ਉਂਝ ਤਾਂ ਹਰ ਬੰਦਾ ਆਪਣੇ ਆਪ ਨੂੰ ਇਤਿਹਾਸ ਨਾਲ ਜੁੜਿਆ ਸਮਝਦਾ ਹੈ ਅਤੇ ਹਮੇਸ਼ਾ ਇਤਿਹਾਸ ਦਾ ਹਵਾਲਾ ਦਿੰਦਾ ਹੈ ਪਰ ਬਦਕਿਸਮਤੀ ਨਾਲ ਇਤਿਹਾਸ ਦੀ ਗੈਰ-ਪੱਖਪਾਤੀ ਸ਼ਕਲ ਕੋਈ ਨਹੀਂ, ਹਰੇਕ ਬੰਦਾ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ ਸਮਝਦਾ ਤੇ ਉਸ ਦੀ ਵਿਆਖਿਆ ਕਰਦਾ ਹੈ।
ਪਾਕਿਸਤਾਨ ਦੇ ਇਤਿਹਾਸ ਦਾ ਵੀ ਇਹੋ ਹਾਲ ਹੈ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੋ-ਕੌਮੀ ਸਿਧਾਂਤ ਦੇ ਆਧਾਰ 'ਤੇ ਬਣਿਆ ਹੈ। ਇਕ ਕੌਮ ਹਿੰਦੂ ਸੀ ਅਤੇ ਦੂਜੀ ਮੁਸਲਮਾਨ। ਜੇ ਦੋ-ਕੌਮੀ ਨਜ਼ਰੀਏ ਜਾਂ ਸਿਧਾਂਤ ਨੂੰ ਪਾਕਿਸਤਾਨ ਬਣਨ ਦੀ ਵਜ੍ਹਾ ਮੰਨ ਲਿਆ ਜਾਵੇ, ਤਾਂ ਫਿਰ ਅਸੂਲੀ ਤੌਰ 'ਤੇ ਪਾਕਿਸਤਾਨ ਦਾ ਨਾਂ 'ਹਥਿਆਰ ਮਸਤਾਨ' ਜਾਂ 'ਮੁਸਲਿਮ ਲੈਂਡ' ਹੋਣਾ ਚਾਹੀਦਾ ਸੀ ਅਤੇ ਉਥੇ ਅੰਗਰੇਜ਼ਾਂ ਦੇ ਦਿੱਤੇ ਨਿਜ਼ਾਮ ਦੀ ਥਾਂ ਇਸਲਾਮੀ ਨਿਜ਼ਾਮ ਹੁੰਦਾ ਤੇ ਸਾਰੇ ਕਾਨੂੰਨ ਸ਼ਰੀਅਤ ਮੁਤਾਬਿਕ ਹੁੰਦੇ, ਉਥੋਂ ਦੇ ਸਾਰੇ ਬਾਸ਼ਿੰਦੇ ਮੁਸਲਮਾਨ ਅਖਵਾਉਣੇ ਚਾਹੀਦੇ ਸਨ ਪਰ ਅਜਿਹਾ ਨਹੀਂ ਹੋਇਆ।
ਪਾਕਿਸਤਾਨ ਬਣਨ ਦੇ ਨਾਲ ਹੀ ਇਥੋਂ ਦੇ ਖਾਲਿਕ ਅਤੇ ਬਾਬਾ ਕਾਇਦੇ-ਆਜ਼ਮ ਮੁਹੰਮਦ ਅਲੀ ਜਿੱਨਾਹ ਨੇ ਆਪਣੀ ਪਹਿਲੀ ਤਕਰੀਰ ਵਿਚ ਹੀ ਕਹਿ ਦਿੱਤਾ ਸੀ ਕਿ ਇਸ ਮੁਲਕ ਵਿਚ ਕੋਈ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਬੁੱਧ ਨਹੀਂ ਹੋਵੇਗਾ, ਸਗੋਂ ਸਭ ਬਰਾਬਰ ਹੋਣਗੇ, ਨਾਲ ਹੀ ਉਸ ਨੇ ਪਾਕਿਸਤਾਨੀਆਂ ਤੋਂ ਬੰਗਾਲੀ, ਸਿੰਧੀ, ਪੰਜਾਬੀ, ਪਠਾਨ, ਬਲੋਚੀ ਤੇ ਕਸ਼ਮੀਰੀ ਹੋਣ ਦਾ ਹੱਕ ਵੀ ਖੋਹ ਲਿਆ। ਇਸ ਤਰ੍ਹਾਂ ਇਸ ਮੁਲਕ ਦੀ ਕੌਮ ਮੁਸਲਮਾਨ ਤੋਂ ਪਾਕਿਸਤਾਨੀ ਬਣ ਗਈ ਅਤੇ ਪਾਕਿਸਤਾਨੀ ਲਈ ਮੁਸਲਮਾਨ ਹੋਣਾ ਲਾਜ਼ਮੀ ਨਹੀਂ ਸੀ, ਸਗੋਂ ਉਹ ਹਿੰਦੂ, ਸਿੱਖ, ਬੋਧੀ, ਪਾਰਸੀ, ਈਸਾਈ ਜਾਂ ਹੋਰ ਕੁਝ ਵੀ ਹੋ ਸਕਦਾ ਸੀ।
ਇਸ ਮੁਲਕ ਵਿਚ ਗੈਰ-ਮੁਸਲਮਾਨਾਂ ਦੀ ਗਿਣਤੀ ਵਧਣ 'ਤੇ ਵੀ ਕੋਈ ਪਾਬੰਦੀ ਨਹੀਂ ਸੀ ਤੇ ਉਹ ਇਸ ਮੁਲਕ ਵਿਚ ਬਹੁਗਿਣਤੀ ਵੀ ਬਣ ਸਕਦੇ ਸਨ। ਕੁਝ ਲੋਕਾਂ ਦੇ ਖਿਆਲ ਮੁਤਾਬਿਕ ਪਾਕਿਸਤਾਨ ਦੇ ਵਸਨੀਕਾਂ ਨੂੰ ਮੁਸਲਮਾਨ ਤੋਂ ਪਾਕਿਸਤਾਨੀ ਬਣਾਉਣ ਦੀ ਇਕ ਵਜ੍ਹਾ ਤਾਂ ਇਹ ਸੀ ਕਿ ਇਥੋਂ ਦੀਆਂ ਕੁਦਰਤੀ ਕੌਮਾਂ, ਜਿਵੇਂ ਬੰਗਾਲੀ, ਸਿੰਧੀ, ਪੰਜਾਬੀ, ਪਠਾਨ, ਬਲੋਚੀ ਤੇ ਕਸ਼ਮੀਰੀ ਨੂੰ ਖਤਮ ਕਰ ਕੇ ਇਕ ਇਕੱਲੀ ਕੌਮ ਬਣਾਇਆ ਜਾਵੇ ਤੇ ਦੂਜੀ ਵਜ੍ਹਾ ਸੀ ਇਸਲਾਮ ਦੇ 73 ਫਿਰਕੇ, ਭਾਵ ਉਥੇ 73 ਕਿਸਮ ਦਾ ਇਸਲਾਮ ਸੀ। ਇਨ੍ਹਾਂ 'ਚੋਂ ਕਿਹੜਾ ਗਲਤ ਸੀ ਤੇ ਕਿਹੜਾ ਸਹੀ, ਕੁਝ ਨਹੀਂ ਪਤਾ।
ਕਾਇਦੇ-ਆਜ਼ਮ ਖ਼ੁਦ ਸ਼ੀਆ ਸੀ। ਜੇ ਉਹ ਉਥੇ ਸ਼ਰੀਅਤ ਕਾਨੂੰਨ ਲਾਗੂ ਕਰਦਾ ਤਾਂ ਬਾਕੀ 72 ਫਿਰਕਿਆਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦੇਣੀ ਸੀ ਪਰ ਜੇ ਉਥੇ ਗੈਰ-ਸ਼ੀਆ ਸ਼ਰੀਅਤ ਲਾਗੂ ਹੁੰਦੀ ਤਾਂ ਉਸ ਨੂੰ ਲੋਕਾਂ ਨੇ ਸਵੀਕਾਰ ਨਹੀਂ ਕਰਨਾ ਸੀ, ਸਗੋਂ ਕਾਇਦੇ-ਆਜ਼ਮ ਨੂੰ ਗੈਰ-ਸ਼ੀਆ ਸ਼ਰੀਅਤ ਨੂੰ ਮੰਨਣ ਕਾਰਨ ਖ਼ੁਦ ਦੇ ਮਜ਼੍ਹਬ 'ਚੋਂ ਬਾਹਰ ਕੱਢ ਦਿੱਤਾ ਜਾਂਦਾ।
