ਸਭ ਦੀਆਂ ਨਜ਼ਰਾਂ ਹੁਣ ਪਾਕਿਸਤਾਨ 'ਤੇ ਹਨ, ਜਿਥੇ ਬੁੱਧਵਾਰ ਨੂੰ ਕੌਮੀ ਅਸੈਂਬਲੀ ਤੇ ਸੂਬਾਈ ਵਿਧਾਨ ਸਭਾਵਾਂ ਲਈ ਵੋਟਾਂ ਪਈਆਂ ਤੇ ਦੇਰ ਸ਼ਾਮ ਨੂੰ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ। ਪਾਠਕਾਂ ਦੇ ਹੱਥਾਂ 'ਚ ਇਹ ਅਖਬਾਰ ਪਹੁੰਚਣ ਤਕ ਨਤੀਜਿਆਂ ਦੇ ਮੁੱਖ ਰੁਝਾਨ ਸਪੱਸ਼ਟ ਹੋ ਜਾਣਗੇ ਤੇ ਦੁਪਹਿਰ ਤਕ ਆਖਰੀ ਨਤੀਜਿਆਂ ਦਾ ਪਤਾ ਲੱਗ ਜਾਵੇਗਾ। ਭਾਰਤ ਬੜੀ ਉਤਸੁਕਤਾ ਨਾਲ ਇਨ੍ਹਾਂ ਚੋਣਾਂ ਅਤੇ ਚੋਣ ਨਤੀਜਿਆਂ 'ਤੇ ਨਜ਼ਰ ਰੱਖ ਰਿਹਾ ਹੈ ਕਿਉਂਕਿ ਅਗਲੇ ਕੁਝ ਸਾਲਾਂ ਤਕ ਇਸ ਨੂੰ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਨਜਿੱਠਣਾ ਪਵੇਗਾ। ਹਾਲਾਂਕਿ ਇਹ ਸਭ ਨੂੰ ਪਤਾ ਹੈ ਕਿ ਪਾਕਿਸਤਾਨ 'ਚ ਜਿਹੜੀ ਵੀ ਸਰਕਾਰ ਸੱਤਾ 'ਚ ਆਉਂਦੀ ਹੈ, ਦੇਸ਼ ਦੇ ਮਾਮਲਿਆਂ 'ਚ ਫੌਜ ਦੀ ਹੀ ਚਲਦੀ ਹੈ। ਫਿਰ ਵੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਕਿਸ ਹੱਦ ਤਕ ਫੌਜੀ ਅਦਾਰੇ ਅੱਗੇ ਝੁਕਦੀ। ਚੋਣਾਂ 'ਚ ਮੁੱਖ ਸਿਆਸੀ ਪਾਰਟੀਆਂ ਹਨ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ), ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.)। ਚਿੰਤਾਜਨਕ ਗੱਲ ਇਹ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਉਮੀਦਵਾਰ ਵੀ ਵੱਡੀ ਗਿਣਤੀ 'ਚ ਚੋਣ ਮੈਦਾਨ 'ਚ ਉਤਰੇ। ਅਜਿਹੇ ਉਮੀਦਵਾਰਾਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਦੇ ਕੇ ਪਾਕਿਸਤਾਨੀ ਸੱਤਾ ਅਦਾਰੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੱਤਵਾਦ ਨੂੰ ਠੱਲ੍ਹ ਪਾਉਣ ਦੀ ਬਜਾਏ ਹੱਲਾਸ਼ੇਰੀ ਦੇ ਰਿਹਾ ਹੈ।
