ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਸਬੰਧੀ ਚਰਚੇ ਸਨ। ਇਸ ਦੌਰੀ ਨੂੰ ਲੈ ਕੇ ਵੱਖ-ਵੱਖ ਵਰਗਾਂ ਦੇ ਲੋਕਾਂ, ਸਿਆਸੀ ਪਾਰਟੀਆਂ ਅਤੇ ਪੰਜਾਬ ਸਰਕਾਰ ਦੇ ਗਲਿਆਰਿਆਂ ਵਿਚ ਕਈ ਤਰ੍ਹਾਂ ਦੇ ਚਰਚੇ ਹੋ ਰਹੇ ਸਨ। ਇਲੈਕਟ੍ਰਾਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਵਿਚ ਵੰਨ-ਸੁਵੰਨੀਆਂ ਸਟੋਰੀਆਂ ਵੇਖਣ ਨੂੰ ਮਿਲ ਰਹੀਆਂ ਸਨ। ਭਾਜਪਾ ਪਿਛਲੇ ਡੇਢ ਕੁ ਸਾਲ ਤੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਨਾ ਸਿਰਫ ਪੰਜਾਬ ਦੀ ਕਿਸਾਨੀ ਸਗੋਂ ਜਨਤਕ ਰੋਹ ਦਾ ਸ਼ਿਕਾਰ ਸੀ। ਵਿਧਾਇਕ, ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀਆਂ ਦੀ ਬੁਰੀ ਤਰ੍ਹਾਂ ਦੁਰਦਸ਼ਾ ਹੋ ਰਹੀ ਸੀ। ਭਾਵੇਂ ਦਿੱਲੀ ਦੀਆਂ ਹੱਦਾਂ ’ਤੇ 378 ਦਿਨਾਂ ਦੇ ਅਤਿ ਦੁੱਖਾਂ ਅਤੇ ਚੁਣੌਤੀ ਭਰੇ ਕਿਸਾਨ ਅੰਦੋਲਨ ਬਾਅਦ ਜਦੋਂ ਪ੍ਰਧਾਨ ਮੰਤਰੀ ਨੇ ਬਿਨਾਂ ਸ਼ਰਤ ਦੇਸ਼ ਤੋਂ ਮੁਆਫੀ ਸਹਿਤ ਤਿੰਨੇ ਕਾਨੂੰਨ ਵਾਪਸ ਲਏ ਤਾਂ ਅਚਾਨਕ ਵੱਖ-ਵੱਖ ਪਾਰਟੀਆਂ ਦੇ ਆਗੂ, ਵਿਧਾਇਕ, ਸਾਬਕਾ ਭਾਜਪਾ ਨੇਤਾ ਭਾਜਪਾ ਵਿਚ ਉੱਜਲ ਸਿਆਸੀ ਭਵਿੱਖ ਦੇਖੇ ਜਾਣ ਲੱਗੇ। ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ 5 ਜਨਵਰੀ ਨੂੰ ਨਵੇਂ ਸਾਲ ਦੇ ਸਮੇਂ ’ਚ ਤੈਅ ਹੋਇਆ। ਉਨ੍ਹਾਂ ਨੇ ਫਿਰੋਜ਼ਪੁਰ ਸਰਹੱਦੀ ਜ਼ਿਲੇ ਦਾ ਦੌਰਾ ਕਰਨਾ ਸੀ। ਭਾਜਪਾ ਵਿਚ ‘ਆਇਆ ਰਾਮ’ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ।
ਇਹ ਵੀ ਚਰਚੇ ਸਨ ਕਿ ਕਈ ਪਾਰਟੀਆਂ ਦੇ ਆਗੂ ਰੈਲੀ ਸਮੇਂ ਵੀ ਸ਼ਾਮਿਲ ਹੋ ਸਕਦੇ ਸਨ। ਉਨ੍ਹਾਂ ਵੱਲੋਂ ਪੰਜਾਬ ਲਈ ਕੋਈ ਆਰਥਿਕ, ਉਦਯੋਗਿਕ ਅਤੇ ਕਿਸਾਨੀ ਸਬੰਧੀ ਪੈਕੇਜਾਂ ਦੇ ਐਲਾਨ ਬਾਅਦ ਹੋਰ ਵੱਡੇ ਪੱਧਰ ’ਤੇ ‘ਆਇਆ ਰਾਮ’ ਦੀ ਗਿਣਤੀ ਵਧੇਗੀ। ਵੈਸੇ ਵੀ ਮੱਧ ਪ੍ਰਦੇਸ਼, ਗੋਆ ਅਤੇ ਉੱਤਰ ਪੂਰਬ ਰਾਜਾਂ ਵਿਚ ਦਲਬਦਲੀਆਂ ਰਾਹੀਂ ਸਰਕਾਰਾਂ ਗਠਿਤ ਹੋਣ ਦੇ ਕਾਰਣ ਇਕ ਵੱਡਾ ਤਜਰਬਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਦਿਨ 45450 ਕਰੋੜ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਫਿਰੋਜ਼ਪੁਰ ਵਿਖੇ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਨਾਲ ਸਬੰਧਤ ਕਾਰਕੁੰਨਾਂ ਦੀ ਸਿਅਾਸੀ ਰੈਲੀ ਨੂੰ ਸੰਬੋਧਨ ਕਰ ਕੇ ਫਰਵਰੀ-ਮਾਰਚ 2022 ਨੂੰ ਹੋਣ ਜਾ ਰਹੀਆਂ ਰਾਜ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਸੀ। ਰਾਜ ਵਿਚ ਓਮੀਕ੍ਰੋਨ ਮਹਾਮਾਰੀ ਵਧਣ ਅਤੇ ਲਗਾਤਾਰ ਮੀਂਹ ਦੇ ਬਾਵਜੂਦ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਅਤੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਲਈ ਦ੍ਰਿੜ੍ਹ ਸੰਕਲਪ ਸਨ।
ਲਗਭਗ 10 ਕੁ ਵਜੇ ਉਹ ਜਦੋਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਬਠਿੰਡਾ ਪੁੱਜੇ ਤਾਂ ਮੀਂਹ ਪੈਣ ਕਰਕੇ ਉਨ੍ਹਾਂ ਹੈਲੀਕਾਪਟਰ ਦੀ ਥਾਂ ਸੜਕੀ ਮਾਰਗ ਰਾਹੀਂ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦੀ ਸਮਾਰਕ ’ਤੇ ਨਤਮਸਤਕ ਹੋਣ ਉਪਰੰਤ ਰੈਲੀ ਨੂੰ ਸੰਬੋਧਨ ਕਰਨ ਦਾ ਤੱਤਕਾਲ ਫੈਸਲਾ ਲਿਆ ਪਰ ਕੁਝ ਥਾਵਾਂ ’ਤੇ ਕਿਸਾਨ-ਮਜ਼ਦੂਰ ਸੰਗਠਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨਾ, ਇਕ ਓਵਰਬ੍ਰਿਜ ’ਤੇ ਉਨ੍ਹਾਂ ਦੇ ਕਾਫਲੇ ਨੂੰ 1520 ਮਿੰਟ ਰੁਕਣ ਲਈ ਮਜਬੂਰ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਸੰਨ੍ਹ ਲੱਗ ਜਾਣ ਕਰ ਕੇ ਉਨ੍ਹਾਂ ਵਾਪਸ ਜਾਣ ਦਾ ਫੈਸਲਾ ਲਿਆ। ਏ. ਐੱਨ. ਆਈ. ਖਬਰ ਏਜੰਸੀ ਰਾਹੀਂ ਉਹ ਇਸ ਅਮਨ ਕਾਨੂੰਨ ਵਿਵਸਥਾ ਵਿਚ ਵੱਡੀ ਅਸਫਲਤਾ ਅਤੇ ਖਲਾਅ ਮਹਿਸੂਸ ਕਰਦਿਆਂ ਬਠਿੰਡਾ ਹਵਾਈ ਅੱਡੇ ’ਤੇ ਪੰਜਾਬ ਦੀ ਅਫਸਰਸ਼ਾਹੀ ਨੂੰ ਇਹ ਕਹਿਣ ਲਈ ਮਜਬੂਰ ਵਿਖਾਈ ਦਿੱਤੇ, ‘‘ਆਪਣੇ ਸੀ. ਐੱਮ. ਦਾ ਧੰਨਵਾਦ ਕਰਿਓ ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਪਰਤ ਆਇਆ ਹਾਂ।’’ ਸ਼ਾਇਦ ਉਨ੍ਹਾਂ ਦੇ ਮਨ ਵਿਚ ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਦੇ ਸ਼ਬਦ ਬੋਲਦੇ ਹੋਣ। ਭਾਰਤ ਦੀ ਆਜ਼ਾਦੀ ਬਾਅਦ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਅਜਿਹੀ ਨਾਮੋਸ਼ੀ ਭਰੀ, ਅਪਮਾਨਜਨਕ ਅਤੇ ਅਵੱਗਿਆਕਾਰੀ ਘਟਨਾ ਹੋਵੇਗੀ ਜਦੋਂ ਦੇਸ਼ ਦੇ ਅਤਿ ਸਨਮਾਨਜਨਕ ਸਿਆਸੀ ਆਗੂ ‘ਪ੍ਰਧਾਨ ਮੰਤਰੀ’ ਨੂੰ ਕਿਸੇ ਰੈਲੀ ਜਾਂ ਸ਼ਹੀਦਾਂ ਦੀ ਸਮਾਰਕ ’ਤੇ ਜਾਣ ਤੋਂ ਰੋਕਿਆ ਹੋਵੇ। ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਇਹ ਸ਼ਾਨਾਂਮੱਤਾ ਇਤਿਹਾਸਕ ਵਿਰਸਾ ਰਿਹਾ ਹੈ ਕਿ ਆਪਣੇ ਮਹਿਮਾਨ ਦਾ ਦੇਵਤਿਆਂ ਵਾਂਗ ਸਨਮਾਨ ਕਰਨਾ। ਪੰਜਾਬ ’ਚ ਸੱਤਾਧਾਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਟਵੀਟ ਕੀਤਾ, ‘‘ਅੱਜ ਜੋ ਕੁਝ ਹੋਇਆ ਹੈ ਉਹ ਪ੍ਰਵਾਨਯੋਗ ਨਹੀਂ ਹੈ। ਪੰਜਾਬੀਅਤ ਦੇ ਵਿਰੁੱਧ ਹੈ। ਪ੍ਰਧਾਨ ਮੰਤਰੀ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।’’
ਦਿੱਲੀ ਦੀਆਂ ਹੱਦਾਂ ਤੋਂ ਰਹਿੰਦੀਆਂ ਮੰਗਾਂ ਲਈ ਆਪਣਾ ਅੰਦੋਲਨ ਮੁਲਤਵੀ ਕਰਕੇ ਆਏ ਕਿਸਾਨ ਪੰਜਾਬ ਵਿਚ ਲਗਾਤਾਰ ਸੂਬਾ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਕੁਝ ਇਕ ਜਥੇਬੰਦੀਆਂ ਨੂੰ ਛੱਡ ਕੇ ਸਭ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਵਿਰੋਧ ਅਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਉਹ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੀ ਮਰਿਆਦਾ ਭੁੱਲ ਗਏ। ਉਨ੍ਹਾਂ ਨੂੰ ਸੜਕਾਂ ਦੇ ਦੋਵੇਂ ਪਾਸੇ ਕਾਲੇ ਝੰਡੇ ਅਤੇ ਬੈਨਰ ਫੜ ਕੇ ਅਨੁਸ਼ਾਸਿਤ ਢੰਗ ਨਾਲ ਖੜ੍ਹੇ ਹੋ ਕੇ ਵਿਰੋਧ ਪ੍ਰਗਟਾਉਣਾ ਚਾਹੀਦਾ ਸੀ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਜਿੱਥੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਜ਼ਬਤ ਵਿਚ ਰਹਿ ਕੇ ਵਿਰੋਧ ਪ੍ਰਦਰਸ਼ਨਾਂ ਦਾ ਅਧਿਕਾਰ ਹੈ, ਉੱਥੇ ਪ੍ਰਧਾਨ ਮੰਤਰੀ ਅਤੇ ਹੋਰ ਰਾਜਨੀਤਕ ਆਗੂਆਂ ਨੂੰ ਜਨਤਕ ਰੈਲੀਆਂ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ। ਇਕ ਨਰੋਏ ਲੋਕਤੰਤਰ ਵਿਚ ਹਿੰਸਾ, ਰੋਕਾਂ ਲਾਉਣ, ਜਨਤਕ ਸੰਪਤੀ ਦਾ ਨੁਕਸਾਨ ਕਰਨ, ਆਵਾਜਾਈ ਰੋਕਣ ਦਾ ਕੋਈ ਅਧਿਕਾਰ ਨਹੀਂ।ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਅਤਿ ਅਪਮਾਨਿਤ ਢੰਗ ਨਾਲ ਮੁੱਖ ਮੰਤਰੀ ਵਜੋਂ ਕਾਂਗਰਸ ਪਾਰਟੀ ਵੱਲੋਂ ਲਾਂਭੇ ਕਰਨ ਅਤੇ ਉਸ ਦੀ ਥਾਂ ਦੂਰਅੰਦੇਸ਼ੀ ਰਹਿਤ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਨੂੰ ਇਸ ਅਤਿ ਸੰਵੇਦਨਸ਼ੀਲ, ਸਰਹੱਦੀ ਅਤੇ ਸਮੱਸਿਆਵਾਂ ਨਾਲ ਜੂਝਦੇ ਸੂਬੇ ਦਾ ਮੁੱਖ ਮੰਤਰੀ ਥਾਪਣਾ ਕਾਂਗਰਸ ਹਾਈਕਮਾਨ ਦੀ ਬਚਕਾਨੀ ਸੋਚ ਉਜਾਗਰ ਕਰਦਾ ਹੈ।
ਦਰਬਾਰਾ ਸਿੰਘ ਕਾਹਲੋਂ
ਦੇਸ਼-ਧਰਮ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਬਲਿਦਾਨ
NEXT STORY