ਰਾਜਸਥਾਨ ਦੇ ਅਲਵਰ ਜ਼ਿਲੇ ਵਿਚ ਫਿਰ ਇਕ ਆਦਮੀ ਮਾਰਿਆ ਗਿਆ। ਇਕ ਅਜਿਹਾ ਆਦਮੀ, ਜਿਸ ਨੂੰ ਗਊ-ਰੱਖਿਅਕ ਗਊ ਸਮੱਗਲਰ ਦੱਸ ਰਹੇ ਹਨ। ਪਿਛਲੇ ਸਵਾ ਸਾਲ ਵਿਚ ਅਲਵਰ ਜ਼ਿਲੇ 'ਚ ਅਜਿਹੀ ਚੌਥੀ ਵਾਰਦਾਤ ਹੋਈ ਅਤੇ ਰਕਬਰ ਖਾਨ ਚੌਥਾ ਆਦਮੀ ਸੀ, ਜਿਸ ਨੂੰ ਮਾਰ ਦਿੱਤਾ ਗਿਆ। ਸਵਾਲ ਉੱਠਦਾ ਹੈ ਕਿ ਆਖਿਰ ਹਰਿਆਣਾ ਨਾਲ ਲੱਗਦੇ ਅਲਵਰ ਜ਼ਿਲੇ 'ਚ ਅਜਿਹਾ ਕਿਉਂ ਹੋ ਰਿਹਾ ਹੈ? ਭਾਜਪਾ ਦੇ ਸ਼ਾਸਨ ਵਿਚ ਆਖਿਰ ਅਜਿਹੀਆਂ ਘਟਨਾਵਾਂ 'ਚ ਕਿਉਂ ਵਾਧਾ ਹੋਇਆ ਹੈ? ਕੀ ਅਸਲ ਵਿਚ ਗਊ ਪਾਲਕਾਂ ਦੇ ਭੇਸ ਵਿਚ ਗਊ ਸਮੱਗਲਰ ਗਊਆਂ ਦੀ ਸਮੱਗਲਿੰਗ ਵਿਚ ਲੱਗੇ ਹੋਏ ਹਨ? ਕੀ ਭਾਜਪਾ ਦੇ ਸ਼ਾਸਨ ਕਾਰਨ ਬਜਰੰਗ ਦਲ ਅਤੇ ਗਊ ਰੱਖਿਅਕ ਦਲਾਂ ਨੂੰ ਪੁਲਸ ਦੀ ਸ਼ਹਿ ਮਿਲ ਰਹੀ ਹੈ? ਕੀ ਗਊ ਹੱਤਿਆ 'ਤੇ ਸਖਤੀ ਤੋਂ ਬਾਅਦ ਗਊ ਸਮੱਗਲਿੰਗ ਦੀਆਂ ਘਟਨਾਵਾਂ ਵਧੀਆਂ ਹਨ? ਅਤੇ ਕੀ ਇਨ੍ਹਾਂ ਘਟਨਾਵਾਂ ਦਾ ਮੋਦੀ ਸਰਕਾਰ ਦੇ ਮੰਤਰੀ ਅਰਜੁਨਰਾਮ ਮੇਘਵਾਲੇ ਦੇ ਉਸ ਬਿਆਨ ਨਾਲ ਕੋਈ ਲੈਣਾ-ਦੇਣਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਚੋਣਾਂ ਨੇੜੇ ਆਉਣ ਦੇ ਨਾਲ ਹੀ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਿਚ ਵਾਧਾ ਹੋਵੇਗਾ? ਹਾਲਾਂਕਿ ਮੰਤਰੀ ਜੀ ਨੇ ਇਸ ਨੂੰ ਮੋਦੀ ਦੀ ਹਰਮਨਪਿਆਰਤਾ ਨਾਲ ਜੋੜਦੇ ਹੋਏ ਕੁਝ ਲੋਕਾਂ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਪੂਰਬੀ ਰਾਜਸਥਾਨ ਦੀਆਂ 30 ਵਿਧਾਨ ਸਭਾ ਸੀਟਾਂ ਜਿੱਤਣ ਲਈ ਹਿੰਦੂ-ਮੁਸਲਮਾਨ ਦੀ ਖੇਡ ਖੇਡੀ ਜਾ ਰਹੀ ਹੈ? ਫਿਰਕੂ ਧਰੁਵੀਕਰਨ ਨੂੰ ਹੱਲਾਸ਼ੇਰੀ ਮਿਲ ਰਹੀ ਹੈ? ਅਖੀਰ ਵਿਚ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਜਸਥਾਨ ਵਿਚ ਇਸੇ ਸਾਲ ਦੇ ਅਖੀਰ ਵਿਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਾਲ ਹੀ ਚੋਣਾਂ ਹੋਣੀਆਂ ਹਨ ਅਤੇ ਇਥੇ ਭਾਜਪਾ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ।
ਰਾਜਸਥਾਨ ਦੇਸ਼ ਦਾ ਇਕੱਲਾ ਸੂਬਾ ਹੈ, ਜਿਥੇ ਗਊ ਕਲਿਆਣ ਮੰਤਰਾਲਾ ਹੈ, ਜਿਥੇ ਗਊ ਦੀ ਸਮੱਗਲਿੰਗ ਰੋਕਣ ਲਈ 39 ਵਿਸ਼ੇਸ਼ ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਇਨ੍ਹਾਂ 'ਚੋਂ 6-6 ਤਾਂ ਇਕੱਲੀਆਂ ਅਲਵਰ ਅਤੇ ਭਰਤਪੁਰ ਜ਼ਿਲੇ ਵਿਚ ਹਨ, ਜਿਥੋਂ ਦੀ ਹੱਦ ਹਰਿਆਣਾ ਨਾਲ ਲੱਗਦੀ ਹੈ। ਇਨ੍ਹਾਂ ਚੈੱਕ ਪੋਸਟਾਂ ਨੂੰ ਗਊ ਰੱਖਿਆ ਥਾਣਾ ਵੀ ਕਿਹਾ ਜਾ ਸਕਦਾ ਹੈ। ਹਰੇਕ ਅਜਿਹੇ ਥਾਣੇ ਵਿਚ ਇਕ ਸਹਾਇਕ ਸਬ-ਇੰਸਪੈਕਟਰ ਅਤੇ 6 ਸਿਪਾਹੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਦੇ ਨਾਲ ਗਊ ਰੱਖਿਅਕ ਵੀ ਰਹਿੰਦੇ ਹਨ, ਜੋ ਇਕ ਤਰ੍ਹਾਂ ਨਾਲ ਪੁਲਸ ਲਈ ਮੁਖਬਰੀ ਦਾ ਕੰਮ ਕਰਦੇ ਹਨ। ਅੰਕੜੇ ਦੱਸਦੇ ਹਨ ਕਿ 2015 ਤੋਂ ਬਾਅਦ ਹੁਣ ਤਕ ਗਊ ਸਮੱਗਲਰਾਂ ਵਿਰੁੱਧ 1113 ਕੇਸ ਦਰਜ ਕੀਤੇ ਜਾ ਚੁੱਕੇ ਹਨ, 2198 ਗਊ ਸਮੱਗਲਰਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਪਿਛਲੇ 3 ਸਾਲਾਂ ਵਿਚ ਪੁਲਸ ਅਤੇ ਗਊ ਸਮੱਗਲਰਾਂ ਵਿਚਾਲੇ ਫਾਇਰਿੰਗ ਦੀਆਂ 33 ਘਟਨਾਵਾਂ ਹੋਈਆਂ ਹਨ। ਇਨ੍ਹਾਂ 'ਚ 7 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਅਤੇ ਇਕ ਕਥਿਤ ਗਊ ਸਮੱਗਲਰ ਦੀ ਮੌਤ ਹੋਈ ਹੈ।