ਇਕ ਅਸਿੱਧੇ ਢੰਗ ਨਾਲ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਵੀ ਚੋਣ ਮੈਦਾਨ 'ਚ ਹੈ, ਜਿਸ ਦਾ ਬੇਟਾ ਤੇ ਜਵਾਈ ਅੱਲ੍ਹਾ-ਓ-ਅਕਬਰ ਤਹਿਰੀਕ (ਏ. ਏ. ਟੀ.) ਦੇ ਝੰਡੇ ਹੇਠਾਂ ਚੋਣਾਂ ਲੜ ਰਹੇ ਹਨ। ਹਾਫਿਜ਼ ਸਈਦ ਨੇ ਕੌਮੀ ਅਸੈਂਬਲੀ ਅਤੇ ਸੂਬਾਈ ਵਿਧਾਨ ਸਭਾਵਾਂ ਲਈ 265 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ।
1947 'ਚ ਪਾਕਿਸਤਾਨ ਬਣਨ ਤੋਂ ਬਾਅਦ ਅਜਿਹਾ ਸਿਰਫ ਦੂਜੀ ਵਾਰ ਹੋ ਰਿਹਾ ਹੈ ਕਿ ਇਹ ਦੇਸ਼ ਸੱਤਾ ਦੀ ਗੈਰ-ਫੌਜੀ ਹਵਾਲਗੀ ਨੂੰ ਦੇਖੇਗਾ ਕਿਉਂਕਿ ਇਹ 30 ਤੋਂ ਜ਼ਿਆਦਾ ਵਰ੍ਹਿਆਂ ਤਕ ਫੌਜੀ ਸ਼ਾਸਨ ਦੇ ਅਧੀਨ ਰਿਹਾ ਹੈ ਅਤੇ ਇਸ ਦਾ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਪੰਜ ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨ 'ਚ ਸਫਲ ਨਹੀਂ ਹੋਇਆ।
ਮਜ਼ੇ ਦੀ ਗੱਲ ਇਹ ਹੈ ਕਿ ਚੋਣਾਂ ਵੱਲ ਦੌੜ ਦੌਰਾਨ ਭਾਰਤ ਪ੍ਰਚਾਰ ਦੇ ਕੇਂਦਰ 'ਚ ਨਹੀਂ ਸੀ, ਜਿਵੇਂ ਕਿ ਅਤੀਤ 'ਚ ਹੁੰਦਾ ਰਿਹਾ ਹੈ। ਇਥੇ ਚੋਣ ਮੈਦਾਨ 'ਚ ਉੱਤਰੀਆਂ ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨੇ ਭਾਰਤ ਨਾਲ ਗੱਲਬਾਤ ਚਲਾਉਣ ਦੀ ਗੱਲ ਕਹੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤਜਵੀਜ਼ ਮੁਤਾਬਕ ਕਸ਼ਮੀਰ ਮੁੱਦੇ ਦੇ ਹੱਲ ਦੀ ਮੰਗ ਨੂੰ ਦੁਹਰਾਇਆ।
ਇਸ ਵਾਰ ਚੋਣ ਪ੍ਰਚਾਰ ਜ਼ਿਆਦਾਤਰ ਸੱਤਾ ਤੋਂ ਬੇਦਖਲ ਕੀਤੇ ਗਏ ਪ੍ਰਧਾਨ ਮੰਤਰੀ (ਸਾਬਕਾ) ਨਵਾਜ਼ ਸ਼ਰੀਫ 'ਤੇ ਕੇਂਦ੍ਰਿਤ ਰਿਹਾ। ਜਿਸ ਤਰ੍ਹਾਂ ਉਨ੍ਹਾਂ ਨੂੰ ਕਮਜ਼ੋਰ ਆਧਾਰ 'ਤੇ ਸ਼ਰੀਅਤ ਕਾਨੂੰਨ ਦੇ ਤਹਿਤ ਸੱਤਾ ਤੋਂ ਬੇਦਖਲ ਕੀਤਾ ਗਿਆ ਤੇ ਉਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਸਿੱਧ ਨਾ ਹੋ ਸਕੇ ਆਰੋਪਾਂ 'ਤੇ ਦੋਸ਼ੀ ਐਲਾਨਿਆ ਗਿਆ, ਚੋਣਾਂ 'ਚ ਇਕ ਗਰਮ ਮੁੱਦਾ ਬਣਿਆ ਰਿਹਾ।
