ਇਕਦਮ ਬੋਲ ਪਏ, ''ਠੀਕ ਹੈ, ਯੋਜਨਾ ਸ਼ੁਰੂ ਕਰ ਦਿਓ।'' ਮੈਂ ਬਹੁਤ ਖੁਸ਼ ਹੋਇਆ।
ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਿਨਾਂ 25 ਦਸੰਬਰ 2000 ਨੂੰ ਅੰਤੋਦਿਆ ਅੰਨ ਯੋਜਨਾ ਸ਼ੁਰੂ ਕਰ ਦਿੱਤੀ ਗਈ। ਗਰੀਬਾਂ ਨੂੰ ਸਸਤਾ ਅਨਾਜ ਦੇਣ ਦੀ ਵਿਸ਼ਵ ਦੀ ਇਹ ਸਭ ਤੋਂ ਵੱਡੀ ਯੋਜਨਾ ਸੀ। ਖੁਰਾਕ ਸੁਰੱਖਿਆ ਕਾਨੂੰਨ ਦਾ ਆਧਾਰ ਇਹੀ ਯੋਜਨਾ ਬਣੀ, ਜਿਸ ਦੇ ਅਨੁਸਾਰ ਅੱਜ ਦੇਸ਼ ਦੇ 80 ਕਰੋੜ ਲੋਕਾਂ ਨੂੰ ਸਸਤਾ ਅਨਾਜ ਮਿਲ ਰਿਹਾ ਹੈ। ਜੇਕਰ ਅਟਲ ਜੀ ਵਰਗਾ ਇਕ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਨਾ ਹੁੰਦਾ ਤਾਂ ਇਸ ਰੂਪ ਵਿਚ ਇਹ ਯੋਜਨਾ ਉਸ ਸਮੇਂ ਕਦੇ ਸ਼ੁਰੂ ਨਾ ਹੋਈ ਹੁੰਦੀ।
ਕੁਝ ਦਿਨਾਂ ਬਾਅਦ ਮੈਨੂੰ ਦੱਸਿਆ ਗਿਆ ਕਿ ਦੇਸ਼ ਵਿਚ ਕੁਝ ਲੋਕ ਇੰਨੇ ਜ਼ਿਆਦਾ ਗਰੀਬ ਹਨ ਕਿ 2 ਰੁਪਏ ਅਤੇ 3 ਰੁਪਏ ਵਿਚ ਵੀ ਅਨਾਜ ਨਹੀਂ ਖਰੀਦ ਸਕਦੇ। ਮੈਂ ਅਜਿਹੇ ਅਤਿ-ਗਰੀਬ ਲੋਕਾਂ ਲਈ ਅੰਨਪੂਰਨਾ ਯੋਜਨਾ ਬਣਾਈ। ਅਟਲ ਜੀ ਨੇ ਮਨਜ਼ੂਰੀ ਦਿੱਤੀ। ਉਸ ਯੋਜਨਾ ਅਨੁਸਾਰ ਅਜਿਹੇ ਗਰੀਬ ਲੋਕਾਂ ਨੂੰ 10 ਕਿਲੋ ਅਨਾਜ ਮੁਫਤ ਦਿੱਤਾ ਜਾਣ ਲੱਗਾ।
ਅਟਲ ਜੀ ਉੱਚਕੋਟੀ ਦੇ ਰਾਜਨੇਤਾ, ਵਿਚਾਰਕ ਕਵੀ, ਗੰਭੀਰ ਚਿੰਤਕ ਸਨ ਪਰ ਨਾਲ ਹੀ ਅਤਿਅੰਤ ਖੁਸ਼ਦਿਲ ਇਨਸਾਨ ਸਨ। ਅਟਲ ਜੀ ਜਦੋਂ ਚੋਣਾਂ ਹਾਰ ਗਏ ਤਾਂ ਮੈਂ ਅਤੇ ਕ੍ਰਿਸ਼ਨ ਲਾਲ ਸ਼ਰਮਾ ਉਨ੍ਹਾਂ ਨੂੰ ਮਿਲਣ ਗਏ। ਉਨ੍ਹਾਂ ਨੇ ਭੋਜਨ ਲਈ ਵੀ ਸਾਨੂੰ ਰੋਕ ਲਿਆ। ਕ੍ਰਿਸ਼ਨ ਲਾਲ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਮੱਧ ਪ੍ਰਦੇਸ਼ ਵਿਚ ਇਕ ਪ੍ਰੋਗਰਾਮ ਲਈ ਉਨ੍ਹਾਂ ਦਾ ਸਮਾਂ ਮੰਗਿਆ ਜਾ ਰਿਹਾ ਹੈ। ਗੁੱਸੇ ਨਾਲ ਭਰੇ ਅਟਲ ਜੀ ਨੇ ਕਿਹਾ ਕਿ ਉਹ ਕਿਸੇ ਪ੍ਰੋਗਰਾਮ ਵਿਚ ਨਹੀਂ ਜਾਣਗੇ। ਕ੍ਰਿਸ਼ਨ ਲਾਲ ਜੀ ਨੇ ਦੋ ਵਾਰ ਪੁੱਛਿਆ, ਗੁੱਸੇ ਨਾਲ ਭਰੇ ਅਟਲ ਜੀ ਨੇ ਇਨਕਾਰ ਕਰ ਦਿੱਤਾ। ਭੋਜਨ ਤੋਂ ਬਾਅਦ ਅਸੀਂ ਵਿਦਾ ਲੈਣ ਲੱਗੇ ਤਾਂ ਕ੍ਰਿਸ਼ਨ ਲਾਲ ਜੀ ਗੰਭੀਰ ਹੋ ਕੇ ਬੋਲੇ, ''ਅਟਲ ਜੀ, ਮੈਂ ਪ੍ਰੋਗਰਾਮ ਲਈ ਤੁਹਾਡੇ ਵਲੋਂ ਮਨ੍ਹਾ ਕਰ ਰਿਹਾ ਹਾਂ ਪਰ ਇਕ ਗੱਲ ਪੁੱਛਣਾ ਚਾਹੁੰਦਾ ਹਾਂ। ਸ਼ਾਂਤਾ ਕੁਮਾਰ ਦਾ ਪਰਿਵਾਰ ਹੈ, ਕਾਰੋਬਾਰ ਹੈ, ਉਸ ਵਿਚ ਲੱਗ ਜਾਵਾਂਗੇ ਪਰ ਤੁਸੀਂ ਦੱਸੋ ਕਿ ਤੁਸੀਂ ਪ੍ਰੋਗਰਾਮ ਵਿਚ ਨਹੀਂ ਜਾਓਗੇ ਤਾਂ ਕਰੋਗੇ ਵੀ ਕੀ?'' ਸੁਣਦੇ ਹੀ ਅਟਲ ਜੀ ਜ਼ੋਰ ਨਾਲ ਹੱਸਣ ਲੱਗੇ। ਸਾਰੀ ਗੰਭੀਰਤਾ ਅਤੇ ਗੁੱਸਾ ਇਕਦਮ ਖਤਮ ਹੋ ਗਿਆ। ਅਜਿਹੇ ਮੌਕਿਆਂ 'ਤੇ ਉਨ੍ਹਾਂ ਦਾ ਹਾਸਾ ਲਾਜਵਾਬ ਸੀ। ਅਸੀਂ ਤਿੰਨੋਂ ਬੜੀ ਦੇਰ ਤਕ ਹੱਸਦੇ ਰਹੇ। ਫਿਰ ਥੋੜ੍ਹਾ ਗੰਭੀਰ ਹੋ ਕੇ ਕਹਿਣ ਲੱਗੇ, ''ਠੀਕ ਕਹਿ ਰਹੇ ਹੋ, ਮੈਂ ਕਰਾਂਗਾ ਵੀ ਕੀ? ਬਣਾ ਦਿਓ ਮੇਰਾ ਪ੍ਰੋਗਰਾਮ।''
ਬਹੁਤ ਪਹਿਲਾਂ ਦੀ ਗੱਲ ਹੈ, ਸੋਲਨ ਵਿਚ ਉਨ੍ਹਾਂ ਦਾ ਪ੍ਰੋਗਰਾਮ ਹੋਇਆ। ਪਾਰਟੀ ਵਲੋਂ 11,000 ਰੁਪਏ ਦੀ ਥੈਲੀ ਭੇਟ ਕੀਤੀ ਗਈ। ਉਦੋਂ 11,000 ਰੁਪਏ ਬਹੁਤ ਵੱਡੀ ਰਾਸ਼ੀ ਸੀ। ਭਾਸ਼ਣ ਤੋਂ ਬਾਅਦ ਚਾਹ 'ਤੇ ਕੁਝ ਵਰਕਰ ਬੈਠੇ ਸਨ। ਇਕ ਵਰਕਰ ਬੋਲਿਆ, ''ਅਟਲ ਜੀ, ਬਹੁਤ ਵਧੀਆ ਸੀ ਤੁਹਾਡਾ ਭਾਸ਼ਣ ਪਰ ਤੁਸੀਂ ਛੋਟਾ ਭਾਸ਼ਣ ਦਿੱਤਾ, ਜਨਤਾ ਹੋਰ ਜ਼ਿਆਦਾ ਸੁਣਨਾ ਚਾਹੁੰਦੀ ਸੀ।'' ਚਾਹ ਦੀ ਚੁਸਕੀ ਨਾਲ ਅਟਲ ਜੀ ਬੋਲੇ, ''11,000 ਵਿਚ ਹੋਰ ਕਿੰਨਾ ਭਾਸ਼ਣ ਹੋ ਸਕਦਾ ਸੀ?'' ਅਸੀਂ ਸਾਰੇ ਹੱਸ ਕੇ ਲੋਟ-ਪੋਟ ਹੋਣ ਲੱਗੇ। ਉਨ੍ਹਾਂ ਦੀ ਗੰਭੀਰਤਾ ਵਿਚ ਵੀ ਖੁਸ਼ੀ ਦਾ ਰਸ ਰਹਿੰਦਾ ਸੀ।
ਵਾਜਪਾਈ ਦੀ ਮੁਸਕਰਾਹਟ ਮੰਤਰਮੁਗਧ ਕਰਨ ਵਾਲੀ ਸੀ
NEXT STORY