ਜਦੋਂ ਅਸੀਂ ਉੱਤਰ ਪ੍ਰਦੇਸ਼ 'ਚ ਅਖਿਲੇਸ਼ ਯਾਦਵ ਤੇ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਵਿਚਾਲੇ ਚੱਲ ਰਹੀ 'ਖਾਨਾਜੰਗੀ' ਨੂੰ ਦੇਖ ਰਹੇ ਹਾਂ ਤਾਂ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਦੁਨੀਆ ਦੇ ਲੱਗਭਗ ਹਰ ਘਰ 'ਚ ਅਜਿਹਾ ਹੁੰਦਾ ਹੈ। ਬੇਟਾ ਮਹਿਸੂਸ ਕਰਦਾ ਹੈ ਕਿ ਬਾਪ ਬਹੁਤ ਬੁੱਢਾ ਹੋ ਗਿਆ ਹੈ, ਇਸ ਲਈ ਉਹ ਘਰੇਲੂ ਜਾਂ ਕਾਰੋਬਾਰੀ ਮਾਮਲਿਆਂ ਦੀ ਮੈਨੇਜਮੈਂਟ ਨਹੀਂ ਕਰ ਸਕਦਾ, ਜਦਕਿ ਬਾਪ ਇਹ ਮਹਿਸੂਸ ਕਰਦਾ ਹੈ ਕਿ ਬੇਟਾ ਅਜੇ ਜਵਾਨ ਹੈ ਤੇ ਉਸ ਨੂੰ ਬਹੁਤਾ ਤਜਰਬਾ ਨਹੀਂ।
ਇਹ ਬਹੁਤ ਦੁਖਦਾਈ ਦ੍ਰਿਸ਼ ਹੈ ਕਿਉਂਕਿ ਬਹੁਤੇ ਮਾਮਲਿਆਂ ਵਿਚ ਪਿਤਾ ਤੇ ਪੁੱਤਰ ਦੋਵੇਂ ਸਹੀ ਹੁੰਦੇ ਹਨ ਅਤੇ ਦੋਹਾਂ ਕੋਲ ਹੀ ਕੁਝ ਨਾ ਕੁਝ ਅਜਿਹਾ ਹੁੰਦਾ ਹੈ, ਜੋ ਹਾਂ-ਪੱਖੀ ਵਾਧੇ ਵਿਚ ਯੋਗਦਾਨ ਦੇ ਸਕਦਾ ਹੈ। ਬੇਟੇ ਕੋਲ ਊਰਜਾ ਹੁੰਦੀ ਹੈ, ਜਦਕਿ ਪਿਤਾ ਕੋਲ ਤਜਰਬਾ। ਦੋਵੇਂ ਹੀ ਇਕ-ਦੂਜੇ ਦੇ ਗੁਣਾਂ ਵੱਲ ਨਿਰਾਸ਼ਾ ਭਰੀ ਨਜ਼ਰ ਨਾਲ ਦੇਖਦੇ ਹਨ ਅਤੇ ਸੋਚਦੇ ਹਨ ਕਿ ਦੂਜੇ ਦਾ ਗੁਣ ਕਿਸੇ ਕੰਮ ਦਾ ਨਹੀਂ।
ਜੇ ਤੁਸੀਂ ਫੌਜ ਵੱਲ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਦੇ ਬਹੁਤੇ ਸੈਨਾਪਤੀ ਉਹ ਹਨ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ ਅਤੇ ਇਤਿਹਾਸ ਪੜ੍ਹ ਕੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਵੇਂ ਕਿਸੇ ਖਾਸ ਰਣਨੀਤਕ ਚਾਲ ਜਾਂ ਦਾਅ-ਪੇਚ ਕਾਰਨ ਕਿਸੇ ਜੰਗ ਵਿਚ ਜਿੱਤ ਜਾਂ ਹਾਰ ਹੋਈ। ਉਨ੍ਹਾਂ ਨੂੰ ਪਿਛਲੀਆਂ ਜੰਗਾਂ ਦਾ ਤਜਰਬਾ ਵੀ ਹੁੰਦਾ ਹੈ ਪਰ ਉਹ ਆਪਣੇ ਬਲਬੂਤੇ 'ਤੇ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਨੌਜਵਾਨ ਸਿਪਾਹੀਆਂ ਦੀ ਲੋੜ ਹੁੰਦੀ ਹੈ, ਜੋ ਅੱਗੇ ਵਧਣ ਤੇ ਲੜਾਈ 'ਚ ਜਿੱਤ ਹਾਸਿਲ ਕਰਨ।
