ਅੱਜਕਲ ਚੀਨ ’ਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਹ ਸਭ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਹੁਣ ਚੀਨ ’ਚ ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਹਿਲਾਂ ਵਰਗੀ ਗੱਲ ਨਹੀਂ ਰਹੀ। ਰੀਅਲ ਅਸਟੇਟ ਦਾ ਦਿਵਾਲੀਆਪਣ, ਬਿਜਲੀ ਦੀ ਸਪਲਾਈ ਲਈ ਕੋਲੇ ਦੀ ਭਾਰੀ ਕਮੀ, ਚੀਨ ਦੀ ਡਿੱਗਦੀ ਬਰਾਮਦ, ਉਈਗਰ ਅਤੇ ਤਿੱਬਤ ਦੀ ਸਮੱਸਿਆ, ਹਾਂਗਕਾਂਗ ’ਚ ਚੱਲ ਰਹੇ ਲੋਕਰਾਜੀ ਦਿਖਾਵਿਆਂ ਨੂੰ ਬੇਰਹਿਮੀ ਨਾਲ ਕੁਚਲਣਾ ਅਤੇ ਇਸ ਦੇ ਨਾਲ ਹੀ ਆਪਣੇ ਢੇਰ ਸਾਰੇ ਗੁਆਂਢੀਆਂ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਚੀਨ ਦੇ ਚੰਗੇ ਭਵਿੱਖ ਲਈ ਚੰਗੇ ਸੰਕੇਤ ਨਹੀਂ ਹਨ। ਤਿੰਨ ਦਹਾਕੇ ਪਹਿਲਾਂ ਚੀਨ ਨੇ ਜੋ ਤਰੱਕੀ ਦੀ ਰਫ਼ਤਾਰ ਦੇਖੀ ਸੀ, ਉਸ ਦੀ ਸ਼ੁਰੂਆਤ ਦੀ ਦਰ ਅਸਲ ’ਚ ਚਾਰ ਦਹਾਕੇ ਪਹਿਲਾਂ ਚੀਨ ਦੇ ਨੰਬਰ 2 ਸ਼ਕਤੀਸ਼ਾਲੀ ਵਿਅਕਤੀ ਤੰਗ ਸ਼ਯਾਓਫਿੰਗ ਨੇ ਆਰਥਿਕ ਉਦਾਰੀਕਰਨ ਨਾਲ ਕੀਤੀ ਸੀ। ਚੀਨ ਦੀ ਕਮਿਊਨਿਸਟ ਸਰਕਾਰ ਨੇ ਸਾਲ 1978 ’ਚ ਜੋ ਆਰਥਿਕ ਮੁੜ ਨਿਰਮਾਣ ਦੀ ਸ਼ੁਰੂਆਤ ਕੀਤੀ ਸੀ, ਦਾ ਅਸਲੀ ਨਤੀਜਾ ਚੀਨ ਨੂੰ ਸਾਲ 1989-90 ’ਚ ਮਿਲਣਾ ਸ਼ੁਰੂ ਹੋਇਆ। ਉਸ ਪਿੱਛੋਂ ਚੀਨ ਨੇ ਜੋ ਆਰਥਿਕ ਤਰੱਕੀ ਕੀਤੀ, ਉਸ ਦੀ ਮਿਸਾਲ ਆਧੁਨਿਕ ਦੁਨੀਆ ’ਚ ਕਿਤੇ ਵੀ ਨਹੀਂ ਮਿਲਦੀ। ਉਦਯੋਗੀਕਰਨ ਦੀ ਜੋ ਤਰੱਕੀ ਪੱਛਮੀ ਦੁਨੀਆ ਨੂੰ ਹਾਸਲ ਕਰਨ ’ਚ ਕਈ ਦਹਾਕੇ ਲੱਗ ਗਏ, ਚੀਨ ਨੇ ਉਸ ਨੂੰ ਸਿਰਫ 30 ਸਾਲਾਂ ’ਚ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਪਿੱਛੋਂ ਚੀਨ ਦੁਨੀਆ ਦੀ ਫੈਕਟਰੀ ਬਣ ਗਿਆ ਅਤੇ ਦੁਨੀਆ ਦੀ ਦੂਜੀ ਵੱਡੀ ਆਰਥਿਕ ਮਹਾਸ਼ਕਤੀ ਵੀ ਬਣ ਗਿਆ। ਪਿਛਲੇ ਕੁਝ ਸਾਲਾਂ ’ਚ ਚੀਨ ਵਿਚ ਤਬਦੀਲੀ ਦੀ ਲਹਿਰ ਨਜ਼ਰ ਆ ਰਹੀ ਹੈ। ਇਹ ਚੀਨ ਲਈ ਚੰਗੀ ਤਬਦੀਲੀ ਨਹੀਂ ਹੈ। 2021 ਦੀ ਤੀਜੀ ਤਿਮਾਹੀ ’ਚ ਚੀਨ ਦੀ ਕੁਲ ਘਰੇਲੂ ਉਤਪਾਦਨ ਦੀ ਰਫ਼ਤਾਰ 4.9 ਫੀਸਦੀ ’ਤੇ ਆ ਗਈ, ਜੋ ਪਿਛਲੇ ਸਾਲ ਦੇ ਇਸੇ ਸਮੇਂ ’ਚ 7.9 ਫੀਸਦੀ ਸੀ। ਇਹ ਅੰਕੜੇ ਆਰਥਿਕ ਤਰੱਕੀ ਦੀ ਅਨੁਮਾਨਤ ਦਰ 5.2 ਫੀਸਦੀ ਤੋਂ ਕੁਝ ਘੱਟ ਹਨ। ਇਸ ਰੁਕਦੀ ਰਫ਼ਤਾਰ ਦੇ ਪਿੱਛੇ ਪਹਿਲੀ ਨਜ਼ਰ ’ਚ ਜਿਹੜੇ 2 ਵੱਡੇ ਕਾਰਨ ਨਜ਼ਰ ਆਉਂਦੇ ਹਨ, ਉਹ ਕੋਲੇ ਦੀ ਕਮੀ ਹੈ, ਜਿਸ ਕਾਰਨ ਚੀਨ ਦੇ ਕਈ ਇਲਾਕਿਆਂ ’ਚ ਬਿਜਲੀ ਗੁੱਲ ਹੈ। ਦੂਜਾ ਵੱਡਾ ਕਾਰਨ ਰੀਅਲ ਅਸਟੇਟ ਸੈਕਟਰ ਦਾ ਦੀਵਾਲੀਆ ਹੋਣਾ ਹੈ।
ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਨੇ ਸਿੱਧਾ ਅਸਰ ਪਾਇਆ ਹੈ। ਵਿਨਿਰਮਾਣ ਦੇ ਰੁਕਣ ਨਾਲ ਚੀਨ ਦੀ ਦਰਾਮਦ ’ਚ ਭਾਰੀ ਕਮੀ ਆਈ ਹੈ। ਬਿਜਲੀ ਦੀ ਭਾਰੀ ਕਮੀ ਕਾਰਨ ਚੀਨ ਦੀ ਕੇਂਦਰ ਸਰਕਾਰ ਨੂੰ 20 ਸੂਬਿਆਂ ਅਤੇ ਹੋਰਨਾਂ ਖੇਤਰਾਂ ’ਚ ਬਿਜਲੀ ਦੀ ਵਰਤੋਂ ’ਤੇ ਰਾਸ਼ਨਿੰਗ ਕਰਨੀ ਪਈ ਹੈ। ਇਸ ਕਾਰਨ ਚੀਨ ਦੇ ਕੁੱਲ ਘਰੇਲੂ ਉਤਪਾਦਨ ’ਤੇ 66 ਫੀਸਦੀ ਅਸਰ ਪਿਆ ਹੈ। ਸੈਂਕੜੇ ਫੈਕਟਰੀਆਂ ’ਚ ਕੰਮ ਬੰਦ ਕਰਨਾ ਪਿਆ ਹੈ। ਕਈ ਘਰਾਂ ’ਚ ਕਈ-ਕਈ ਘੰਟੇ ਬਿਜਲੀ ਬੰਦ ਰਹੀ ਹੈ। ਰੀਅਲ ਅਸਟੇਟ ਸੈਕਟਰ ਦੇ ਦੀਵਾਲੀਆ ਹੋਣ ਕਾਰਨ ਚੀਨ ਨੂੰ ਵੱਡਾ ਝਟਕਾ ਲੱਗਾ ਹੈ। ਇਸ ਸੈਕਟਰ ਦੀ ਸਭ ਤੋਂ ਕਮਜ਼ੋਰ ਕੜੀ ਐਵਰਗਰਾਂਡੇ ਹੈ, ਜਿਸ ਦੇ ਦੀਵਾਲੀਆ ਹੋਣ ਨਾਲ ਚੀਨ ਦੇ ਕੁੱਲ ਘਰੇਲੂ ਉਤਪਾਦਨ ’ਤੇ ਬਹੁਤ ਮਾੜਾ ਅਸਰ ਹੋਇਆ ਹੈ ਕਿਉਂਕਿ ਚੀਨ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਰੀਅਲ ਅਸਟੇਟ ਨਾਲ ਜੁੜਿਆ ਹੈ। ਚੀਨ ਦੇ ਕਈ ਪੁਰਾਣੇ ਸ਼ਹਿਰਾਂ ਸੰਬੰਧੀ ਅਕਸਰ ਮੀਡੀਆ ਤੋਂ ਜਾਣਕਾਰੀ ਮਿਲਦੀ ਰਹਿੰਦੀ ਹੈ। ਉਥੇ ਖਾਲੀ ਅਪਾਰਮੈਂਟ, ਖਾਲੀ ਸ਼ਾਪਿੰਗ ਮਾਲ ਅਤੇ ਖਾਲੀ ਸ਼ਹਿਰ ਦਿਖਾਏ ਜਾਂਦੇ ਹਨ। ਸਮੁੱਚੀ ਦੁਨੀਆ ’ਚ ਸਭ ਤੋਂ ਵੱਧ ਖਾਲੀ ਮਕਾਨ ਅਤੇ ਦੁਕਾਨਾਂ ਚੀਨ ’ਚ ਵੀ ਹਨ। ਚੀਨ ਦੀ ਨਿਰਭਰਤਾ ਰੀਅਲ ਅਸਟੇਟ ’ਤੇ ਕੁਝ ਵਧੇਰੇ ਹੀ ਹੈ। ਅਜਿਹਾ ਹਾਲ ਸਪੇਨ ਦਾ ਸੀ ਪਰ ਸਪੇਨ ’ਚ ਰੀਅਲ ਅਸਟੇਟ ਦਾ ਬੁਲਬੁਲਾ 2008 ’ਚ ਫਟ ਗਿਆ। ਚੀਨ ’ਚ ਰੀਅਲ ਅਸਟੇਟ ਨੂੰ ਅੱਗੇ ਵਧਾਉਣ ਲਈ ਦੇਸ਼ ਦੀ ਸਰਕਾਰ ਨੇ ਨਿੱਜੀ ਬਿਲਡਰਾਂ ਅਤੇ ਵਿੱਤੀ ਅਦਾਰਿਆਂ ਨੂੰ ਸਸਤੇ ਕਰਜ਼ੇ ਮੁਹੱਈਆ ਕਰਵਾਏ, ਜੋ ਚੀਨ ਦੀ ਆਰਥਿਕ ਹਾਲਤ ਲਈ ਘਾਤਕ ਸਾਬਿਤ ਹੋਏ।
ਚੀਨ ਦੀ ਅਰਥਵਿਵਸਥਾ ਦੇ ਕਮਜ਼ੋਰ ਹੋਣ ਦਾ ਤੀਜਾ ਵੱਡਾ ਕਾਰਨ ਮੂਲ ਢਾਂਚਿਆਂ ’ਤੇ ਲੋੜ ਤੋਂ ਵੱਧ ਖਰਚ ਕਰਨਾ ਹੈ। ਉਂਝ ਕਿਸੇ ਵੀ ਦੇਸ਼ ਦੀ ਮਜ਼ਬੂਤ ਅਰਥਵਿਵਸਥਾ ਦਾ ਸਿੱਧਾ ਸੰਬੰਧ ਉਥੋਂ ਦੇ ਮਜ਼ਬੂਤ ਢਾਂਚੇ ਦੀ ਵਿਵਸਥਾ ਨਾਲ ਹੁੰਦਾ ਹੈ ਪਰ ਚੀਨ ਨੇ ਇਸ ਖੇਤਰ ’ਚ ਲੋੜ ਤੋਂ ਵੱਧ ਅਤੇ ਬਿਨਾਂ ਕਿਸੇ ਯੋਜਨਾ ਤੋਂ ਹੀ ਖਰਚ ਕਰ ਲਿਆ ਜੋ ਹੁਣ ਚੀਨ ਲਈ ਸਿਰਦਰਦੀ ਬਣ ਚੁੱਕਾ ਹੈ। ਜੇ ਅਸੀਂ ਚੀਨ ਦੀ ਬੁਲੇਟ ਟਰੇਨ ਦੀ ਗੱਲ ਕਰੀਏ ਤਾਂ 2000 ਦੇ ਸ਼ੁਰੂ ’ਚ ਚੀਨ ਨੇ ਬੁਲੇਟ ਟਰੇਨ ’ਤੇ ਖਰਚ ਕਰਨਾ ਸ਼ੁਰੂ ਕੀਤਾ ਸੀ ਤਾਂ ਉਦੋਂ ਚੀਨ ਦੀ ਅਰਥਵਿਵਸਥਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਇਸ ਕਾਰਨ ਚੀਨ ਦੇ ਪਿੰਡਾਂ ਦੇ ਲੋਕ ਰੁਜ਼ਗਾਰ ਅਤੇ ਵਧੀਆ ਜ਼ਿੰਦਗੀ ਬਿਤਾਉਣ ਲਈ ਸ਼ਹਿਰਾਂ ਵੱਲ ਆ ਰਹੇ ਸਨ। ਇਸ ਲਈ ਰੇਲਵੇ ਦਾ ਵੱਡਾ ਨੈੱਟਵਰਕ ਤਿਆਰ ਕਰਨਾ ਚੀਨ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਸਮੇਂ ਹਵਾਈ ਯਾਤਰਾ ਅਤੇ ਆਪਣੀ ਮੋਟਰਗੱਡੀ ਰਾਹੀਂ ਸ਼ਹਿਰਾਂ ਤੋਂ ਆਪਣੇ ਜੱਦੀ ਇਲਾਕਿਆਂ ’ਚ ਜਾਣਾ ਮਹਿੰਗਾ ਸੌਦਾ ਸੀ। ਇਸ ਲਈ ਚੀਨ ਸਰਕਾਰ ਨੇ ਉਸ ਸਮੇਂ ਬੁਲੇਟ ਟਰੇਨ ’ਤੇ ਖਰਚ ਕਰਨਾ ਸ਼ੁਰੂ ਕੀਤਾ ਸੀ।
ਸਾਲ 2008-09 ਦੀ ਆਰਥਿਕ ਮੰਦੀ ਦੌਰਾਨ ਸਰਕਾਰ ਨੇ ਬੁਲੇਟ ਟਰੇਨ ਬਣਾਉਣ ’ਚ ਜ਼ਿਆਦਾ ਪੈਸਾ ਖਰਚ ਕੀਤਾ ਤਾਂ ਜੋ ਆਰਥਿਕ ਮੰਦੀ ’ਚੋਂ ਬਾਹਰ ਨਿਕਲਿਆ ਜਾਵੇ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਚੀਨ ਦੀ ਅਰਥਵਿਵਸਥਾ ਸੰਭਲ ਗਈ। ਬੁਲੇਟ ਟਰੇਨ ਤੋਂ ਲਗਾਤਾਰ ਹੋਣ ਵਾਲੀ ਆਮਦਨ ਨੇ ਚੀਨ ਦੀ ਅਰਥਵਿਵਸਥਾ ਨੂੰ ਕੁਝ ਸਮੇਂ ਤਕ ਸੰਭਾਲਿਆ ਪਰ ਸੱਚਾਈ ਇਹ ਹੈ ਕਿ ਬੀਜਿੰਗ-ਸ਼ਾਂਗਹਾਈ-ਕਵਾਨਚੌ ਵਾਲੀ ਲਾਈਨ ਹੀ ਮੁਨਾਫੇ ’ਚ ਚਲਦੀ ਹੈ। ਬਾਕੀ ਬੁਲੇਟ ਟਰੇਨਾਂ ਦੀਆਂ ਲਾਈਨਾਂ ਚੀਨ ਦੀ ਅਰਥਵਿਵਸਥਾ ’ਤੇ ਭਾਰ ਹਨ। ਉਨ੍ਹਾਂ ਦੀ ਸੇਵਾ ਸੰਭਾਲ ’ਤੇ ਭਾਰੀ ਖਰਚ ਹੋ ਰਿਹਾ ਹੈ। ਚੀਨ ਸਰਕਾਰ ਦੁਨੀਆ ਨੂੰ ਆਪਣੀ ਤਕਨੀਕ ਅਤੇ ਤਰੱਕੀ ਦਿਖਾਉਣਾ ਚਾਹੁੰਦੀ ਸੀ, ਇਸ ਲਈ ਬੁਲੇਟ ਟਰੇਨ ਦੇ ਨਿਰਮਾਣ ਦਾ ਕੰਮ ਚੱਲਣ ਦਿੱਤਾ ਗਿਆ, ਜੋ ਬਹੁਤ ਵਧੇਰੇ ਖਰਚੀਲਾ ਹੈ। ਦੂਜੇ ਪਾਸੇ ਸਾਧਾਰਨ ਰੇਲਵੇ ਲਾਈਨਾਂ ਨੂੰ ਬਣਾਉਣ ’ਚ ਘੱਟ ਖਰਚ ਆਉਂਦਾ ਹੈ। ਉਨ੍ਹਾਂ ’ਤੇ ਮਾਲ ਗੱਡੀਆਂ ਫੈਕਟਰੀਆਂ ’ਚ ਬਣੀਆਂ ਵਸਤਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦੀਆਂ ਹਨ।
ਚੀਨ ਦੀ ਆਰਥਿਕ ਰਫ਼ਤਾਰ ਨੂੰ ਵਧਾਉਣ ’ਚ ਉਥੋਂ ਦੀ ਵੱਡੀ ਆਬਾਦੀ ਨੇ ਵੀ ਆਪਣੀ ਪ੍ਰਮੁੱਖ ਭੂਮਿਕਾ ਨਿਭਾਈ ਪਰ ਸਮੇਂ ਦੇ ਨਾਲ ਮਿਹਨਤੀ ਆਬਾਦੀ ਬੁੱਢੀ ਹੋਣ ਲੱਗੀ। ਚੀਨ ਦੀ ਇਕ ਬੱਚੇ ਦੀ ਨੀਤੀ ਨੇ ਆਬਾਦੀ ’ਤੇ ਰੋਕ ਲਾਈ ਪਰ ਇਸ ਨੇ ਅਨੁਪਾਤਕ ਅਸੰਤੁਲਨ ਪੈਦਾ ਕਰ ਦਿੱਤਾ। ਇਸ ਕਾਰਨ ਅੱਜ ਇਕ ਨੌਜਵਾਨ ਚੀਨੀ ’ਤੇ ਚਾਰ ਬਜ਼ੁਰਗਾਂ ਦਾ ਭਾਰ ਹੈ। ਇਨ੍ਹਾਂ ’ਚ ਨਾਨਾ-ਨਾਨੀ ਅਤੇ ਦਾਦਾ-ਦਾਦੀ ਸ਼ਾਮਲ ਹਨ। ਜਲਦ ਹੀ ਇਸ ’ਚ ਦੋ ਹੋਰ ਵਿਅਕਤੀਆਂ ਦਾ ਵਾਧਾ ਹੋਵੇਗਾ। ਭਾਵ ਇਹ ਕਿ ਉਸ ਨੌਜਵਾਨ ਦੇ ਮਾਤਾ-ਪਿਤਾ ਵੀ ਕੁਝ ਸਾਲਾਂ ’ਚ ਬਜ਼ੁਰਗ ਹੋ ਜਾਣਗੇ। ਹੁਣ ਕੰਮ ਕਰਨ ਤੋਂ ਵੱਧ ਬੁੱਢੀ ਆਬਾਦੀ ਚੀਨ ’ਚ ਹੈ, ਜਿਸ ’ਤੇ ਚੀਨ ਦਾ ਖਰਚ ਵਧੇਰੇ ਹੋਵੇਗਾ। ਇਹ ਵੀ ਚੀਨ ਦੀ ਢਲਦੀ ਅਰਥਵਿਵਸਥਾ ’ਚ ਸਿਉਂਕ ਵਾਂਗ ਕੰਮ ਕਰੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ ਆਪਣੀਆਂ ਇਨ੍ਹਾਂ ਵਿਸ਼ਾਲ ਸਮੱਸਿਆਵਾਂ ’ਚੋਂ ਬਾਹਰ ਕਿਵੇਂ ਨਿਕਲਦਾ ਹੈ? ਇਸ ਦਾ ਸਹੀ ਜਵਾਬ ਆਉਣ ਵਾਲਾ ਸਮਾਂ ਹੀ ਦੇ ਸਕਦਾ ਹੈ।
ਗੁਆਂਢੀ ਕਜ਼ਾਖਿਸਤਾਨ ਸੰਕਟ ’ਚ ਆਪਣੀ ਅਸਫ਼ਲਤਾ ਤੋਂ ਚਿੰਤਿਤ ਚੀਨ
NEXT STORY