ਕੋਲਕਾਤਾ ਦੇ ਬਿਜ਼ਨੈੱਸਮੈਨ ਪਾਰਸਮੱਲ ਲੋਢਾ 'ਤੇ ਜਦੋਂ ਤੋਂ ਈ. ਡੀ. ਸਮੇਤ ਹੋਰ ਜਾਂਚ ਏਜੰਸੀਆਂ ਨੇ ਸ਼ਿਕੰਜਾ ਕੱਸਿਆ ਹੈ, ਕਈ ਵੱਡੇ ਸਿਆਸੀ ਹੁਕਮਰਾਨਾਂ ਦੀ ਆਕੜ ਢਿੱਲੀ ਪੈਂਦੀ ਜਾ ਰਹੀ ਹੈ | ਸੂਤਰ ਦੱਸਦੇ ਹਨ ਕਿ ਲੋਢਾ ਤੋਂ ਪੁੱਛਗਿੱਛ ਦੌਰਾਨ ਇਕ ਤੋਂ ਵਧ ਕੇ ਇਕ ਰਾਜ਼ ਸਾਹਮਣੇ ਆ ਰਹੇ ਹਨ | ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ 8 ਨਵੰਬਰ ਦੀ ਨੋਟਬੰਦੀ ਤੋਂ ਬਾਅਦ ਲੋਢਾ ਗੁਜਰਾਤ ਦੇ ਉਸੇ ਪ੍ਰਸਿੱਧ ਉਦਯੋਗਪਤੀ ਨਾਲ ਕੋਈ ਅੱਧਾ ਦਰਜਨ ਯਾਤਰਾਵਾਂ ਉਸ ਚਾਰਟਰਡ ਜਹਾਜ਼ ਰਾਹੀਂ ਕਰ ਚੁੱਕਾ ਹੈ, ਜਿਸ ਜਹਾਜ਼ ਦੀ ਵਰਤੋਂ ਉਸ ਸੂਬੇ ਦੇ ਮੁੱਖ ਮੰਤਰੀ ਵੀ ਕਰਦੇ ਹਨ | ਅਜਿਹਾ ਇਸ ਜਹਾਜ਼ ਦੇ 'ਰੋਸਟਰ' ਤੋਂ ਪਤਾ ਲੱਗਾ ਹੈ |
ਕਹਿੰਦੇ ਹਨ ਕਿ ਲੋਢਾ ਤੋਂ ਜੋ ਡਿਜੀਟਲ ਡਾਇਰੀ ਜ਼ਬਤ ਹੋਈ ਹੈ, ਉਸ 'ਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਲੈਣ-ਦੇਣ ਦਾ ਜ਼ਿਕਰ ਹੈ | ਇਸ ਵਿਚ ਸੱਤਾਧਾਰੀ ਪਾਰਟੀ ਦੇ ਇਕ ਵੱਡੇ ਨੇਤਾ ਦੇ ਪੁੱਤਰ ਦਾ ਨਾਂ ਵੀ ਦਰਜ ਹੈ | ਇਸ ਤੋਂ ਇਲਾਵਾ ਗੁਜਰਾਤ ਦੇ ਉਸ ਪ੍ਰਸਿੱਧ ਉਦਯੋਗਪਤੀ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਇਸ 'ਚ ਦਰਜ ਹਨ | ਇਸ ਤੋਂ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਲੋਢਾ ਕਾਲੇ ਧਨ ਨੂੰ ਸਫੈਦ ਕਰਨ ਦੇ ਕੰਮ ਵਿਚ ਵੀ ਬਹੁਤ ਸ਼ਿੱਦਤ ਨਾਲ ਲੱਗਾ ਹੋਇਆ ਸੀ | ਇਸ ਡਾਇਰੀ 'ਚ ਸੁਪਰੀਮ ਕੋਰਟ ਦੇ ਇਕ ਸਾਬਕਾ ਚੀਫ ਜਸਟਿਸ ਦਾ ਨਾਂ ਵੀ ਦੱਸਿਆ ਜਾਂਦਾ ਹੈ | ਸੰਚਾਰ ਅਤੇ ਤੇਲ ਖੇਤਰ ਦੇ ਕਾਰੋਬਾਰ ਨਾਲ ਜੁੜੇ ਦੇਸ਼ ਦੇ ਇਕ ਮੁੱਖ ਉਦਯੋਗਪਤੀ ਦਾ ਨਾਂ ਵੀ ਇਸ ਡਾਇਰੀ 'ਚ ਦਰਜ ਹੈ | ਇਹ ਉਹੀ ਉਦਯੋਗਪਤੀ ਹੈ, ਜਿਸ ਦਾ 2-ਜੀ ਸਪੈਕਟ੍ਰਮ ਘਪਲੇ ਵਿਚ ਵੀ ਨਾਂ ਉੱਛਲਿਆ ਸੀ | ਸੂਤਰ ਦੱਸਦੇ ਹਨ ਕਿ ਇਸ ਡਾਇਰੀ ਵਿਚ ਸਹਾਰਾ ਦੇ ਮੁਖੀ ਨਾਲ ਜੁੜੇ ਉਸ ਵਿਜਯ ਸਿੰਘ ਡੋਗਰਾ ਦਾ ਵੀ ਜ਼ਿਕਰ ਹੈ, ਜਿਸ ਨੂੰ ਲੰਡਨ ਦੇ ਚੇਲਸੀ ਦੇ ਇਕ ਏ. ਟੀ. ਐੱਮ. 'ਚੋਂ ਵੱਡੀ ਨਕਦੀ ਨਾਲ ਦਬੋਚਿਆ ਗਿਆ ਸੀ ਅਤੇ ਉਦੋਂ ਤੋਂ ਹੀ ਇਹ 'ਵਾਂਟੇਡ' ਦੀ ਸੂਚੀ 'ਚ ਹੈ |
ਲੋਢਾ ਦੀ ਡਾਇਰੀ ਨੂੰ ਆਧਾਰ ਬਣਾ ਕੇ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਿੱਧੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਲਗਾ ਰਹੇ ਹਨ | ਕੋਲਕਾਤਾ ਦੇ ਇਸ ਬਿਜ਼ਨੈੱਸਮੈਨ ਨੂੰ ਜਦੋਂ ਨਵੇਂ ਕਰੰਸੀ ਨੋਟਾਂ ਦੀ ਵੱਡੀ ਰਕਮ ਨਾਲ ਦਬੋਚਿਆ ਗਿਆ ਸੀ ਤਾਂ ਉਸ ਨੇ ਈ. ਡੀ. ਦੀ ਪੁੱਛਗਿੱਛ ਦੌਰਾਨ ਚੇਨਈ ਦੇ ਬਿਜ਼ਨੈੱਸਮੈਨ ਸ਼ੇਖਰ ਰੈੱਡੀ ਅਤੇ ਦਿੱਲੀ ਦੀ ਇਕ ਲਾਅ ਫਰਮ ਦੇ ਮਾਲਕ ਰੋਹਿਤ ਟੰਡਨ ਦਾ ਨਾਂ ਲਿਆ ਸੀ | ਦੱਸਿਆ ਜਾ ਰਿਹਾ ਹੈ ਕਿ ਲੋਢਾ ਕੋਲ ਅਜਿਹੀਆਂ ਕਈ ਵਿਸਫੋਟਕ ਜਾਣਕਾਰੀਆਂ ਹਨ, ਜਿਨ੍ਹਾਂ ਦੇ ਸਾਹਮਣੇ ਆਉਣ ਨਾਲ ਸਿਆਸੀ ਭੂਚਾਲ ਆ ਸਕਦਾ ਹੈ ਪਰ ਲੱਗਦਾ ਨਹੀਂ ਕਿ ਸਰਕਾਰ ਇਸ ਮਾਮਲੇ ਨੂੰ ਓਨਾ ਅੱਗੇ ਤਕ ਲਿਜਾਏਗੀ, ਜਿਥੇ ਇਸ ਦੇ ਕੁਝ ਛਿੱਟੇ ਉਸ ਦੇ ਆਪਣੇ ਦਾਮਨ 'ਤੇ ਵੀ ਪੈ ਸਕਦੇ ਹਨ |
ਮੰਤਰੀਆਂ ਦਾ ਨਵਾਂ ਵਰ੍ਹਾ ਦੇਸ਼ 'ਚ
ਆਮ ਤੌਰ 'ਤੇ ਨਵਾਂ ਵਰ੍ਹਾ ਵਿਦੇਸ਼ ਵਿਚ ਮਨਾਉਣ ਦੇ ਸ਼ੌਕੀਨ ਭਗਵਾ ਨੇਤਾਵਾਂ ਨੂੰ ਪੀ. ਐੱਮ. ਓ. ਤੋਂ ਸੰਦੇਸ਼ ਆ ਗਿਆ ਹੈ ਕਿ ਕੇਂਦਰ ਸਰਕਾਰ ਦੇ ਸਾਰੇ ਮੰਤਰੀਆਂ ਨੇ ਇਸ ਵਾਰ ਨਵੇਂ ਵਰ੍ਹੇ ਦਾ ਸਵਾਗਤ ਸਾਦੇ ਮਾਹੌਲ 'ਚ ਕਰਨਾ ਹੈ | ਦੱਸਿਆ ਜਾਂਦਾ ਹੈ ਕਿ ਪੀ. ਐੱਮ. ਓ. ਦੇ ਇਸ ਫਰਮਾਨ ਤੋਂ ਬਾਅਦ ਲੱਗਭਗ ਦਰਜਨ ਭਰ ਮੰਤਰੀਆਂ ਨੂੰ ਆਪਣੀਆਂ ਵਿਦੇਸ਼ ਯਾਤਰਾਵਾਂ ਰੱਦ ਕਰਨੀਆਂ ਪਈਆਂ | ਇਥੋਂ ਤਕ ਕਿ ਨਿਤਿਨ ਗਡਕਰੀ ਵਰਗੇ ਘਾਗਾਂ ਨੇ ਵੀ ਆਪਣਾ ਮਨ ਤੇ ਪ੍ਰੋਗਰਾਮ ਬਦਲ ਲਿਆ | ਗਡਕਰੀ ਹੁਣ ਨਵਾਂ ਵਰ੍ਹਾ ਨਾਗਪੁਰ 'ਚ ਮਨਾਉਣਗੇ |
ਇਸੇ ਤਰ੍ਹਾਂ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਪਣਾ ਨਵਾਂ ਵਰ੍ਹਾ ਗੋਆ ਵਿਚ ਮਨਾ ਰਹੇ ਹਨ | ਦੱਸਿਆ ਜਾਂਦਾ ਹੈ ਕਿ 30 ਅਤੇ 31 ਦਸੰਬਰ ਨੂੰ ਉਨ੍ਹਾਂ ਵਲੋਂ ਨਾਰਥ ਗੋਆ ਦੇ ਪੰਜਿਮ ਵਿਚ ਪੈਂਦੇ ਗ੍ਰੈਂਡ ਹਯਾਤ ਹੋਟਲ ਵਿਚ ਇਕ ਪਾਰਟੀ ਰੱਖੀ ਗਈ ਹੈ, ਜਿਸ ਵਿਚ ਕਈ ਹਾਈ-ਪ੍ਰੋਫਾਈਲ ਮਹਿਮਾਨ ਸ਼ਾਮਿਲ ਹੋਣ ਵਾਲੇ ਹਨ | ਇਹ ਹੋਟਲ ਉਸੇ ਸ਼ਾਹਿਦ ਬਲਵਾ ਦਾ ਹੈ, ਜਿਸ ਦਾ ਨਾਂ 2-ਜੀ ਸਪੈਕਟ੍ਰਮ ਮਾਮਲੇ ਵਿਚ ਉੱਛਲ ਚੁੱਕਾ ਹੈ ਅਤੇ ਸਭ ਨੂੰ ਪਤਾ ਹੈ ਕਿ ਰੋਹਤਗੀ ਹੀ 2-ਜੀ ਅਤੇ ਕੋਲ-ਗੇਟ ਮਾਮਲੇ ਨੂੰ ਅਦਾਲਤ ਸਾਹਮਣੇ ਰੱਖਦੇ ਆਏ ਹਨ |
ਭਗਵਾ ਪਲਾਨ ਨੂੰ ਲੱਗਾ ਗ੍ਰਹਿਣ
ਕਾਂਗਰਸੀ ਵਿਧਾਇਕਾਂ ਨੂੰ ਭਾਜਪਾ 'ਚ ਲਿਆਉਣ ਦੀ ਰਣਨੀਤੀ ਕਿਵੇਂ ਬੁਣੀ ਗਈ? ਸੂਤਰ ਦੱਸਦੇ ਹਨ ਕਿ ਇਸ ਰਣਨੀਤੀ ਦਾ ਬੀਜ ਭਾਜਪਾ ਨਾਲ ਹਮਦਰਦੀ ਰੱਖਣ ਵਾਲੇ ਅਖਿਲੇਸ਼ ਦਾਸ ਨੇ ਬੀਜਿਆ ਤੇ ਭਾਜਪਾ ਵਲੋਂ ਮੋਰਚਾ ਸੰਭਾਲਿਆ ਲਖਨਊ ਦੇ ਮੇਅਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਹੱਦ ਨੇੜਲੇ ਦਿਨੇਸ਼ ਸ਼ਰਮਾ ਨੇ, ਜਿਨ੍ਹਾਂ ਨੂੰ ਦਿੱਲੀ ਤੋਂ ਭੁਪਿੰਦਰ ਯਾਦਵ ਅਤੇ ਸ਼ਿਵਪ੍ਰਕਾਸ਼ ਦਾ ਸਾਥ ਮਿਲਿਆ | ਸੁਨੀਲ ਬਾਂਸਲ ਨੂੰ ਇਸ 'ਲੂਪ' ਵਿਚੋਂ ਬਾਹਰ ਰੱਖਿਆ ਗਿਆ ਸੀ | ਦੱਸਿਆ ਜਾਂਦਾ ਹੈ ਕਿ ਬਾਂਸਲ ਵਲੋਂ ਇਹ ਖ਼ਬਰ ਲੀਕ ਹੋ ਗਈ ਸੀ ਕਿ ਦਿੱਲੀ ਤੋਂ ਸ਼ਿਵਪ੍ਰਕਾਸ਼ ਆ ਰਹੇ ਹਨ ਤੇ ਉਨ੍ਹਾਂ ਨੇ ਪਿਕਾਡਲੀ ਹੋਟਲ ਵਿਚ ਕੁਝ ਲੋਕਾਂ ਨੂੰ ਮਿਲਣਾ ਹੈ, ਫਿਰ ਅੱਜ ਹੀ ਉਹ ਦਿੱਲੀ ਵਾਪਿਸ ਪਰਤ ਜਾਣਗੇ ਪਰ ਉਨ੍ਹਾਂ ਦਾ ਇਹ ਪ੍ਰੋਗਰਾਮ ਪਾਰਟੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਨਹੀਂ ਹੈ, ਉਹ ਕਿਸੇ ਗੁਪਤ ਮਿਸ਼ਨ 'ਤੇ ਹੈ |
ਮੀਡੀਆ 'ਚ ਇਹ ਖ਼ਬਰ ਫੈਲ ਗਈ ਅਤੇ ਪਿਕਾਡਲੀ ਹੋਟਲ ਦੇ ਬਾਹਰ ਮੀਡੀਆ ਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ | ਭਾਜਪਾ 'ਚ ਸ਼ਾਮਿਲ ਹੋਣ ਦੇ ਚਾਹਵਾਨ ਕਾਂਗਰਸੀ ਵਿਧਾਇਕਾਂ ਨੂੰ ਉਥੇ ਮੀਡੀਆ ਵਾਲਿਆਂ ਦੇ ਹੋਣ ਦਾ ਪਤਾ ਲੱਗਾ ਤਾਂ ਉਹ ਪਿੱਛੇ ਹਟ ਗਏ | ਕਾਫੀ ਦੇਰ ਬਾਅਦ ਇਕ ਕਾਂਗਰਸੀ ਵਿਧਾਇਕ ਨੂੰ ਹੋਟਲ ਦੇ ਪਿਛਲੇ ਦਰਵਾਜ਼ਿਉਂ ਅੰਦਰ ਲਿਜਾਇਆ ਗਿਆ ਅਤੇ ਉਸ ਨੂੰ ਦਿੱਲੀ ਤੋਂ ਆਏ ਨੇਤਾਵਾਂ ਨਾਲ ਮਿਲਵਾਇਆ ਗਿਆ |
ਸਭ ਤੋਂ ਪਹਿਲਾਂ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਇਹ ਦੱਸਣਾ ਚਾਹਿਆ ਪਰ ਉਨ੍ਹਾਂ ਦੀ ਰਾਹੁਲ ਨਾਲ ਗੱਲ ਨਹੀਂ ਹੋ ਸਕੀ | ਫਿਰ ਉਨ੍ਹਾਂ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਪਿ੍ਅੰਕਾ ਗਾਂਧੀ ਨੂੰ ਦਿੱਤੀ |