ਬੁੱਢੇ ਸੈਨਾਪਤੀ ਯੋਜਨਾਵਾਂ ਬਣਾਉਂਦੇ ਹਨ ਅਤੇ ਨੌਜਵਾਨ ਸੈਨਿਕ ਆਪਣੀ ਤਾਕਤ ਨਾਲ ਉਨ੍ਹਾਂ ਯੋਜਨਾਵਾਂ ਨੂੰ ਅਮਲ 'ਚ ਲਿਆਉਂਦੇ ਹਨ। ਦੋਹਾਂ 'ਚੋਂ ਕੋਈ ਵੀ ਇਕ-ਦੂਜੇ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦਾ। ਸਮੱਸਿਆ ਤਾਂ ਉਦੋਂ ਪੈਦਾ ਹੁੰਦੀ ਹੈ, ਜਦੋਂ ਨੌਜਵਾਨ ਸੋਚਦੇ ਹਨ ਕਿ ਉਨ੍ਹਾਂ ਕੋਲ ਤਾਕਤ ਹੈ, ਇਸ ਲਈ ਉਨ੍ਹਾਂ ਨੂੰ ਬੁੱਢਿਆਂ ਦੇ ਤਜਰਬੇ ਦੀ ਲੋੜ ਨਹੀਂ, ਜਦਕਿ ਬੁੱਢੇ ਸੋਚਦੇ ਹਨ ਕਿ ਉਨ੍ਹਾਂ ਕੋਲ ਤਜਰਬਾ ਹੈ, ਇਸ ਲਈ ਉਹ ਆਪਣੇ ਬਲਬੂਤੇ 'ਤੇ ਹੀ ਜਿੱਤ ਦਰਜ ਕਰ ਸਕਦੇ ਹਨ।
ਜਦੋਂ ਅਜਿਹਾ ਹੁੰਦਾ ਹੈ ਤਾਂ ਆਮ ਤੌਰ 'ਤੇ ਦੋਵੇਂ ਹੀ ਮੂਧੇ ਮੂੰਹ ਡਿਗਦੇ ਹਨ। ਜੇ ਉਨ੍ਹਾਂ 'ਚੋਂ ਕੋਈ ਇਕ ਜਿੱਤ ਜਾਂਦਾ ਹੈ ਤਾਂ ਉਸ ਦੀ ਜਿੱਤ ਬਹੁਤਾ ਸਮਾਂ ਕਾਇਮ ਨਹੀਂ ਰਹਿੰਦੀ। ਮੈਂ ਜਦੋਂ ਵੀ ਆਪਣੀ ਬੇਟੀ ਨੂੰ ਮਿਲਣ ਲਈ ਨਿਊਯਾਰਕ ਜਾਂਦਾ ਹਾਂ ਤਾਂ ਕਦੇ-ਕਦੇ ਉਸ ਦੇ ਰਵੱਈਏ ਤੋਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਬਹੁਤ ਬੁੱਢਾ ਹੋ ਗਿਆ ਹੋਵਾਂ। ਉਹ ਜਦੋਂ ਵੀ ਮੈਨੂੰ ਕਿਸੇ ਬੱਸ ਸਟਾਪ ਜਾਂ ਸਬ-ਵੇ 'ਤੇ ਖੜ੍ਹਾ ਦੇਖਦੀ ਹੈ ਤਾਂ ਹੁਕਮ ਦਿੰਦੀ ਹੈ, ''ਬੈਠ ਜਾਓ ਡੈਡੀ''।
ਪਰ ਇਥੇ ਆਪਣੇ ਘਰ ਵਿਚ ਮੈਨੂੰ ਕੋਈ ਵੀ ਬੈਠਣ ਜਾਂ ਖੜ੍ਹਾ ਹੋਣ ਲਈ ਨਹੀਂ ਕਹਿੰਦਾ। ਮੈਂ ਉਸ ਨੂੰ ਦੱਸਦਾ ਰਹਿੰਦਾ ਹਾਂ ਕਿ ਮੈਂ ਬੁੱਢਾ ਨਹੀਂ ਹਾਂ ਪਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੇਰੇ ਅਜਿਹਾ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਹ ਕਿਸੇ ਦੁਰਭਾਵਨਾਵੱਸ ਅਜਿਹਾ ਨਹੀਂ ਕਰਦੀ, ਸਗੋਂ ਉਸ ਨੂੰ ਮੇਰੀ ਚਿੰਤਾ ਹੁੰਦੀ ਹੈ। ਮੈਂ ਵੀ ਜਦੋਂ ਕਦੇ ਉਸ ਨਾਲ ਫੋਨ 'ਤੇ ਗੱਲ ਕਰਦਾ ਹਾਂ ਜਾਂ ਉਸ ਨੂੰ ਨਸੀਹਤ ਦਿੰਦਾ ਹਾਂ ਤਾਂ ਉਹ ਬਹੁਤ ਸੰਜਮ ਨਾਲ ਮੇਰੀ ਗੱਲ ਸੁਣਦੀ ਹੈ। ਇਸ ਲਈ ਜਦੋਂ ਉਹ ਚਾਹੁੰਦੀ ਹੈ ਕਿ ਮੈਂ ਆਰਾਮ ਕਰਾਂ ਤਾਂ ਮੈਂ ਵੀ ਉਸ ਦੀ ਗੱਲ ਸੁਣਦਾ ਹਾਂ। ਮੈਂ ਇਹ ਮਹਿਸੂਸ ਕਰ ਲਿਆ ਹੈ ਕਿ ਉਹ ਮੇਰੀ ਗੱਲ ਇਸ ਲਈ ਸੁਣਦੀ ਹੈ ਕਿ ਮੈਂ ਆਪਣੇ ਤਜਰਬੇ ਦੇ ਆਧਾਰ 'ਤੇ ਬੋਲ ਰਿਹਾ ਹੁੰਦਾ ਹਾਂ।
ਜਦੋਂ ਉਹ ਕਿਸੇ ਪਾਰਟੀ ਵਿਚ ਜਾਂਦੀ ਹੈ ਤਾਂ ਬਹੁਤੇ ਮੌਕਿਆਂ 'ਤੇ ਮੈਂ ਉਸ ਦੇ ਨਾਲ ਨਹੀਂ ਜਾਂਦਾ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਵਿਚ ਹਿੱਸਾ ਨਹੀਂ ਲੈ ਸਕਦਾ।
ਪਰ ਜ਼ਰਾ ਇਹ ਕਲਪਨਾ ਕਰੋ ਕਿ ਜੇ ਮੈਂ ਉਸ ਨੂੰ ਕਿਹਾ ਹੁੰਦਾ, ''ਮੈਂ ਵੀ ਤੇਰੇ ਨਾਲ ਪਾਰਟੀ ਵਿਚ ਜਾਵਾਂਗਾ, ਨੱਚਾਂਗਾ, ਗਾਵਾਂਗਾ ਤੇ ਪੂਰੀ ਰਾਤ ਜਾਗ ਕੇ ਕੱਟਾਂਗਾ'' ਤਾਂ ਇਹ ਮੇਰੀ ਮੂਰਖਤਾ ਹੀ ਹੁੰਦੀ। ਸਾਨੂੰ ਬਜ਼ੁਰਗਾਂ ਨੂੰ ਪਿੱਛੇ ਹਟਣ ਤੇ ਹੌਲੀ-ਹੌਲੀ ਜਵਾਨਾਂ ਨੂੰ ਸਰਗਰਮੀਆਂ ਦੀ ਕਮਾਨ ਸੰਭਾਲਣ ਦੀ ਇਜਾਜ਼ਤ ਦੇਣ ਦੀ ਕਲਾ ਸਿੱਖਣੀ ਪਵੇਗੀ।
ਜਦੋਂ ਵੀ ਉਨ੍ਹਾਂ ਨੂੰ ਸਾਡੀ ਸਲਾਹ ਦੀ ਲੋੜ ਹੋਵੇ ਤਾਂ ਸਾਨੂੰ ਅਜਿਹਾ ਬਹੁਤ ਨਿਮਰਤਾ ਨਾਲ ਕਰਨਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਇਹ ਵੀ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਖ਼ੁਦ ਸੋਚਣਾ ਤੇ ਫੈਸਲਾ ਲੈਣਾ ਸਿੱਖਣ। ਜੇ ਅਜਿਹਾ ਨਹੀਂ ਹੁੰਦਾ ਤਾਂ ਸਾਡੇ ਪਰਿਵਾਰਾਂ ਦੀ ਹਾਲਤ ਵੀ ਬਿਲਕੁਲ ਸਮਾਜਵਾਦੀ ਪਾਰਟੀ ਦੀ ਹਾਲਤ ਵਰਗੀ ਬਣ ਜਾਵੇਗੀ।
2017 : 'ਕਰੋ ਜਾਂ ਮਰੋ' ਵਾਲਾ ਵਰ੍ਹਾ
NEXT STORY