ਅਸੀਂ ਅਗਨੀ ਪ੍ਰੀਖਿਆ ਵਰਗੇ ਸਮੇਂ 'ਚੋਂ ਲੰਘ ਰਹੇ ਹਾਂ। ਇਥੋਂ ਤਕ ਕਿ ਕੁਝ ਮਿੱਤਰ ਵੀ ਬਦਲ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਵਧੀਕੀਆਂ ਵਧਣ ਦੀ ਸਥਿਤੀ 'ਚ ਜੋੜ-ਤੋੜ ਕਰਨ ਲਈ ਆਪਣੇ ਬਦਲ ਖੁੱਲ੍ਹੇ ਰੱਖ ਕੇ ਉਹ ਆਪਣੇ ਹਿੱਤਾਂ ਦੀ ਬਿਹਤਰ ਰੱਖਿਆ ਕਰ ਸਕਦੇ ਹਨ ਪਰ ਜੇ ਉਹ ਲਖਨਊ ਦੀ ਵਿਸ਼ੇਸ਼ ਪਛਾਣ ਬਣ ਚੁੱਕੇ 'ਟੁੰਡੇ-ਕਬਾਬੀ' ਦੇ ਪੱਖ 'ਚ ਆਪਣੀ ਬਚੀ-ਖੁਚੀ ਤਾਕਤ ਜੁਟਾ ਕੇ ਵੀ ਡਟ ਜਾਣ ਤਾਂ ਇਸ ਨਾਲ ਕੀ ਫਰਕ ਪਵੇਗਾ! ਟੁੰਡੇ ਨੇ ਤਾਂ ਪਹਿਲਾਂ ਹੀ ਸਮਝੌਤਾ ਕਰ ਲਿਆ ਹੈ ਕਿ ਉਹ ਚਿਕਨ ਤੇ ਮੀਟ ਕਬਾਬ ਹੀ ਵੇਚੇਗਾ।
ਉਹ ਸਾਰੇ ਐਂਕਰ ਅਤੇ ਸੁਰਖੀਆਂ ਲਿਖਣ ਵਾਲੇ ਸਾਰੇ ਲੋਕ, ਜੋ 'ਸ਼ਾਮੀ ਕਬਾਬ' ਨਾਲੋਂ ਵੱਖਰੀ ਪਛਾਣ ਰੱਖਣ ਵਾਲੇ 'ਗਲਾਵਟੀ' ਦਾ ਜ਼ਮਾਨਾ ਬੀਤ ਜਾਣ 'ਤੇ ਸੋਚ ਰਹੇ ਹੋਣਗੇ, ਉਨ੍ਹਾਂ ਲਈ ਸ਼ਾਇਦ ਦੋ-ਚਾਰ ਗੱਲਾਂ ਜਾਣਨੀਆਂ ਠੀਕ ਰਹਿਣਗੀਆਂ।
'ਸ਼ਾਮੀ' ਸ਼ਬਦ ਦੀ ਉਤਪਤੀ 'ਸ਼ਾਮ' ਤੋਂ ਹੋਈ ਹੈ, ਜੋ ਕਿ ਸੀਰੀਆ ਦਾ ਪ੍ਰਾਚੀਨ ਨਾਂ ਸੀ। ਕਬਾਬ ਬਣਾਉਣ ਦੀ ਕਲਾ ਸੀਰੀਆ ਦੇ ਆਟੋਮਨ ਸ਼ਾਸਕਾਂ ਦੇ ਦੌਰ ਵਿਚ ਵਿਕਸਿਤ ਹੋਈ ਸੀ। ਭਿੱਜੀ ਹੋਈ ਦਾਲ ਅਤੇ ਪੀਸੇ ਮਸਾਲਿਆਂ ਨੂੰ ਕੀਮੇ ਵਿਚ ਗੁੰਨ੍ਹ ਕੇ ਇਕ ਛੋਟੇ ਜਿਹੇ ਬਰਗਰ ਦੀ ਸ਼ਕਲ ਦਿੱਤੀ ਜਾਂਦੀ ਹੈ ਤੇ ਫਿਰ ਇਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਆਂਡਿਆਂ ਦੀ ਸਫੈਦੀ 'ਚ ਡੁਬੋ ਕੇ ਤਲਿਆ ਜਾਂਦਾ ਹੈ। ਬਿਹਤਰੀਨ ਸ਼ਾਮੀ ਕਬਾਬ ਤੁਹਾਨੂੰ ਦਿੱਲੀ ਦੇ ਜਿਮਖਾਨਾ ਕਲੱਬ 'ਚ ਮਿਲ ਸਕਦਾ ਹੈ।
