ਲੱਗਦਾ ਹੈ ਪਾਕਿਸਤਾਨ 'ਚ ਫੌਜ ਨੇ ਕਿਸੇ ਖਾਸ ਆਦਮੀ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਚੋਣਾਂ ਜਿਤਾਉਣ ਦਾ ਰਾਹ ਲੱਭ ਲਿਆ ਹੈ। ਇਮਰਾਨ ਖਾਨ ਇਸੇ ਪ੍ਰਕਿਰਿਆ ਦੀ ਪੈਦਾਇਸ਼ ਹਨ। ਚੋਣਾਂ ਤੋਂ ਕਾਫੀ ਪਹਿਲਾਂ ਹੀ ਉਨ੍ਹਾਂ ਦਾ ਨਾਂ ਉਛਾਲ ਦਿੱਤਾ ਗਿਆ ਸੀ। ਇਹ ਮੰਨਿਆ ਜਾ ਸਕਦਾ ਹੈ ਕਿ ਫੌਜ ਜੋ ਕਰਨਾ ਚਾਹੁੰਦੀ ਹੈ, ਉਸ ਦੇ ਲਈ ਕੋਈ ਹੋਰ ਆਦਮੀ ਫਿੱਟ ਨਹੀਂ ਸੀ। ਨਵਾਜ਼ ਸ਼ਰੀਫ ਅਤੀਤ ਵਿਚ ਚੋਣਾਂ ਜਿੱਤੇ ਸਨ ਪਰ ਫੌਜ ਨਾਲ ਉਨ੍ਹਾਂ ਦੀ ਬਣੀ ਨਹੀਂ, ਇਥੋਂ ਤਕ ਕਿ ਮੁਸ਼ੱਰਫ ਦਾ ਫੌਜੀ ਸ਼ਾਸਨ ਵੀ ਫੌਜ ਦੇ ਪੈਮਾਨੇ 'ਤੇ ਖਰਾ ਨਹੀਂ ਉਤਰਿਆ।
ਪਰ ਫੌਜ ਵਿਚ ਕਿਉਂ ਆ ਗਈ ਅਤੇ ਉਸ ਨੇ ਚੋਣ ਪ੍ਰਕਿਰਿਆ ਨੂੰ ਨਸ਼ਟ ਕਿਉਂ ਕਰ ਦਿੱਤਾ? ਫੌਜ ਨੂੰ ਲੱਗਾ ਕਿ ਉਸ ਨੂੰ ਇਕ ਅਜਿਹੇ ਵਿਅਕਤੀ ਦੇ ਜ਼ਰੀਏ ਸ਼ਾਸਨ ਕਰਨਾ ਚਾਹੀਦਾ ਹੈ, ਜਿਹੜਾ ਆਕੜ ਕੇ ਚੱਲਣ ਵਾਲਾ ਫੌਜ ਦਾ ਘੋੜਾ ਬਣਨ ਵਿਚ ਮਾਣ ਮਹਿਸੂਸ ਕਰੇ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਸਿਆਸਤ ਵਿਚ ਕਾਫੀ ਚਿਰ ਤੋਂ ਹਨ ਪਰ ਉਹ ਪਹਿਲਾਂ ਇਸ ਸ਼੍ਰੇਣੀ ਤਕ ਨਹੀਂ ਪਹੁੰਚ ਸਕੇ ਸਨ।
ਜਨਰਲ ਜ਼ਿਆ-ਉਲ-ਹੱਕ ਅਤੇ ਮੁਸ਼ੱਰਫ ਤਾਂ ਹਰ ਪੱਖੋਂ ਫੌਜ ਦੇ ਆਦਮੀ ਸਨ, ਜਿਨ੍ਹਾਂ ਨੇ ਮਾਰਸ਼ਲ ਲਾਅ ਡਿਕਟੇਟਰ ਵਾਂਗ ਕੰਮ ਕੀਤਾ ਤੇ ਲੋਕਾਂ ਨੂੰ ਸ਼ਾਸਨ ਪ੍ਰਣਾਲੀ ਤੋਂ ਦੂਰ ਕਰ ਦਿੱਤਾ। ਜਦੋਂ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸਨ ਤਾਂ ਫੌਜ ਦੀ ਮੌਜੂਦਗੀ ਹਰ ਤਰ੍ਹਾਂ ਨਾਲ ਨਜ਼ਰ ਆਉਂਦੀ ਸੀ ਅਤੇ ਆਪਣੀ ਲੋੜ ਦੇ ਹਿਸਾਬ ਨਾਲ ਕੰਮ ਚਲਾਉਣ ਲਈ ਕੈਬਨਿਟ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੀ ਵੀ ਦਿਖਾਈ ਦਿੰਦੀ ਸੀ। ਹੁਣ ਜਿਹੜਾ ਪ੍ਰਯੋਗ ਹੋ ਰਿਹਾ ਹੈ, ਉਸ ਵਿਚ ਅਜਿਹੇ ਗੈਰ-ਫੌਜੀ ਨੂੰ ਚੋਟੀ 'ਤੇ ਬਿਠਾਇਆ ਜਾ ਰਿਹਾ ਹੈ, ਜਿਹੜਾ ਸੋਚ ਅਤੇ ਕੰਮਕਾਜ ਦੇ ਮਾਮਲੇ ਵਿਚ ਫੌਜ ਦਾ ਆਦਮੀ ਹੋਵੇ।
ਲੋਕਤੰਤਰਿਕ ਦੇਸ਼ਾਂ ਨੇ ਸਾਫ ਕਹਿ ਦਿੱਤਾ ਹੈ ਕਿ ਪਾਕਿਸਤਾਨ ਫੌਜੀ ਸ਼ਾਸਨ ਦੇ ਅਧੀਨ ਸੀ। ਕੀ ਪੱਛਮ ਵਿਚ ਇਮਰਾਨ ਖਾਨ ਦੀ ਸਾਖ ਕਬੂਲ ਕੀਤੀ ਜਾਵੇਗੀ? ਆਉਣ ਵਾਲੇ ਕੁਝ ਮਹੀਨਿਆਂ ਵਿਚ ਉਨ੍ਹਾਂ ਦੇ ਸ਼ਾਸਨ ਤੋਂ ਇਸ ਦਾ ਪਤਾ ਲੱਗ ਜਾਵੇਗਾ। ਇਹ ਇਮਰਾਨ ਖਾਨ 'ਤੇ ਨਿਰਭਰ ਕਰੇਗਾ ਕਿ ਉਹ ਫੌਜ-ਸ਼ਾਸਕਾਂ ਅਤੇ ਆਮ ਲੋਕਾਂ ਨੂੰ ਖੁਸ਼ ਕਰਨ ਵਿਚ ਸਫਲ ਹੁੰਦੇ ਹਨ ਜਾਂ ਨਹੀਂ?
ਆਪਣੀ ਪਾਰਟੀ ਤਹਿਰੀਕੇ-ਇਨਸਾਫ ਦੇ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਿੱਤੇ ਭਾਸ਼ਣ ਵਿਚ ਇਮਰਾਨ ਖਾਨ ਨੇ ਕਿਹਾ ਕਿ ਉਹ ਭਾਰਤ ਨਾਲ ਬਿਹਤਰ ਰਿਸ਼ਤੇ ਰੱਖਣਗੇ। ਜੇ ਰਿਸ਼ਤੇ ਸੁਧਾਰਨ ਲਈ ਭਾਰਤ ਇਕ ਕਦਮ ਅੱਗੇ ਵਧਾਉਂਦਾ ਹੈ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ, ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਕਸ਼ਮੀਰ ਕੇਂਦਰੀ ਮੁੱਦਾ ਹੈ।
ਉਹ ਇਸ ਗੱਲ ਨੂੰ ਭੁੱਲ ਗਏ ਹਨ ਕਿ ਕਸ਼ਮੀਰੀ ਹੁਣ ਖ਼ੁਦ ਦਾ ਇਸਲਾਮਿਕ ਗਣਰਾਜ ਬਣਾਉਣਾ ਚਾਹੁੰਦੇ ਹਨ। ਦੂਜੇ ਸ਼ਬਦਾਂ ਵਿਚ ਉਹ ਮਦਦ ਲਈ ਪਾਕਿਸਤਾਨ ਵੱਲ ਨਹੀਂ ਤੱਕ ਰਹੇ। ਇਥੋਂ ਤਕ ਕਿ ਯਾਸੀਨ ਮਲਿਕ ਅਤੇ ਸ਼ੱਬੀਰ ਸ਼ਾਹ ਵਰਗੇ ਲੋਕ ਵੀ ਹੁਣ ਅਢੁੱਕਵੇਂ ਹੋ ਗਏ ਹਨ। ਬਹੁਤਾ ਸਮਾਂ ਨਹੀਂ ਹੋਇਆ ਹੈ, ਜਦੋਂ ਮੈਂ ਕਸ਼ਮੀਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਸ਼੍ਰੀਨਗਰ ਗਿਆ ਹੋਇਆ ਸੀ, ਜਿਥੇ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉਹ ਹੁਣ ਪਾਕਿਸਤਾਨ ਦੇ ਸਮਰਥਕ ਨਹੀਂ ਰਹੇ। ਉਨ੍ਹਾਂ ਦੀ ਨਜ਼ਰ ਵਿਚ ਆਪਣਾ ਰਾਜ ਠੋਸਣ ਦੇ ਮਾਮਲੇ ਵਿਚ ਨਵੀਂ ਦਿੱਲੀ ਅਤੇ ਇਸਲਾਮਾਬਾਦ ਇਕੋ ਜਿਹੇ ਹਨ। ਸਵਾਲ ਹੈ ਕਿ ਇਮਰਾਨ ਖਾਨ ਉਨ੍ਹਾਂ ਦੀ ਸੋਚ ਨੂੰ ਕਿਵੇਂ ਬਦਲਣਗੇ, ਜਦ ਉਹ ਮੰਨਦੇ ਹਨ ਕਿ ਦੋ ਹੀ ਧਿਰਾਂ ਹਨ—ਭਾਰਤ ਅਤੇ ਪਾਕਿਸਤਾਨ, ਜਿਨ੍ਹਾਂ ਨੂੰ ਮੁੱਦੇ ਦਾ ਅਸਲੀ ਅਰਥ ਪਤਾ ਹੈ।
ਪਾਕਿਸਤਾਨ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਲਈ ਕਸ਼ਮੀਰੀ ਨੌਜਵਾਨ ਕੋਈ ਧਿਰ ਨਹੀਂ ਲੱਗਦੇ ਕਿਉਂਕਿ ਸਮੱਸਿਆ ਸੁਲਝਾਉਣ ਲਈ ਗੱਲਬਾਤ ਵਿਚ ਹੁਣ ਦੋ ਦੀ ਬਜਾਏ ਤਿੰਨ ਧਿਰਾਂ ਨੂੰ ਬੈਠਣਾ ਪਵੇਗਾ। ਜਿਵੇਂ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਹਿ ਚੁੱਕੀ ਹੈ, ਭਾਰਤ ਪਾਕਿਸਤਾਨ ਨਾਲ ਉਦੋਂ ਤਕ ਗੱਲਬਾਤ ਨਹੀਂ ਕਰੇਗਾ, ਜਦੋਂ ਤਕ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਨਹੀਂ ਕਰਦਾ। ਇਮਰਾਨ ਖਾਨ ਜਦੋਂ ਵੀ ਡੋਰ ਫੜਨਗੇ, ਕੀ ਉਹ ਇਹ ਭਰੋਸਾ ਦੇ ਸਕਣਗੇ?
ਇਮਰਾਨ ਅਜਿਹੀ ਮੁਸ਼ਕਿਲ ਸਥਿਤੀ ਵਿਚ ਹਨ ਕਿ ਜੇ ਉਹ ਅਜਿਹਾ ਭਰੋਸਾ ਦੇ ਵੀ ਦਿੰਦੇ ਹਨ ਤਾਂ ਉਸ ਨੂੰ ਉਦੋਂ ਤਕ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ, ਜਦੋਂ ਤਕ ਫੌਜ ਦਾ ਮੁਖੀ ਉਨ੍ਹਾਂ ਦੀ ਗੱਲ ਦਾ ਖੁੱਲ੍ਹ ਕੇ ਸਮਰਥਨ ਨਹੀਂ ਕਰਦਾ। ਘੱਟੋ-ਘੱਟ ਅਜੇ ਤਕ ਇਸ ਦਾ ਕੋਈ ਸੰਕੇਤ ਦਿਖਾਈ ਨਹੀਂ ਦਿੰਦਾ। ਕੁਝ ਕਰਨ ਲਈ ਇਮਰਾਨ ਖਾਨ ਨੂੰ ਪਹਿਲਾਂ ਆਪਣੇ ਪੈਰ ਜਮਾਉਣੇ ਪੈਣਗੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਇਸ ਖੇਤਰ ਵਿਚ ਸ਼ਾਂਤੀ ਚਾਹੁਣਗੇ।