ਸਾਰੀਆਂ ਕੌਮਾਂ, ਮਜ਼੍ਹਬ, ਫਿਰਕੇ ਖਤਮ ਕਰ ਕੇ ਇਕ ਨਵੀਂ ਕੌਮ 'ਪਾਕਿਸਤਾਨੀ' ਬਣ ਗਈ ਪਰ ਇਕ ਮਸਲਾ ਖੜ੍ਹਾ ਹੋਇਆ ਬੰਗਾਲੀ ਦਾ, ਜਿਹੜੇ ਇਸ ਮੁਲਕ ਵਿਚ ਬਹੁਗਿਣਤੀ ਸਨ। ਉਨ੍ਹਾਂ ਨੇ ਆਪਣੇ ਬੰਗਾਲੀ ਹੋਣ ਤੋਂ ਬਦਲਣ ਤੋਂ ਇਨਕਾਰ ਕਰ ਦਿੱਤਾ। ਜੇ ਲੋਕਤੰਤਰਿਕ ਅਸੂਲਾਂ 'ਤੇ ਚੱਲਿਆ ਜਾਂਦਾ ਤਾਂ ਫਿਰ ਪਾਕਿਸਤਾਨ ਦੀ ਕੌਮ ਦਾ ਨਾਂ 'ਪਾਕਿਸਤਾਨੀ' ਨਹੀਂ, ਸਗੋਂ 'ਬੰਗਾਲੀ' ਹੁੰਦਾ ਕਿਉਂਕਿ ਇਥੇ ਇਹ ਕੌਮ ਬਹੁਗਿਣਤੀ ਵਿਚ ਸੀ। ਇਸ ਤਰ੍ਹਾਂ ਜੇ ਪਾਕਿਸਤਾਨੀ ਕੌਮ ਖਤਮ ਹੁੰਦੀ ਤਾਂ ਫਿਰ ਪਾਕਿਸਤਾਨ ਦਾ ਨਾਂ 'ਪਾਕਿਸਤਾਨ' ਕਿਵੇਂ ਰੱਖਿਆ ਜਾ ਸਕਦਾ ਸੀ। ਇਸ ਮਸਲੇ 'ਚੋਂ ਬਾਹਰ ਨਿਕਲਣ ਲਈ ਬੰਗਾਲੀ ਨੂੰ ਬੰਗਾਲੀ ਬਣੇ ਰਹਿਣ ਦਾ ਹੱਕ ਦੇ ਦਿੱਤਾ ਗਿਆ ਪਰ ਪੱਛਮੀ ਪਾਕਿਸਤਾਨੀਆਂ ਉੱਤੇ ਪਾਕਿਸਤਾਨੀਅਤ ਦਾ ਸ਼ਿਕੰਜਾ ਕੱਸ ਦਿੱਤਾ ਗਿਆ। ਇਹ ਸਿਰਫ ਪਾਕਿਸਤਾਨੀ ਸਨ, ਪੰਜਾਬੀ, ਸਿੰਧੀ, ਪਠਾਨ, ਬਲੋਚੀ ਜਾਂ ਕਸ਼ਮੀਰੀ ਨਹੀਂ।
ਸਮਾਂ ਬਦਲਣ ਦੇ ਨਾਲ-ਨਾਲ ਪੱਛਮੀ ਪਾਕਿਸਤਾਨ ਵਿਚ ਵੀ ਦੇਸ਼ਭਗਤਾਂ ਨੇ ਬਗਾਵਤ ਕੀਤੀ ਅਤੇ ਉਹ ਸਿੰਧੀ, ਪਖਤੂਨ, ਬਲੋਚ, ਕਸ਼ਮੀਰੀ ਬਣ ਗਏ। ਹੁਣ ਇਹ ਪਾਕਿਸਤਾਨੀ ਕੌਮ ਸੁੰਗੜ ਕੇ ਪੰਜਾਬ ਤਕ ਸੀਮਤ ਰਹਿ ਗਈ ਹੈ, ਜਦਕਿ ਬਾਕੀ ਸੂਬਿਆਂ ਦੇ ਲੋਕ ਆਪਣੀ ਕੌਮੀ ਪਛਾਣ ਸਿੰਧੀ, ਪਖਤੂਨ, ਬਲੋਚ ਅਤੇ ਕਸ਼ਮੀਰੀ ਵਜੋਂ ਦੱਸਦੇ ਹਨ। ਇਸ ਬਚੀ-ਖੁਚੀ ਪਾਕਿਸਤਾਨੀ ਕੌਮ 'ਚੋਂ ਅਗਾਂਹ ਦੋ ਸ਼ਾਖਾਵਾਂ ਬਣੀਆਂ—ਪੰਜਾਬੀ ਪਾਕਿਸਤਾਨੀ ਸ਼ਾਖਾ ਅਤੇ ਪਾਕਿਸਤਾਨ ਤੋਂ ਬਾਹਰ ਰਹਿੰਦੇ ਪਾਕਿਸਤਾਨੀ, ਜਿਨ੍ਹਾਂ ਵਿਚ ਸਿੰਧੀ, ਪਠਾਨ, ਬਲੋਚ ਤੇ ਕਸ਼ਮੀਰੀ ਸ਼ਾਮਿਲ ਹਨ। ਉਥੇ ਚਾਹੇ ਸਿੰਧੀ, ਪਠਾਨੀ, ਬਲੋਚੀ, ਕਸ਼ਮੀਰੀ ਸੌ ਵਾਰ ਬੋਲਣ ਕਿ ਉਹ ਪਾਕਿਸਤਾਨੀ ਨਹੀਂ ਪਰ ਕੋਈ ਨਹੀਂ ਮੰਨਦਾ।
ਪਾਕਿਸਤਾਨ ਵਿਚ ਰਹਿੰਦੇ ਪਾਕਿਸਤਾਨੀਆਂ ਤੇ ਬਾਹਰ ਰਹਿੰਦੇ ਪਾਕਿਸਤਾਨੀਆਂ 'ਚ ਇਕ ਵੱਡਾ ਫਰਕ ਅਛੂਤ ਅਤੇ ਗੈਰ-ਅਛੂਤ ਦਾ ਹੈ, ਜਿਵੇਂ ਪਾਕਿਸਤਾਨ ਵਿਚ ਰਹਿੰਦਾ ਪਾਕਿਸਤਾਨੀ 'ਬ੍ਰਾਹਮਣ' ਅਤੇ ਬਾਹਰ ਰਹਿੰਦਾ ਪਾਕਿਸਤਾਨੀ 'ਅਛੂਤ' ਹੈ।
ਇਕ ਜ਼ਮਾਨੇ ਵਿਚ ਬਾਹਰ ਰਹਿੰਦਾ ਪਾਕਿਸਤਾਨੀ ਹੀਰੋ ਤੇ ਆਈਡੀਅਲ (ਆਦਰਸ਼) ਹੁੰਦਾ ਸੀ। ਜਦੋਂ ਉਹ ਪਾਕਿਸਤਾਨ ਆਉਂਦਾ ਤਾਂ ਲੋਕ ਉਸ ਨੂੰ ਦੇਖਣ ਆਉਂਦੇ ਸਨ ਅਤੇ ਵਿਲਾਇਤੀਆ ਕਹਿੰਦੇ ਸਨ ਪਰ ਅੱੱਜ ਉਹ ਹੀਰੋ ਅਛੂਤ ਬਣ ਗਿਆ ਹੈ। ਉਹ ਗੈਰ-ਮੁਲਕ ਵਿਚ ਸਥਾਨਕ ਲੋਕਾਂ ਦੀ ਨਸਲਪ੍ਰਸਤੀ ਦਾ ਸ਼ਿਕਾਰ ਹੁੰਦਾ ਹੈ ਅਤੇ ਪੈਸਾ ਕਮਾਉਣ ਲਈ ਆਪਣੀ ਮਿੱਟੀ ਛੱਡ ਕੇ ਦੂਜੇ ਦੇਸ਼ ਵਿਚ ਗੁਲਾਮਾਂ ਵਾਂਗ ਜ਼ਿੰਦਗੀ ਬਿਤਾਉਂਦਾ ਹੈ।
ਪਾਕਿਸਤਾਨ ਵਿਚ ਉਸ ਨੂੰ ਕਾਗਜ਼ਾਂ ਵਿਚ ਕਦੇ ਪਾਕਿਸਤਾਨੀ ਬਣਾਇਆ ਜਾਂਦਾ ਹੈ ਤਾਂ ਕਦੇ ਨਹੀਂ। ਬਾਹਰਲੇ ਮੁਲਕ ਵਿਚ ਵੀ ਉਸ ਨੂੰ ਦੂਜੇ ਦਰਜੇ ਦਾ ਪਾਕਿਸਤਾਨੀ ਮੰਨਿਆ ਜਾਂਦਾ ਹੈ ਤੇ ਉਸ ਨੂੰ ਉਹ ਸਾਰੇ ਹੱਕ ਨਹੀਂ ਮਿਲਦੇ, ਜੋ ਪਾਕਿਸਤਾਨ ਵਿਚ ਰਹਿੰਦੇ ਪਾਕਿਸਤਾਨੀਆਂ ਨੂੰ ਹਾਸਿਲ ਹਨ। ਇਸ ਵਿਚ ਅਛੂਤ ਪਾਕਿਸਤਾਨੀ ਦੇ ਜਾਨ-ਮਾਲ ਦੀ ਸੁਰੱਖਿਆ ਦੀ ਜ਼ਮਾਨਤ ਵੀ ਸ਼ਾਮਿਲ ਹੈ।