'ਗਲਾਵਟੀ' ਕੱਚੇ ਕੀਮੇ ਦੇ ਕਬਾਬ ਲਈ ਇਕ ਛੋਟਾ ਨਾਂ ਹੈ। ਕੀਮਾ ਪਹਿਲਾਂ ਕਈ ਘੰਟਿਆਂ ਤਕ ਕੱਚੇ ਪਪੀਤੇ ਦੀ ਚਟਣੀ ਅਤੇ ਮਸਾਲੇ ਦੀ ਪੇਸਟ ਨਾਲ ਕਈ ਘੰਟਿਆਂ ਤਕ ਤੇਲ ਵਿਚ ਡੁਬੋਇਆ ਜਾਂਦਾ ਹੈ। ਉਸ ਤੋਂ ਬਾਅਦ ਇਸ ਨੂੰ ਛੋਟੀਆਂ-ਛੋਟੀਆਂ ਪਕੌੜੀਆਂ ਦੇ ਰੂਪ 'ਚ ਕਿਸੇ ਚਪਟੇ ਭਾਂਡੇ ਵਿਚ ਪਾ ਕੇ ਬਹੁਤ ਘੱਟ ਸੇਕ 'ਤੇ ਪਕਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਨਰਮ ਲਜ਼ੀਜ਼ ਗਲਾਵਟੀ ਤਿਆਰ ਹੋ ਜਾਂਦਾ ਹੈ। ਦਿੱਲੀ 'ਚ ਗਲਾਵਟੀ ਦੇ ਬਿਹਤਰੀਨ ਸ਼ੈੱਫ ਹਨ ਖੇਮਰਾਜ ਸ਼ਰਮਾ ਪਰ ਉਨ੍ਹਾਂ ਦੀਆਂ ਸੇਵਾਵਾਂ ਲੈਣਾ ਸੌਖਾ ਕੰਮ ਨਹੀਂ।
ਇਸ ਕਾਰੋਬਾਰ 'ਚ ਖੇਮਰਾਜ ਸ਼ਰਮਾ ਕੋਈ ਇਕੱਲੇ ਬ੍ਰਾਹਮਣ ਨਹੀਂ ਹਨ। ਪਿਛਲੇ ਸਾਲ ਤਕ ਪੈਰਿਸ ਦਾ 'ਲਾ ਕਲੋਸੇਰੀ ਦਿ ਲੀਲਾ' ਦੁਨੀਆ ਵਿਚ ਆਪਣੀ ਇਕ ਵਿਸ਼ੇਸ਼ ਪਛਾਣ ਰੱਖਦਾ ਸੀ ਪਰ ਪਿਛਲੇ ਸਾਲ ਤੋਂ ਇਸ ਨੂੰ ਸਤੀਸ਼ ਮਿਸ਼ਰਾ ਨੇ ਆਪਣੇ ਕਲਾਸਿਕ 'ਤਾਤਾਰ ਸਟੀਕਸ' ਨਾਲ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਮੁੱਖ ਤੌਰ 'ਤੇ ਮਸਾਲਿਆਂ ਨਾਲ ਭਰਪੂਰ 'ਕੀਮਾ ਗੋਸ਼ਤ' ਹੁੰਦਾ ਹੈ, ਜਿਹੜਾ ਯਕੀਨੀ ਤੌਰ 'ਤੇ ਗਊ ਦਾ ਮਾਸ ਹੁੰਦਾ ਹੈ।
