ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦਾ ਪਰਿਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਿੱਲੀ ਸਥਿਤ 3 ਜਾਇਦਾਦਾਂ ਦੀ ਜਾਂਚ ਕੀਤੇ ਜਾਣ ਕਾਰਨ ਸਮੱਸਿਆਵਾਂ 'ਚ ਘਿਰ ਗਿਆ ਹੈ। ਇਨ੍ਹਾਂ ਤਿੰਨਾਂ ਜਾਇਦਾਦਾਂ ਕਾਰਨ ਲਾਲੂ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਅਤੇ ਜਵਾਈ ਕਾਲੇ ਧਨ ਨੂੰ ਚਿੱਟੇ ਕਰਨ ਦੇ ਦੋਸ਼ਾਂ 'ਚ ਘਿਰ ਗਏ ਹਨ। ਇਸ ਤੋਂ ਪਹਿਲਾਂ ਈ. ਡੀ. ਨੇ ਲਾਲੂ ਦੇ ਪੁੱਤਰ ਅਤੇ ਬਿਹਾਰ ਦੇ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪਟਨਾ 'ਚ ਜ਼ਮੀਨੀ ਘਪਲਿਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘੇਰਿਆ ਹੈ। ਵਰਣਨਯੋਗ ਹੈ ਕਿ ਇਹ ਜਾਇਦਾਦਾਂ ਜਾਅਲੀ ਕੰਪਨੀਆਂ ਦੇ ਨਾਂ 'ਤੇ ਖਰੀਦੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਅਸਲੀ ਕੀਮਤ ਦੇ ਮੁਕਾਬਲੇ ਦਸਤਾਵੇਜ਼ੀ ਕੀਮਤ ਬਹੁਤ ਘੱਟ ਦਿਖਾਈ ਗਈ ਹੈ ਤਾਂ ਕਿ ਟੈਕਸ ਚੋਰੀ ਵੀ ਹੋ ਸਕੇ ਅਤੇ ਕਾਲੇ ਧਨ ਨੂੰ ਚਿੱਟਾ ਵੀ ਕੀਤਾ ਜਾ ਸਕੇ।
ਦਿੱਲੀ ਦੀ ਨਿਊ ਫ੍ਰੈਂਡਜ਼ ਕਾਲੋਨੀ 'ਚ ਮਕਾਨ ਨੰ. 1088 ਉਂਝ ਤਾਂ ਏ. ਬੀ. ਐਕਸਪੋਰਟਰਜ਼ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਹੈ ਅਤੇ ਇਸ ਦੀ ਦਸਤਾਵੇਜ਼ੀ ਕੀਮਤ ਸਿਰਫ 5 ਕਰੋੜ ਰੁਪਏ ਹੈ ਪਰ ਇਸ ਦੇ ਕਥਿਤ ਲਾਭਪਾਤਰੀ ਤੇਜਸਵੀ ਯਾਦਵ ਚੰਦਾ ਅਤੇ ਰਾਗਿਨੀ ਯਾਦਵ ਹਨ ਤੇ ਇਸ ਜਾਇਦਾਦ ਦੀ ਬਾਜ਼ਾਰੀ ਕੀਮਤ ਵੀ 40 ਕਰੋੜ ਰੁਪਏ ਹੈ।
ਇਸੇ ਤਰ੍ਹਾਂ ਦਿੱਲੀ ਦੇ ਬਿਜਵਾਸਨ ਇਲਾਕੇ 'ਚ ਪਾਲਮ ਫਾਰਮ ਨੰਬਰ 26 ਮਿਸ਼ੈਲ ਪੈਕਰਜ਼ ਐਂਡ ਪਿੰ੍ਰਟਰਜ਼ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਹੈ ਅਤੇ ਉਸ ਦੀ ਦਸਤਾਵੇਜ਼ੀ ਕੀਮਤ ਸਿਰਫ 1.4 ਕਰੋੜ ਰੁਪਏ ਹੈ, ਜਦਕਿ ਅਸਲ ਵਿਚ ਇਸ ਦਾ ਬਾਜ਼ਾਰੀ ਮੁੱਲ 40 ਕਰੋੜ ਰੁਪਏ ਹੈ ਤੇ ਇਸ ਦੇ ਅਸਲੀ ਮਾਲਕ ਮੀਸਾ ਭਾਰਤੀ ਅਤੇ ਉਸ ਦੇ ਪਤੀ ਸੈਲੇਸ਼ ਕੁਮਾਰ ਹਨ।
ਉਧਰ ਬਿਹਾਰ ਵਿਚ ਵੀ ਇਕ ਬੋਗਸ ਕੰਪਨੀ ਏ. ਕੇ. ਇੰਫੋਸਿਸਟਮ ਦੇ ਨਾਂ 'ਤੇ ਜਲਾਲਪੁਰ, ਦਾਨਾਪੁਰ ਅਤੇ ਪਟਨਾ ਵਿਚ 3 ਪਲਾਟ ਹਨ, ਜਿਨ੍ਹਾਂ ਦਾ ਬਾਜ਼ਾਰੀ ਮੁੱਲ 20 ਕਰੋੜ ਰੁਪਏ ਹੈ ਪਰ ਦਸਤਾਵੇਜ਼ੀ ਕੀਮਤ ਸਿਰਫ 1.6 ਕਰੋੜ ਰੁਪਏ ਹੈ ਅਤੇ ਇਨ੍ਹਾਂ ਦੇ ਅਸਲ ਲਾਭਪਾਤਰੀ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਹਨ। ਇਕ ਹੋਰ ਬੋਗਸ ਕੰਪਨੀ ਡਿਲਾਈਟ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਪਟਨਾ, ਦਾਨਾਪੁਰ ਅਤੇ ਜਲਾਲਪੁਰ 'ਚ 9 ਪਲਾਟ ਹਨ, ਜਿਨ੍ਹਾਂ ਦੀ ਦਸਤਾਵੇਜ਼ੀ ਕੀਮਤ ਸਿਰਫ 1.9 ਕਰੋੜ ਰੁਪਏ ਪਰ ਬਾਜ਼ਾਰੀ ਕੀਮਤ 65 ਕਰੋੜ ਰੁਪਏ ਹੈ ਅਤੇ ਇਸ ਦੇ ਅਸਲ ਮਾਲਕ ਰਾਬੜੀ ਦੇਵੀ ਤੇ ਤੇਜਸਵੀ ਯਾਦਵ ਹਨ।
ਲਾਲੂ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਰੀਅਲ ਅਸਟੇਟ ਜਾਇਦਾਦਾਂ ਦੀ ਆਮਦਨ ਕਰ ਵਿਭਾਗ ਜਾਂਚ ਕਰ ਰਿਹਾ ਹੈ, ਉਨ੍ਹਾਂ ਦੀ ਬਾਜ਼ਾਰੀ ਕੀਮਤ 175 ਕਰੋੜ ਰੁਪਏ ਹੈ, ਜਦਕਿ ਇਨ੍ਹਾਂ ਦਾ ਖਰੀਦ ਮੁੱਲ ਸਿਰਫ 9.32 ਕਰੋੜ ਰੁਪਏ ਦਿਖਾਇਆ ਗਿਆ ਹੈ। ਹੁਣ ਤਕ ਪਰਿਵਾਰ ਨਾਲ ਸੰਬੰਧਿਤ 65.82 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ, ਜਦਕਿ ਚਾਰਟਰਡ ਅਕਾਊਂਟੈਂਟ ਰਾਜੇਸ਼ ਅਗਰਵਾਲ 8000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਵਰਗੇ ਅਜਿਹੇ ਮਾਮਲਿਆਂ 'ਚ ਸ਼ਾਮਿਲ ਹੈ, ਜੋ ਕਥਿਤ ਤੌਰ 'ਤੇ ਲਾਲੂ ਪਰਿਵਾਰ ਨਾਲ ਸੰਬੰਧਿਤ ਹਨ।
