ਹੱਥ ਦੀਆਂ ਰੇਖਾਵਾਂ ਪੜ੍ਹਨ ਵਾਲਾ ਜੋਤਿਸ਼ੀ ਕਿਸੇ ਟੇਢੇ ਹੱਥ ਨੂੰ ਦੇਖ ਕੇ, ਜਿਸ ਬਾਰੇ ਉਸ ਨੂੰ ਲੱਗਦਾ ਹੈ ਕਿ ਕੁਝ ਵੀ ਬੋਲਣਾ 'ਹੱਕ ਵਿਚ' ਨਹੀਂ ਹੋਵੇਗਾ, ਅਕਸਰ ਅਜਿਹਾ ਕਹਿੰਦਾ ਹੈ ਕਿ ਅਜੇ ਰੇਖਾਵਾਂ ਪੂਰੀਆਂ ਨਹੀਂ ਬਣੀਆਂ ਹਨ, ਤਾਂ ਪੜ੍ਹਾਂ ਕੀ? ਪਾਕਿਸਤਾਨ ਦੀ ਸਿਆਸਤ ਦਾ ਚਿਹਰਾ ਵੀ ਅਜਿਹਾ ਹੀ ਹੈ, ਜੋ ਅਜੇ ਇੰਨਾ ਬਣਿਆ ਹੀ ਨਹੀਂ ਹੈ ਕਿ ਉਸ ਨੂੰ ਪੜ੍ਹਿਆ ਜਾ ਸਕੇ ਜਾਂ ਕੁਝ ਕਿਹਾ ਜਾ ਸਕੇ। ਇਸ ਲਈ ਗੱਲ ਪਾਕਿਸਤਾਨ ਦੀ ਸਿਆਸਤ ਦੀ ਨਹੀਂ, ਇਨ੍ਹਾਂ ਚੋਣਾਂ ਵਿਚ ਉੱਭਰੇ ਇਮਰਾਨ ਖਾਨ ਦੀ ਕਰਾਂਗੇ, ਜਿਨ੍ਹਾਂ ਨੂੰ ਪਾਕਿਸਤਾਨ ਦੇ ਫੌਜੀ ਅਦਾਰੇ ਨੇ 'ਆਪਣਾ ਆਦਮੀ' ਮੰਨ ਕੇ ਅੱਗੇ ਕੀਤਾ ਤੇ ਉਨ੍ਹਾਂ ਲਈ ਵੋਟਾਂ ਬਟੋਰੀਆਂ ਤੇ ਹੁਣ ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਬਣਨ ਜਾ ਰਹੇ ਹਨ। ਪਾਕਿਸਤਾਨ ਦੇ ਇਤਿਹਾਸ ਵਿਚ ਇਹ ਦੂਜੀ ਘਟਨਾ ਹੈ, ਜਦੋਂ ਇਕ ਚੁਣੀ ਹੋਈ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਹੈ ਅਤੇ ਉਹ ਦੂਜੀ ਚੁਣੀ ਹੋਈ ਸਰਕਾਰ ਨੂੰ ਸੱਤਾ ਸੌਂਪ ਰਹੀ ਹੈ। ਇਮਰਾਨ ਖਾਨ ਪਾਕਿਸਤਾਨ ਦੀ ਸਿਆਸੀ ਪਿੱਚ 'ਤੇ ਬੜੀ ਸ਼ਿੱਦਤ ਨਾਲ ਆਪਣਾ ਪਹਿਲਾ ਓਵਰ ਸੁੱਟਣ 'ਚ ਜੁਟੇ ਹੋਏ ਹਨ। ਉਹ ਆਪਣੀ ਬਣਨ ਵਾਲੀ ਸਰਕਾਰ ਦਾ ਨੀਤੀ ਬਿਆਨ ਵੀ ਦੇ ਰਹੇ ਹਨ, ਜਦਕਿ ਉਨ੍ਹਾਂ ਨੂੰ ਅਤੇ ਕਿਸੇ ਹੋਰ ਨੂੰ ਵੀ ਪਤਾ ਨਹੀਂ ਹੈ ਕਿ ਇਕ ਮੁਲਕ ਦੇ ਨਾਤੇ ਪਾਕਿਸਤਾਨ ਕਿੱਥੇ ਖੜ੍ਹਾ ਹੈ ਅਤੇ ਕਿੱਧਰ ਜਾ ਰਿਹਾ ਹੈ? ਇਕ ਸਵਾਲ ਇਹ ਵੀ ਹੈ ਕਿ ਉਨ੍ਹਾਂ ਦੀ ਸਰਕਾਰ ਚਲਾਏਗਾ ਕੌਣ? ਇਹ ਸਭ ਕਾਫੀ ਦਿਲਚਸਪ ਅਤੇ ਖਤਰਨਾਕ ਵੀ ਹੈ। ਭਾਰਤੀ ਉਪ-ਮਹਾਦੀਪ ਵਿਚ ਇਮਰਾਨ ਖਾਨ ਦੇ ਦੋ ਅਕਸ ਹਨ—ਇਕ ਕ੍ਰਿਕਟਰ ਵਾਲਾ ਤੇ ਦੂਜਾ—ਵਿਗੜੇ ਆਦਮੀ ਵਾਲਾ। ਇਹ ਦੋਵੇਂ ਅਕਸ ਸਿਆਸਤ ਵਿਚ ਉਨ੍ਹਾਂ ਨੂੰ ਕੋਈ ਮਜ਼ਬੂਤ ਪਛਾਣ ਨਹੀਂ ਦਿੰਦੇ। ਕੀ ਇਮਰਾਨ ਖਾਨ ਦੀ ਕੋਈ ਸਿਆਸੀ ਪਛਾਣ ਹੈ ਵੀ? ਉਹ ਆਪਣੇ ਆਪ ਵਿਚ ਰੁੱਝੇ ਰਹਿਣ ਵਾਲੇ ਵਿਅਕਤੀ ਰਹੇ ਹਨ।
ਉਨ੍ਹਾਂ ਦੇ ਸਾਥੀ ਖਿਡਾਰੀ ਵੀ ਉਨ੍ਹਾਂ ਦੇ ਖਿਡਾਰੀ ਵਾਲੇ ਰੂਪ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਦੇ ਤੇ ਹੁਣ ਤਕ ਉਨ੍ਹਾਂ ਦੀਆਂ ਜਿੰਨੀਆਂ ਵੀ ਘਰਵਾਲੀਆਂ (ਬੀਵੀਆਂ) ਰਹੀਆਂ ਹਨ, ਉਨ੍ਹਾਂ 'ਚੋਂ ਕੋਈ ਵੀ ਉਨ੍ਹਾਂ ਦੇ ਚੰਗਾ ਅਤੇ ਗ਼ੈਰਤਮੰਦ ਵਿਅਕਤੀ ਹੋਣ ਦੀ ਗਵਾਹੀ ਨਹੀਂ ਦਿੰਦੀਆਂ।
ਫਿਰ ਪਾਕਿਸਤਾਨ ਨੇ ਉਨ੍ਹਾਂ ਨੂੰ ਕਿਉਂ ਚੁਣਿਆ? ਇਮਰਾਨ ਖਾਨ ਨੂੰ ਇਸ ਸਵਾਲ ਦਾ ਜਵਾਬ ਲੱਭਣਾ ਪੈਣਾ ਹੈ ਕਿਉਂਕਿ ਇਸ ਜਵਾਬ ਵਿਚ ਹੀ ਉਹ ਚੁਣੌਤੀ ਲੁਕੀ ਹੈ, ਜਿਸ ਦਾ ਸਾਹਮਣਾ ਵਜ਼ੀਰੇ-ਆਜ਼ਮ ਦੀ ਕੁਰਸੀ 'ਤੇ ਬੈਠਦਿਆਂ ਹੀ ਉਨ੍ਹਾਂ ਨੂੰ ਕਰਨਾ ਪੈਣਾ ਹੈ।
ਇਹ ਹਰ ਪਾਸਿਓਂ ਘਿਰਿਆ, ਘਬਰਾਇਆ ਤੇ ਅਪਮਾਨਿਤ ਪਾਕਿਸਤਾਨ ਹੈ, ਜਿਸ ਨੂੰ ਸਾਹ ਲੈਣ ਲਈ ਖੁੱਲ੍ਹੀ ਹਵਾ ਦੀ ਲੋੜ ਹੈ। ਲਗਾਤਾਰ ਫੌਜੀ ਬੂਟਾਂ ਹੇਠ ਕੁਚਲੀ ਜਾਂਦੀ ਰਹੀ ਆਤਮਾ ਵਾਲਾ ਇਹ ਮੁਲਕ ਹਰ ਤਰ੍ਹਾਂ ਨਾਲ ਬੇਹਾਲ ਹੋ ਚੁੱਕਾ ਹੈ। ਅਨਪੜ੍ਹਤਾ, ਗਰੀਬੀ, ਧਾਰਮਿਕ-ਜਾਤੀ ਜਨੂੰਨ, ਅਸ਼ਾਂਤੀ ਤੇ ਭਾਰਤ-ਵਿਰੋਧ ਦਾ ਭੂਤ, ਬੇਹਿਸਾਬਾ ਸਿਆਸੀ ਭ੍ਰਿਸ਼ਟਾਚਾਰ ਤੇ ਫੌਜੀ ਹਾਕਮਾਂ ਦਾ ਸੁਆਰਥੀ ਗੱਠਜੋੜ—ਪਾਕਿਸਤਾਨ ਇਨ੍ਹਾਂ ਹੀ ਤੱਤਾਂ ਨਾਲ ਮਿਲ ਕੇ ਬਣਿਆ ਸੀ ਤੇ ਇਨ੍ਹਾਂ ਤੱਤਾਂ ਹੱਥੋਂ ਹੀ ਬਰਬਾਦ ਹੁੰਦਾ ਰਿਹਾ। ਪੱਛਮੀ ਤਾਕਤਾਂ ਨੇ ਇਸ ਦਾ ਖੂਬ ਸਿਆਸੀ ਲਾਹਾ ਲਿਆ, ਤਾਂ ਪਾਕਿਸਤਾਨੀ ਹਾਕਮਾਂ ਨੇ ਇਸ ਨੂੰ 'ਵਪਾਰ' ਬਣਾ ਲਿਆ।
ਮੁਹੰਮਦ ਅਲੀ ਜਿੱਨਾਹ ਨੇ ਭਾਰਤ ਤੋਂ ਆਪਣਾ ਮੁਲਕ ਕੁਝ ਇਸ ਤਰ੍ਹਾਂ ਖੋਹਿਆ ਕਿ ਦੂਜਿਆਂ ਤੋਂ ਖੋਹ-ਖਿੱਚ ਕਰਨਾ ਹੀ ਇਸ ਦੀ ਕੁੰਡਲੀ ਵਿਚ ਲਿਖਿਆ ਗਿਆ। ਸ਼ੀਆ-ਸੁੰਨੀ, ਅਫਗਾਨੀ, ਸਿੰਧੀ, ਹਾਫਿਜ਼ ਸਈਦ ਵਰਗੇ ਸਭ ਇਸ ਮੁਲਕ ਤੋਂ ਕੁਝ ਨਾ ਕੁਝ ਖੋਂਹਦੇ ਹੀ ਰਹੇ। ਰਹਿੰਦੀ-ਖੂੰਹਦੀ ਕਸਰ ਪਾਕਿਸਤਾਨ ਵਲੋਂ ਭਾਰਤ ਨਾਲ ਕੀਤੀਆਂ ਜੰਗਾਂ ਨੇ ਕੱਢ ਦਿੱਤੀ।
ਤਿਕੜਮਾਂ ਲੜਾ ਕੇ ਕਿਸੇ ਮੁਲਕ 'ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ, ਇਹ ਕਲਾ ਸਿੱਖਣੀ ਹੋਵੇ ਤਾਂ ਤੁਹਾਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ। ਪਾਕਿਸਤਾਨ ਦੇ ਲੋਕਾਂ ਅੱਗੇ ਸਾਨੂੰ ਸਿਰ ਝੁਕਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹੇ ਹਾਲਾਤ ਵਿਚ ਰਹਿੰਦੇ ਹੋਏ ਵੀ ਜਦੋਂ ਵੀ ਕਿਸੇ ਨੇ ਜਮਹੂਰੀਅਤ ਦਾ ਨਾਅਰਾ ਲਾਇਆ ਅਤੇ ਅੱਗੇ ਵਧ ਕੇ ਲੋਕਤੰਤਰ (ਜਮਹੂਰੀਅਤ) ਦਾ ਸਾਥ ਦਿੱਤਾ ਤਾਂ ਹਰ ਵਾਰ ਉਸ ਨਾਲ ਧੋਖਾ ਹੋਇਆ।
ਹੁਣ ਇਨ੍ਹਾਂ ਚੋਣਾਂ ਵਿਚ ਇਮਰਾਨ ਖਾਨ ਨੇ 'ਨਯਾ ਪਾਕਿਸਤਾਨ' ਦਾ ਨਾਅਰਾ ਬੁਲੰਦ ਕੀਤਾ ਸੀ ਪਰ ਉਨ੍ਹਾਂ ਦੀ ਆਪਣੀ ਝੋਲੀ ਵਿਚ ਨਵਾਂ ਕੀ ਸੀ ਜਾਂ ਕੀ ਹੈ? ਪਾਕਿਸਤਾਨ ਲਈ ਕ੍ਰਿਕਟ ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਇਮਰਾਨ ਨੇ ਆਪਣਾ ਰਾਹ ਬਦਲ ਲਿਆ ਕਿਉਂਕਿ ਕ੍ਰਿਕਟ ਨਾਲ ਜਿੰਨਾ ਨਿੱਜੀ ਮਾਣ ਹਾਸਿਲ ਕੀਤਾ ਜਾ ਸਕਦਾ ਸੀ, ਉਨ੍ਹਾਂ ਨੇ ਕਰ ਲਿਆ ਸੀ।
ਆਪਣੀ ਪਛਾਣ ਦਾ ਨਵਾਂ ਪੰਨਾ ਖੋਲ੍ਹਣ ਲਈ ਉਨ੍ਹਾਂ ਨੇ ਆਪਣੀ ਮਾਂ ਦੀ ਯਾਦ ਵਿਚ ਹਸਪਤਾਲ ਬਣਵਾਉਣ ਦੀ ਮੁਹਿੰਮ ਚਲਾਈ ਤੇ ਉਸ ਦੇ ਲਈ ਆਪਣੇ ਸਾਰੇ ਸਬੰਧਾਂ, ਜਾਣ-ਪਛਾਣ ਦਾ ਇਸਤੇਮਾਲ ਕੀਤਾ। ਇਹ ਅਕਸ ਬਦਲਣ ਦੀ ਮੁਹਿੰਮ ਸੀ, ਜਿਸ ਦਾ ਅਗਲਾ ਕਦਮ ਸਿਆਸਤ ਵਿਚ ਆਉਣਾ ਹੀ ਸੀ, ਜੋ 1996 ਵਿਚ ਰੱਖਿਆ ਗਿਆ ਅਤੇ 'ਪਾਕਿਸਤਾਨ ਤਹਿਰੀਕੇ-ਇਨਸਾਫ' ਨਾਮੀ ਪਾਰਟੀ ਦਾ ਜਨਮ ਹੋਇਆ। ਹਰੇਕ ਖਾਹਿਸ਼ੀ ਵਿਅਕਤੀ ਨੂੰ ਸਿਆਸੀ ਸੱਤਾ ਆਪਣੀ ਪਛਾਣ ਬਣਾਉਣ ਦਾ ਸਭ ਤੋਂ ਸੌਖਾ ਰਾਹ ਦਿਖਾਈ ਦਿੰਦੀ ਹੈ—ਇਮਰਾਨ ਖਾਨ ਤੋਂ ਲੈ ਕੇ ਨਰਿੰਦਰ ਮੋਦੀ ਤਕ। ਤਹਿਰੀਕੇ-ਇਨਸਾਫ ਪਾਰਟੀ ਬਣੀ ਤਾਂ ਅਗਲਾ ਮੁਕਾਮ ਚੋਣਾਂ ਹੀ ਹੋ ਸਕਦੀਆਂ ਸਨ, ਸੋ ਇਮਰਾਨ ਨੇ 1997 ਦੀਆਂ ਚੋਣਾਂ ਖੂਬ ਜ਼ੋਰ-ਸ਼ੋਰ ਨਾਲ ਲੜੀਆਂ ਤੇ ਸਿੱਟੇ ਵਜੋਂ ਇਮਰਾਨ ਖਾਨ '1997 ਦਾ ਹਾਫਿਜ਼ ਸਈਦ' ਸਿੱਧ ਹੋਏ। ਫਿਰ ਹਰੇਕ ਘਿਸੇ-ਪਿਟੇ ਸਿਆਸਤਦਾਨ ਵਾਂਗ ਇਮਰਾਨ ਦਾ ਕੰਮ ਵੀ ਚੋਣਾਂ ਲੜਨਾ ਹੀ ਰਹਿ ਗਿਆ। 2002 'ਚ ਉਹ ਆਪਣੀ ਸੀਟ ਬੜੀ ਮੁਸ਼ਕਿਲ ਨਾਲ ਜਿੱਤ ਸਕੇ ਸਨ। ਬੇਨਜ਼ੀਰ ਭੁੱਟੋ, ਆਸਿਫ ਅਲੀ ਜ਼ਰਦਾਰੀ, ਪ੍ਰਵੇਜ਼ ਮੁਸ਼ੱਰਫ, ਨਵਾਜ਼ ਸ਼ਰੀਫ—ਇਹ ਸਾਰੇ ਪਾਕਿਸਤਾਨ ਦੇ ਸ਼ਾਸਕ ਰਹੇ। ਜਦੋਂ ਤਕ ਇਨ੍ਹਾਂ ਕੋਲ ਗੱਦੀ ਰਹੀ, ਇਹ ਪਾਕਿਸਤਾਨ ਵਿਚ ਰਹੇ ਪਰ ਜਦੋਂ ਗੱਦੀ ਹੱਥੋਂ ਨਿਕਲ ਗਈ, ਤਾਂ ਵਿਦੇਸ਼ 'ਚ ਬਣਾਈਆਂ ਆਪਣੀਆਂ ਅਥਾਹ ਜਾਇਦਾਦਾਂ, ਆਲੀਸ਼ਾਨ ਬੰਗਲਿਆਂ 'ਚ ਰਹਿਣ ਚਲੇ ਗਏ।
ਇਮਰਾਨ ਖਾਨ ਦੀ ਅਜੇ ਤਕ ਅਜਿਹੀ ਨੌਬਤ ਆਈ ਨਹੀਂ ਹੈ ਕਿਉਂਕਿ ਉਹ ਤਾਂ ਚੋਟੀ 'ਤੇ ਅਜੇ ਪਹੁੰਚੇ ਹੀ ਹਨ ਪਰ ਉਨ੍ਹਾਂ ਦਾ ਇਕ ਪੈਰ ਅਕਸਰ ਵਿਦੇਸ਼ 'ਚ ਹੀ ਰਹਿੰਦਾ ਹੈ।
ਚੋਣਾਂ 'ਚ ਇਮਰਾਨ ਖਾਨ ਦਾ ਨਾਅਰਾ 'ਨਯਾ ਪਾਕਿਸਤਾਨ' ਉਨ੍ਹਾਂ ਲਈ ਹੀ ਗਲ਼ੇ ਦੀ ਹੱਡੀ ਬਣ ਸਕਦਾ ਹੈ ਜਾਂ ਉਨ੍ਹਾਂ ਨੂੰ ਆਸਮਾਨ ਦੀਆਂ ਬੁਲੰਦੀਆਂ 'ਤੇ ਪਹੁੰਚਾ ਸਕਦਾ ਹੈ। ਕੋਈ ਨਹੀਂ ਜਾਣਦਾ ਕਿ ਪਾਕਿਸਤਾਨ ਨੂੰ ਨਵਾਂ ਬਣਾਉਣ ਦੀ ਇਮਰਾਨ ਕੋਲ ਕੀ ਯੋਜਨਾ ਹੈ? ਆਪਣੀ ਜਿੱਤ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ''ਪਾਕਿਸਤਾਨ ਦੇ ਮਜ਼ਲੂਮਾਂ ਵਰਗੇ ਹਾਲਾਤ ਕਿਵੇਂ ਸੁਧਰਨਗੇ, ਇਹ ਜਾਣਨ ਲਈ ਮੈਂ ਖ਼ੁਦ ਚੀਨ ਜਾਣਾ ਚਾਹਾਂਗਾ ਤੇ ਆਪਣੇ ਬੰਦਿਆਂ ਨੂੰ ਵੀ ਚੀਨ ਭੇਜਣਾ ਚਾਹਾਂਗਾ, ਤਾਂ ਕਿ ਇਹ ਸਮਝ ਸਕੀਏ ਕਿ ਚੀਨ ਵਾਲਿਆਂ ਨੇ ਆਪਣੇ ਕਰੋੜਾਂ ਗਰੀਬ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਕਿਵੇਂ ਉਪਰ ਚੁੱਕਿਆ?''