ਇਹ ਕੱਚੇ ਗੋਸ਼ਤ ਜਾਂ ਮਾਸ ਦੀਆਂ ਉਨ੍ਹਾਂ ਸਟੀਕਸ ਨਾਲੋਂ ਵੱਖਰਾ ਹੁੰਦਾ ਹੈ, ਜੋ ਬੈਲਗ੍ਰੇਡ ਵਰਗੇ ਸ਼ਹਿਰਾਂ ਵਿਚ ਪਰੋਸੀਆਂ ਜਾਂਦੀਆਂ ਹਨ। ਇਹ ਸਟੀਕਸ 100 ਜਾਂ 500 ਮੀਲ ਦੀਆਂ ਉਨ੍ਹਾਂ ਸਟੀਕਸ ਦੀ ਤਰਜ਼ 'ਤੇ ਹੀ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ 13ਵੀਂ ਸਦੀ ਵਿਚ ਮੰਗੋਲ ਫੌਜਾਂ ਨੇ ਮਸ਼ਹੂਰ ਕਰ ਦਿੱਤਾ ਸੀ। ਇਨ੍ਹਾਂ ਦੀ ਇਤਿਹਾਸਿਕ ਪ੍ਰਸੰਗ ਵਿਚ ਵਿਆਖਿਆ ਕਰਨੀ ਜ਼ਰੂਰੀ ਹੈ। ਚੰਗੇਜ਼ ਖਾਨ ਤੇ ਹਲਾਕੂ ਦੀਆਂ ਘੋੜਸਵਾਰ ਫੌਜਾਂ ਲਈ ਅੱਗ 'ਚ ਭੋਜਨ ਪਕਾਉਣਾ ਬਹੁਤ ਖਤਰੇ ਵਾਲਾ ਕੰਮ ਸੀ ਕਿਉਂਕਿ ਧੂੰਆਂ ਉੱਠਣ ਨਾਲ ਦੁਸ਼ਮਣਾਂ ਨੂੰ ਉਨ੍ਹਾਂ ਦੀ ਸਥਿਤੀ/ਮੌਜੂਦਗੀ ਦਾ ਪਤਾ ਲੱਗ ਜਾਂਦਾ ਸੀ।
ਦੁਸ਼ਮਣਾਂ ਨੂੰ ਪਤਾ ਨਾ ਲੱਗੇ, ਇਸ ਦੇ ਲਈ ਤੇਲ 'ਚ ਥੋੜ੍ਹੇ ਜਿਹੇ ਡੁਬੋਏ ਕੀਮੇ ਨੂੰ ਘੋੜੇ ਦੀ ਪਿੱਠ 'ਤੇ ਆਪਣੀ ਕਾਠੀ ਹੇਠਾਂ ਰੱਖਣ ਦੀ ਰਵਾਇਤ ਵਿਕਸਿਤ ਕੀਤੀ ਗਈ। ਇਸ ਤਰ੍ਹਾਂ ਜਦੋਂ ਘੋੜਿਆਂ 'ਤੇ ਸਵਾਰ ਫੌਜ ਲੱਗਭਗ 100 ਮੀਲ ਤਕ ਸਫਰ ਕਰ ਲੈਂਦੀ ਸੀ ਤਾਂ ਘੋੜੇ ਅਤੇ ਘੋੜਸਵਾਰ ਦੀ ਗਰਮੀ, ਰਗੜ ਨਾਲ ਇਹ ਕੀਮਾ ਇਕ ਤਰ੍ਹਾਂ ਨਾਲ ਪੱਕ ਜਾਂਦਾ ਸੀ ਅਤੇ ਇਸੇ ਕਾਰਨ ਇਸ ਨੂੰ 100 ਮੀਲ ਜਾਂ 500 ਮੀਲ ਦੀ ਸਟੀਕ ਕਿਹਾ ਜਾਂਦਾ ਸੀ।
ਫਿਜੀ ਦੇਸ਼ ਵਿਚ ਸਥਾਨਕ ਆਦੀਵਾਸੀ ਨੇਤਾ ਸੀਤੀਵੇਣੀ ਰਾਬੁਕਾ ਨੇ ਟਿਮੋਥੀ ਬਵਾਂਡਰਾ ਦੀ ਜਿਸ ਸੋਸ਼ਲਿਸਟ ਸਰਕਾਰ ਦਾ ਤਖਤਾ ਪਲਟਿਆ ਸੀ, ਉਸ ਦੇ ਹਮਾਇਤੀਆਂ ਵਿਚ ਵੱਡੀ ਗਿਣਤੀ ਉਨ੍ਹਾਂ ਭਾਰਤੀ ਮਜ਼ਦੂਰਾਂ ਦੇ ਜਾਨਸ਼ੀਨਾਂ ਦੀ ਸੀ, ਜਿਨ੍ਹਾਂ ਨੂੰ ਠੇਕੇ 'ਤੇ ਲਏ ਮਜ਼ਦੂਰਾਂ (ਭਾਵ ਗਿਰਮਿਟੀਆ) ਵਜੋਂ ਉਥੇ ਲਿਜਾਇਆ ਗਿਆ ਸੀ। ਰਾਬੁਕਾ ਨੇ ਮੈਨੂੰ ਆਪਣੇ ਪੁਰਖਿਆਂ ਦੀਆਂ ਖਾਣ-ਪੀਣ ਸੰਬੰਧੀ ਭਿਆਨਕ ਆਦਤਾਂ ਬਾਰੇ ਦੱਸਿਆ। ਉਸ ਦਾ ਦਾਦਾ ਆਪਣੇ ਪਿੰਡ ਦਾ ਮੁਖੀ ਹੁੰਦਾ ਸੀ। ਜਦੋਂ 19ਵੀਂ ਸਦੀ ਵਿਚ ਪਹਿਲਾ ਈਸਾਈ ਧਰਮ ਪ੍ਰਚਾਰਕ ਧਰਮ ਪਰਿਵਰਤਨ ਕਰਨ ਲਈ ਪਿੰਡ 'ਚ ਦਾਖਲ ਹੋਇਆ ਤਾਂ ਅੱਖ ਦੇ ਫੋਰ ਵਿਚ ਉਸ ਦਾ ਸਿਰ ਲਾਹ ਦਿੱਤਾ ਗਿਆ।
ਫਿਜੀ 'ਚ ਇਹ ਰਵਾਇਤ ਸੀ ਕਿ ਉਥੋਂ ਦੇ ਲੋਕ ਆਪਣੇ ਸ਼ਿਕਾਰ ਦਾ ਪੂਰਾ ਸਰੀਰ ਅੱਗ ਵਿਚ ਭੁੰਨ ਦਿੰਦੇ ਸਨ। ਉਨ੍ਹਾਂ ਨੇ ਪਿੰਡ ਵਿਚ ਆਏ ਉਸ ਧਰਮ ਪ੍ਰਚਾਰਕ ਨੂੰ ਭੁੰਨਣ ਲਈ ਇਕ ਲੰਮਾ ਟੋਇਆ ਪੁੱਟਿਆ, ਜਿਸ ਨੂੰ ਉਥੋਂ ਦੀ ਭਾਸ਼ਾ ਵਿਚ 'ਲੋਵੋ' ਕਿਹਾ ਜਾਂਦਾ ਹੈ। ਉਸ ਵਿਚ ਦਹਿਕਦੇ ਹੋਏ ਅੰਗਾਰੇ ਭਰੇ ਹੋਏ ਸਨ, ਜਿਨ੍ਹਾਂ 'ਤੇ ਈਸਾਈ ਧਰਮ ਪ੍ਰਚਾਰਕ ਦੀ ਲਾਸ਼ ਰੱਖ ਦਿੱਤੀ ਗਈ। ਲਾਸ਼ ਦੇ ਭੁੱਜ ਜਾਣ 'ਤੇ ਉਸ 'ਤੇ ਤਾੜ ਪੱਤਰ ਰੱਖ ਕੇ ਉਪਰ ਗਾਰਾ ਪਾਇਆ ਗਿਆ ਤੇ ਦਾਅਵਤ ਸ਼ੁਰੂ ਹੋਣ ਤਕ ਉਸ ਨੂੰ ਚੰਗੀ ਤਰ੍ਹਾਂ ਨਰਮ ਹੋਣ, ਭਾਵ ਪੱਕ ਜਾਣ ਦਿੱਤਾ ਗਿਆ।
ਇਸ ਤੋਂ ਕੁਝ ਸਮੇਂ ਬਾਅਦ ਇਕ ਹੋਰ ਪਾਦਰੀ ਉਥੇ ਪਹੁੰਚਿਆ ਤਾਂ ਲੋਕਾਂ ਨੇ ਉਸ ਨੂੰ ਵੀ ਇਸੇ ਤਰ੍ਹਾਂ ਭੁੰਨ ਕੇ ਖਾ ਲਿਆ ਪਰ ਚਰਚ ਨੇ ਹਾਰ ਨਹੀਂ ਮੰਨੀ। ਤੀਜੇ ਪਾਦਰੀ ਦੇ ਪਹੁੰਚਣ ਤਕ ਪਿੰਡ ਦਾ ਬੁੱਢਾ ਮੁਖੀਆ ਕਾਫੀ ਨਰਮ ਪੈ ਚੁੱਕਾ ਸੀ। ਅੱਜ ਰਾਬੁਕਾ ਦੇ ਹਮਉਮਰ ਲੋਕਾਂ ਦੀ ਪੂਰੀ ਪੀੜ੍ਹੀ ਈਸਾਈ ਚਰਚ ਦਾ ਮਜ਼ਬੂਤ ਥੰਮ੍ਹ ਬਣ ਚੁੱਕੀ ਹੈ।
