ਸਪੋਰਟਸ ਡੈਸਕ- ਆਪਣੇ ਨਾਂ ਵਾਲੀ ਮਰਸਡੀਜ਼ ਕਾਰ ਦੇ ਦਿੱਲੀ 'ਚ 63 ਚਲਾਨ ਨਾਲ ਸਬੰਧਤ ਮਾਮਲੇ 'ਚ ਮਰਹੂਮ ਦੌੜਾਕ ਮਿਲਖਾ ਸਿੰਘ ਦੇ ਪੁੱਤਰ ਅਤੇ ਗੋਲਫਰ ਜੀਵ ਮਿਲਖਾ ਸਿੰਘ ਦੀ ਸ਼ਿਕਾਇਤ ਚੰਡੀਗੜ੍ਹ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਸ਼ਿਕਾਇਤ ਵਿੱਚ ਜੀਵ ਮਿਲਖਾ ਨੇ ਕਿਹਾ ਸੀ ਕਿ ਚੰਡੀਗੜ੍ਹ ਪੁਲਸ ਨੂੰ ਉਸ ਦੀ ਕਾਰ ਖਰੀਦਣ ਵਾਲੇ ਦਿੱਲੀ ਦੇ ਨਿਤਿਨ ਜੈਨ ਅਤੇ ਕਾਰ ਵਿਕਾਉਣ ਵਾਲੇ ਕਾਰ ਡੀਲਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਜਾਣ। ਜੀਵ ਮਿਲਖਾ ਸਿੰਘ ਨੇ ਸੀ. ਆਰ. ਪੀ. ਸੀ. ਦੀ ਧਾਰਾ 156(3) ਤਹਿਤ ਐਡਵੋਕੇਟ ਤਰਮਿੰਦਰ ਸਿੰਘ ਰਾਹੀਂ ਇਹ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੇ. ਐਮ.) ਡਾ. ਅਮਨ ਇੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਵਿੱਚ ਕੋਈ ਮੈਰਿਟ ਨਹੀਂ ਹੈ।
ਇਹ ਵੀ ਪੜ੍ਹੋ : ਵਿਰਾਟ ਨੇ ਸੁਪਰਮੈਨ ਵਾਂਗ ਕੀਤਾ ਸ਼ਾਨਦਾਰ ਕੈਚ, ਵੇਖ ਹਰ ਕੋਈ ਕਹਿ ਉਠਿਆ ਵਾਹ (ਵੀਡੀਓ)
ਜੀਵਨ ਮਿਲਖਾ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਨੇ ਸਾਲ 2014 ਵਿੱਚ ਆਪਣੀ ਮਰਸਡੀਜ਼ ਕਾਰ ਦਿੱਲੀ ਦੇ ਨਿਤਿਨ ਜੈਨ ਨੂੰ ਵੇਚ ਦਿੱਤੀ ਸੀ ਪਰ ਨਿਤਿਨ ਜੈਨ ਨੇ ਕਾਰ ਆਪਣੇ ਨਾਂ ’ਤੇ ਟਰਾਂਸਫਰ ਨਹੀਂ ਕਰਵਾਈ। ਇਸ ਗੱਲ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਉਸ ਨੂੰ ਦਿੱਲੀ ਪੁਲਸ ਵਲੋਂ ਟਰੈਫਿਕ ਚਲਾਨ ਆਉਣ ਲੱਗੇ। ਉਸ ਨੂੰ ਦਿੱਲੀ ਟ੍ਰੈਫਿਕ ਪੁਲਸ ਵੱਲੋਂ 85 ਹਜ਼ਾਰ ਰੁਪਏ ਦੇ 63 ਟਰੈਫਿਕ ਚਲਾਨ ਭੇਜੇ ਗਏ।
