-ਗੁਰੂਗ੍ਰਾਮ ’ਚ 11ਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਨੇ ਆਪਣੇ ਸਾਥੀ ਨੂੰ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰੀ। ਵੀਡੀਓ ਗੇਮ ਖੇਡਣ ਵਾਲੀ ਪੀੜ੍ਹੀ ਲਈ ਗੋਲੀਬਾਰੀ ਜਿਵੇਂ ਖੇਡ ਹੋ ਗਈ ਹੈ।
-ਵਿਸ਼ਾਖਾਪਟਨਮ ’ਚ ਮੋਬਾਈਲ ਫੋਨ ਗੇਮ ਦੀ ਆਦਤ ’ਚ ਪਏ ਇਕ ਅੱਲ੍ਹੜ ਨੇ ਆਪਣੀ ਮਾਂ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਹ ਉਸ ਨੂੰ ਗੇਮ ਖੇਡਣ ਤੋਂ ਟੋਕਦੀ ਸੀ।
-ਪੁਣੇ ’ਚ 14 ਸਾਲਾ ਇਕ ਬੱਚੇ ਨੇ ਆਨਲਾਈਨ ਗੇਮਿੰਗ ਫ੍ਰੀ ਫਾਇਰ ਦੀ ਆਦਤ ਕਾਰਨ ਆਪਣੀ ਮਾਂ ਦੇ ਸੋਨੇ ਦੇ ਗਹਿਣੇ ਵੇਚ ਦਿੱਤੇ।
-ਮੋਬਾਈਲ ਗੇਮ ਖੇਡਣ ਲਈ ਮੋਬਾਈਲ ਨਾ ਮਿਲਣ ’ਤੇ ਬੇਹੱਦ ਨਾਰਾਜ਼ ਹੋਈ ਮੁੰਬਈ-ਆਰੇ ਕਾਲੋਨੀ ਦੀ 14 ਸਾਲ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ।
ਸਕ੍ਰੀਨ ਦੀ ਆਦਤ ਨੌਜਵਾਨਾਂ ਨੂੰ ਜੁਰਮ ਦੀ ਦੁਨੀਆ ’ਚ ਧੱਕ ਰਹੀ ਹੈ। ਭਾਰਤ ਦੀ ਨੌਜਵਾਨ ਆਬਾਦੀ ਨੂੰ ਇਸ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਹੈ, ‘ਸਕ੍ਰੀਨ’ ਦੀ ਆਦਤ ਇਸ ਤਾਕਤ ਨੂੰ ਕਮਜ਼ੋਰ ਕਰ ਰਹੀ ਹੈ। ਮੋਬਾਈਲ, ਗੇਮਿੰਗ, ਸਟ੍ਰੀਮਿੰਗ ਸਰਵਿਸਿਜ਼ ਅਤੇ ਸੋਸ਼ਲ ਮੀਡੀਆ ਦੀ ਅੱਤ ਨੇ ਬੱਚਿਆਂ ਨੂੰ ਇੰਨਾ ਘੇਰ ਲਿਆ ਹੈ ਕਿ ਚਿੰਤਾਜਨਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬੱਚੇ ਨਾ ਸਿਰਫ ਪੜ੍ਹਾਈ ’ਚ ਪੱਛੜ ਰਹੇ ਹਨ, ਸਗੋਂ ਪਰਿਵਾਰਕ, ਸਮਾਜਿਕ ਜੁੜਾਅ ’ਚ ਕਮਜ਼ੋਰ ਹੋ ਰਹੇ ਹਨ। ਇਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਭੈੜਾ ਅਸਰ ਪੈ ਰਿਹਾ ਹੈ। ਅੱਜ ਦੇ ਸਿਖਿਆਰਥੀਆਂ ’ਚ ਅਕਲ ਦੀ ਘਾਟ ਨਹੀਂ ਹੈ ਸਗੋਂ ਉਨ੍ਹਾਂ ਦਾ ਧਿਆਨ ਭਟਕ ਗਿਆ ਹੈ, ਉਨ੍ਹਾਂ ’ਚ ਜਿਗਿਆਸਾ ਤਾਂ ਬੜੀ ਹੈ ਪਰ ਇਕਾਗਰਤਾ ਖਿਲਰੀ ਹੋਈ ਹੈ। ਸਕ੍ਰੀਨ ਦੀ ਆਦਤ ਦੇ ਵਿਰੁੱਧ ਇਹ ਜੰਗ ਸਿਰਫ ਮਾਪਿਆਂ ਦੀ ਚਿਤਾ ਨਹੀਂ ਰਹੀ ਸਗੋਂ ਹੁਣ ਇਹ ਵਿੱਦਿਅਕ, ਸਮਾਜਿਕ ਅਤੇ ਰਾਸ਼ਟਰੀ ਪਹਿਲਕਦਮੀ ਦਾ ਮੁੱਦਾ ਬਣ ਗਈ ਹੈ।
ਯੂਨੀਸੇਫ ਇੰਡੀਆ ਦੀ 2023 ਦੀ ਇਕ ਰਿਪੋਰਟ ਅਨੁਸਾਰ, 10 ਤੋਂ 17 ਸਾਲ ਦੀ ਉਮਰ ਦੇ ਬੱਚੇ ਔਸਤਨ 4.4 ਘੰਟੇ ਰੋਜ਼ ਮਨੋਰੰਜਨ ਲਈ ਸਕ੍ਰੀਨ ’ਤੇ ਬਿਤਾਉਂਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਵੀ ਚਿਤਾਵਨੀ ਦਿੱਤੀ ਹੈ ਕਿ ਸ਼ੁਰੂਆਤੀ ਉਮਰ ’ਚ ਮੋਬਾਈਲ ਸਕ੍ਰੀਨ ਦੀ ਵੱਧ ਵਰਤੋਂ ਦਿਮਾਗੀ ਵਿਕਾਸ ਨੂੰ ਰੋਕ ਸਕਦੀ ਹੈ, ਭਾਸ਼ਾ ਸਿੱਖਣ ਦੀ ਸਮਰੱਥਾ ਘਟਾ ਸਕਦੀ ਹੈ ਅਤੇ ਨੀਂਦ ਦੀ ਗੰਭੀਰ ਕਮੀ ਪੈਦਾ ਕਰ ਸਕਦੀ ਹੈ।
ਬੱਚਿਆਂ ’ਚ ਚਿੰਤਾ, ਚਿੜਚਿੜਾਪਨ ਅਤੇ ਗ੍ਰੇਡਜ਼ ’ਚ ਗਿਰਾਵਟ ਤੇਜ਼ੀ ਨਾਲ ਵਧ ਰਹੀ ਹੈ। ਇਹ ਸਭ ‘ਡਿਜੀਟਲ ਥਕਾਨ’ ਦੇ ਲੱਛਣ ਹਨ। ਸਿਖਲਾਈ ਕੇਂਦਰਾਂ ’ਚ ਇੰਸਟਰੱਕਟਰ ਦੇਖ ਰਹੇ ਹਨ ਕਿ ਵਿਦਿਆਰਥੀਆਂ ’ਚ ਹੁਣ ਲਗਾਤਾਰ ਕਿਸੇ ਕੰਮ ਜਾਂ ਹੁਨਰ ਨਾਲ ਜੁੜੀ ਗਤੀਵਿਧੀ ’ਤੇ ਟਿਕੇ ਰਹਿਣ ਦੀ ਸਮਰੱਥਾ ਘੱਟ ਰਹੀ ਹੈ, ਭਾਵੇਂ ਉਹ ਖਾਸ ਹਾਸਪੀਟੈਲਿਟੀ ਦਾ ਕੰਮ ਹੋਵੇ ਜਾਂ ਕ੍ਰਿਏਟਿਵ ਡਿਜ਼ਾਈਨ ਦਾ। ਤ੍ਰਾਸਦੀ ਹੈ ਕਿ ਡਿਜੀਟਲ ਅਰਥਵਿਵਸਥਾ ਨੇ ਨਵੇਂ ਮੌਕੇ ਖੋਲ੍ਹੇ ਹਨ ਪਰ ਬੇਕਾਬੂ ਡਿਜੀਟਲ ਨਿਰਭਰਤਾ ਉਨ੍ਹਾਂ ਮੌਕਿਆਂ ਨੂੰ ਹਾਸਲ ਕਰਨ ਲਈ ਜ਼ਰੂਰੀ ਧਿਆਨ ਅਤੇ ਅਨੁਸ਼ਾਸਨ ਨੂੰ ਕਮਜ਼ੋਰ ਕਰ ਰਹੀ ਹੈ।
ਸਕਿੱਲ ਟ੍ਰੇਨਿੰਗ ਭਾਵ ਹੁਨਰ ਆਧਾਰਿਤ ਸਿੱਖਿਆ ਹੀ ਗੈਰ-ਸਰਗਰਮ ਸਕ੍ਰੀਨ ਟਾਈਮ ਦਾ ਸਭ ਤੋਂ ਸਟੀਕ ਇਲਾਜ ਹੈ, ਜਦੋਂ ਵਿਦਿਆਰਥੀ ਸਿਰਫ ਕੰਟੈਕਟ ਵਰਤੋਂ ਨਾਲ ਅੱਗੇ ਵਧ ਕੇ ਮੁੱਲ ਨਿਰਮਾਣ ਕਰਨ ਲੱਗਣ। ਬਤੌਰ ਸਕਿੱਲ ਸੰਸਥਾਨ ਸੰਚਾਲਕ ਸਾਡਾ ਨਿੱਜੀ ਤਜਰਬਾ ਦੱਸਦਾ ਹੈ ਕਿ ਵਿਵਹਾਰਕ ਹੁਨਰ ਨਾ ਸਿਰਫ ਰੁਜ਼ਗਾਰ ਸਮਰੱਥਾ ਵਧਾਉਂਦਾ ਹੈ ਸਗੋਂ ਜੀਵਨਸ਼ੈਲੀ ਵੀ ਬਦਲ ਦਿੰਦਾ ਹੈ। ਜੋ ਵਿਦਿਆਰਥੀ ਪਹਿਲਾਂ ਆਪਣੀਆਂ ਜ਼ਿਆਦਾਤਰ ਸ਼ਾਮਾਂ ਗੇਮਿੰਗ ’ਚ ਗੁਆਉਂਦੇ ਸਨ, ਉਹ ਹੁਣ ਗਰੂਮਿੰਗ ਅਤੇ ਮੇਕਓਵਰ ਹੁਨਰ ਸਿੱਖ ਰਹੇ ਹਨ, ਜਿਊਲਰੀ ਬਣਾ ਰਹੇ ਹਨ ਜਾਂ ਡ੍ਰੋਨ ਦੀ ਮੁਰੰਮਤ ਕਰ ਰਹੇ ਹਨ।