ਕੀਨੀਆ ਦੇ ਸ਼ਹਿਰ ਨੈਰੋਬੀ ਤੋਂ ਲੈ ਕੇ ਦੱਖਣੀ ਅਫਰੀਕਾ ਦੇ ਉਸ ਇਲਾਕੇ ਤਕ ਮਹਿੰਗੇ ਰੈਸਟੋਰੈਂਟਾਂ ਦੀ ਇਕ ਲੜੀ ਫੈਲੀ ਹੋਈ ਹੈ, ਜਿਨ੍ਹਾਂ ਨੂੰ 'ਕਾਰਨੀਵੋਰ' ਭਾਵ ਆਦਮਖੋਰ ਕਿਹਾ ਜਾਂਦਾ ਹੈ। ਇਨ੍ਹਾਂ ਰੈਸਟੋਰੈਂਟਾਂ ਵਿਚ ਅਜੀਬੋ-ਗਰੀਬ ਤੇ ਦੁਰਲੱਭ ਕਿਸਮ ਦਾ ਮਾਸ ਪਰੋਸਿਆ ਜਾਂਦਾ ਹੈ, ਜਿਵੇਂ ਕਿ ਜਿਰਾਫ, ਵਿਲਡਰ ਵਿਸਟ, ਜ਼ੈਬਰਾ, ਮਗਰਮੱਛ ਅਤੇ ਕਦੇ-ਕਦਾਈਂ ਕੁਦਰਤੀ ਮੌਤ ਮਰ ਚੁੱਕੇ ਸ਼ੇਰ ਦਾ ਮਾਸ ਵੀ। ਮੇਰੇ ਕੋਲ ਬਾਲੀਵੁੱਡ ਦੇ ਅਸਲੀ 'ਹਨੂਮਾਨ' ਦਾਰਾ ਸਿੰਘ (ਸਵ.) ਦਾ ਇਕ ਫੁਟੇਜ ਹੈ, ਜਿਸ 'ਚ ਉਹ ਇਕ ਕਾਰਨੀਵੋਰ ਦੇ ਬਾਹਰ ਖਾਣਾ ਖਾਣ ਤੋਂ ਬਾਅਦ ਡਕਾਰ ਮਾਰ ਰਹੇ ਹਨ।
ਏਸ਼ੀਆ-ਪ੍ਰਸ਼ਾਂਤ ਖੇਤਰ, ਭਾਵ ਚੀਨ, ਵੀਅਤਨਾਮ, ਕੋਰੀਆ ਆਦਿ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸਾਡੇ ਵਾਂਗ ਪਵਿੱਤਰ ਨਹੀਂ ਸਮਝਿਆ ਜਾਂਦਾ। ਇਹ ਸਮਾਜ ਆਪਣੀਆਂ ਪ੍ਰੋਟੀਨ ਸੰਬੰਧੀ ਲੋੜਾਂ ਸਿੱਧੇ ਤੌਰ 'ਤੇ ਕਿਸੇ ਵੀ ਗਤੀਸ਼ੀਲ ਪ੍ਰਣਾਲੀ ਤੋਂ ਹਾਸਿਲ ਕਰਦੇ ਹਨ। ਜਿਹੜੇ ਲੋਕ ਅੱਜਕਲ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦੀ ਪਹਿਰੇਦਾਰੀ ਕਰ ਰਹੇ ਹਨ, ਉਹ ਸ਼ਾਇਦ ਇਨ੍ਹਾਂ ਦੇਸ਼ਾਂ ਦੇ ਭਿਆਨਕ ਹੱਦ ਤਕ ਅਜੀਬੋ-ਗਰੀਬ ਪਕਵਾਨਾਂ ਨੂੰ ਦੇਖ ਕੇ ਬਹੁਤ ਬੁਰਾ ਮਨਾਉਣਗੇ। ਇਨ੍ਹਾਂ ਲੋਕਾਂ ਦੇ ਭੋਜਨ ਵਿਚ ਚੂਹਿਆਂ ਅਤੇ ਖੁੱਡਾਂ ਵਿਚ ਰਹਿਣ ਵਾਲੇ ਹੋਰ ਜਾਨਵਰਾਂ ਦਾ ਮਾਸ ਸ਼ਾਮਿਲ ਹੁੰਦਾ ਹੈ।
ਸਾਡੇ ਦੇਸ਼ ਵਿਚ ਬਿਹਾਰ ਦੇ ਮੂਸਾਹਾਰੀ ਵੀ ਕੁਝ ਅਜਿਹਾ ਹੀ ਭੋਜਨ ਪਸੰਦ ਕਰਦੇ ਹਨ। ਹਰੇਕ ਸ਼ਹਿਰੀ ਆਬਾਦੀ ਵਿਚ ਇਕ ਬਸਤੀ (ਭਾਵ ਦਲਿਤਾਂ ਦਾ ਮੁਹੱਲਾ) ਹੁੰਦੀ ਹੈ, ਜਿਥੇ ਗਲੀਆਂ-ਨਾਲੀਆਂ ਵਿਚ ਸੂਰ ਭੱਜਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਪਾਸੀ, ਪਸੀਆ ਤੇ ਪੰਜਾਬ 'ਚ ਸਾਂਸੀ ਕਿਹਾ ਜਾਂਦਾ ਹੈ। ਇਹ ਲੋਕ ਇਨ੍ਹਾਂ ਜਾਨਵਰਾਂ ਨੂੰ ਪਾਲਦੇ ਹਨ ਅਤੇ ਖੁਸ਼ੀ ਦੇ ਮੌਕਿਆਂ 'ਤੇ ਇਨ੍ਹਾਂ ਹੀ ਜਾਨਵਰਾਂ ਦਾ ਮਾਸ ਖਾਂਦੇ ਹਨ ਤੇ ਨਾਲ ਹੀ ਘਰ ਵਿਚ ਤਿਆਰ ਕੀਤੀ ਹੋਈ ਸ਼ਰਾਬ ਦਾ ਆਨੰਦ ਵੀ ਮਾਣਦੇ ਹਨ।
ਜਦੋਂ ਤੋਂ ਯੂ. ਪੀ. ਵਿਚ ਬਿਨਾਂ ਲਾਇਸੈਂਸ ਦੇ ਚੱਲ ਰਹੇ ਬੁੱਚੜਖਾਨਿਆਂ ਨੂੰ ਇਸ ਲਈ ਬੰਦ ਕਰ ਦਿੱਤਾ ਗਿਆ ਕਿ ਗੰਦਾ-ਮੰਦਾ ਮਾਸ ਸਾਡੇ ਦਸਤਰਖਾਨ ਤਕ ਨਾ ਪਹੁੰਚੇ, ਉਦੋਂ ਤੋਂ ਮੈਂ ਸੱਚੇ ਦਿਲੋਂ ਇਹ ਉਮੀਦ ਲਾਈ ਬੈਠਾ ਹਾਂ ਕਿ ਸਰਕਾਰ ਗੰਦੀਆਂ ਗਲੀਆਂ-ਨਾਲੀਆਂ ਵਿਚ ਘੁੰਮਣ ਵਾਲੇ ਸੂਰਾਂ ਤੇ ਚੂਹਿਆਂ ਨੂੰ ਵੀ ਰੋਗਾਣੂਆਂ ਤੋਂ ਮੁਕਤ ਕਰਨ ਦੇ ਤਰੀਕੇ ਲੱਭੇਗੀ।
ਹਰ ਕੋਈ ਜਾਣਦਾ ਹੈ ਕਿ ਯੂ. ਪੀ. ਸਰਕਾਰ ਦਾ ਮੌਜੂਦਾ ਕਦਮ ਗਊ ਰੱਖਿਆ ਲਈ ਨਹੀਂ ਹੈ ਕਿਉਂਕਿ ਗਊ ਦੇ ਮਾਸ ਦਾ ਤਾਂ ਕਿੱਧਰੇ ਵੀ ਕੋਈ ਰੌਲਾ ਨਹੀਂ ਹੈ। ਗਊ ਹੱਤਿਆ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਮਾਸ ਵੇਚਣ ਵਾਲੇ ਖ਼ੁਦ ਹੀ ਇੰਨੇ ਡਰੇ ਹੋਏ ਹਨ ਕਿ ਉਹ ਅਜਿਹਾ ਜੋਖਮ ਨਹੀਂ ਉਠਾਉਣਗੇ।
ਕੂੜੇ ਦੇ ਢੇਰਾਂ 'ਤੇ ਘੁੰਮਦੀਆਂ ਆਵਾਰਾ ਗਊਆਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਇਸ ਗੱਲ ਦਾ ਕਾਫੀ ਸਬੂਤ ਹੈ ਕਿ ਉਹ ਬੁੱਚੜਾਂ ਦੀਆਂ ਛੁਰੀਆਂ ਤੋਂ ਬਚ ਗਈਆਂ ਹਨ। ਜਿਥੋਂ ਤਕ ਮੈਂ ਜਾਣਦਾ ਹਾਂ, ਮੱਝ ਅਤੇ ਬੱਕਰੇ ਦਾ ਮਾਸ ਜਾਇਜ਼ ਹੈ। ਅਜਿਹੀ ਸਥਿਤੀ ਵਿਚ ਪਤਾ ਨਹੀਂ ਸਰਕਾਰ ਇਨ੍ਹਾਂ ਦੇ ਕਾਰੋਬਾਰ ਨੂੰ ਬੰਦ ਕਰਨ 'ਤੇ ਕਿਉਂ ਤੁਲੀ ਹੋਈ ਹੈ? ਸੁਣਨ ਵਿਚ ਆ ਰਿਹਾ ਹੈ ਕਿ ਉਹ ਇਸ ਧੰਦੇ ਨੂੰ 'ਸਵੱਛ' ਬਣਾਉਣਾ ਚਾਹੁੰਦੀ ਹੈ।
ਸਵਾਲ ਹੈ ਕਿ ਕੀ ਮਠਿਆਈਆਂ, ਗੁੜ ਤੇ ਹੋਰ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਮਿੱਠੀਆਂ ਚੀਜ਼ਾਂ ਵੇਚ ਕੇ ਮੱਖੀਆਂ ਦੀ ਭੀੜ ਇਕੱਠੀ ਕਰਨ ਵਾਲੇ ਨਾਜਾਇਜ਼ ਰੇਹੜੀ ਵਾਲਿਆਂ ਵੱਲ ਵੀ 'ਸਵੱਛ ਭਾਰਤ' ਵਾਲੇ ਗਿਰੋਹਾਂ ਦਾ ਧਿਆਨ ਜਾਵੇਗਾ? ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਗੰਦਗੀ ਦੇ ਕਿੰਨੇ ਢੇਰ ਲੱਗੇ ਹੋਏ ਹਨ। 'ਸਫਾਈ ਮੁਹਿੰਮ' ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਬੁੱਚੜਖਾਨਿਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ?
ਮਰਨ ਕੰਢੇ ਪੁੱਜ ਕੇ ਵੀ ਕਾਂਗਰਸ ਕੀ ਕਿਸੇ 'ਨਵੇਂ ਨੇਤਾ' ਦੀ ਉਡੀਕ ਕਰ ਰਹੀ ਹੈ
NEXT STORY