ਇਸ ਮਾਮਲੇ ਵਿੱਚ ਜੀਵ ਮਿਲਖਾ ਸਿੰਘ ਨੇ ਚੰਡੀਗੜ੍ਹ ਦੇ ਐਸ. ਐਸ. ਪੀ. ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਕਾਰ ਖਰੀਦਣ ਵਾਲੇ ਦਿੱਲੀ ਦੇ ਨਿਤਿਨ ਜੈਨ ਅਤੇ ਕਾਰ ਵਿਕਾਉਣ ਵਾਲੇ ਕਾਰ ਡੀਲਰ ਵਿਰੁੱਧ ਵਿਸ਼ਵਾਸ ਦੀ ਉਲੰਘਣਾ (ਧਾਰਾ 406), ਧੋਖਾਧੜੀ (ਧਾਰਾ 420) ਅਤੇ ਅਪਰਾਧਿਕ ਸਾਜ਼ਿਸ਼ ਰਚਣ (ਧਾਰਾ 120 ਬੀ) ਤਹਿਤ ਕੇਸ ਦਰਜ ਕਰਨ ਲਈ ਚੰਡੀਗੜ੍ਹ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਚੰਡੀਗੜ੍ਹ ਦੇ ਸੈਕਟਰ 3 ਥਾਣੇ ਦੇ ਐਸ. ਐਚ. ਓ. ਨੂੰ ਹੁਕਮ ਦਿੱਤੇ ਜਾਣ।
ਜੀਵ ਮਿਲਖਾ ਸਿੰਘ ਨੇ 10 ਜੂਨ 2014 ਨੂੰ ਆਪਣੀ ਮਰਸਡੀਜ਼ ਕਾਰ (CHO1 AR 0725) ਦਿੱਲੀ ਵਿੱਚ ਨਿਤਿਨ ਜੈਨ ਨੂੰ ਵੇਚ ਦਿੱਤੀ ਸੀ। ਇਹ ਗੱਡੀ ਦਿੱਲੀ ਵਿੱਚ ਹੀ ਇੱਕ ਡੀਲਰ ਰਾਹੀਂ ਵੇਚੀ ਗਈ ਸੀ। ਦੋਸ਼ ਹੈ ਕਿ ਨਿਤਿਨ ਜੈਨ ਨੇ ਗੱਡੀ ਖਰੀਦਣ ਤੋਂ ਬਾਅਦ ਕਾਫੀ ਸਮੇਂ ਤੱਕ ਇਸ ਨੂੰ ਆਪਣੇ ਨਾਂ 'ਤੇ ਰਜਿਸਟਰਡ ਨਹੀਂ ਕਰਵਾਇਆ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੀਵ ਮਿਲਖਾ ਸਿੰਘ ਦੇ ਨਾਂ 'ਤੇ ਚਲਾਨ ਆਉਂਦੇ ਰਹੇ। ਹਾਲ ਹੀ 'ਚ ਜੀਵ ਮਿਲਖਾ ਨੂੰ ਦਿੱਲੀ ਦੀ ਰੋਹਿਣੀ ਅਦਾਲਤ ਤੋਂ ਟ੍ਰੈਫਿਕ ਚਲਾਨ ਨਾ ਭਰਨ 'ਤੇ ਨੋਟਿਸ ਮਿਲਿਆ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੂਰੇ ਮਾਮਲੇ ਦਾ ਪਤਾ ਲੱਗਾ।
ਅਦਾਲਤ ਨੇ ਇਸ ਨੁਕਤੇ 'ਤੇ ਵਿਚਾਰ ਕੀਤਾ ਕਿ ਕੀ ਇਸ ਮਾਮਲੇ ਵਿਚ ਆਈ. ਪੀ. ਸੀ. ਦੀਆਂ ਧਾਰਾਵਾਂ 420, 406 ਅਤੇ 120-ਬੀ ਬਣਦੀਆਂ ਹਨ ਜਾਂ ਨਹੀਂ? ਅਦਾਲਤ ਨੇ ਕਿਹਾ ਕਿ ਸ਼ਿਕਾਇਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਕਿ ਪ੍ਰਤੀਵਾਦੀ (ਖਰੀਦਦਾਰ ਜਾਂ ਡੀਲਰ) ਨੇ ਵਾਹਨ ਦੀ ਕੀਮਤ ਦਾ ਭੁਗਤਾਨ ਨਹੀਂ ਕੀਤਾ ਹੈ। ਸ਼ਿਕਾਇਤ ਸਿਰਫ ਇਹ ਹੈ ਕਿ ਖਰੀਦਦਾਰ ਅਤੇ ਡੀਲਰ ਨੇ ਆਪਣੇ ਨਾਂ 'ਤੇ ਵਾਹਨ ਰਜਿਸਟਰਡ ਨਹੀਂ ਕਰਵਾਇਆ। ਇਸੇ ਮਾਮਲੇ ਵਿੱਚ ਅਦਾਲਤ ਵਿੱਚ ਦਾਇਰ ਜਵਾਬ ਵਿੱਚ ਨਿਤਿਨ ਜੈਨ ਨੇ ਕਿਹਾ ਕਿ ਉਹ ਵਾਹਨ ਦਾ ਇਕੱਲਾ ਖਰੀਦਦਾਰ ਹੈ ਅਤੇ ਡੀਲਰ ਨੇ ਗੱਡੀ ਨੂੰ ਆਪਣੇ ਨਾਂ ਟਰਾਂਸਫਰ ਨਹੀਂ ਕੀਤਾ ਗਿਆ।
ਅਦਾਲਤ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦੀ ਧਾਰਾ 50 ਤਹਿਤ ਜਦੋਂ ਕੋਈ ਵਿਅਕਤੀ ਆਪਣਾ ਵਾਹਨ ਵੇਚਦਾ ਹੈ ਤਾਂ ਉਸ ਨੂੰ ਉਸ ਅਥਾਰਟੀ ਤੋਂ ਐੱਨ. ਓ. ਸੀ. ਲੈਣੀ ਪੈਂਦੀ ਹੈ ਜਿੱਥੇ ਵਾਹਨ ਰਜਿਸਟਰਡ ਹੈ। ਇਹ ਐੱਨ. ਓ. ਸੀ. ਮੋਟਰ ਵਹੀਕਲ ਐਕਟ ਦੀ ਧਾਰਾ 48 ਦੇ ਤਹਿਤ ਫਾਰਮ ਨੰਬਰ 28 ਭਰ ਕੇ ਲੈਣੀ ਪੈਂਦੀ ਹੈ। ਇਸ ਤੋਂ ਬਾਅਦ ਐੱਨ. ਓ. ਸੀ. ਉਸ ਜਗ੍ਹਾ ਦੀ ਅਥਾਰਟੀ ਨੂੰ ਭੇਜਣੀ ਪੈਂਦੀ ਹੈ ਜਿੱਥੇ ਵਾਹਨ ਦੀ ਰਜਿਸਟਰੇਸ਼ਨ ਹੋਣੀ ਹੈ। ਅਦਾਲਤ ਨੇ ਕਿਹਾ ਕਿ ਜੀਵ ਮਿਲਖਾ ਨੇ ਮੋਟਰ ਵਹੀਕਲ ਐਕਟ ਤਹਿਤ ਇਹ ਕਾਰਵਾਈ ਪੂਰੀ ਨਹੀਂ ਕੀਤੀ। ਇਸ ਮਾਮਲੇ ਵਿੱਚ ਆਈ. ਪੀ. ਸੀ. ਦੀ ਧਾਰਾ 420, 406 ਅਤੇ 120-ਬੀ ਦਾ ਜੁਰਮ ਨਹੀਂ ਬਣਦਾ। ਸ਼ਿਕਾਇਤ ਵਿੱਚ ਕੋਈ ਮੈਰਿਟ ਨਹੀਂ ਹੈ।
