ਸਮੁੱਚੀ ਦੁਨੀਆ ’ਚ ਫੈਲੀ ਅਸਥਿਰਤਾ, ਆਰਥਿਕ ਸੰਕਟ ਅਤੇ ਉਲਟ ਹਾਲਾਤ ਦਰਮਿਆਨ 1 ਦਸੰਬਰ ਨੂੰ ਭਾਰਤ ਨੇ ਜੀ-20 ਗਰੁੱਪ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਜੀ-20 ਦੁਨੀਆ ਦੇ ਸਭ ਤੋਂ ਸਫਲ ਦੇਸ਼ਾਂ ਦਾ ਸੰਗਠਨ ਹੈ, ਜਿਸ ਦੇ ਮੈਂਬਰ ਦੇਸ਼ ਦੁਨੀਆ ਦੀ ਦੋ-ਤਿਹਾਈ ਆਬਾਦੀ ਨਾਲ ਕੌਮਾਂਤਰੀ ਕੁਲ ਉਤਪਾਦਨ ਦੇ 85 ਫੀਸਦੀ ਹਿੱਸੇ, ਕੌਮਾਂਤਰੀ ਵਪਾਰ ਦੇ 75 ਫੀਸਦੀ ਹਿੱਸੇ ਅਤੇ ਵਿਕਾਸ ਵਿਚ ਕੌਮਾਂਤਰੀ ਨਿਵੇਸ਼ ਦੇ 80 ਫੀਸਦੀ ਹਿੱਸੇ ’ਤੇ ਕਾਬਜ਼ ਹਨ। ਅਜਿਹੇ ਮਜ਼ਬੂਤ ਅਤੇ ਅਸਰਦਾਰ ਸੰਗਠਨ ਦਾ ਮੁਖੀ ਬਣਨਾ ਕੌਮਾਂਤਰੀ ਨਕਸ਼ੇ ’ਤੇ ਭਾਰਤ ਦੇ ਇਕ ਅਹਿਮ ਦੇਸ਼ ਵਜੋਂ ਉਭਰਨ ਦਾ ਵੱਡਾ ਸੰਕੇਤ ਹੈ।
ਭਾਰਤ ਨੂੰ ਜੀ-20 ਗਰੁੱਪ ਦੇ ਦੇਸ਼ਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਅਜਿਹੇ ਮੌਕੇ ’ਤੇ ਮਿਲੀ ਹੈ ਜਦੋਂ ਸਮੁੱਚੀ ਦੁਨੀਆ ਸਦੀ ਵਿਚ ਇਕ ਵਾਰ ਆਉਣ ਵਾਲੀਆਂ ਔਖੀਆਂ ਘਟਨਾਵਾਂ ’ਚੋਂ ਲੰਘ ਰਹੀ ਹੈ। ਇਨ੍ਹਾਂ ’ਚ ਆਰਥਿਕ ਗੈਰ-ਯਕੀਨੀ ਵੀ ਪ੍ਰਮੁੱਖ ਹੈ। ਵੱਖ-ਵੱਖ ਦੇਸ਼ਾਂ ਨੂੰ ਉੱਚ ਸਿੱਕੇ ਦੇ ਪ੍ਰਸਾਰ, ਭੋਜਨ, ਖਾਦ ਅਤੇ ਊਰਜਾ ਦੀ ਕਮੀ, ਬੇਰੋਜ਼ਗਾਰੀ ਅਤੇ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪੌਣ-ਪਾਣੀ ਦੀ ਤਬਦੀਲੀ, ਅੱਤਵਾਦ ਅਤੇ ਪ੍ਰਮਾਣੂ ਪ੍ਰਸਾਰ ਵਰਗੀਆਂ ਚੁਣੌਤੀਆਂ ਵੀ ਸਾਹਮਣੇ ਖੜ੍ਹੀਆਂ ਹਨ, ਜਿਨ੍ਹਾਂ ਕਾਰਨ ਦੁਨੀਆ ਦੀ ਅਰਥਵਿਵਸਥਾ ਅਸਥਿਰ ਹੋ ਰਹੀ ਹੈ। ਅਜਿਹੇ ਹਾਲਾਤ ’ਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਨੂੰ ਕੰਢਿਆਂ ਦਾ ਤਾਜ ਮਿਲਿਆ ਹੈ।
ਚੁਣੌਤੀ ਵੱਡੀ ਹੈ ਤਾਂ ਮੌਕੇ ਵੀ ਓਨੇ ਹੀ ਵੱਡੇ ਹਨ। ਅੱਜ ਸਾਰੀ ਦੁਨੀਆ ਭਾਰਤ ਵੱਲ ਵੇਖ ਰਹੀ ਹੈ। ਜਿਸ ਤਰ੍ਹਾਂ ਭਾਰਤ ਆਪਣੀ ਹਿੰਮਤ ਅਤੇ ਦੂਰ-ਦ੍ਰਿਸ਼ਟੀ ਦੀ ਲੀਡਰਸ਼ਿਪ ਅਤੇ ਵਿਵੇਕਪੂਰਨ ਨੀਤੀਆਂ ਦੇ ਦਮ ’ਤੇ ਕੋਵਿਡ ਵਰਗੇ ਹਾਲਾਤ ’ਚੋਂ ਨਿਕਲ ਜਾਣ ’ਚ ਸਫਲ ਹੋਇਆ ਹੈ, ਉਸ ਨੇ ਸਮੁੱਚੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਕੋਵਿਡ-19 ਮਹਾਮਾਰੀ ਅਤੇ ਰੂਸ-ਯੂਕ੍ਰੇਨ ਜੰਗ ਵਰਗੇ ਝਟਕਿਆਂ ਨਾਲ ਨਜਿੱਠਣ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਾਰਨ ਭਾਰਤ ਇਕ ਲੰਬੇ ਸਮੇਂ ਵਾਲੇ ਹਨੇਰੇ ਅਤੇ ਉਦਾਸ ਕੌਮਾਂਤਰੀ ਦ੍ਰਿਸ਼ ’ਚ ਉਮੀਦ ਦੀ ਕਿਰਨ ਵਜੋਂ ਉਭਰਿਆ ਹੈ।
ਜਿੱਥੇ ਜੀ-20 ਵਿਚ ਸ਼ਾਮਲ ਦੁਨੀਆ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਸਿੱਕੇ ਦੇ ਪ੍ਰਸਾਰ, ਘਟਦੀ ਉਤਾਪਦਕਤਾ, ਵਧਦੀ ਬੇਰੋਜ਼ਗਾਰੀ ਅਤੇ ਆਉਣ ਵਾਲੇ ਸੰਭਾਵਿਤ ਮੰਦੇ ਦੇ ਖਦਸ਼ੇ ਨਾਲ ਜੂਝ ਰਹੀਆਂ ਹਨ, ਉਥੇ ਭਾਰਤੀ ਅਰਥਵਿਵਸਥਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਸਟਾਕ ਮਾਰਕੀਟ ਆਪਣੇ ਸਿਖਰਲੇ ਪੱਧਰ ’ਤੇ ਹੈ। ਸਟਾਰਟਅਪ ਸੰਸਕ੍ਰਿਤੀ ਛੋਟੇ-ਛੋਟੇ ਸ਼ਹਿਰਾਂ ਵਿਚ ਵੀ ਪੈਰ ਪ੍ਰਸਾਰ ਰਹੀ ਹੈ। ਚਾਰੇ ਪਾਸੇ ਤੋਂ ਨਿਵੇਸ਼ ਭਾਰਤ ਵਿਚ ਆ ਰਿਹਾ ਹੈ। ਵਿਦੇਸ਼ੀ ਕਰੰਸੀ ਦਾ ਵੱਡਾ ਭੰਡਾਰ ਭਾਰਤ ਕੋਲ ਹੈ। ਸਮੁੱਚੀ ਦੁਨੀਆ ’ਚ ਰਹਿੰਦੇ ਭਾਰਤੀ ਉਦਮੀ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਦੁਨੀਆ ਹੈਰਾਨ ਹੈ ਕਿ ਭਾਰਤੀ ਲੀਡਰਸ਼ਿਪ ਕੋਲੋਂ ਕਿਹੜਾ ਜਾਦੂ ਹੈ ਕਿ ਉਲਟ ਹਾਲਾਤ ਵਿਚ ਭਾਰਤ ਦੇ ਵਧਦੇ ਕਦਮਾਂ ਨੂੰ ਕੋਈ ਰੋਕ ਨਹੀਂ ਸਕਿਆ।
