ਨਵਾਂ ਵਰ੍ਹਾ ਨਵੀਂ ਸ਼ੁਰੂਆਤ ਦਾ ਮੌਕਾ ਹੁੰਦਾ ਹੈ—ਇਕ ਅਜਿਹਾ ਪਲ, ਜਦੋਂ ਸਾਡੇ 'ਚੋਂ ਉਹ ਲੋਕ ਨਵੀਂ ਸ਼ੁਰੂਆਤ ਕਰਦੇ ਹਨ, ਜਿਨ੍ਹਾਂ ਨੇ ਗਲਤੀਆਂ ਕੀਤੀਆਂ ਹੁੰਦੀਆਂ ਹਨ ਜਾਂ ਫਿਰ ਬੁਰੇ ਦਿਨਾਂ ਵਿਚ ਫਸ ਗਏ ਹੁੰਦੇ ਹਨ। ਸਰਲ ਸ਼ਬਦਾਂ ਵਿਚ ਇਸ ਨੂੰ 'ਦੂਜਾ ਮੌਕਾ' ਕਿਹਾ ਜਾਂਦਾ ਹੈ।
ਜਦੋਂ '2017' ਨੇ ਦਸਤਕ ਦੇ ਦਿੱਤੀ ਹੈ ਤਾਂ ਮੈਂ ਜਾਣਬੁੱਝ ਕੇ ਦੂਨ ਸਕੂਲ ਵਾਲੇ ਆਪਣੇ ਇਕ ਦੋਸਤ ਬਾਰੇ ਲਿਖਣ ਦਾ ਫੈਸਲਾ ਕੀਤਾ। ਅਸੀਂ 60 ਦੇ ਦਹਾਕੇ ਦੇ ਅਖੀਰ ਅਤੇ 70 ਦੇ ਦਹਾਕੇ ਦੇ ਸ਼ੁਰੂ ਵਿਚ ਉਥੇ ਇਕੱਠੇ ਪੜ੍ਹਦੇ ਸੀ। ਉਦੋਂ ਉਸ ਦਾ ਨਾਂ ਪ੍ਰੀਤਮ ਮੁਖਰਜੀ ਸੀ ਤੇ ਅੱਜਕਲ ਤੁਸੀਂ ਉਸ ਨੂੰ ਪੀਟਰ ਮੁਖਰਜੀ ਦੇ ਨਾਂ ਨਾਲ ਜਾਣਦੇ ਹੋ। ਉਸ 'ਤੇ ਹੱਤਿਆ ਵਿਚ ਮਿਲੀਭੁਗਤ ਦਾ ਦੋਸ਼ ਲੱਗਾ ਹੋਇਆ ਹੈ ਤੇ ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ ਵਿਚ ਹੈ।
ਮੈਂ ਪੀਟਰ ਨਾਲ ਜੁੜੇ 'ਸਕੈਂਡਲ' ਦੇ ਵੇਰਵਿਆਂ ਵਿਚ ਨਹੀਂ ਜਾਵਾਂਗਾ, ਸਿਰਫ ਇਸ ਦੀ ਮੋਟੀ ਰੂਪ-ਰੇਖਾ ਤੋਂ ਹੀ ਜਾਣੂ ਹਾਂ। ਤੁਹਾਡੇ 'ਚੋਂ ਬਹੁਤ ਸਾਰੇ ਲੋਕ ਸ਼ਾਇਦ ਮੇਰੇ ਨਾਲੋਂ ਕਿਤੇ ਬੇਹਤਰ ਢੰਗ ਨਾਲ ਇਸ ਕਹਾਣੀ ਨੂੰ ਜਾਣਦੇ ਹੋਣਗੇ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਕਈ ਲੋਕ ਛੋਟੀਆਂ-ਛੋਟੀਆਂ ਬਾਰੀਕੀਆਂ ਦੇ ਬਹੁਤ ਵੱਡੇ ਉਸਤਾਦ ਹੁੰਦੇ ਹਨ।
ਮੈਂ ਪੀਟਰ ਦੇ ਕਸੂਰਵਾਰ ਜਾਂ ਬੇਕਸੂਰ ਹੋਣ 'ਤੇ ਕੋਈ ਟਿੱਪਣੀ ਕਰਨ ਦਾ ਇਰਾਦਾ ਨਹੀਂ ਰੱਖਦਾ, ਇਹ ਕੰਮ ਅਦਾਲਤਾਂ ਦਾ ਹੈ। ਫਿਰ ਵੀ ਮੈਂ ਇਹ ਯਕੀਨ ਕਰਨਾ ਪਸੰਦ ਕਰਾਂਗਾ ਕਿ ਉਸ ਨੂੰ ਗਲਤ ਢੰਗ ਨਾਲ ਫਸਾਇਆ ਗਿਆ ਹੈ।
ਪਿਛਲੇ ਦਿਨੀਂ ਮੈਨੂੰ ਪੀਟਰ ਦੀ ਇਕ ਚਿੱਠੀ ਮਿਲੀ ਸੀ, ਜਿਸ ਦੇ ਜ਼ਰੀਏ ਉਸ ਨੇ ਆਪਣੇ ਨਜ਼ਰੀਏ ਨਾਲ ਤੱਥਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੰਦਰਾਣੀ-ਸ਼ੀਨਾ-ਪੀਟਰ 'ਸਕੈਂਡਲ' ਬਾਰੇ ਇੰਨਾ ਜ਼ਿਆਦਾ ਲਿਖਿਆ ਗਿਆ ਤੇ ਇਸ 'ਤੇ ਇੰਨੀ ਜ਼ਿਆਦਾ ਚਰਚਾ ਹੋਈ ਹੈ ਕਿ ਤੁਹਾਨੂੰ ਪੀਟਰ ਦਾ ਪੱਖ ਜਾਣਨ ਦੀ ਸੁਭਾਵਿਕ ਦਿਲਚਸਪੀ ਹੋ ਸਕਦੀ ਹੈ। ਉਹ ਚਾਹੁੰਦਾ ਹੈ ਕਿ ਲੋਕਾਂ ਨੂੰ ਉਸ ਦੇ ਪੱਖ ਦਾ ਵੀ ਪਤਾ ਲੱਗ ਸਕੇ। ਉਸ ਨੇ ਚਿੱਠੀ ਵਿਚ ਜੋ ਲਿਖਿਆ ਹੈ, ਉਹ ਇਸ ਤਰ੍ਹਾਂ ਹੈ :
''ਮੈਂ ਬਹੁਤ ਹਿੰਮਤ ਨਾਲ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹਾਂ ਪਰ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੋਕਾਂ ਦੀਆਂ ਧਾਰਨਾਵਾਂ ਹੁਣ ਇਸ ਦਿਸ਼ਾ ਵਿਚ ਬਦਲਦੀਆਂ ਜਾ ਰਹੀਆਂ ਹਨ ਕਿ 'ਭਲਾ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਪਤਾ ਨਾ ਹੋਵੇ?', 'ਇਹ ਤਾਂ ਯਕੀਨ ਕਰਨ ਵਾਲੀ ਗੱਲ ਨਹੀਂ'। ਸੱਚਾਈ ਇਹ ਹੈ ਕਿ ਮੈਂ ਜਾਣਦਾ ਹੀ ਨਹੀਂ ਸੀ ਕਿ ਕੋਈ ਅਪਰਾਧ ਕੀਤਾ ਜਾ ਚੁੱਕਾ ਹੈ। ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ। ਮੈਂ ਇਸ ਯੋਜਨਾ ਦਾ ਹਿੱਸਾ ਹੀ ਨਹੀਂ ਸੀ।''
''ਅਗਸਤ 2015 ਵਿਚ ਮੈਂ ਇੰਦਰਾਣੀ ਦੀ ਗ੍ਰਿਫਤਾਰੀ ਤਕ ਨਹੀਂ ਜਾਣਦਾ ਸੀ। ਅਜਿਹਾ ਅਕਸਰ ਹੁੰਦਾ ਹੈ ਕਿ ਪਤੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਪਤਨੀ ਦੇ ਮਨ ਵਿਚ ਕਿਹੜੇ ਵਿਚਾਰ ਚੱਲ ਰਹੇ ਹਨ। ਉਸ ਨੂੰ ਤਾਂ ਉਦੋਂ ਹੀ ਪਤਾ ਲੱਗਦਾ ਹੈ, ਜਦੋਂ ਉਹ ਉਸ ਨੂੰ ਦੱਸਣ ਦਾ ਫੈਸਲਾ ਲੈਂਦੀ ਹੈ। ਇੰਦਰਾਣੀ ਨੇ ਮੇਰੇ ਸਾਹਮਣੇ ਕਦੇ ਇਹ ਖੁਲਾਸਾ ਨਹੀਂ ਕੀਤਾ ਸੀ ਕਿ ਸ਼ੀਨਾ ਉਸ ਦੀ ਬੇਟੀ ਹੈ। ਮੇਰੇ ਸਮੇਤ ਹਰ ਕਿਸੇ ਸਾਹਮਣੇ ਉਸ ਨੂੰ ਭੈਣ ਵਜੋਂ ਹੀ ਪੇਸ਼ ਕੀਤਾ ਗਿਆ ਸੀ।''
''ਇੰਦਰਾਣੀ ਬਾਰੇ ਅਜਿਹੇ ਕਈ ਹੋਰ ਵੇਰਵੇ ਵੀ ਹਨ, ਜੋ ਪਿਛਲੇ ਸਾਲ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਮੈਨੂੰ ਪਤਾ ਲੱਗੇ। ਉਦੋਂ ਤਕ ਤਾਂ ਮੈਂ ਬਿਲਕੁਲ ਹਨੇਰੇ ਵਿਚ ਸੀ। ਅੱਜ ਤਕ ਵੀ ਮੈਂ ਕਦੇ ਉਸ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਮਿਲਿਆ ਤੇ ਨਾ ਹੀ ਕਦੇ ਗੁਹਾਟੀ ਵਿਚ ਸਥਿਤ ਉਨ੍ਹਾਂ ਦੇ ਘਰ ਗਿਆ ਹਾਂ, ਹਾਲਾਂਕਿ ਅਸੀਂ 15 ਸਾਲਾਂ ਤਕ ਵਿਆਹੁਤਾ ਜੀਵਨ ਬਿਤਾਇਆ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹ ਸਾਰੇ ਤੱਥ ਉਨ੍ਹਾਂ ਰਹੱਸਾਂ ਦਾ ਹਿੱਸਾ ਸਨ, ਜੋ ਉਸ ਨੇ ਮੇਰੇ ਤੋਂ ਲੁਕੋਈ ਰੱਖੇ। ਇਸ ਦੀ ਵਜ੍ਹਾ ਤਾਂ ਉਹੀ ਜਾਣਦੀ ਹੈ।''
''ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅੱਜ ਤਕ ਮੈਂ ਕਿਸੇ ਤੋਂ ਵੀ ਲਿਹਾਜ਼ਦਾਰੀ ਦੇ ਰੂਪ ਵਿਚ ਜਾਂ ਉਸ ਨੂੰ ਨਾਜਾਇਜ਼ ਲਾਭ ਪਹੁੰਚਾਉਣ ਲਈ ਕਦੇ ਕਿਸੇ ਵੀ ਰੂਪ ਵਿਚ ਪੈਸਾ ਜਾਂ ਹੋਰ ਸੇਵਾਵਾਂ ਨਹੀਂ ਲਈਆਂ, ਇਸ ਲਈ ਇਹ ਦਾਅਵਾ ਕਰਨਾ ਕਿ ਮੈਂ ਬਹੁਤ ਵੱਡੀਆਂ ਰਕਮਾਂ ਆਪਣੇ ਗੁਪਤ ਖਾਤਿਆਂ ਵਿਚ ਜਮ੍ਹਾ ਕਰਵਾਈਆਂ ਹੋਈਆਂ ਹਨ, ਸਰਾਸਰ ਝੂਠ ਹੈ। ਮੇਰੇ 'ਤੇ ਰੱਬ ਦੀ ਇੰਨੀ ਕ੍ਰਿਪਾ ਸੀ ਕਿ ਮੈਨੂੰ ਚੰਗੀ ਤਨਖਾਹ ਮਿਲਦੀ ਸੀ। ਇਸ ਲਈ ਮੈਨੂੰ ਆਪਣੀ ਕਮਾਈ ਵਿਚ ਵਾਧਾ ਕਰਨ ਲਈ ਕੁਝ ਵੀ 'ਗਲਤ' ਕਰਨ ਦੀ ਲੋੜ ਨਹੀਂ ਸੀ। ਇਹ ਦਾਅਵੇ ਅਜਿਹੇ ਹਨ, ਜੋ ਸੀ. ਬੀ. ਆਈ. ਵੀ ਕਦੇ ਸਿੱਧ ਨਹੀਂ ਕਰ ਸਕੇਗੀ ਕਿਉਂਕਿ ਅਜਿਹਾ ਕੋਈ ਪੈਸਾ ਹੈ ਹੀ ਨਹੀਂ ਸੀ।''
''ਮੈਂ ਇਹ ਉਮੀਦ ਲਗਾਈ ਬੈਠਾ ਹਾਂ ਕਿ ਮੁਕੱਦਮੇ ਦੌਰਾਨ ਮੈਨੂੰ ਖ਼ੁਦ ਨੂੰ ਬੇਦਾਗ਼ ਸਿੱਧ ਕਰਨ ਦਾ ਮੌਕਾ ਮਿਲੇਗਾ ਪਰ ਉਦੋਂ ਤਕ ਮੈਨੂੰ ਇਸ ਸੰਬੰਧ ਵਿਚ ਲੋਕਾਂ ਦੀਆਂ ਧਾਰਨਾਵਾਂ ਬਦਲਣ ਲਈ ਤੁਹਾਡੀ ਸਹਾਇਤਾ ਦੀ ਲੋੜ ਪਵੇਗੀ।''
ਹੁਣ ਮੈਂ ਤੁਹਾਨੂੰ ਅਜਿਹੀ ਅਪੀਲ ਨਹੀਂ ਕਰ ਰਿਹਾ ਕਿ ਤੁਸੀਂ ਪੀਟਰ ਦੀਆਂ ਗੱਲਾਂ 'ਤੇ ਯਕੀਨ ਕਰੋ। ਸਾਡੇ 'ਚੋਂ ਹਰ ਕਿਸੇ ਨੇ ਆਪਣੇ ਫੈਸਲੇ ਖ਼ੁਦ ਕਰਨੇ ਹਨ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਆਪਣੇ ਇਕ ਦੋਸਤ ਦਾ ਪੱਖ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਤੁਸੀਂ ਖ਼ੁਦ ਇਸ ਬਾਰੇ ਫੈਸਲਾ ਲੈ ਸਕੋ। ਉਸ ਦੀ ਚਿੱਠੀ ਸਿਰਫ ਸਹਾਇਤਾ ਲਈ ਦੁਹਾਈ ਨਹੀਂ ਹੈ, ਸਗੋਂ ਉਸ ਨਾਲੋਂ ਕਿਤੇ ਜ਼ਿਆਦਾ ਹੈ, ਭਾਵ ਇਹ ਕਿ ਲੋਕ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨ।
ਪਰ ਇਹ ਵੀ ਹੋ ਸਕਦਾ ਹੈ ਕਿ ਪੀਟਰ ਦੀ ਗੱਲ ਸੱਚ ਹੋਵੇ। ਆਖਿਰ ਕਿਸੇ ਜੱਜ ਨੇ ਹੀ ਇਹ ਫੈਸਲਾ ਲੈਣਾ ਹੈ ਕਿ ਪੀਟਰ ਦੀਆਂ ਗੱਲਾਂ ਸੱਚ ਹਨ ਜਾਂ ਨਹੀਂ।
ਅਖਿਲੇਸ਼ ਯਾਦਵ ਦੇ ਮਨ 'ਚ ਕੀ ਹੈ
NEXT STORY