ਸਿਖਲਾਈ ਸੰਸਥਾਨਾਂ ਨੂੰ ਹੁਣ ਹਰ ਹੁਨਰ ਪ੍ਰੋਗਰਾਮ ’ਚ ‘ਡਿਜੀਟਲ ਅਨੁਸ਼ਾਸਨ’ ਮਾਡਿਊਲ ਸ਼ਾਮਲ ਕਰਨਾ ਚਾਹੀਦਾ ਹੈ। ਟੈਕਨੀਕਲ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ 7 ਦਿਨ ਦੀ ‘ਡਿਟਾਕਸ ਟੂ ਫੋਕਸ’ ਵਰਕਸ਼ਾਪ ਦੇਣੀ ਲਾਜ਼ਮੀ ਹੈ, ਜਿਸ ’ਚ ਸਕ੍ਰੀਨ ਟਾਈਮ ਜਾਗਰੂਕਤਾ, ਆਤਮ ਕੰਟਰੋਲ ਅਤੇ ਰੋਜ਼ਾਨਾ ਦੇ ਮੂਵਮੈਂਟ ਲੱਛਣ (ਘੱਟੋ-ਘੱਟ 45 ਮਿੰਟ ਖੇਡ ਜਾਂ ਯੋਗ) ’ਤੇ ਜ਼ੋਰ ਦਿੱਤਾ ਜਾਵੇ। ਵਿਦਿਆਰਥੀਆਂ ਨੂੰ ਸਮੂਹਾਂ ’ਚ ਬੈਠ ਕੇ ਨੀਂਦ, ਧਿਆਨ ਅਤੇ ਪ੍ਰੇਰਣਾ ਵਰਗੇ ਵਿਸ਼ਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਨਤੀਜੇ ਸਪੱਸ਼ਟ ਹੋਣਗੇ।
ਜਾਪਾਨ ਦੇ ਸਿੱਖਿਆ ਮੰਤਰਾਲਾ ਨੇ ਸਕੂਲਾਂ ’ਚ ‘ਸਕ੍ਰੀਨ ਟਾਈਮ’ ਦੀ ਹੱਦ ਤੈਅ ਕਰ ਦਿੱਤੀ ਹੈ, ਜਦਕਿ ਬ੍ਰਿਟੇਨ ਦੇ ਰੁਜ਼ਗਾਰਦਾਤਿਆਂ ਨੇ ਆਪਣੇ ਮੁਲਾਜ਼ਮਾਂ ਲਈ ‘ਡਿਜੀਟਲ ਡਿਟਾਕਸ’ ਰਿਟ੍ਰੀਟਸ ਆਯੋਜਿਤ ਕੀਤੇ ਹਨ। ਭਾਰਤ ਨੂੰ ਇਸ ਦਿਸ਼ਾ ’ਚ ਠੋਸ ਮਾਡਲ ਦੇ ‘ਡਿਜੀਟਲ ਇਨਕਲੂਜ਼ਨ ਵਿਦ ਹਿਊਮਨ ਕਨੈਕਸ਼ਨ’ ਵਰਗੀ ਪਹਿਲ ਕਰਨੀ ਚਾਹੀਦੀ ਹੈ। ਭਵਿੱਖ ਦੀ ਕਾਰਜਸ਼ਾਲੀ ਨੂੰ ਸਿਰਫ ਕੋਡਿੰਗ ਨਹੀਂ ਸਗੋਂ ਇਕਾਗਰਤਾ, ਹਮਦਰਦੀ ਅਤੇ ਟੀਮ ਵਰਕ ਵਰਗੀਆਂ ਮੁੱਖ ਖੂਬੀਆਂ ਦੀ ਵੀ ਲੋੜ ਹੋਵੇਗੀ ਅਤੇ ਇਹ ਸਿਰਫ ਟੱਚ ਸਕ੍ਰੀਨ ਨਾਲ ਨਹੀਂ ਸਿੱਖੀਆਂ ਜਾ ਸਕਦੀਆਂ। ਭਾਰਤ ਦੀ ਅਗਲੀ ਵੱਡੀ ਸਕਿੱਲ ਪਹਿਲ ਨੂੰ ਹੁਣ ‘ਧਿਆਨ ਅਤੇ ਅਨੁਸ਼ਾਸਨ’ ’ਤੇ ਕੇਂਦਰਿਤ ਕਰਨਾ ਹੋਵੇਗਾ। ਰਾਸ਼ਟਰੀ ਪੱਧਰ ’ਤੇ ‘ਸਕ੍ਰੀਨ-ਲਾਈਟ’ ਵਰਗੇ ਪੁਰਸਕਾਰ ਦੀ ਪਹਿਲ ਸਕੂਲਾਂ ਅਤੇ ਅਕਾਦਮੀਆਂ ਨੂੰ ਕਰਨੀ ਚਾਹੀਦੀ ਹੈ, ਜੋ ਡਿਜੀਟਲ ਸੰਤੁਲਨ ਨੂੰ ਉਤਸ਼ਾਹ ਦੇਣ ’ਚ ਉੱਤਮ ਹਨ। ਨਿੱਜੀ ਸੰਸਥਾਵਾਂ ਨੂੰ ਮਾਹਿਰਾਂ ਦੀ ਅਗਵਾਈ ’ਚ ਹਿੰਦੀ ਅਤੇ ਖੇਤਰੀ ਭਾਸ਼ਾਵਾਂ ’ਚ ਅਜਿਹੇ ਅਸਰਦਾਇਕ ਵੀਡੀਓ ਤਿਆਰ ਕਰਨੇ ਚਾਹੀਦੇ ਹੋ ਜੋ ਡਿਜੀਟਲ ਅਨੁਸ਼ਾਸਨ ਅਤੇ ਖੇਡ ’ਚ ਭਾਈਵਾਲੀ ਨੂੰ ਉਤਸ਼ਾਹਿਤ ਕਰਨ, ਖਾਸ ਕਰਕੇ ਸ਼ਹਿਰਾਂ ਅਤੇ ਛੋਟੇ ਕਸਬਿਆਂ ਦੇ ਨੌਜਵਾਨਾਂ ਲਈ।
ਕਮਿਊਨਿਟੀ ਖੇਡ ਅਤੇ ਸਕਿੱਲ ਫੈਸਟੀਵਲ ਰਾਹੀਂ ਜ਼ਿਲਿਆਂ ’ਚ ‘ਸਕ੍ਰੀਨ-ਫ੍ਰੀ ਸੰਡੇ’ ਆਯੋਜਿਤ ਕੀਤੇ ਜਾਣ ਜਿਨ੍ਹਾਂ ’ਚ ਸਥਾਨਕ ਖੇਡ, ਹੁਨਰ ਪ੍ਰਦਰਸ਼ਨ ਅਤੇ ਕਰੀਅਰ ਵਰਕਸ਼ਾਪਾਂ ਹੋਣ, ਪੇਰੈਂਟਲ ਇੰਗੇਜਮੈਂਟ ਸੈਸ਼ਨ ’ਚ ਮਾਤਾ-ਪਿਤਾ ਨੂੰ ਵੀ ਬੱਚਿਆਂ ਜਿੰਨੇ ਮਾਰਗਦਰਸ਼ਨ ਦੀ ਲੋੜ ਹੈ ਕਿ ਉਹ ਡਿਜੀਟਲ ਵਿਹਾਰ ਨੂੰ ਕਿਵੇਂ ਕੰਟਰੋਲ ਕਰਨ।
ਤਕਨਾਲੋਜੀ ਸਾਡੀ ਸੇਵਕ ਹੈ, ਸਵਾਮੀ ਨਹੀਂ। ਸਾਡੀ ਵਿੱਦਿਅਕ ਜ਼ਿੰਮੇਵਾਰੀ ਸਿਰਫ ਨੌਜਵਾਨਾਂ ਨੂੰ ਨੌਕਰੀ ਲਈ ਤਿਆਰ ਕਰਨਾ ਨਹੀਂ, ਸਗੋਂ ਜ਼ਿੰਦਗੀ ਲਈ ਮਜ਼ਬੂਤ ਬਣਾਉਣਾ ਹੈ। ਤੰਦਰੁਸਤ ਡਿਜੀਟਲ ਭਵਿੱਖ ਦੀ ਨੀਂਹ ਸਕ੍ਰੀਨ ਦੀ ਸੰਤੁਲਿਤ ਵਰਤੋਂ ’ਤੇ ਰੱਖੀ ਜਾ ਸਕਦੀ ਹੈ।
ਦਿਨੇਸ਼ ਸੂਦ
ਬਿਹਾਰ ਦਾ ਲੋਕ ਫਤਵਾ ਅਤੇ ਭਾਰਤੀ ਸਿਆਸਤ ਦਾ ਉੱਭਰਦਾ ਦ੍ਰਿਸ਼
NEXT STORY