ਕਹਿੰਦੇ ਹਨ ਕਿ ਨਾਰਾਜ਼ ਸੁਨੀਲ ਬਾਂਸਲ ਨੇ ਕ੍ਰਿਸ਼ਨ ਗੋਪਾਲ ਨੂੰ ਫੋਨ ਕਰਕੇ ਉਨ੍ਹਾਂ ਸਾਹਮਣੇ ਆਪਣਾ ਦੁਖੜਾ ਰੋਇਆ ਕਿ ਜੇਕਰ ਭਾਜਪਾ ਦੀਆਂ ਸਾਰੀਆਂ ਟਿਕਟਾਂ 'ਬਾਹਰਲਿਆਂ' ਵਿਚ ਵੰਡੀਆਂ ਜਾਣਗੀਆਂ ਤਾਂ ਪਾਰਟੀ ਦੇ ਸੱਚੇ ਵਰਕਰਾਂ ਦਾ ਕੀ ਹੋਵੇਗਾ?
ਜੰਗ ਇੰਝ ਬਣੇ 'ਮਲੰਗ'
ਆਖਿਰ ਨਜੀਬ ਜੰਗ ਨੇ 'ਆਪ' ਨਾਲ ਆਪਣੀ ਜੰਗ ਅਧੂਰੀ ਛੱਡਣ ਦਾ ਮਨ ਕਿਉਂ ਬਣਾ ਲਿਆ? ਸੂਤਰ ਦੱਸਦੇ ਹਨ ਕਿ ਪਿਛਲੇ 2 ਮਹੀਨਿਆਂ ਵਿਚ ਨਜੀਬ ਜੰਗ ਤਿੰਨ ਵਾਰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਇਕ ਵਾਰ ਪ੍ਰਧਾਨ ਮੰਤਰੀ ਨੂੰ ਮਿਲੇ ਸਨ | ਸੂਤਰਾਂ ਦੀ ਮੰਨੀਏ ਤਾਂ ਜੰਗ ਨੂੰ ਕੇਜਰੀਵਾਲ ਦੇ ਵਿਰੁੱਧ ਕੁਝ ਅਜਿਹਾ ਕਰਨ ਲਈ ਕਿਹਾ ਗਿਆ ਸੀ, ਜਿਸ ਦੇ ਲਈ ਉਹ ਤਿਆਰ ਨਹੀਂ ਹੋਏ | ਜੰਗ ਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਸੀ ਕਿ ਉਨ੍ਹਾਂ ਦਾ ਨਾਂ ਲਗਾਤਾਰ ਭਾਜਪਾ ਤੇ ਸੰਘ ਨਾਲ ਜੁੜ ਰਿਹਾ ਹੈ ਤੇ ਇਹ ਗੱਲ ਮੁਸਲਿਮ ਸਮਾਜ ਨੂੰ ਹਜ਼ਮ ਨਹੀਂ ਹੋ ਰਹੀ |
ਕਹਿੰਦੇ ਹਨ ਕਿ ਮੋਦੀ ਨੂੰ ਮਿਲਣ ਸਮੇਂ ਹੀ ਜੰਗ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ ਪਰ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਜੰਗ ਆਪਣੇ ਫੈਸਲੇ 'ਤੇ ਇਕ ਵਾਰ ਫਿਰ ਵਿਚਾਰ ਕਰ ਲੈਣ | ਇਸ 'ਤੇ ਵੀ ਜੰਗ ਨੇ ਆਪਣਾ ਮਨ ਨਹੀਂ ਬਦਲਿਆ ਤਾਂ ਉਨ੍ਹਾਂ ਨੂੰ ਬਾਹਰਲਾ ਰਸਤਾ ਦਿਖਾ ਦਿੱਤਾ ਗਿਆ | ਉਪ-ਰਾਜਪਾਲ ਦੇ ਅਹੁਦੇ ਦੀ ਦੌੜ ਵਿਚ ਕਿਰਨ ਬੇਦੀ, ਅਜੈ ਰਾਜ ਸ਼ਰਮਾ, ਅਨਿਲ ਬੈਜਲ ਅਤੇ ਕੇ. ਜੇ. ਅਲਫੋਂਸ ਦਾ ਨਾਂ ਚੱਲ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਅਲਫੋਂਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਸੰਦ ਹਨ |
ਕਾਂਗਰਸ ਦੇ ਅੱਧੇ ਵਿਧਾਇਕ ਦਲ-ਬਦਲੀ ਲਈ ਤਿਆਰ
ਸਵਾਲ ਉੱਠਦਾ ਹੈ ਕਿ ਆਖਿਰ ਰਾਹੁਲ ਗਾਂਧੀ ਸਪਾ ਨਾਲ ਗੱਠਜੋੜ ਲਈ ਇੰਨੀ ਜਲਦਬਾਜ਼ੀ ਵਿਚ ਕਿਉਂ ਹਨ? ਦਰਅਸਲ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ 27 ਵਿਧਾਇਕ ਚੁਣੇ ਗਏ ਸਨ, ਇਨ੍ਹਾਂ 'ਚੋਂ 9 ਤਾਂ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ | ਸੂਤਰ ਦੱਸਦੇ ਹਨ ਕਿ ਬਾਕੀ ਬਚੇ 18 ਵਿਧਾਇਕਾਂ 'ਚੋਂ 9 ਵਿਧਾਇਕਾਂ 'ਤੇ ਭਾਜਪਾ ਨੇ ਡੋਰੇ ਪਾਏ ਹੋਏ ਹਨ ਅਤੇ ਇਹ ਭਾਜਪਾ ਦੇ ਕੁਝ ਨੇਤਾਵਾਂ ਦੇ ਨੇੜਲੇ ਸੰਪਰਕ 'ਚ ਦੱਸੇ ਜਾਂਦੇ ਹਨ |
ਅਸਲ ਵਿਚ ਭਾਜਪਾ ਦੀ ਯੋਜਨਾ ਮੋਦੀ ਦੀ ਲਖਨਊ ਰੈਲੀ ਦੌਰਾਨ 9 ਕਾਂਗਰਸੀ ਵਿਧਾਇਕਾਂ ਨੂੰ ਮੋਦੀ ਦੀ ਮੌਜੂਦਗੀ ਵਿਚ ਭਾਜਪਾ 'ਚ ਸ਼ਾਮਿਲ ਕਰਵਾਉਣ ਦੀ ਸੀ ਤਾਂ ਕਿ ਐਨ ਚੋਣਾਂ ਤੋਂ ਪਹਿਲਾਂ ਕਾਂਗਰਸੀ ਹੌਸਲਿਆਂ ਨੂੰ ਢਹਿਢੇਰੀ ਕਰਦਿਆਂ ਭਗਵਾ ਜੜ੍ਹਾਂ 'ਚ ਜਾਨ ਪਾਈ ਜਾ ਸਕੇ |
ਕਿਸੇ ਤਰ੍ਹਾਂ ਇਸ ਗੱਲ ਦੀ ਭਿਣਕ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਨੂੰ ਲੱਗ ਗਈ | ਤਿਵਾੜੀ ਨੇ ਫੌਰਨ ਦਿੱਲੀ ਇਸ ਦੀ ਸੂਚਨਾ ਪਿ੍ਅੰਕਾ ਗਾਂਧੀ ਨੂੰ ਦਿੱਤੀ ਅਤੇ ਪਿ੍ਅੰਕਾ ਨੇ ਫੌਰਨ ਰਾਹੁਲ ਨੂੰ ਫੋਨ ਲਗਾ ਕੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ |
ਸੂਤਰ ਦੱਸਦੇ ਹਨ ਕਿ ਪਿ੍ਅੰਕਾ ਦਾ ਫੋਨ ਆਉਣ ਤੋਂ ਬਾਅਦ ਰਾਹੁਲ ਨੇ ਫੌਰਨ ਅਖਿਲੇਸ਼ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਦਿੱਲੀ ਦੀ ਐੱਚ. ਟੀ. ਸਮਿਟ 'ਚ ਉਨ੍ਹਾਂ ਨੇ ਸਪਾ-ਕਾਂਗਰਸ ਦੇ ਚੋਣ ਗੱਠਜੋੜ ਦੀ ਗੱਲ ਕੀਤੀ ਸੀ, ਉਹ ਉਸ ਨਾਲ ਸਹਿਮਤ ਹਨ ਅਤੇ ਉਹ ਇਸ ਨੂੰ ਫੌਰਨ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਹਨ | ਕਹਿੰਦੇ ਹਨ ਕਿ ਅਖਿਲੇਸ਼ ਨੇ ਵੀ ਫੌਰਨ ਰਾਹੁਲ ਦੀ ਇਸ ਤਜਵੀਜ਼ 'ਤੇ ਹਾਮੀ ਭਰੀ ਅਤੇ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਯਤਨ ਸ਼ੁਰੂ ਹੋ ਗਏ |
ਕਾਂਗਰਸੀ ਵਿਧਾਇਕਾਂ ਨੂੰ ਰਾਹੁਲ ਦਾ ਡਿਨਰ
ਰਾਹੁਲ ਗਾਂਧੀ ਆਪਣੀ ਬਹਿਰਾਈਚ ਰੈਲੀ ਤੋਂ ਬਾਅਦ ਲਖਨਊ ਵਿਚ ਆਪਣੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮਿਲੇ, ਉਨ੍ਹਾਂ ਲਈ ਡਿਨਰ ਦਿੱਤਾ ਤੇ ਉਨ੍ਹਾਂ ਦੇ ਦੁੱਖ-ਦਰਦ ਨੂੰ ਸਾਂਝਾ ਕੀਤਾ | ਕਹਿੰਦੇ ਹਨ ਕਿ ਰਾਹੁਲ ਨੇ ਇਸ ਮੀਟਿੰਗ ਵਿਚ ਆਪਣੇ ਵਿਧਾਇਕਾਂ ਨੂੰ ਇਹ ਯਕੀਨ ਦਿਵਾਇਆ ਕਿ ਉਹ ਅਖਿਲੇਸ਼ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਛੇਤੀ ਹੀ ਕਾਂਗਰਸ-ਸਪਾ ਗੱਠਜੋੜ ਦੇ 'ਚੈਪਟਰ' ਨੂੰ ਬੰਦ ਕਰ ਲਿਆ ਜਾਵੇਗਾ |
ਫਿਰ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੀ ਅਖਿਲੇਸ਼ ਨਾਲ ਫੋਨ 'ਤੇ ਗੱਲਬਾਤ ਹੋਈ ਹੈ | ਅਖਿਲੇਸ਼ ਵੀ ਕਾਂਗਰਸ ਨਾਲ ਗੱਠਜੋੜ ਨੂੰ ਲੈ ਕੇ ਬਹੁਤ ਉਤਾਵਲੇ ਹਨ ਪਰ ਸੀਟਾਂ ਨੂੰ ਲੈ ਕੇ ਘੰੁਡੀ ਫਸੀ ਹੋਈ ਹੈ, ''ਉਹ ਸਾਡੇ ਲਈ 55 ਸੀਟਾਂ ਛੱਡਣ ਲਈ ਤਿਆਰ ਹਨ ਪਰ ਸਾਨੂੰ ਆਪਣੇ ਲਈ ਘੱਟੋ-ਘੱਟ 70 ਸੀਟਾਂ ਚਾਹੀਦੀਆਂ ਹਨ |''
