ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਏ ਗਏ ਹਨ। ਇਸ ਦੌਰਾਨ ਭਾਰਤ ਦੇ ਹਰ ਖੇਤਰ ਵਿਚ ਵਿਕਾਸ ਦੇ ਨਜ਼ਰੀਏ ਨਾਲ ਕ੍ਰਾਂਤੀਕਾਰੀ ਬਦਲਾਅ ਹੋਏ ਹਨ। ਮੈਂ ਇਸ ਬਦਲਦੇ ਭਾਰਤ ਦਾ ਗਵਾਹ ਰਿਹਾ ਹਾਂ। ਪਹਿਲਾਂ ਇਕ ਆਮ ਨਾਗਰਿਕ ਦੇ ਰੂਪ ਵਿਚ, ਫਿਰ ਇਕ ਰਾਜਪਾਲ ਦੇ ਰੂਪ ਵਿਚ, ਬਾਅਦ ਵਿਚ ਦੇਸ਼ ਦੇ ਰਾਸ਼ਟਰਪਤੀ ਦੇ ਰੂਪ ਵਿਚ ਅਤੇ ਹੁਣ ਦੇਸ਼ ਦੇ ਸਾਬਕਾ ਰਾਸ਼ਟਰਪਤੀ ਦੇ ਰੂਪ ’ਚ ਮੈਂ ਇਨ੍ਹਾਂ ਬਦਲਾਵਾਂ ਨੂੰ ਬਹੁਤ ਹੀ ਨੇੜਿਓਂ ਅਨੁਭਵ ਕੀਤਾ ਹੈ। ਦੇਸ਼ ਦੇ ਇਕ ਨਾਗਰਿਕ ਦੇ ਰੂਪ ਵਿਚ ਮੈਂ ਇਹ ਯਕੀਨਨ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਦੇਸ਼ ਬਦਲ ਰਿਹਾ ਹੈ। ਇਹ ਅਨੁਭਵ ਅੱਜ ਦੇਸ਼ ਦਾ ਹਰ ਨਾਗਰਿਕ ਕਰ ਰਿਹਾ ਹੈ। ਨਾਲ ਹੀ ਪੂਰੀ ਦੁਨੀਆ ਵੀ ਭਾਰਤ ਵਿਚ ਬੀਤੇ 9 ਸਾਲਾਂ ਵਿਚ ਆਏ ਬਦਲਾਵਾਂ ਤੋਂ ਹੈਰਾਨ ਹੈ ਅਤੇ ਭਾਰਤ ਨੂੰ ਸਲਾਮ ਕਰ ਰਹੀ ਹੈ। ਭਾਰਤ ਆਪਣੀ ਸ਼ਾਂਤੀ, ਮਨੁੱਖਤਾਵਾਦੀ ਸੋਚ ਅਤੇ ਹਿੰਸਾ-ਜੰਗ ਵਿਰੋਧੀ ਨੀਤੀਆਂ ਨਾਲ ਸਾਰੇ ਮਹੱਤਵਪੂਰਨ ਕੌਮਾਂਤਰੀ ਮੰਚਾਂ ’ਤੇ ਜਿਸ ਤਰ੍ਹਾਂ ਸੰਸਾਰਿਕ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੌਮਾਂਤਰੀ ਮਾਮਲਿਆਂ ਵਿਚ ਭਾਰਤ ਦੀ ਭੂਮਿਕਾ ਵੱਧ ਅਤੇ ਮਜ਼ਬੂਤ ਹੋ ਰਹੀ ਹੈ। ਇਸ ਦਾ ਇਕ ਸਬੂਤ ਅਜੇ ਹਾਲ ਹੀ ਵਿਚ ਅਸੀਂ ਹੀਰੋਸ਼ਿਮਾ, ਫਿਜੀ ਅਤੇ ਆਸਟ੍ਰੇਲੀਆ ਵਿਚ ਵੀ ਦੇਖਿਆ। ਭਾਰਤ ਵਿਚ ਜੀ-20 ਦਾ ਜਿਸ ਤਰ੍ਹਾਂ ਸਫਲ ਆਯੋਜਨ ਹੋਇਆ, ਉਹ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਵਾਲਾ ਹੈ। ਸ਼੍ਰੀਨਗਰ ਵਿਚ ਜੀ-20 ਦੀ ਬੈਠਕ ਦਾ ਸਫਲ ਆਯੋਜਨ ਸੰਸਾਰਿਕ ਮੰਚ ’ਤੇ ਭਾਰਤ ਦੇ ਵਧਦੇ ਕਦਮ ਦਾ ਮਜ਼ਬੂਤ ਹਸਤਾਖਰ ਹੈ। ਸ਼੍ਰੀਨਗਰ ਦੇ ਨਾਲ ਲੱਦਾਖ ਅਤੇ ਅਰੁਣਾਚਲ ਵਿਚ ਜੀ-20 ਦੀਆਂ ਬੈਠਕਾਂ ਦਾ ਆਯੋਜਨ ‘ਇਕ ਭਾਰਤ-ਸ੍ਰੇਸ਼ਠ ਭਾਰਤ’ ਦੇ ਦਰਸ਼ਨ ਨੂੰ ਮਹਿਸੂਸ ਕਰਵਾਉਂਦਾ ਹੈ। ਇਸ ਕਾਲਖੰਡ ਵਿਚ ਦੇਸ਼ ਦੇ ਪਿੰਡ, ਗਰੀਬ, ਕਿਸਾਨ, ਦਲਿਤ, ਪੀੜਤ, ਸ਼ੋਸ਼ਿਤ, ਵਾਂਝੇ, ਪੱਛੜੇ, ਔਰਤਾਂ ਅਤੇ ਨੌਜਵਾਨ ਸਾਰੇ ਮਜ਼ਬੂਤ ਹੋਏ ਹਨ। ਅੱਜ ਭਾਰਤ ਦੀਆਂ ਬੇਟੀਆਂ ਹਰ ਖੇਤਰ ਵਿਚ ਆਪਣਾ ਝੰਡਾ ਲਹਿਰਾ ਰਹੀਆਂ ਹਨ। ਦੇਸ਼ ਦੇ ਨੌਜਵਾਨ ਸੰਸਾਰਿਕ ਮੰਚ ’ਤੇ ਆਪਣੀ ਛਾਪ ਛੱਡ ਰਹੇ ਹਨ। ਸਮਾਜਿਕ ਨਿਆਂ ਲਈ ਨਰਿੰਦਰ ਮੋਦੀ ਸਰਕਾਰ ਸਮਰਪਿਤ ਰਹੀ ਹੈ ਕਿਉਂਕਿ ਸਰਕਾਰ ਦੀ ਕਾਰਜ ਸੰਸਕ੍ਰਿਤੀ ਦਾ ਆਧਾਰ ਹੀ ‘ਸਬਕਾ ਸਾਥ, ਸਬਕਾ ਵਿਕਾਸ’ ਰਿਹਾ ਹੈ।
ਬੀਤੇ 9 ਸਾਲਾਂ ਵਿਚ ਲਗਭਗ 48 ਕਰੋੜ ਲੋਕਾਂ ਲਈ ਬੈਂਕ ਦੇ ਦੁਆਰ ਖੁੱਲ੍ਹੇ, ਬਿਜਲੀ ਤੋਂ ਵਾਂਝੇ 18 ਹਜ਼ਾਰ ਤੋਂ ਵੱਧ ਪਿੰਡਾਂ ਅਤੇ ਲਗਭਗ 4 ਕਰੋੜ ਘਰਾਂ ਵਿਚ ਬਿਜਲੀ ਪੁੱਜੀ, ਲਗਭਗ 3 ਕਰੋੜ ਗਰੀਬਾਂ ਦੇ ਘਰ ਬਣੇ, ਲਗਭਗ 11 ਕਰੋੜ ਟਾਇਲੈਟ ਬਣਾਏ ਗਏ, 9.5 ਕਰੋੜ ਗੈਸ ਕੁਨੈਕਸ਼ਨ ਵੰਡੇ ਗਏ, ਦੇਸ਼ ਦੇ 55 ਕਰੋੜ ਲੋਕਾਂ ਨੂੰ ਆਯੁਸ਼ਮਾਨ ਭਾਰਤ ਦਾ ਕਵਚ ਦਿੱਤਾ ਗਿਆ, ਕਰੋੜਾਂ ਐੱਲ. ਈ. ਡੀ. ਬੱਲਬ ਵੰਡੇ ਗਏ, ਲੱਖਾਂ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਗਿਆ, ਕਿਸਾਨਾਂ ਅਤੇ ਮਜ਼ਦੂਰਾਂ ਲਈ ਮਾਸਿਕ ਪੈਨਸ਼ਨ ਦੀ ਵਿਵਸਥਾ ਕੀਤੀ ਗਈ ਅਤੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਿਸਾਨ ਸਨਮਾਨ ਫੰਡ ਤਹਿਤ ਮਜ਼ਬੂਤ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਜ਼ਰੂਰੀ ਰਾਸ਼ਨ ਮੁਫਤ ਵਿਚ ਦਿੱਤਾ ਜਾ ਰਿਹਾ ਹੈ। ਇਹੀ ਤਾਂ ਉਹ ਬੁਨਿਆਦੀ ਆਯਾਮ ਹਨ, ਜਿਨ੍ਹਾਂ ਦੀ ਭਾਰਤ ਸਾਲਾਂ ਤੋਂ ਉਡੀਕ ਕਰ ਰਿਹਾ ਸੀ। ਅੱਜ ਲਾਭਪਾਤਰੀਆਂ ਦੇ ਹੱਕ ਦਾ ਪੈਸਾ ਬਿਨਾਂ ਕਿਸੇ ਵਿਚੋਲੀਏ ਦੇ ਸਿੱਧੇ ਉਨ੍ਹਾਂ ਦੇ ਬੈਂਕ ਅਕਾਊਂਟ ਵਿਚ ਟਰਾਂਸਫਰ ਹੋ ਰਿਹਾ ਹੈ। ਇਸ ਵਿਚ ਜੋ ਪਹਿਲਾਂ ਲੀਕੇਜ ਹੋ ਰਿਹਾ ਸੀ, ਉਸ ਨੂੰ ਖਤਮ ਕਰ ਕੇ ਇਸ ਪੈਸੇ ਦੀ ਵਰਤੋਂ ਗਰੀਬ ਭਲਾਈ ਯੋਜਨਾਵਾਂ ਵਿਚ ਕੀਤੀ ਜਾ ਰਹੀ ਹੈ। ਮੈਂ ਖਬਰ ਪੜ੍ਹੀ ਹੈ ਕਿ ਡੀ. ਬੀ. ਟੀ. ਰਾਹੀਂ ਲਗਭਗ 27 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲਾਭਪਾਤਰੀਆਂ ਦੇ ਅਕਾਊਂਟ ਵਿਚ ਹੁਣ ਤੱਕ ਟਰਾਂਸਫਰ ਕੀਤੀ ਜਾ ਚੁੱਕੀ ਹੈ। ਬੀਤੇ 9 ਸਾਲਾਂ ਵਿਚ ਦੇਸ਼ ’ਚ ਪ੍ਰਤੀ ਵਿਅਕਤੀ ਆਮਦਨ ਅਤੇ ਕਿਸਾਨਾਂ ਦੀ ਆਮਦਨ ਵਿਚ ਵਿਆਪਕ ਵਾਧਾ ਹੋਇਆ ਹੈ। ਹਰ ਪਿੰਡ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ ਗਿਆ ਹੈ। ਰਾਸ਼ਟਰੀ ਰਾਜਮਾਰਗ ਦਾ ਵਿਆਪਕ ਵਿਸਤਾਰ ਹੋਇਆ ਹੈ। ਇਨਫਰਾਸਟਰੱਕਚਰ ਡਿਵੈਲਪਮੈਂਟ ਵਿਚ ਭਾਰਤ ਦੀ ਤਰੱਕੀ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ ਦੇਸ਼ ਨੂੰ ਹਰ ਮੋਰਚੇ ’ਤੇ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ ਸਗੋਂ ਉਹ ਇਤਿਹਾਸ ਦੀਆ ਕਈ ਗਲਤੀਆਂ ਨੂੰ ਵੀ ਸੁਧਾਰ ਰਹੇ ਹਨ ਅਤੇ ‘ਨਿਊ ਇੰਡੀਆ’ ਦੇ ਮਜ਼ਬੂਤ ਸੰਕਲਪ ਨੂੰ ਸਾਕਾਰ ਕਰ ਰਹੇ ਹਨ। ਬੀਤੇ 9 ਸਾਲਾਂ ਵਿਚ ਭਾਰਤ ਨੇ ਕਈ ਵਿਵਾਦਪੂਰਨ ਮੁੱਦਿਆਂ ਦਾ ਸਥਾਈ ਹੱਲ ਯਕੀਨੀ ਬਣਾਇਆ। ਅਯੁੱਧਿਆ ਵਿਚ ਸ਼ਾਨਦਾਰ ਸ਼੍ਰੀ ਰਾਮ ਮੰਦਰ ਬਣ ਰਿਹਾ ਹੈ, ਜੰਮੂ-ਕਸ਼ਮੀਰ ’ਚੋਂ ਧਾਰਾ 370 ਖਤਮ ਹੋਈ, ਅੱਤਵਾਦ ’ਤੇ ਫੈਸਲਾਕੁੰਨ ਹਮਲਾ ਹੋਇਆ ਅਤੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਆਜ਼ਾਦੀ ਮਿਲੀ। ਬੀਤੇ 9 ਸਾਲਾਂ ਵਿਚ ਦੇਸ਼ ਗੁਲਾਮੀ ਦੀ ਹਰ ਸੋਚ ਤੋਂ ਮੁਕਤੀ ਹਾਸਲ ਕਰਨ ਦੀ ਰਾਹ ’ਤੇ ਚੱਲ ਪਿਆ ਹੈ। ਰੇਸ ਕੋਰਸ ਰੋਡ ਲੋਕ ਭਲਾਈ ਮਾਰਗ ਦੇ ਰੂਪ ਵਿਚ ਸਥਾਪਤ ਹੋਇਆ, ਰਾਜਪਥ ਹੁਣ ਕਰਤੱਵਿਆ ਪਥ ਹੈ, ਨੈਸ਼ਨਲ ਵਾਰ ਮੈਮੋਰੀਅਲ ਬਣਿਆ, ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਲੱਗੀ, ਸਰਦਾਰ ਪਟੇਲ ਨੂੰ ਸਮਰਪਿਤ ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ ਯੂਨਿਟੀ ਬਣੀ।
ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ। ਅੱਜ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਪਰ ਇੰਨੇ ਸਾਲਾਂ ਬਾਅਦ ਵੀ ਲੋਕਤੰਤਰ ਦਾ ਸਾਡਾ ਮੰਦਰ ਸੰਸਦ ਬ੍ਰਿਟਿਸ਼ ਕਾਲ ਵਿਚ ਬਣੇ ਭਵਨ ਵਿਚ ਚੱਲ ਰਿਹਾ ਸੀ, ਜਿਸ ਨੂੰ ਸੰਸਦ ਭਵਨ ਦੇ ਰੂਪ ਵਿਚ ਬਣਾਇਆ ਹੀ ਨਹੀਂ ਗਿਆ ਸੀ। ਸਾਲਾਂ ਤੋਂ ਨਵੇਂ ਸੰਸਦ ਭਵਨ ਦੀ ਲੋੜ ਸੀ। ਮੈਂ ਵੀ ਇਕ ਸੰਸਦ ਮੈਂਬਰ ਦੇ ਰੂਪ ’ਚ ਇਕ ਨਵੇਂ ਭਵਨ ਦੀ ਲੋੜ ਮਹਿਸੂਸ ਕੀਤੀ ਸੀ। ਕਈ ਵਾਰ ਇਸ ’ਤੇ ਚਰਚਾ ਹੋਈ ਪਰ ਪਹਿਲ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਦਾ ਬੀੜਾ ਉਠਾਇਆ ਅਤੇ ਰਿਕਾਰਡ ਸਮੇਂ ਵਿਚ ਸਾਡਾ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੋਇਆ। ਪੂਰਾ ਦੇਸ਼ ਇਸ ਇਤਿਹਾਸਕ ਪਲ ਦਾ ਗਵਾਹ ਬਣਿਆ। ਇਹ ਭਾਰਤ ਦੇ ਮਹਾਨ ਲੋਕਤੰਤਰਿਕ ਮੁੱਲਾਂ ਦੀ ਸੁਰੱਖਿਆ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ। ਸੰਸਦ ਭਵਨ ਵਿਚ ਦੇਸ਼ ਦੀ ਆਜ਼ਾਦੀ ਦੇ ਸਮੇਂ ਸੱਤਾ ਟਰਾਂਸਫਰ ਦੇ ਪ੍ਰਤੀਕ ਸੇਂਗੋਲ ਨੂੰ ਵੀ ਪੂਰੇ ਵਿਧੀ-ਵਿਧਾਨ ਨਾਲ ਸਥਾਪਤ ਕੀਤਾ ਗਿਆ, ਜੋ ਸਾਡੀ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਦਾ ਸੁਭਾਗ ਮੈਨੂੰ ਵੀ ਮਿਲਿਆ। ਨਰਿੰਦਰ ਮੋਦੀ ਸਰਕਾਰ ਦੇ 9 ਸਾਲਾਂ ਵਿਚ ਭਾਰਤ ਨੇ ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਇਸ ਨੂੰ ਦੇਸ਼ ਲਈ ਮੌਕੇ ਵਿਚ ਬਦਲਿਆ ਹੈ। ਕੋਰੋਨਾ ਕਾਲ ’ਚ ਦੇਸ਼ ਨੇ ਜਿਸ ਤਰ੍ਹਾਂ ਇਕਜੁੱਟਤਾ ਦਿਖਾਈ ਅਤੇ ਇਸ ਨੂੰ ਮਾਤ ਦਿੱਤੀ, ਉਹ ਵਾਕਈ ਕਾਬਿਲੇ ਤਾਰੀਫ ਹੈ। ਕੋਰੋਨਾ ਅਤੇ ਰੂਸ-ਯੂਕ੍ਰੇਨ ਜੰਗ ਅਤੇ ਦੁਨੀਆ ਵਿਚ ਆਈ ਆਰਥਿਕ ਮੰਦੀ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ ਰਫਤਾਰ ਨਾਲ ਆਰਥਿਕ ਵਿਕਾਸ ਕਰ ਰਿਹਾ ਹੈ। ਨਰਿੰਦਰ ਮੋਦੀ ਸਰਕਾਰ ਦੇ ਵਿਜ਼ਨ ਨਾਲ ਭਾਰਤ 9 ਸਾਲਾਂ ਵਿਚ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣਿਆ। ਭਾਰਤ ਰੱਖਿਆ ਖੇਤਰ ਵਿਚ ਵੀ ਆਤਮਨਿਰਭਰਤਾ ਵੱਲ ਅਗਾਂਹਵਧੂ ਹੈ। ਭਾਰਤ ਅੱਜ ਰੱਖਿਆ ਉਤਪਾਦਾਂ ਦੀ ਬਰਾਮਦ ਵੀ ਕਰ ਰਿਹਾ ਹੈ। ਸਰਹੱਦੀ ਸੁਰੱਖਿਆ ਮਜ਼ਬੂਤ ਹੋਈ ਹੈ। ਸਰਹੱਦੀ ਸੁਰੱਖਿਆ ਅਤੇ ਸਰਹੱਦ ’ਤੇ ਵਸੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਸ਼ੁਰੂ ਹੋਏ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੀ ਜਿੰਨੀ ਤਾਰੀਫ ਕੀਤੀ ਜਾਵੇ, ਘੱਟ ਹੈ। ਬੀਤੇ 9 ਸਾਲਾਂ ਵਿਚ ਅਜਿਹੇ ਕਈ ਪ੍ਰਾਜੈਕਟ ਪੂਰੇ ਹੋਏ, ਜਿਨ੍ਹਾਂ ਨੂੰ ਸਾਲਾਂ ਪਹਿਲਾਂ ਉਦਘਾਟਨ ਦਾ ਪੱਥਰ ਲਾ ਕੇ ਜਾਂ ਫਿਰ ਕੰਮ ਸ਼ੁਰੂ ਕਰਨ ਦੀ ਖਾਨਾਪੂਰਤੀ ਕਰ ਕੇ ਅਧੂਰਾ ਛੱਡ ਦਿੱਤਾ ਗਿਆ ਸੀ। ਲਗਭਗ 400 ਤੋਂ ਵੱਧ ਪ੍ਰਾਜੈਕਟ ਅਜਿਹੇ ਸਨ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਉਦਘਾਟਨ ਕਰ ਕੇ ਛੱਡ ਦਿੱਤਾ ਸੀ। ਇਨ੍ਹਾਂ ਨਾਲ ਨਾ ਦੇਸ਼ ਨੂੰ ਲਾਭ ਮਿਲ ਰਿਹਾ ਸੀ ਅਤੇ ਇਸ ਦੀ ਲਾਗਤ ਵੀ ਵਧਦੀ ਜਾ ਰਹੀ ਸੀ। ਕਈ ਪ੍ਰਾਜੈਕਟ 30-40 ਸਾਲ ਤੋਂ ਅਧੂਰੇ ਲਟਕੇ ਹੋਏ ਸਨ। ਨਰਿੰਦਰ ਮੋਦੀ ਸਰਕਾਰ ਨੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਰਿਕਾਰਡ ਸਮੇਂ ਵਿਚ ਪੂਰਾ ਕਰ ਕੇ ਦੇਸ਼ ਨੂੰ ਸਮਰਪਿਤ ਕੀਤਾ।
ਮੈਂ ਬੀਤੇ 9 ਸਾਲਾਂ ਨੂੰ ਭਾਰਤ ਦੀ ਉਮੀਦ ਅਤੇ ਭਰੋਸੇ ਦੇ 9 ਸਾਲ ਮੰਨਦਾ ਹਾਂ, ਜਿਥੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਆਪਣੇ ਦੇਸ਼ ’ਤੇ ਮਾਣ ਹੋਇਆ ਹੈ। ਬੀਤੇ 9 ਸਾਲਾਂ ਵਿਚ ਭਾਰਤ ਤਰੱਕੀ, ਕੁਦਰਤ, ਮਨੁੱਖਤਾ ਅਤੇ ਲੋਕ-ਭਲਾਈ ਦਾ ਅਦਭੁੱਤ ਸੰਗਮ ਬਣਿਆ ਹੈ। ਇਨ੍ਹਾਂ 9 ਸਾਲਾਂ ਵਿਚ ਭਵਿੱਖ ਦੇ ਭਾਰਤ ਦੀ ਨੀਂਹ ਰੱਖੀ ਹੈ, ਜੋ 2047 ਵਿਚ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਵਿਚ ਸਹਾਇਕ ਹੋਵੇਗੀ। ਆਓ, ਅਸੀਂ ਸਭ ਦੇਸ਼ਵਾਸੀ ਇਕਜੁੱਟ ਹੋ ਕੇ ਦੇਸ਼ ਦੇ ਮੁੜ ਨਿਰਮਾਣ ਦੇ ਯੱਗ ਵਿਚ ਆਪਣੀ ਆਹੂਤੀ ਪਾਈਏ ਅਤੇ ਭਾਰਤ ਨੂੰ ਵਿਸ਼ਵ ਗੁਰੂ ਦੇ ਅਹੁਦੇ ’ਤੇ ਸਥਾਪਤ ਕਰਨ ਵਿਚ ਆਪਣੇ ਆਪ ਨੂੰ ਸਮਰਪਿਤ ਕਰੀਏ।
ਰਾਮ ਨਾਥ ਕੋਵਿੰਦ
ਸਾਬਕਾ ਰਾਸ਼ਟਰਪਤੀ, ਭਾਰਤ
ਪ੍ਰਸ਼ਾਂਤ ਖੇਤਰ ’ਚ ਚੀਨ ਨੂੰ ਚੁੱਪਚਾਪ ਜਵਾਬ ਦਿੰਦਾ ਜਾਪਾਨ
NEXT STORY