ਜਲੰਧਰ (ਜ.ਬ.)- ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵੱਲੋਂ ਕਰਵਾਈ ਗਈ 19ਵੀਂ ਚੈੱਸ ਚੈਂਪੀਅਨਸ਼ਿਪ ਦੀ ਓਪਨ ਕੈਟਾਗਰੀ ਵਿਚ ਅਯਾਨ ਸੱਭਰਵਾਲ ਚੈਂਪੀਅਨ ਆਫ ਚੈਂਪੀਅਨਜ਼ ਬਣੇ। ਜਲੰਧਰ ਕੈਂਟ ਸਥਿਤ ਐੱਸ. ਡੀ. ਮਾਡਲ ਸਕੂਲ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਅੰਡਰ-9, ਅੰਡਰ-13 ਅਤੇ ਅੰਡਰ-17 ਵਰਗ ਤੋਂ ਇਲਾਵਾ ਓਪਨ ਕੈਟਾਗਰੀ ਵਿਚ 240 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਐਤਵਾਰ ਨੂੰ ਸਮਾਪਤੀ ਸਮਾਰੋਹ ਵਿਚ ਐਵਰਵੀਅਰ ਇੰਡਸਟਰੀਜ਼ ਤੋਂ ਸਪਨ ਬੇਦੀ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ‘ਪੰਜਾਬ ਕੇਸਰੀ ਗਰੁੱਪ’ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਕਿਹਾ ਕਿ ਕੋਵਿਡ-19 ਕਾਰਨ ਜੋ ਚੈੱਸ ਦਾ ਸਿਲਸਿਲਾ ਰੁਕ ਗਿਆ ਸੀ, ਹੁਣ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਅੰਤ ਵਿਚ ਇਨਾਮ ਵੰਡ ਸਮਾਰੋਹ ਹੋਇਆ, ਜਿਸ ਵਿਚ ਜੇਤੂਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਵੰਡੇ ਗਏ।
ਪੰਜਾਬ ’ਚ ਚੈੱਸ ਲਈ ਬੇਸ਼ੁਮਾਰ ਸੰਭਾਵਨਾਵਾਂ : ਅਭਿਜੈ ਚੋਪੜਾ
ਚੈੱਸ ਤੇਜ਼ੀ ਨਾਲ ਵਧਦੀਆਂ ਖੇਡਾਂ ਵਿਚੋਂ ਇਕ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਲੋੜੀਂਦਾ ਮਾਹੌਲ ਦੇਈਏ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ’ਤੇ ਜਾ ਕੇ ਆਪਣੀ ਮਾਨਸਿਕ ਮਜ਼ਬੂਤੀ ਦਿਖਾ ਸਕਣ। ਪੰਜਾਬ ਵਿਚ ਚੈੱਸ ਦੀ ਬੇਸ਼ੁਮਾਰ ਸੰਭਾਵਨਾਵਾਂ ਹਨ। ਇਸੇ ਕਾਰਨ ਵੱਖ-ਵੱਖ ਸ਼ਹਿਰਾਂ ਵਿਚ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ, ਜੋ ਅੱਗੋਂ ਵੀ ਜਾਰੀ ਰਹਿਣਗੇ। ਬੱਿਚਆਂ ਨੂੰ ਸਹੂਲਤ ਮਿਲੇ, ਇਸ ਲਈ ਮੁਫਤ ਰਜਿਸਟ੍ਰੇਸ਼ਨ ਤੋਂ ਇਲਾਵਾ ਰਿਫਰੈੱਸ਼ਮੈਂਟ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਚੈੱਸ ਬੱਚਿਆਂ ਨੂੰ ਪੂਰਨ ਤੌਰ ’ਤੇ ਵਿਕਾਸ ਵਿਚ ਸਹਾਇਕ ਸਿੱਧ ਹੁੰਦੀ ਹੈ। ਇਹ ਯਾਦ ਸ਼ਕਤੀ ਨੂੰ ਵਧਾਉਣ ਤੋਂ ਇਲਾਵਾ ਇਕਾਗਰਤਾ ਵੀ ਵਧਾਉਂਦੀ ਹੈ। ਬੀਤੇ ਮਹੀਨੇ ਭਾਰਤ ਵਿਚ ਪਹਿਲੀ ਵਾਰ ਚੈੱਸ ਓਲੰਪਿਆਡ ਹੋਇਆ ਸੀ। ਇਹ ਦੇਸ਼ ਵਿਚ ਵਧਦੀ ਚੈੱਸ ਦੀ ਪ੍ਰਸਿੱਧੀ ਦੀ ਪ੍ਰਤੱਖ ਮਿਸਾਲ ਹੈ। ਉਮੀਦ ਹੈ ਕਿ ਇਸ ਤੋਂ ਬੱਚੇ ਪ੍ਰੇਰਣਾ ਲੈਣਗੇ।
ਚੈੱਸ ਪਲਾਨਿੰਗ, ਵਿਸ਼ਵਾਸ ਤੇ ਅਨੁਸ਼ਾਸਨ ਸਿਖਾਉਂਦੀ ਹੈ : ਸਪਨ ਬੇਦੀ
ਸਾਨੂੰ ਖੁਸ਼ੀ ਹੈ ਕਿ ਅਸੀਂ ਚੈੱਸ ਰਾਹੀਂ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਭਰਪੂਰ ਯਤਨ ਕਰ ਰਹੇ ਹਾਂ। ਚੈਂਪੀਅਨਸ਼ਿਪ ਤੋਂ ਪਹਿਲਾਂ ਹੀ ਸਾਡੀ ਪਲਾਨਿੰਗ ਸੀ ਕਿ ਬੱਚਿਆਂ ਲਈ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਫੀਲ ਗੁੱਡ ਮਹਿਸੂਸ ਹੋਵੇ। ਇਸ ਵਿਚ ਆਰਬਿਟਰ ਤੋਂ ਲੈ ਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਚੈੱਸ ਪਲਾਨਿੰਗ, ਵਿਸ਼ਵਾਸ ਤੇ ਅਨੁਸ਼ਾਸਨ ਸਿਖਾਉਂਦੀ ਹੈ। ਇਸ ਨਾਲ ਬੱਚੇ ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖਦੇ ਹਨ।
ਸਕੂਲ ਪੱਧਰ ਤੋਂ ਹੀ ਬੱਚਿਆਂ ਨੂੰ ਕਰੋ ਤਿਆਰ : ਨਰੇਸ਼ ਕੁਮਾਰ
ਕੋਵਿਡ-19 ਲਾਕਡਾਊਨ ਦੇ ਬਾਅਦ ਤੋਂ ਚੈੱਸ ਫਿਰ ਵਾਪਸ ਆ ਗਈ ਹੈ। ਬੱਚਿਆਂ ਦੇ ਨਾਲ-ਨਾਲ ਮਾਤਾ-ਪਿਤਾ ਨੂੰ ਸਹੂਲਤ ਰਹੇ, ਇਸ ਦੇ ਲਈ ਹਰ ਜ਼ਰੂਰੀ ਪ੍ਰਬੰਧ ਕੀਤਾ ਗਿਆ ਹੈ। ਚੈੱਸ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਸਹਾਇਕ ਹੁੰਦੀ ਹੈ। ਸਕੂਲ ਪੱਧਰ ’ਤੇ ਹੀ ਜੇਕਰ ਬੱਚਿਆਂ ਨੂੰ ਇਸ ਖੇਡ ਵਿਚ ਪਾਇਆ ਜਾਵੇ ਤਾਂ ਉਹ ਤੇਜ਼ੀ ਨਾਲ ਅੱਗੇ ਵਧਦੇ ਹਨ। ਸਕੂਲ ਪ੍ਰਬੰਧਕ ਭਵਿੱਖ ਵਿਚ ਵੀ ਅਜਿਹੇ ਆਯੋਜਨ ਲਈ ਅੱਗੇ ਰਹਿਣਗੇ।
ਪੰਜਾਬ ਤੋਂ ਬਾਹਰ ਅਜਿਹੀ ਵਿਵਸਥਾ ਨਹੀਂ ਮਿਲਦੀ : ਅਯਾਨ ਸੱਭਰਵਾਲ
ਅੱਜ ਫੀਲ ਗੁੱਡ ਮਹਿਸੂਸ ਹੋ ਰਿਹਾ ਹੈ। ਚੈਂਪੀਅਨਸ਼ਿਪ ਵਿਚ ਸਖਤ ਟੱਕਰ ਦੇਣ ਵਾਲੇ ਪਲੇਅਰ ਵੀ ਸਨ ਪਰ ਕਿਸਮਤ ਹਮੇਸ਼ਾ ਵਾਂਗ ਮੇਰੇ ਨਾਲ ਰਹੀ। ਚੈੱਸ ਨੂੰ ਲੈ ਕੇ ਇਥੇ ਮਾਹੌਲ ਕਾਫੀ ਵਧੀਆ ਹੈ। ਮੈਂ ਪੰਜਾਬ ਤੋਂ ਬਾਹਰ ਕਈ ਮੁਕਾਬਲਿਆਂ ਵਿਚ ਗਿਆ ਹਾਂ ਪਰ ਕਿਧਰੇ ਵੀ ਅਜਿਹੀ ਵਿਵਸਥਾ ਨਹੀਂ ਮਿਲਦੀ। ‘ਪੰਜਾਬ ਕੇਸਰੀ ਗਰੁੱਪ’ ਦੀ ਕੋਸ਼ਿਸ਼ ਸ਼ਲਾਘਾਯੋਗ ਹੈ। ਲਾਕਡਾਊਨ ਤੋਂ ਬਾਅਦ ਹੁਣ ਲਗਾਤਾਰ ਚੈੱਸ ਮੁਕਾਬਲੇ ਹੋ ਰਹੇ ਹਨ, ਇਸ ਨੂੰ ਲੈ ਕੇ ਅਸੀਂ ਕਾਫੀ ਉਤਸ਼ਾਹਿਤ ਹਾਂ।
- ਅੰਡਰ-9 ਲੜਕੀਆਂ : ਸੇਹਰ ਬੇਦੀ, ਰਿਧਾ ਕੌਰ ਪਰੂਥੀ, ਮੋਕਸ਼ਿਤਾ ਮਲਹੋਤਰਾ
- ਅੰਡਰ-9 ਲੜਕੇ : ਅਵਯ ਭਾਟੀਆ, ਸਾਮਰਥ ਕਪੂਰ, ਰਿਧਾਨ ਚਾਵਲਾ
- ਅੰਡਰ-13 ਲੜਕੀਆਂ : ਸ੍ਰੇਸ਼ਠੀ ਗੁਪਤਾ, ਅਸਮੀ ਡਾਂਡ, ਰਿਧੀ ਖੰਨਾ
- ਅੰਡਰ-13 ਲੜਕੇ : ਲਕਸ਼ਿਤ ਪੁਸਰੀ, ਰੂਸ਼ਾਂਗ ਵਰਮਾ, ਸ਼੍ਰੇਯਾਂਸ ਜੈਨ
- ਅੰਡਰ-17 ਲੜਕੇ : ਸੁਖਮਨੀ ਸਿੰਘ, ਨਿਤਿਨ ਸੈਣੀ, ਪ੍ਰਥਮ ਭਾਰਦਵਾਜ,
- ਅੰਡਰ-17 ਲੜਕੀਆਂ : ਕਾਸ਼ਵੀ ਡਾਂਡ, ਧ੍ਰਿਤੀ, ਆਰੋਹੀ ਮਹਾਜਨ
- ਓਪਨ : ਅਯਾਨ ਸੱਭਰਵਾਲ, ਉਤਕ੍ਰਿਸ਼ਟ ਤੁੱਲੀ, ਰਿਸ਼ੀ ਸਨੋਤਰਾ
ਚੈੱਸ ਕੋਚ ਬੋਲੇ-ਬੱਚਿਆਂ ’ਚ ਸ਼ਤਰੰਜ ਨੂੰ ਲੈ ਕੇ ਰੁਚੀ ਵਧੀ
ਕੰਵਰਜੀਤ ਸਿੰਘ ਨੇ ਕਿਹਾ-ਇਸ ਵਾਰ ਚੈੱਸ ਚੈਂਪੀਅਨਸ਼ਿਪ ਨੂੰ ਲੈ ਕੇ ਬੱਚਿਆਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੂਰੀ ਦੋਆਬਾ ਬੈਲਟ ਤੋਂ ਬੱਚੇ ਆਏ, ਜੋ ਇਸ ਦੀ ਪ੍ਰਸਿੱਧੀ ਜ਼ਾਹਰ ਕਰਦਾ ਹੈ। ਉਮੀਦ ਹੈ ਕਿ ਇਹ ਅੱਗੇ ਵੀ ਜਾਰੀ ਰਹਿਣਗੇ।
ਕ੍ਰਿਤੀ ਸ਼ਰਮਾ ਨੇ ਕਿਹਾ ਕਿ ਕੋਵਿਡ-19 ਲਾਕਡਾਊਨ ਤੋਂ ਬਾਅਦ ਬੱਚਿਆਂ ਵਿਚ ਚੈੱਸ ਲਈ ਰੁਝਾਨ ਵਧਿਆ ਹੈ। ਇਸੇ ਸਾਲ ਭਾਰਤ ਵਿਚ ਪਹਿਲੀ ਵਾਰ ਹੋਏ ਸ਼ਤਰੰਜ ਓਲੰਪਿਆਡ ਦੇ ਬਾਅਦ ਤੋਂ ਵੀ ਬੱਚਿਆਂ ਵਿਚ ਸ਼ਤਰੰਜ ਖੇਡਣ ਪ੍ਰਤੀ ਕਾਫੀ ਰੁਝਾਨ ਵਧਿਆ ਹੈ।
ਅਮਿਤ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਅਜਿਹੇ ਮੁਕਾਬਲੇ ਹੋਣਾ ਬਹੁਤ ਚੰਗੀ ਗੱਲ ਹੈ। ਬੱਚਿਆਂ ਨੂੰ ਏ. ਸੀ. ਕਮਰੇ ਮੁਹੱਈਆ ਹੋਣ ਦੇ ਨਾਲ-ਨਾਲ ਸਾਰਿਆਂ ਲਈ ਮੁਫਤ ਰਿਫਰੈੱਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਨੂੰ ਹੋਰਨਾਂ ਸ਼ਹਿਰਾਂ ਵਿਚ ਕਰਵਾਏ ਜਾਣ ਦੀ ਯੋਜਨਾ ਹੈ।
ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ : ਭਾਰਤੀ ਪੁਰਸ਼ ਟੀਮ ਨੇ ਕਜ਼ਾਕਿਸਤਾਨ ਨੂੰ ਹਰਾਇਆ
NEXT STORY