ਸੂਤਰ ਦੱਸਦੇ ਹਨ ਕਿ ਸਪਾ ਕਾਂਗਰਸ ਲਈ ਹੁਣ 62 ਸੀਟਾਂ ਛੱਡਣ 'ਤੇ ਸਹਿਮਤ ਹੋ ਗਈ ਹੈ, ਬਸ 4-5 ਸੀਟਾਂ ਨੂੰ ਲੈ ਕੇ ਮਾਮਲਾ ਉਲਝਿਆ ਹੋਇਆ ਹੈ | ਇਸ ਵਿਚ ਮਲਿਹਾਨ ਅਤੇ ਅਮੇਠੀ ਵਾਲੀਆਂ ਸੀਟਾਂ ਵੀ ਸ਼ਾਮਿਲ ਹਨ | ਸਪਾ ਇਹ ਸੀਟਾਂ ਕਾਂਗਰਸ ਲਈ ਛੱਡਣਾ ਨਹੀਂ ਚਾਹੁੰਦੀ ਪਰ ਇਥੋਂ ਕਾਂਗਰਸ ਦੇ ਵੱਡੇ ਨੇਤਾ ਚੋਣ ਲੜਨ ਦੇ ਚਾਹਵਾਨ ਹਨ |
...ਤੇ ਅਖੀਰ 'ਚ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਗੁਣਵਾਨ ਪਤਨੀ ਅੰਮਿ੍ਤਾ ਫੜਨਵੀਸ ਦਾ ਮਿਊਜ਼ਿਕ ਵੀਡੀਓ ਇਨ੍ਹੀਂ ਦਿਨੀਂ ਚਰਚਾ ਵਿਚ ਹੈ, ਜਿਸ 'ਚ ਲਾਲ ਰੰਗ ਦੀ ਆਕਰਸ਼ਕ ਵਨ ਪੀਸ ਡ੍ਰੈੱਸ ਅਤੇ ਹਾਈ ਹੀਲ ਸੈਂਡਲ ਪਹਿਨ ਕੇ ਉਨ੍ਹਾਂ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਠੁਮਕੇ ਲਗਾਏ ਹਨ | 'ਫਿਰ ਸੇ' ਨਾਂ ਦੀ ਇਸ ਵੀਡੀਓ ਨੂੰ ਸਾਊਥ ਮੰੁਬਈ ਦੇ ਪ੍ਰਸਿੱਧ ਓਪੇਰਾ ਹਾਊਸ 'ਚ ਸ਼ੂਟ ਕੀਤਾ ਗਿਆ ਹੈ |
ਇਸ ਵੀਡੀਓ 'ਚ ਅੰਮਿ੍ਤਾ ਕੋਰੀਓਗ੍ਰਾਫਰ ਅਹਿਮਦ ਖਾਨ ਦੇ ਇਸ਼ਾਰਿਆਂ 'ਤੇ ਨੱਚਦੀ ਨਜ਼ਰ ਆਈ | ਅੰਮਿ੍ਤਾ ਇਸ ਤੋਂ ਪਹਿਲਾਂ ਪ੍ਰਕਾਸ਼ ਝਾਅ ਦੀ ਫਿਲਮ 'ਜਯ ਗੰਗਾਜਲ' ਵਿਚ ਗਾਣਾ ਗਾ ਚੁੱਕੀ ਹੈ | ਅੰਮਿ੍ਤਾ ਐਕਸਿਸ ਬੈਂਕ 'ਚ ਇਕ ਵੱਡੇ ਅਹੁਦੇ 'ਤੇ ਤਾਇਨਾਤ ਹੈ | g@ssipguru.in
ਮਹਾਰਾਣੀ ਵਿਕਟੋਰੀਆ ਦੀ ਲਿਖੀ ਆਖਰੀ ਚਿੱਠੀ 'ਵਿਕਟੋਰੀਆ ਮੈਮੋਰੀਅਲ' ਵਿਚ ਪ੍ਰਦਰਸ਼ਿਤ
NEXT STORY