ਉਨ੍ਹਾਂ ਤੋਂ ਪਹਿਲਾਂ ਵਾਲੇ ਸ਼ਾਸਕਾਂ ਨੇ ਨਵੇਂ ਪਾਕਿਸਤਾਨ ਦੀ ਖੋਜ ਮੁੱਖ ਤੌਰ 'ਤੇ ਅਮਰੀਕਾ, ਕਦੇ ਰੂਸ ਵਿਚ ਕੀਤੀ ਅਤੇ ਹੁਣ ਚੀਨ ਦਾ ਨੰਬਰ ਹੈ। ਪਾਕਿਸਤਾਨ ਦੀ ਆਪਣੀ ਧਰਤੀ 'ਤੇ ਅਤੇ ਉਥੋਂ ਦੇ ਲੋਕਾਂ ਵਿਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਨਵੇਂ ਪਾਕਿਸਤਾਨ ਦੇ ਨਿਰਮਾਣ ਵਿਚ ਮਦਦ ਮਿਲ ਸਕੇ। ਬਾਹਰਲਾ ਗਿਆਨ-ਧਿਆਨ ਤਾਂ ਹੀ ਕੰਮ ਆਉਂਦਾ ਹੈ, ਜਦੋਂ ਆਪਣੀ ਜ਼ਮੀਨ ਤਿਆਰ ਹੋਵੇ। ਪਾਕਿਸਤਾਨ ਦੇ ਸਮਾਜਿਕ ਜੀਵਨ ਵਿਚ ਬਹੁਤ ਵੱਡੇ ਪੱਧਰ 'ਤੇ ਸਿਆਸੀ-ਸਮਾਜਿਕ ਦਖਲ ਦੀ ਲੋੜ ਹੈ। ਸਿੱਖਿਆ ਦਾ ਪੂਰਾ ਢਾਂਚਾ ਸੁਧਾਰਨ ਦੀ ਲੋੜ ਹੈ, ਉਥੋਂ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰ ਕੇ ਖੜ੍ਹੇ ਕਰਨ ਦੀ ਲੋੜ ਹੈ। ਮੁਲਕ 'ਤੇ ਫੌਜ ਦੀ ਪਕੜ ਨੂੰ ਕਮਜ਼ੋਰ ਕਰਨਾ ਪੈਣਾ ਹੈ, ਕਠਮੁੱਲਿਆਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਉਣੀ ਪੈਣੀ ਹੈ, ਅਪਰਾਧਿਕ ਸਰਗਰਮੀਆਂ ਵਿਚ ਲੱਗੇ ਨੌਜਵਾਨਾਂ ਨੂੰ 'ਵਾਪਿਸ' ਲਿਆਉਣਾ ਪੈਣਾ ਹੈ।
ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਦਾ ਕਾਰੋਬਾਰ ਮੁਲਕ ਨੂੰ ਖੋਖਲਾ ਕਰ ਰਿਹਾ ਹੈ। ਅੱਤਵਾਦੀ ਕਾਰੋਬਾਰ ਪਾਕਿਸਤਾਨ ਨੂੰ ਜੋਕ ਵਾਂਗ ਚਿੰਬੜਿਆ ਹੋਇਆ ਹੈ, ਉਸ ਦੀ 'ਸਰਜਰੀ' ਵੀ ਕਰਨੀ ਪਵੇਗੀ ਪਰ ਜਿਸ ਫੌਜ ਦੇ ਮੋਢਿਆਂ 'ਤੇ ਸਵਾਰ ਹੋ ਕੇ ਇਮਰਾਨ ਖਾਨ ਇਸ ਕੁਰਸੀ ਤਕ ਪਹੁੰਚੇ ਹਨ, ਉਸ ਨਾਲ ਕਿਵੇਂ ਨਜਿੱਠਿਆ ਜਾਵੇਗਾ, ਜੋ ਅੱਤਵਾਦ ਨੂੰ ਸਮਰਥਨ ਦਿੰਦੀ ਹੈ?