ਸੀ. ਬੀ. ਆਈ. ਦਾ ਕਹਿਣਾ ਹੈ ਕਿ ਲਾਲੂ ਨੇ 2014 'ਚ ਰੇਲਵੇ ਮੰਤਰੀ ਹੁੰਦੇ ਸਮੇਂ ਬਹੁਤ ਸ਼ੱਕੀ ਢੰਗ-ਤਰੀਕੇ ਵਰਤਦੇ ਹੋਏ ਅਤੇ ਅਨੇਕ ਲੋਕਾਂ ਨਾਲ ਸਾਜ਼ਿਸ਼ ਭਰੀਆਂ ਸੌਦੇਬਾਜ਼ੀਆਂ ਕਰ ਕੇ ਇਹ ਜਾਇਦਾਦ ਜੁਟਾਈ ਸੀ। ਇਨ੍ਹਾਂ ਬੇਨਾਮੀ ਸੌਦਿਆਂ 'ਚ ਵਿਨੇ ਮਿੱਤਲ, ਅਮਿਤ ਕਤਿਆਲ, ਰਾਜੇਸ਼ ਅਗਰਵਾਲ, ਜੈਨ ਬ੍ਰਦਰਜ਼ ਸਮੇਤ ਅਨੇਕ ਲੋਕਾਂ ਨੇ ਲਾਲੂ ਦੇ ਭ੍ਰਿਸ਼ਟਾਚਾਰ 'ਚ ਹੱਥ ਵੰਡਾਇਆ।
ਲਾਲੂ ਯਾਦਵ ਕਹਿ ਰਹੇ ਹਨ ਕਿ ਉਹ ਭਾਜਪਾ ਦੇ ਸਭ ਤੋਂ ਬੜਬੋਲੇ ਆਲੋਚਕ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸੀ. ਬੀ. ਆਈ. ਦਾ ਦਾਅਵਾ ਹੈ ਕਿ ਭ੍ਰਿਸ਼ਟਾਚਾਰ ਦੇ ਇਕ ਵੀ ਮਾਮਲੇ ਤੋਂ ਉਹ ਅਣਜਾਣ ਨਹੀਂ ਸਨ। ਗੌਰਤਲਬ ਹੈ ਕਿ 2 ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਲਾਲੂ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਸਿੱਧ ਹੋ ਜਾਣ ਤੋਂ ਬਾਅਦ ਹੁਣ ਕੋਈ ਵੀ ਜਨਤਕ ਅਹੁਦਾ ਹਾਸਿਲ ਕਰਨ ਦੇ ਅਯੋਗ ਹੋ ਚੁੱਕੇ ਹਨ ਪਰ 2 ਬੇਟੇ ਨਿਤੀਸ਼ ਮੰਤਰੀ ਮੰਡਲ 'ਚ ਮੰਤਰੀ ਹਨ।
ਪਰ ਨਿਤੀਸ਼ ਵੀ ਦਾਗ਼ੀ ਹੋ ਚੁੱਕੇ ਆਪਣੇ ਇਨ੍ਹਾਂ ਗੱਠਜੋੜ ਸਹਿਯੋਗੀਆਂ ਤੋਂ ਦੂਰੀ ਰੱਖ ਰਹੇ ਹਨ ਅਤੇ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੇ ਨਾਲ ਨੇੜਤਾ ਵਧਾ ਰਹੇ ਹਨ। ਇਥੋਂ ਤਕ ਕਿ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਦਾ ਸਮਰਥਨ ਕਰਨ ਦਾ ਕਾਫੀ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।
ਬੇਨਾਮੀ ਜਾਇਦਾਦਾਂ ਦੇ ਸੌਦਿਆਂ ਵਿਚ ਲਾਲੂ ਦੇ ਪਰਿਵਾਰ ਦੇ ਅੱਧੀ ਦਰਜਨ ਮੈਂਬਰ ਸ਼ੱਕ ਦੇ ਘੇਰੇ 'ਚ ਹਨ। ਦੋਸ਼ ਸਿੱਧ ਹੋ ਜਾਣ 'ਤੇ ਉਨ੍ਹਾਂ ਨੂੰ ਨਾ ਸਿਰਫ 7 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ, ਸਗੋਂ ਭਾਰੀ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ।
ਅਮਰਨਾਥ ਯਾਤਰੀਆਂ 'ਤੇ ਹਮਲਾ : ਸਰਬਸੰਮਤ ਹੱਲ ਕੱਢਣਾ ਹੋਵੇਗਾ
NEXT STORY