ਯਕੀਨੀ ਤੌਰ 'ਤੇ ਭਾਰਤ ਵੱਲ ਦੋਸਤੀ ਦਾ ਹੱਥ ਵਧਾ ਕੇ ਇਮਰਾਨ ਖਾਨ ਨੇ ਸਿਆਸੀ ਤੌਰ 'ਤੇ ਖ਼ੁਦ ਨੂੰ ਸਹੀ ਸਿੱਧ ਕਰ ਦਿੱਤਾ ਹੈ ਪਰ ਉਨ੍ਹਾਂ ਦਾ ਅਸਲੀ ਇਮਤਿਹਾਨ ਇਸ ਗੱਲ ਨਾਲ ਹੋਵੇਗਾ ਕਿ ਭਾਰਤ ਨਾਲ ਸਬੰਧ ਸੁਧਾਰਨ ਲਈ ਫੌਜ ਉਨ੍ਹਾਂ ਨੂੰ ਕਿੰਨੀ ਖੁੱਲ੍ਹ ਦਿੰਦੀ ਹੈ। ਇਹ ਹੁਣ ਤਕ ਫੌਜ ਦੇ ਅਧਿਕਾਰ ਖੇਤਰ ਵਿਚ ਹੀ ਰਿਹਾ ਹੈ। ਫੌਜ ਨੂੰ ਪਾਸੇ ਕਰਨ ਦਾ ਮਤਲਬ ਹੋਵੇਗਾ ਸਰਕਾਰ ਦੇ ਪ੍ਰਸ਼ਾਸਨ 'ਚ ਪੂਰੀ ਤਰ੍ਹਾਂ ਤਬਦੀਲੀ ਕਿਉਂਕਿ ਅਜੇ ਦੇਸ਼ ਦਾ ਸ਼ਾਸਨ ਫੌਜ ਦੇ ਪੈਰਾਂ ਹੇਠ ਹੈ।
ਦੱਖਣੀ ਏਸ਼ੀਆ ਦੇ ਇਕ ਸੀਨੀਅਰ ਮਾਹਿਰ ਨੇ ਚੋਣ ਨਤੀਜਿਆਂ 'ਤੇ ਨਿਰਾਸ਼ਾ ਭਰੇ ਵਿਚਾਰ ਜ਼ਾਹਿਰ ਕੀਤੇ ਹਨ ਅਤੇ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ 'ਹੋਰ ਖਤਰਨਾਕ' ਹੋ ਗਿਆ ਹੈ। ਮਾਹਿਰ ਮੁਤਾਬਿਕ ਇਮਰਾਨ ਖਾਨ ਫੌਜ ਦਾ ਖੁੱਲ੍ਹ ਕੇ ਪੱਖ ਲੈਣ ਵਾਲੇ ਹਨ ਅਤੇ ਆਈ. ਐੱਸ. ਆਈ. ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸਲਾਮਿਕ ਅੰਦੋਲਨ ਨਾਲ ਡੂੰਘਾਈ ਤਕ ਜੁੜੇ ਹੋਏ ਹਨ। ਇਹ ਅਸ਼ੁੱਭ ਸੰਕੇਤ ਹੈ। ਜ਼ਾਹਿਰ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਿਚ ਲੀਡਰਸ਼ਿਪ ਦੀ ਤਬਦੀਲੀ, ਜੋ ਅਜੇ ਪੂਰੀ ਹੋਣੀ ਬਾਕੀ ਹੈ, ਦਾ ਸਵਾਗਤ ਚੌਕਸ ਹੋ ਕੇ ਕੀਤਾ ਹੈ।