ਚੋਣਾਂ ਤੋਂ ਪਹਿਲਾਂ ਆਪਣੀ ਧੀ ਮਰੀਅਮ (ਉਸ ਨੂੰ ਵੀ ਸਜ਼ਾ ਸੁਣਾਈ ਗਈ) ਨਾਲ ਵਾਪਸ ਆਉਣ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਨਵਾਜ਼ ਸ਼ਰੀਫ ਨੂੰ ਖਿੱਚ ਦੇ ਕੇਂਦਰ 'ਚ ਲੈ ਆਈ।
ਇਹ ਕਾਰਕ ਪੰਜਾਬ ਸੂਬੇ 'ਚ ਹੋਰ ਵੀ ਜ਼ਿਆਦਾ ਅਹਿਮ ਸੀ, ਜੋ ਪਾਕਿਸਤਾਨ ਦੀ ਸਿਆਸਤ 'ਚ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਹੈ। 272 ਸੀਟਾਂ 'ਚੋਂ ਪੰਜਾਬ ਦੀਆਂ 141 ਹਨ ਅਤੇ ਸ਼ਰੀਫ ਭਰਾਵਾਂ ਦੀ ਇਸ ਸੂਬੇ 'ਤੇ ਬਹੁਤ ਪਕੜ ਹੈ। ਗ੍ਰਿਫਤਾਰੀ ਲਈ ਨਵਾਜ਼ ਸ਼ਰੀਫ ਦੀ ਆਪਣੀ ਧੀ ਨਾਲ ਨਾਟਕੀ ਵਾਪਸੀ ਨੇ ਜ਼ਰੂਰ ਹੀ ਉਨ੍ਹਾਂ ਲਈ ਸਮਰਥਨ ਨੂੰ ਵਧਾਇਆ ਹੋਵੇਗਾ।
ਮੀਡੀਆ ਨੇ ਵੀ ਉਨ੍ਹਾਂ ਦੇ ਉਦਾਸ, ਨਿਰਾਸ਼ ਚਿਹਰੇ ਵਾਲੇ ਚਿੱਤਰ ਨੂੰ ਪ੍ਰਮੁੱਖਤਾ ਦਿੱਤੀ, ਜਿਸ 'ਚ ਉਹ ਇੰਗਲੈਂਡ ਛੱਡਣ ਤੋਂ ਪਹਿਲਾਂ ਆਪਣੀ ਬੀਮਾਰ ਪਤਨੀ ਨੂੰ ਅਲਵਿਦਾ ਕਹਿ ਰਹੇ ਸਨ।
ਜੇ ਨਵਾਜ਼ ਸ਼ਰੀਫ, ਜਿਨ੍ਹਾਂ ਨੇ ਆਪਣੇ ਦੇਸ਼ ਪਰਤਣ ਦਾ ਹਿਸਾਬ-ਕਿਤਾਬ ਲਾ ਕੇ ਜੋਖਿਮ ਉਠਾਇਆ, ਨੂੰ ਪੰਜਾਬ 'ਚ ਸ਼ਾਨਦਾਰ ਸਮਰਥਨ ਮਿਲਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਨੂੰ ਪੀ. ਪੀ. ਪੀ. ਅਤੇ ਹੋਰ ਹਮਖਿਆਲੀ ਪਾਰਟੀਆਂ ਦੀ ਸਹਾਇਤਾ ਦੀ ਲੋੜ ਨਹੀਂ ਪਵੇਗੀ। ਦੂਜੇ ਪਾਸੇ ਜੇਕਰ ਪੀ. ਐੱਮ. ਐੱਲ (ਐੱਨ) ਚੰਗੀ ਕਾਰਗੁਜ਼ਾਰੀ ਨਹੀਂ ਦਿਖਾਉਂਦੀ ਤਾਂ ਉਹ ਸਰਕਾਰ ਬਣਾਉਣ ਲਈ ਪੀ. ਪੀ. ਪੀ. ਅਤੇ ਆਜ਼ਾਦ ਉਮੀਦਵਾਰਾਂ ਦੀ ਮਦਦ ਲੈ ਸਕਦੀ ਹੈ। ਇਨ੍ਹਾਂ 'ਚੋਂ ਕੋਈ ਵੀ ਬਦਲ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਸੱਤਾ 'ਚ ਆਉਣ ਦੇ ਮੁਕਾਬਲੇ ਤੁਲਨਾਤਮਕ ਤੌਰ 'ਤੇ ਭਾਰਤ ਲਈ ਚੰਗਾ ਹੋਵੇਗਾ। ਇਹ ਸਭ ਨੂੰ ਪਤਾ ਹੈ ਕਿ ਫੌਜ ਚੋਣਾਂ 'ਚ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰ ਰਹੀ ਹੈ ਤੇ ਉਸ ਨੇ ਆਪਣੀ ਸਾਰੀ ਤਾਕਤ ਇਮਰਾਨ ਖਾਨ ਦੇ ਪੱਖ 'ਚ ਲਾ ਦਿੱਤੀ ਹੈ। ਫੌਜ ਨੇ ਸ਼ਾਇਦ ਅਜਿਹਾ ਇਸ ਲਈ ਕੀਤਾ ਕਿ ਇਮਰਾਨ ਖਾਨ ਨੇ ਭਾਰਤ ਵਿਰੁੱਧ ਸਖਤ ਰਵੱਈਆ ਅਪਣਾਇਆ ਅਤੇ ਕੁਝ ਇਸ ਕਰਕੇ ਵੀ ਕਿ ਫੌਜੀ ਅਦਾਰਾ ਨਵਾਜ਼ ਸ਼ਰੀਫ ਅਤੇ ਪੀ. ਪੀ. ਪੀ. ਦੇ ਬਿਲਾਵਲ ਭੁੱਟੋ ਨੂੰ ਪਸੰਦ ਨਹੀਂ ਕਰਦਾ।
ਇਮਰਾਨ ਖਾਨ ਦਾ ਪੰਜਾਬ 'ਚ ਵੀ ਜਨ-ਆਧਾਰ ਹੈ ਤੇ ਪਾਕਿਸਤਾਨ ਦੇ ਹੋਰਨਾਂ ਹਿੱਸਿਆਂ 'ਚ ਵੀ। ਜੇ ਫੌਜ ਦੇ ਬਿਹਤਰੀਨ ਯਤਨਾਂ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਉਹ ਹਾਫਿਜ਼ ਸਈਦ ਦੇ ਸਮਰਥਨ ਵਾਲੀ ਏ. ਏ. ਟੀ. ਵਰਗੀਆਂ ਪਾਰਟੀਆਂ ਦੇ ਚੋਣਾਂ ਲੜ ਰਹੇ ਅੱਤਵਾਦੀਆਂ 'ਤੇ ਨਿਰਭਰ ਕਰਨਗੇ। ਇਹ ਮਿਸ਼ਰਣ ਜਾਨਲੇਵਾ ਹੋ ਸਕਦਾ ਹੈ ਕਿਉਂਕਿ ਇਹ ਫੌਜ ਦੇ ਇਸ਼ਾਰੇ 'ਤੇ ਨੱਚਣ ਵਾਲਾ ਹੋਵੇਗਾ ਤੇ ਭਾਰਤ ਲਈ ਵੀ ਇਕ ਵੱਡਾ ਖਤਰਾ ਸਿੱਧ ਹੋ ਸਕਦਾ ਹੈ।
ਹਾਲਾਂਕਿ ਪਾਕਿਸਤਾਨ 'ਚ ਕੋਈ ਵੀ ਸਰਕਾਰ ਫੌਜ ਦੇ ਸਮਰਥਨ ਤੋਂ ਬਿਨਾਂ ਹੋਂਦ 'ਚ ਨਹੀਂ ਰਹਿ ਸਕਦੀ ਪਰ ਨਵਾਜ਼ ਸ਼ਰੀਫ ਦੀ ਪਾਰਟੀ ਇਸ ਨੂੰ ਕੰਟਰੋਲ ਕਰਨ ਦੇ ਮਾਮਲੇ 'ਚ ਬਿਹਤਰ ਸਥਿਤੀ 'ਚ ਹੋਵੇਗੀ, ਜਦਕਿ ਇਮਰਾਨ ਖਾਨ ਸ਼ਾਇਦ ਦਬਾਅ ਨਹੀਂ ਝੱਲ ਸਕਣਗੇ। vipinpubby@gmail.com
ਯੌਨ ਅਪਰਾਧ ਤੋਂ ਪੀੜਤ ਮੁੰਡਿਆਂ-ਕੁੜੀਆਂ ਨਾਲ ਲਿੰਗਿਕ ਵਿਤਕਰਾ
NEXT STORY