ਕੋਵਿਡ ਦੇ ਸਮੇਂ ਭਾਰਤ ਨੇ ਨਾ ਸਿਰਫ ਆਪਣੇ ਦੇਸ਼ ਵਾਸੀਆਂ ਦੀ ਚਿੰਤਾ ਕੀਤੀ ਤੇ ਉਨ੍ਹਾਂ ਨੂੰ ਕੋਰੋਨਾ ਮੁਕਤ ਕੀਤਾ ਸਗੋਂ ਵੈਕਸੀਨ ਦੀ ਦੋਸਤੀ ਨਾਲ ਦੁਨੀਆ ਦੇ ਕਈ ਦੇਸ਼ਾਂ ਨੂੰ ਵੈਕਸੀਨ ਪ੍ਰਦਾਨ ਕਰ ਕੇ ਮਹਾਮਾਰੀ ਤੋਂ ਬਚਾਇਆ। ਇਹ ਭਾਰਤ ਦਾ ਇਕ ਅਨੋਖਾ ਰੂਪ ਸੀ ਜਿਸ ਨੂੰ ਪੂਰੀ ਦੁਨੀਆ ਨੇ ਵੇਖਿਆ ਅਤੇ ਸ਼ਲਾਘਾ ਕੀਤੀ। ਨਾ ਸਿਰਫ ਆਰਥਿਕ ਅਤੇ ਸਿਹਤ ਦੇ ਖੇਤਰ ’ਚ ਭਾਰਤ ਨੇ ਬੇਮਿਸਾਲ ਸਫਲਤਾ ਵਿਖਾਈ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੌਮਾਂਤਰੀ ਕੂਟਨੀਤੀ ’ਚ ਨਵੇਂ ਰਿਕਾਰਡ ਸਥਾਪਿਤ ਕੀਤੇ।
ਜਿਥੇ ਅੱਜ ਸਾਰੀ ਦੁਨੀਆ ਵੱਖ-ਵੱਖ ਧੜਿਆਂ ’ਚ ਵੰਡੀ ਹੋਈ ਹੈ, ਉਥੇ ਭਾਰਤ ਇਕ ਅਜਿਹਾ ਦੇਸ਼ ਬਣ ਗਿਆ ਹੈ ਜਿਸ ਦੇ ਜਾਂ ਤਾਂ ਸਭ ਦੋਸਤ ਹਨ ਜਾਂ ਫਿਰ ਜੋ ਨਹੀਂ ਹਨ, ਉਹ ਵੀ ਬਣਨਾ ਚਾਹੁੰਦੇ ਹਨ। ਰੂਸ ਅਤੇ ਅਮਰੀਕਾ ਵਰਗੇ ਕੱਟੜ ਵਿਰੋਧੀ ਭਾਰਤ ਨੂੰ ਆਪਣਾ ਨੇੜਲਾ ਦੋਸਤ ਮੰਨਦੇ ਹਨ। ਇਸਰਾਈਲ ਅਤੇ ਅਰਬ ਲੀਗ ਦੇ ਦੇਸ਼ ਭਾਵੇਂ ਆਪਸ ’ਚ ਇਕ-ਦੂਜੇ ਦੇ ਵਿਰੁੱਧ ਹੋਣ ਪਰ ਭਾਰਤ ਦੇ ਚੰਗੇ ਦੋਸਤ ਹਨ।
ਪਿਛਲੇ ਮਹੀਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇਸ ਮੌਕੇ ਦੀ ਵਰਤੋਂ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਕੌਮਾਂਤਰੀ ਭਲਾਈ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜੀ-20 ਦੀ ਪ੍ਰਧਾਨਗੀ ਭਾਰਤ ਲਈ ਇਕ ਵੱਡੇ ਮੌਕੇ ਦੇ ਰੂਪ ਵਿਚ ਆਈ ਹੈ। ਸਾਨੂੰ ਇਸ ਮੌਕੇ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ। ਭਾਵੇਂ ਸ਼ਾਂਤੀ ਹੋਵੇ ਜਾਂ ਏਕਤਾ, ਚੌਗਰਿਦੇ ਪ੍ਰਤੀ ਸੰਵੇਦਨਸ਼ੀਲਤਾ ਹੋਵੇ ਜਾਂ ਮੁਕੰਮਲ ਵਿਕਾਸ ਭਾਰਤ ਕੋਲ ਚੁਣੌਤੀਆਂ ਨਾਲ ਸਬੰਧਤ ਹੱਲ ਹਨ। ਅਸੀਂ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦਾ ਜੋ ਥੀਮ ਦਿੱਤਾ ਹੈ ਉਹ ਸਾਡੀ ‘ਵਸੂਧੈਵ ਕੁਟੁੰਬਕਮ’ ਨੂੰ ਦਰਸਾਉਂਦਾ ਹੈ।