ਪਿਛਲੇ ਸਵਾ ਸਾਲ ਵਿਚ 4 ਵਿਅਕਤੀ ਮਾਰੇ ਜਾ ਚੁੱਕੇ ਹਨ। ਪਿਛਲੇ ਸਾਲ ਅਪ੍ਰੈਲ ਵਿਚ ਅਲਵਰ ਦੇ ਬਹਿਰੋੜ ਕਸਬੇ ਵਿਚ ਪਹਿਲੂ ਖਾਨ ਨਾਂ ਦਾ ਵਿਅਕਤੀ ਗਊ ਰੱਖਿਅਕਾਂ ਵਲੋਂ ਕੁੱਟੇ ਜਾਣ 'ਤੇ ਮਾਰਿਆ ਗਿਆ ਸੀ। ਪਹਿਲੂ ਖਾਨ ਜੈਪੁਰ 'ਚ ਇਕ ਪਸ਼ੂ ਮੇਲੇ 'ਚੋਂ ਗਊ ਖਰੀਦ ਕੇ ਲਿਜਾ ਰਿਹਾ ਸੀ। ਇਸ ਤੋਂ ਬਾਅਦ ਨਵੰਬਰ ਵਿਚ ਅਲਵਰ ਦੇ ਹੀ ਗੋਬਿੰਦਗੜ੍ਹ ਕਸਬੇ ਵਿਚ ਕੁਝ ਕਥਿਤ ਗਊ ਸਮੱਗਲਰਾਂ ਨਾਲ ਹੋਏ ਮੁਕਾਬਲੇ 'ਚ ਉਮਰ ਮੁਹੰਮਦ ਨਾਂ ਦਾ ਆਦਮੀ ਮਾਰਿਆ ਗਿਆ। ਦਸੰਬਰ ਵਿਚ ਤਾਲੀਮ ਖਾਨ ਦੀ ਮੌਤ ਪੁਲਸ ਫਾਇਰਿੰਗ ਵਿਚ ਹੋਈ। ਪੁਲਸ ਦਾ ਕਹਿਣਾ ਸੀ ਕਿ ਨਾਜਾਇਜ਼ ਤੌਰ 'ਤੇ ਗਊ ਇਕ ਮਿੰਨੀ ਟਰੱਕ ਵਿਚ ਲਿਜਾਈ ਜਾ ਰਹੀ ਸੀ।
ਹੁਣੇ ਜਿਹੇ ਰਾਮਗੜ੍ਹ ਕਸਬੇ ਵਿਚ ਰਕਬਰ ਖਾਨ ਅਤੇ ਅਸਲਮ ਖਾਨ 2 ਗਊਆਂ ਨੂੰ ਲਿਜਾ ਰਹੇ ਸਨ, ਜਦੋਂ ਗਊ ਰੱਖਿਅਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਮਾਰ-ਮਾਰ ਕੇ ਅੱਧਮੋਇਆ ਕਰ ਦਿੱਤਾ। ਦੋਸ਼ ਹੈ ਕਿ ਬਾਅਦ ਵਿਚ ਪੁਲਸ ਹਿਰਾਸਤ ਵਿਚ ਰਕਬਰ ਖਾਨ ਦੀ ਮੌਤ ਹੋ ਗਈ।
ਜਾਣਕਾਰਾਂ ਦਾ ਕਹਿਣਾ ਹੈ ਕਿ ਮੇਵਾਤ ਵਿਚ ਹਿੰਦੂ-ਮੁਸਲਿਮ ਦੀ ਖੇਡ ਖੇਡੀ ਜਾ ਰਹੀ ਹੈ। ਗਊ ਰੱਖਿਅਕਾਂ ਨੂੰ ਪੁਲਸ ਦੀ ਸ਼ਹਿ ਮਿਲਦੀ ਹੈ ਅਤੇ ਉਨ੍ਹਾਂ 'ਚੋਂ ਕੁਝ ਤਾਂ ਗਊ ਬਚਾਉਣ ਦੇ ਨਾਂ ਹੇਠ ਫਿਰਕੂ ਤਣਾਅ ਫੈਲਾਉਣ ਦਾ ਕੰਮ ਕਰਦੇ ਹਨ। ਅਲਵਰ ਅਤੇ ਭਰਤਪੁਰ ਤੋਂ ਇਲਾਵਾ ਪੂਰਬੀ ਰਾਜਸਥਾਨ ਵਿਚ ਕਰੌਲੀ, ਧੌਲਪੁਰ ਅਤੇ ਸਵਾਈ ਮਾਧੋਪੁਰ ਜ਼ਿਲੇ ਆਉਂਦੇ ਹਨ, ਜਿਥੋਂ ਗਊਆਂ ਵਾਇਆ ਅਲਵਰ ਤੇ ਭਰਤਪੁਰ ਹਰਿਆਣਾ ਭਿਜਵਾਈਆਂ ਜਾਂਦੀਆਂ ਹਨ। ਇਨ੍ਹਾਂ 4 ਜ਼ਿਲਿਆਂ 'ਚ ਕੁਲ ਮਿਲਾ ਕੇ 30 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ, ਜੋ ਕੁਲ ਵਿਧਾਨ ਸਭਾ ਸੀਟਾਂ ਦਾ 15 ਫੀਸਦੀ ਹਨ।
ਜਿਸ ਸੂਬੇ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ ਹੋਵੇ ਅਤੇ ਵੋਟਾਂ ਦਾ ਫਰਕ ਵੀ ਢਾਈ ਤੋਂ ਤਿੰਨ ਫੀਸਦੀ ਦੇ ਵਿਚਾਲੇ ਰਹਿੰਦਾ ਹੋਵੇ, ਉਥੇ ਇਹ 30 ਸੀਟਾਂ ਖਾਸ ਮਾਇਨੇ ਰੱਖਦੀਆਂ ਹਨ। ਅਲਵਰ ਦੀਆਂ 11, ਕਰੌਲੀ, ਧੌਲਪੁਰ ਅਤੇ ਸਵਾਈ ਮਾਧੋਪੁਰ ਦੀਆਂ 4-4 ਅਤੇ ਭਰਤਪੁਰ ਦੀਆਂ 7 ਸੀਟਾਂ 'ਤੇ ਭਾਜਪਾ ਦੀ ਨਜ਼ਰ ਹੈ।
ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ 30 'ਚੋਂ 25 ਤੋਂ ਵੱਧ ਸੀਟਾਂ ਭਾਜਪਾ ਨੇ ਜਿੱਤੀਆਂ ਸਨ ਪਰ ਇਸ ਵਾਰ ਸਿਆਸੀ ਹਾਲਾਤ ਇੰਨੇ ਸੁਖਾਵੇਂ ਨਜ਼ਰ ਨਹੀਂ ਆ ਰਹੇ। ਅਜਿਹੀ ਸਥਿਤੀ ਵਿਚ ਕਾਂਗਰਸ ਦਾ ਦੋਸ਼ ਹੈ ਕਿ ਪੂਰਬੀ ਰਾਜਸਥਾਨ ਵਿਚ ਭਾਜਪਾ ਗਊ ਰੱਖਿਅਕਾਂ ਦੇ ਨਾਂ 'ਤੇ ਫਿਰਕੂ ਧਰੁਵੀਕਰਨ ਨੂੰ ਸ਼ਹਿ ਦੇ ਰਹੀ ਹੈ।
ਪਰ ਕੀ ਸੱਚਮੁਚ ਵਿਚ ਅਜਿਹਾ ਹੀ ਹੈ? ਅਲਵਰ ਦੇ ਤਿਜਾਰਾ ਕਸਬੇ ਦਾ ਜਰੋਲੀ ਪਿੰਡ ਹਰਿਆਣਾ ਦੀ ਹੱਦ ਨਾਲ ਲੱਗਦਾ ਹੈ, ਜਿਥੇ ਸਲੀਮਨ ਸਲਮਾ ਦੇ ਸਿਰ 'ਤੇ ਹੱਥ ਫੇਰਦੇ ਹੋਏ ਹਰਾ ਚਾਰਾ ਖੁਆਉਂਦੀ ਮਿਲੀ। ਸਲੀਮਨ ਨੇ ਆਪਣੀ ਗਊ ਦਾ ਨਾਂ ਸਲਮਾ ਰੱਖਿਆ ਹੈ। ਉਹ ਕਹਿੰਦੀ ਹੈ ਕਿ ਕੁਝ ਲੋਕ ਗਊ ਸਮੱਗਲਿੰਗ ਕਰਦੇ ਹਨ ਅਤੇ ਪੂਰੀ ਕੌਮ ਨੂੰ ਬਦਨਾਮ ਹੋਣਾ ਪੈਂਦਾ ਹੈ। ਸਲੀਮਨ ਦੀ ਸੱਸ ਏਲਨਾ ਦਾ ਕਹਿਣਾ ਹੈ ਕਿ ਗਊ ਦੇ ਬੁੱਢੀ ਹੋਣ 'ਤੇ ਵੀ ਉਹ ਲੋਕ ਉਸ ਨੂੰ ਵੇਚਦੇ ਨਹੀਂ ਹਨ।
ਜਰੋਲੀ ਪਿੰਡ ਨਾਲ ਲੱਗਦੇ ਇਕ ਹੋਰ ਪਿੰਡ ਵਿਚ ਮਿਲਿਆ ਈਸ਼ਾਨ ਖਾਨ, ਜਿਸ ਕੋਲ 8 ਗਊਆਂ ਹਨ। ਉਹ 40 ਸਾਲਾਂ ਤੋਂ ਗਊਆਂ ਪਾਲ ਰਿਹਾ ਹੈ। ਈਸ਼ਾਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਤਾਂ ਉਹ ਫਿਰ ਵੀ ਕਦੇ-ਕਦਾਈਂ ਝਿੜਕ ਦਿੰਦਾ ਹੈ ਪਰ ਗਊਆਂ ਨੂੰ ਤਾਂ ਗੁੱਸੇ ਵਿਚ ਹੱਥ ਤਕ ਨਹੀਂ ਲਾਉਂਦਾ।
ਉਸ ਦਾ ਕਹਿਣਾ ਹੈ ਕਿ ਗਊਆਂ ਉਸ ਦੇ ਘਰ ਵਿਚ ਦਾਦੇ-ਪੜਦਾਦੇ ਦੇ ਵੇਲੇ ਤੋਂ ਪਾਲੀਆਂ ਜਾ ਰਹੀਆਂ ਹਨ ਪਰ ਕੁਝ ਸਾਲਾਂ ਤੋਂ ਮਾਹੌਲ ਖਰਾਬ ਹੋਣ ਲੱਗਾ ਹੈ। ਓਧਰ ਕਿਸ਼ਨਗੜ੍ਹ ਬਾਸ ਤੋਂ ਭਾਜਪਾ ਵਿਧਾਇਕ ਰਾਮਹਿਤ ਯਾਦਵ ਦਾ ਕਹਿਣਾ ਹੈ ਕਿ ਗਊ ਸਮੱਗਲਿੰਗ ਨੂੰ ਕਾਂਗਰਸ ਨੇ ਸ਼ਹਿ ਦਿੱਤੀ ਸੀ ਅਤੇ ਉਹ ਇਸ ਨੂੰ ਲੈ ਕੇ ਸਿਆਸਤ ਕਰ ਰਹੀ ਹੈ।
ਯਾਦਵ ਕਹਿੰਦੇ ਹਨ ਕਿ ਗਊ ਸਮੱਗਲਰ ਬਹੁਤ ਤਾਕਤਵਰ ਹਨ, ਉਨ੍ਹਾਂ ਕੋਲ ਹਥਿਆਰ ਹੁੰਦੇ ਹਨ ਅਤੇ ਉਹ ਚੋਰੀ ਦੇ ਟਰੱਕ ਵਿਚ ਗਊਆਂ ਲੈ ਜਾਂਦੇ ਹਨ, ਇਥੋਂ ਤਕ ਕਿ ਉਹ ਪੁਲਸ ਨਾਲ ਭਿੜਨ ਤੋਂ ਵੀ ਨਹੀਂ ਡਰਦੇ, ਸਗੋਂ ਉਲਟਾ ਪੁਲਸ ਵਾਲੇ ਇਨ੍ਹਾਂ ਗਊ ਸਮੱਗਲਰਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ।
vijayv@abpnews.in
ਪਾਕਿਸਤਾਨ 'ਚ ਚੋਣ ਪ੍ਰਚਾਰ ਜ਼ਿਆਦਾਤਰ ਨਵਾਜ਼ ਸ਼ਰੀਫ 'ਤੇ ਹੀ ਕੇਂਦ੍ਰਿਤ ਰਿਹਾ
NEXT STORY