ਇਸ ਦੀ ਵਜ੍ਹਾ ਸ਼ਾਇਦ ਇਹ ਹੈ ਕਿ ਇਮਰਾਨ ਅਮਰੀਕਾ ਦੇ ਸਖਤ ਆਲੋਚਕ ਹਨ ਤੇ ਉਨ੍ਹਾਂ ਮੁਤਾਬਿਕ ਅਮਰੀਕਾ ਨੇ ਪਾਕਿਸਤਾਨ ਦਾ ਇਸਤੇਮਾਲ 'ਪਾਇਦਾਨ' ਵਾਂਗ ਕੀਤਾ ਹੈ ਪਰ ਸੀ. ਆਈ. ਏ. ਦੇ ਇਕ ਸਾਬਕਾ ਮਾਹਿਰ ਅਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਇਸ਼ਾਰਾ ਕੀਤਾ ਕਿ ਫੌਜ ਨਾਲ ਇਮਰਾਨ ਦੀ ਮੌਜ-ਮਸਤੀ ਜ਼ਿਆਦਾ ਦਿਨ ਤਕ ਨਹੀਂ ਚੱਲੇਗੀ। ਇਮਰਾਨ ਚੰਚਲ ਸੁਭਾਅ ਦੇ ਹਨ ਅਤੇ ਉਨ੍ਹਾਂ ਦਾ ਸਿਆਸੀ ਅੰਦੋਲਨ ਲੱਗਭਗ ਵਿਅਕਤੀ-ਪੂਜਾ ਹੈ। ਇਹ ਚੀਜ਼ ਇਮਰਾਨ ਨਾਲ ਸਬੰਧ ਰੱਖਣ ਵਿਚ ਫੌਜ ਲਈ ਇਕ ਅੜਿੱਕਾ ਬਣ ਸਕਦੀ ਹੈ।
ਇਕ ਤਾਂ ਇਮਰਾਨ ਮੰਨਦੇ ਹਨ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੋਣਾ ਚਾਹੀਦਾ ਹੈ ਤੇ ਦੂਜਾ ਉਨ੍ਹਾਂ ਨੂੰ ਫੌਜ ਦੇ ਕਮਾਂਡਰਾਂ ਸਾਹਮਣੇ ਇਹ ਸਿੱਧ ਕਰਨਾ ਪੈਣਾ ਹੈ ਕਿ ਉਹ ਉਨ੍ਹਾਂ ਦੇ ਦਿੱਤੇ ਕੰਮ ਨੂੰ ਪੂਰਾ ਕਰ ਸਕਦੇ ਹਨ। ਭਾਰਤ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਨਾ ਤਾਂ ਜੰਗ ਹੋਵੇ ਅਤੇ ਨਾ ਹੀ ਸ਼ਾਂਤੀ। ਇਸ ਮਾਹੌਲ ਵਿਚ ਇਮਰਾਨ ਦਾ ਇਸਲਾਮ ਵੱਲ ਝੁਕਾਅ ਇਕ ਹੋਰ ਪਹਿਲੂ ਜੋੜ ਦਿੰਦਾ ਹੈ ਤੇ ਇਸ ਨਾਲ ਵੀ ਸਥਿਤੀ ਉਲਝ ਜਾਂਦੀ ਹੈ। ਇਸ ਨਾਲ ਕੋਈ ਛੇੜਖਾਨੀ ਤਬਾਹਕੁੰਨ ਨਤੀਜੇ ਲਿਆ ਸਕਦੀ ਹੈ।
ਇਹ ਸਿੱਧ ਕਰਨ ਲਈ ਕਿ ਉਹ ਲੋਕਾਂ ਦੇ ਨਾਲ ਹਨ ਅਤੇ ਜਦੋਂ ਕੋਈ ਮੁਸ਼ਕਿਲ ਘੜੀ ਆਵੇਗੀ, ਉਹ ਉਨ੍ਹਾਂ ਨਾਲ ਖੜ੍ਹੇ ਰਹਿਣਗੇ, ਇਮਰਾਨ ਨੂੰ ਕੁਝ ਕਰਨਾ ਪਵੇਗਾ—ਚਮਤਕਾਰ ਤੋਂ ਵੀ ਜ਼ਿਆਦਾ। ਇਸ ਵਿਚ ਉਨ੍ਹਾਂ ਦੇ ਦਿਮਾਗ ਵਿਚ ਇਹੋ ਗੱਲ ਹੈ ਕਿ ਉਹ ਫੌਜ ਦੇ ਆਦਮੀ ਹਨ। ਇਹ ਇਕ ਅਜਿਹਾ ਅਕਸ ਹੈ, ਜਿਸ ਨੂੰ ਉਹ ਆਸਾਨੀ ਨਾਲ ਨਹੀਂ ਮਿਟਾ ਸਕਦੇ।
(kuldipnayar੦੯@gmail.com)
ਹੁਣ ਸੰਸਾਰੀਕਰਨ ਵਿਚ 'ਬ੍ਰਿਕਸ' ਦੇਸ਼ਾਂ ਦੀ ਹੋਵੇਗੀ ਨਵੀਂ ਭੂਮਿਕਾ
NEXT STORY