ਫਿਰ ਭਾਰਤ ਦਾ ਸਵਾਲ ਵੀ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ। ਭਾਰਤ-ਵਿਰੋਧ ਉਥੋਂ ਦੇ ਹਰੇਕ ਸਿਆਸਤਦਾਨ ਲਈ ਸੰਜੀਵਨੀ ਬੂਟੀ ਮੰਨਿਆ ਜਾਂਦਾ ਹੈ ਤੇ ਇਮਰਾਨ ਵੀ ਇਸ ਬੂਟੀ ਦਾ ਸੇਵਨ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਨੇ ਆਪਣੇ ਪਹਿਲੇ ਭਾਸ਼ਣ ਵਿਚ ਹੀ ਕਸ਼ਮੀਰ ਦੀ ਗੱਲ ਕੀਤੀ ਹੈ। ਲੋੜ ਹੈ ਦੋਵੇਂ ਪਾਸਿਓਂ ਸਿਆਸੀ ਈਮਾਨਦਾਰੀ ਤੇ ਫੈਸਲਾ ਲੈਣ ਦੀ ਹਿੰਮਤ ਦਿਖਾਉਣ ਦੀ ਪਰ ਆਪਣੇ ਚੋਣ ਪ੍ਰਚਾਰ ਵਿਚ ਇਮਰਾਨ ਖਾਨ ਨੇ ਜੋ ਭੂਮਿਕਾ ਨਿਭਾਈ, ਉਸ ਦੇ ਮੱਦੇਨਜ਼ਰ ਅਜਿਹੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ।
ਇਸ ਭੂਮਿਕਾ 'ਚੋਂ ਨਵਾਂ ਪਾਕਿਸਤਾਨ ਨਹੀਂ ਨਿਕਲੇਗਾ। ਕੋਈ ਵੀ ਦੇਸ਼ ਨਵੇਂ ਵਜ਼ੀਰੇ-ਆਜ਼ਮ ਜਾਂ ਨਵੀਂ ਸਰਕਾਰ ਨਾਲ 'ਨਵਾਂ' ਨਹੀਂ ਬਣਦਾ, ਇਹ ਤਾਂ ਨਵੇਂ ਸੁਪਨਿਆਂ ਨਾਲ ਨਵਾਂ ਬਣਦਾ ਹੈ। ਇਮਰਾਨ ਨੇ ਕੀ ਕਦੇ ਅਜਿਹੇ ਸੁਪਨੇ ਦੇਖੇ ਹਨ? ਇਮਰਾਨ ਨੇ ਕੀ ਕਦੇ ਅਸਲੀ ਪਾਕਿਸਤਾਨ ਦੇਖਿਆ ਹੈ?
k.prashantji@gmail.com
ਲੋਕਤੰਤਰ ਨੂੰ ਕੁਚਲਿਆ ਨਹੀਂ ਜਾ ਸਕਦਾ
NEXT STORY