ਜ਼ਾਹਿਰਾ ਤੌਰ 'ਤੇ ਮੁਲਕੀ ਪਾਕਿਸਤਾਨੀਆਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਕਾਨੂੰਨ ਵੀ ਹੈ ਤੇ ਇਕ ਮੰਤਰਾਲਾ ਵੀ ਪਰ ਹੁੰਦਾ ਸਭ ਕੁਝ ਉਲਟ ਹੈ। ਨਾ ਉਸ ਦਾ ਕੋਈ ਨੁਮਾਇੰਦਾ ਤੇ ਨਾ ਉਸ ਦਾ ਕੋਈ ਨੇਤਾ। ਪਾਕਿਸਤਾਨ ਵਿਚ ਕਬਜ਼ਾ ਮਾਫੀਆ ਦਾ ਸਭ ਤੋਂ ਵੱਡਾ ਨਿਸ਼ਾਨਾ ਇਹੋ ਅਛੂਤ ਪਾਕਿਸਤਾਨੀ ਹੈ। ਜਦੋਂ ਉਸ ਦੀ ਜਾਇਦਾਦ 'ਤੇ ਕਬਜ਼ਾ ਹੋ ਜਾਂਦਾ ਹੈ ਤਾਂ ਉਹ ਬੇਵੱਸ ਹੋ ਜਾਂਦਾ ਹੈ ਕਿਉਂਕਿ ਕਾਨੂੰਨ ਦੀ ਮਦਦ ਲੱਗਭਗ ਅਸੰਭਵ ਹੁੰਦੀ ਹੈ। ਜੇ ਉਹ ਪੁਲਸ ਕੋਲ ਜਾਂਦਾ ਹੈ ਜਾਂ ਅਦਾਲਤਾਂ ਦੇ ਬੂਹੇ ਖੜਕਾਉਂਦਾ ਹੈ ਤਾਂ ਇਕ ਜਾਲ ਵਿਚ ਘਿਰ ਜਾਂਦਾ ਹੈ। ਹਰ ਪਾਸੇ ਕਾਨੂੰਨੀ ਅਦਾਰੇ ਮੂੰਹ ਅੱਡੀ ਬੈਠੇ ਹੁੰਦੇ ਹਨ ਤੇ ਉਸ ਵਿਚਾਰੇ ਦਾ ਰਿਸ਼ਵਤਾਂ ਦੇ-ਦੇ ਕੇ ਧੂੰਆਂ ਨਿਕਲ ਜਾਂਦਾ ਹੈ।
ਮੇਰੇ ਇਕ ਦੋਸਤ ਦੀ ਲਾਹੌਰ ਵਿਚ ਜਾਇਦਾਦ ਸੀ, ਜਿਸ 'ਤੇ ਕਬਜ਼ਾ ਹੋ ਗਿਆ ਸੀ। ਉਹ ਕਬਜ਼ਾ ਛੁਡਵਾਉਣ ਲਈ ਉਥੇ ਗਿਆ, ਕਾਨੂੰਨ ਦੀ ਮਦਦ ਮੰਗੀ। ਹਰ ਜਗ੍ਹਾ 'ਦਿਓ-ਦਿਓ' ਦੀ ਪੁਕਾਰ ਸੁਣਨ ਨੂੰ ਮਿਲਦੀ। ਜੇ ਨਾ ਦਿਓ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਸੀ। ਉਹ ਪੂਰਾ ਸਾਲ ਉਥੇ ਬੈਠਾ ਰਿਹਾ ਤੇ ਇਸ ਚੱਕਰ ਵਿਚ ਉਸ ਦੀ ਸਵੀਡਨ ਵਾਲੀ ਨੌਕਰੀ ਵੀ ਜਾਂਦੀ ਲੱਗੀ, ਜਿਸ ਨਾਲ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਮਜਬੂਰ ਹੋ ਕੇ ਉਸ ਨੇ ਕਾਨੂੰਨ ਦਾ ਸਹਾਰਾ ਲੈਣਾ ਛੱਡ ਕੇ ਰਿਸ਼ਵਤ ਦਾ ਸਹਾਰਾ ਲਿਆ ਤੇ 50 ਲੱਖ ਰੁਪਏ ਰਿਸ਼ਵਤ ਦੇ ਕੇ ਆਪਣੀ ਜਾਇਦਾਦ ਵਾਪਿਸ ਲੈ ਸਕਿਆ।
ਉਹ ਕੋਈ ਇਕੱਲਾ ਪਾਕਿਸਤਾਨੀ ਨਹੀਂ ਸੀ, ਜਿਸ ਨੂੰ ਅਜਿਹਾ ਕਰਨਾ ਪਿਆ ਸਗੋਂ ਲੱਗਭਗ ਹਰੇਕ 'ਅਛੂਤ ਪਾਕਿਸਤਾਨੀ' ਇਸ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਇਲਾਵਾ ਅਛੂਤ ਪਾਕਿਸਤਾਨੀ ਕੋਲ ਕੋਈ ਸਿਆਸੀ ਹੱਕ ਨਹੀਂ ਹੈ। ਨਾ ਉਹ ਕੋਈ ਚੋਣ ਲੜ ਸਕਦਾ ਹੈ ਤੇ ਨਾ ਹੀ ਸੰਸਦ ਦਾ ਮੈਂਬਰ ਬਣ ਸਕਦਾ ਹੈ। ਪਾਕਿਸਤਾਨ ਦੇ ਹੋਰਨਾਂ ਮਹਿਕਮਿਆਂ ਵਿਚ ਵੀ ਉਸ ਦੀ ਕੋਈ ਨੁਮਾਇੰਦਗੀ ਨਹੀਂ, ਜਦਕਿ ਯੂਰਪੀ ਤੇ ਹੋਰ ਮੁਲਕਾਂ ਵਿਚ ਉਸ ਨੂੰ ਆਮ ਸ਼ਹਿਰੀ ਦੇ ਬਰਾਬਰ ਸਮਝਿਆ ਜਾਂਦਾ ਹੈ। ਇਨ੍ਹਾਂ ਅਛੂਤ ਪਾਕਿਸਤਾਨੀਆਂ ਵਿਚ ਲਗਭਗ 90 ਫੀਸਦੀ ਪੰਜਾਬੀ ਹਨ, ਜਿਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਰੋੜਾਂ ਪਾਕਿਸਤਨੀਆਂ ਦੇ ਪਾਲਣਹਾਰੇ ਹਨ। ਅੱਜ ਜਿਸ ਘਰ ਦਾ ਕੋਈ ਮੈਂਬਰ ਬਾਹਰ ਗਿਆ ਹੋਇਆ ਹੈ, ਉਸ ਘਰ ਵਿਚ ਹੀ ਰੋਟੀ ਪੱਕਦੀ ਹੈ। ਹੁਣ ਤੁਸੀਂ ਦੱਸੋ ਕਿ ਇਹ ਪਾਕਿਸਤਾਨੀ ਅਛੂਤ ਨਹੀਂ ਤਾਂ ਹੋਰ ਕੀ ਹੈ? ਇਸ ਅਛੂਤ ਦਾ ਵਾਲੀ-ਵਾਰਿਸ ਕੌਣ ਹੈ?
ਕੀ ਰਾਹੁਲ ਗਾਂਧੀ ਹੀ ਸਭ ਕੁਝ ਹਨ
NEXT STORY