ਰਮਜ਼ਾਨ ਦਾ ਪਵਿੱਤਰ ਮਹੀਨਾ ਨਵੀ ਮੁੰਬਈ 'ਚ ਸਥਿਤ ਤਲੋਜਾ ਸੈਂਟਰਲ ਜੇਲ ਵਿਚ ਇਕ ਨਵੀਂ ਕਿਸਮ ਦੀ ਸ਼ਾਂਤੀ ਲੈ ਕੇ ਆਇਆ ਹੈ ਅਤੇ ਸਾਰੇ ਫਿਰਕਿਆਂ ਦੇ ਕੈਦੀ ਮਿਲ ਕੇ ਮੁਸਲਿਮ ਕੈਦੀਆਂ ਲਈ ਸੇਹਰੀ ਤੇ ਇਫਤਾਰੀ ਤਿਆਰ ਕਰਦੇ ਹਨ।
ਜੇਲ ਦੇ ਡਿਪਟੀ ਸੁਪਰਡੈਂਟ ਸਦਾਨੰਦ ਗਾਇਕਵਾੜ ਨੇ ਦੱਸਿਆ ਕਿ ''ਅਸੀਂ ਅਕਸਰ ਦੇਖਦੇ ਹਾਂ ਕਿ ਸਮਾਜ ਵਿਚ ਧਾਰਮਿਕ ਮੁੱਦਿਆਂ ਕਾਰਨ ਬਹੁਤ ਨਫਰਤ ਪੈਦਾ ਹੁੰਦੀ ਹੈ, ਖਾਸ ਤੌਰ 'ਤੇ ਸੋਸ਼ਲ ਮੀਡੀਆ 'ਚ। ਫਿਰ ਵੀ ਜੇਲ ਇਕ ਅਜਿਹੀ ਜਗ੍ਹਾ ਹੈ, ਜਿਥੇ ਤੁਸੀਂ ਸਾਰੇ ਮਜ਼੍ਹਬਾਂ ਦੇ ਲੋਕਾਂ ਨੂੰ ਮਿਲ-ਜੁਲ ਕੇ ਇਕੱਠੇ ਰਹਿੰਦਿਆਂ ਦੇਖ ਸਕਦੇ ਹੋ। ਰਮਜ਼ਾਨ ਦੇ ਮਹੀਨੇ ਵਿਚ ਤਾਂ ਜਿਸ ਤਰ੍ਹਾਂ ਹਿੰਦੂ ਤੇ ਮੁਸਲਮਾਨ ਇਕ-ਦੂਜੇ ਦਾ ਸਾਥ ਦਿੰਦੇ ਹਨ, ਉਹ ਸੱਚੀ ਏਕਤਾ ਦੀ ਇਕ ਤਸਵੀਰ ਹੈ।''
ਕੈਦੀਆਂ ਲਈ ਰਮਜ਼ਾਨ ਦੇ ਮਹੀਨੇ ਵਿਚ ਤੜਕੇ 3 ਵਜੇ ਹੀ ਦਿਨ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੇਹਰੀ ਦੀ ਤਿਆਰੀ ਦਿਨ ਚੜ੍ਹਨ ਤੋਂ ਕਾਫੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਰੋਜ਼ੇਦਾਰਾਂ ਲਈ ਦਾਲ, ਚੌਲ, ਰੋਟੀਆਂ, ਸਬਜ਼ੀਆਂ ਆਦਿ ਬਣਾਈਆਂ ਜਾਂਦੀਆਂ ਹਨ। ਸ਼ਾਮ ਨੂੰ ਇਫਤਾਰੀ ਤੋਂ ਪਹਿਲਾਂ ਕੈਦੀ ਮਿਲ ਕੇ ਫਲ ਕੱਟਦੇ ਹਨ।
ਗਾਇਕਵਾੜ ਨੇ ਦੱਸਿਆ ਕਿ ਕੈਦੀ ਆਪਣੇ ਪੈਸਿਆਂ ਨਾਲ ਜੇਲ ਦੀ ਕੰਟੀਨ 'ਚੋਂ ਇਫਤਾਰੀ ਲਈ ਫਲ ਖਰੀਦਦੇ ਹਨ, ਜਦਕਿ ਸੇਹਰੀ ਲਈ ਜੇਲ ਪ੍ਰਸ਼ਾਸਨ ਵਲੋਂ ਤੜਕੇ 3 ਵਜੇ ਹੀ ਰਸੋਈ ਖੋਲ੍ਹ ਦਿੱਤੀ ਜਾਂਦੀ ਹੈ ਤਾਂ ਕਿ ਕੈਦੀ ਆਪਣਾ ਭੋਜਨ ਤਿਆਰ ਕਰ ਸਕਣ। ਰੋਜ਼ੇਦਾਰਾਂ ਨੂੰ ਸਵੇਰ ਨੂੰ ਚਾਹ ਪਹੁੰਚਾਉਣ ਵਾਲਾ ਕਾਂਸਟੇਬਲ ਇਕ ਹਿੰਦੂ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਬੰਬ ਧਮਾਕਿਆਂ ਤੋਂ ਲੈ ਕੇ ਛੋਟੀਆਂ-ਮੋਟੀਆਂ ਚੋਰੀਆਂ ਵਰਗੇ ਅਪਰਾਧਾਂ ਵਿਚ ਸਜ਼ਾ ਕੱਟ ਰਹੇ ਅਤੇ ਵਿਚਾਰ-ਅਧੀਨ ਕੈਦੀ ਇਸ ਜੇਲ ਵਿਚ ਬੰਦ ਹਨ ਪਰ ਉਨ੍ਹਾਂ ਦੇ ਅਪਰਾਧਿਕ ਅਤੇ ਮਜ਼੍ਹਬੀ ਪਿਛੋਕੜ ਜੇਲ 'ਚ ਕਦੇ ਵੀ ਉਨ੍ਹਾਂ ਦੇ ਆਪਸੀ ਮੱਤਭੇਦਾਂ ਦਾ ਕਾਰਨ ਨਹੀਂ ਬਣੇ। ਹਰੇਕ ਬੈਰਕ ਵਿਚ ਹਿੰਦੂ ਤੇ ਮੁਸਲਿਮ ਕੈਦੀ ਇਕੱਠੇ ਰਹਿੰਦੇ ਹਨ।
ਮੁਸਲਿਮ ਕੈਦੀਆਂ ਨੇ ਨਮਾਜ਼ ਪੜ੍ਹਨੀ ਹੁੰਦੀ ਹੈ ਤਾਂ ਹਿੰਦੂ ਕੈਦੀ ਇਸ ਦੇ ਲਈ ਸਹਿਯੋਗ ਦਿੰਦੇ ਹਨ ਅਤੇ ਜਦੋਂ ਹਿੰਦੂ ਕੈਦੀਆਂ ਨੇ ਆਰਤੀ ਕਰਨੀ ਹੁੰਦੀ ਹੈ ਤਾਂ ਮੁਸਲਿਮ ਕੈਦੀ ਸਹਿਯੋਗ ਕਰਦੇ ਹਨ। ਇਫਤਾਰੀ ਤੋਂ ਬਾਅਦ ਹਿੰਦੂ ਕੈਦੀ ਮੁਸਲਿਮ ਭਰਾਵਾਂ ਲਈ ਜਗ੍ਹਾ ਖਾਲੀ ਕਰ ਦਿੰਦੇ ਹਨ ਤਾਂ ਕਿ ਉਹ ਨਮਾਜ਼ ਪੜ੍ਹ ਸਕਣ। ਇਸੇ ਤਰ੍ਹਾਂ ਨਮਾਜ਼ ਤੋਂ ਬਾਅਦ ਮੁਸਲਮਾਨ ਆਰਤੀ ਵਿਚ ਹਿੰਦੂ ਕੈਦੀਆਂ ਨੂੰ ਸਹਿਯੋਗ ਦਿੰਦੇ ਹਨ।
ਤਲੋਜਾ ਜੇਲ 'ਚ ਲੱਗਭਗ 2030 ਕੈਦੀ ਹਨ, ਜਿਨ੍ਹਾਂ 'ਚੋਂ 372 ਸਜ਼ਾਯਾਫ਼ਤਾ ਹਨ, ਜਦਕਿ ਬਾਕੀ ਵਿਚਾਰ-ਅਧੀਨ ਕੈਦੀ ਹਨ। ਇਨ੍ਹਾਂ 'ਚੋਂ 9 ਭਰਤ ਨੇਪਾਲੀ ਦੇ ਗਿਰੋਹ, 2 ਸ਼ਰਦ ਮਹੋਲ ਗਿਰੋਹ ਅਤੇ 12 ਇੰਡੀਅਨ ਮੁਜਾਹਿਦੀਨ ਦੇ ਮੈਂਬਰ ਹਨ, ਜਦਕਿ 6 ਕੈਦੀ ਮਾਲੇਗਾਓਂ ਬੰਬ ਧਮਾਕੇ ਦੇ ਦੋਸ਼ੀ ਹਨ ਤਾਂ 7 ਛੋਟਾ ਰਾਜਨ ਗਿਰੋਹ ਦੇ ਮੈਂਬਰ ਹਨ।
ਕੈਦੀਆਂ 'ਚੋਂ 118 ਸੋਮਾਲੀਆ ਨਾਲ ਸੰਬੰਧਿਤ ਹਨ, 2 ਸਿਮੀ ਨਾਲ ਅਤੇ ਔਰੰਗਾਬਾਦ ਹਥਿਆਰ ਕਾਂਡ ਅਤੇ 1993 ਦੇ ਬੰਬ ਧਮਾਕਿਆਂ ਦੇ 3-3 ਦੋਸ਼ੀ ਹਨ। ਜੇਲ ਵਿਚ ਅਰੁਣ ਗਾਵਲੀ ਅਤੇ ਅਬੂ ਸਲੇਮ ਵਰਗੇ ਹਾਈ ਪ੍ਰੋਫਾਈਲ ਕੈਦੀ ਵੀ ਬੰਦ ਹਨ। ਇਥੇ 300 ਅਪਰਾਧੀ ਅਜਿਹੇ ਹਨ, ਜੋ 'ਮਕੋਕਾ' ਦੇ ਤਹਿਤ ਬੰਦ ਹਨ। ਇਨ੍ਹਾਂ ਸਾਰੇ ਕੈਦੀਆਂ ਨੂੰ ਮਹੀਨੇ ਵਿਚ 2 ਚਿੱਠੀਆਂ ਲਿਖਣ ਦੀ ਇਜਾਜ਼ਤ ਹੈ, ਜਿਨ੍ਹਾਂ 'ਚੋਂ ਇਕ ਪਰਿਵਾਰ ਨੂੰ ਅਤੇ ਦੂਜੀ ਸਰਕਾਰ ਜਾਂ ਕਿਸੇ ਸੰਗਠਨ ਨੂੰ ਲਿਖੀ ਜਾ ਸਕਦੀ ਹੈ।
ਕੀ ਸੀ. ਬੀ. ਆਈ. ਅਜੇ ਵੀ ਸੱਤਾਤੰਤਰ ਦੇ 'ਪਿੰਜਰੇ ਦਾ ਤੋਤਾ' ਹੈ
NEXT STORY