ਅਸਲ ’ਚ ਸਾਡੇ ਪੁਰਾਤਨ ਦੇ ਇਤਿਹਾਸ ਵਿਚ ਇਹ ਇਕ ਵੱਡਾ ਮੁਕਾਮ ਹੈ। ਦੁਨੀਆ ਦੇ 20 ਵੱਡੇ ਦੇਸ਼ਾਂ ਦੇ ਗਰੁੱਪ ਜੀ-20 ਦੀ ਪ੍ਰਧਾਨਗੀ ਦਾ ਅਰਥ ਹੈ ਕਿ ਭਾਰਤ ਅਗਲੇ ਇਕ ਸਾਲ ਦੁਨੀਆ ਦੀ 80 ਫੀਸਦੀ ਜੀ. ਡੀ. ਪੀ. ਵਾਲੇ ਅਤੇ ਦੁਨੀਆ ਦੀ 60 ਫੀਸਦੀ ਆਬਾਦੀ ਦੀ ਪ੍ਰਤੀਨਿਧਤਾ ਕਰਨ ਵਾਲੇ ਦੇਸ਼ਾਂ ਦੇ ਗਰੁੱਪ ਨੂੰ ਰਾਹ ਵਿਖਾਏਗਾ। ਇਹ ਭਾਰਤ ਲਈ ਕੌਮਾਂਤਰੀ ਸਟੇਜ ’ਤੇ ਆਪਣੀ ਲੀਡਰਸ਼ਿਪ ਨੂੰ ਸਾਬਤ ਕਰਨ ਦਾ ਮੌਕਾ ਤਾਂ ਹੋਵੇਗਾ, ਨਾਲ ਹੀ ਦੁਨੀਆ ਨੂੰ ਆਪਣੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਦਾ ਇਕ ਮੌਕਾ ਵੀ ਹੋਵੇਗਾ।
ਅਗਲੇ ਇਕ ਸਾਲ ਦੌਰਾਨ ਭਾਰਤ ’ਚ ਜੀ-20 ਦੇਸ਼ਾਂ ਦੀਆਂ 200 ਬੈਠਕਾਂ ਹੋਣਗੀਆ। ਵੱਡੇ-ਵਿਚਾਰ-ਵਟਾਂਦਰੇ ਦੇਸ਼ ਦੇ 50 ਵੱੱਖ-ਵੱਖ ਸ਼ਹਿਰਾਂ ਵਿਚ ਹੋਣਗੇ। ਵੱਡੇ-ਛੋਟੇ ਇਹ ਸ਼ਹਿਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਸਥਿਤ ਹਨ। ਇਸ ਤਰ੍ਹਾਂ ਭਾਰਤ ਕੋਲ ਦੁਨੀਆ ਦੇ ਸਾਹਮਣੇ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਪੇਸ਼ ਕਰਨ ਦਾ ਵੱਡਾ ਮੌਕਾ ਹੋਵੇਗਾ। ਵਿਸ਼ਵ ਸਵਰੂਪ ਭਾਰਤ ਦੀ ਇਸ ਧਾਰਨਾ ਪਿੱਛੇ ਸਾਡੀ ਹਜ਼ਾਰਾਂ ਸਾਲ ਦੀ ਯਾਤਰਾ ਜੁੜੀ ਹੋਈ ਹੈ, ਬਹੁਤ ਸਾਰੇ ਤਜਰਬੇ ਜੁੜੇ ਹੋਏ ਹਨ। ਉਨ੍ਹਾਂ ਸਭ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਇਹ ਬਹੁਤ ਵਧੀਆ ਮੌਕਾ ਹੋਵੇਗਾ।
-ਸ਼ਿਆਮ ਜਾਜੂ
(ਅਹੁਦਾ ਛੱਡ ਰਹੇ ਕੌਮੀ ਪ੍ਰਧਾਨ, ਭਾਰਤੀ ਜਨਤਾ ਪਾਰਟੀ)
ਪੀ. ਐੱਮ. ਮੋਦੀ ਨੂੰ ਸਮਝਣਾ ਇੰਨਾ ਸੌਖਾ ਨਹੀਂ
NEXT STORY