ਅਦਾਲਤ ਨੇ ਕਿਹਾ ਹੈ ਕਿ 23 ਦਸੰਬਰ 2022 ਨੂੰ ਮੁਢਲੇ ਸਬੂਤਾਂ ਲਈ ਕੇਸ ਸ਼ਿਕਾਇਤਕਰਤਾ ਆਪਣੀ ਜ਼ਿੰਮੇਵਾਰੀ 'ਤੇ ਪੇਸ਼ ਕਰੇਗਾ। ਕੇਸ ਨੂੰ ਆਈ. ਪੀ. ਸੀ. ਸ਼ਿਕਾਇਤ ਵਜੋਂ ਦਰਜ ਕਰਨ ਲਈ ਕਿਹਾ ਗਿਆ ਸੀ। ਹੁਣ ਜੀਵ ਮਿਲਖਾ ਸਿੰਘ ਆਪਣੇ ਪੱਧਰ 'ਤੇ ਮਾਮਲੇ 'ਚ ਸਬੂਤ ਪੇਸ਼ ਕਰਨਗੇ। ਦੂਜੇ ਪਾਸੇ ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਕੋਈ ਕੇਸ ਬਣਦਾ ਹੈ ਤਾਂ ਪੁਲਸ ਨੂੰ ਢੁਕਵੇਂ ਹੁਕਮ ਦਿੱਤੇ ਜਾ ਸਕਦੇ ਹਨ।ਇੱਕ ਹੋਰ ਸਿਵਲ ਪਟੀਸ਼ਨ ਵਿੱਚ ਜੀਵ ਮਿਲਖਾ ਨੇ ਮੰਗ ਕੀਤੀ ਕਿ ਨਿਤਿਨ ਜੈਨ ਨੂੰ ਕਾਰ ਆਪਣੇ ਦੇ ਨਾਂ ’ਤੇ ਟਰਾਂਸਫਰ ਕਰਨ ਅਤੇ ਮਾਲਕ ਵਜੋਂ ਉਸ ਦਾ ਨਾਂ ਹਟਾਉਣ ਦਾ ਹੁਕਮ ਦਿੱਤਾ ਜਾਵੇ। ਇਸ ਵਿੱਚ ਜੀਵ ਮਿਲਖਾ ਨੇ ਨਿਤਿਨ ਜੈਨ, ਕਾਰ ਡੀਲਰ ਤੇਜਿੰਦਰ ਸਿੰਘ ਸਮੇਤ ਆਰ. ਟੀ. ਓ. ਨੂੰ ਪਾਰਟੀ ਬਣਾਇਆ ਹੈ। ਇਸ ਮਾਮਲੇ ਦੀ ਸੁਣਵਾਈ 19 ਅਕਤੂਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਆਖਰੀ ਓਵਰ 'ਚ ਮੁਹੰਮਦ ਸ਼ੰਮੀ ਨੇ ਦਿਵਾਈ ਭਾਰਤ ਨੂੰ ਜਿੱਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
ਜੀਵ ਮਿਲਖਾ ਮੁਤਾਬਕ ਦਿੱਲੀ 'ਚ ਗੱਡੀ ਚਲਾਉਣ ਸਮੇਂ ਨਿਤਿਨ ਜੈਨ ਦੇ ਕੁੱਲ 63 ਚਲਾਨ ਕੀਤੇ ਗਏ। ਇਨ੍ਹਾਂ ਵਿੱਚੋਂ 43 ਓਵਰਸਪੀਡਿੰਗ ਲਈ ਅਤੇ 12 ਰੈੱਡ ਲਾਈਟ ਜੰਪ ਲਈ ਸਨ। 8 ਸਟਾਪ ਲਾਈਨ ਦੀ ਉਲੰਘਣਾ ਅਤੇ ਗਲਤ ਪਾਰਕਿੰਗ ਦੇ ਸਨ। ਕਾਰ ਜੀਵ ਮਿਲਖਾ ਦੇ ਨਾਂ 'ਤੇ ਹੋਣ ਕਾਰਨ ਉਸ ਦੇ ਚਲਾਨ ਕੱਟੇ ਗਏ। ਇੱਥੋਂ ਤੱਕ ਕਿ ਅਦਾਲਤ ਨੇ ਚਲਾਨ ਨਾ ਭਰਨ ਕਾਰਨ ਉਸ ਨੂੰ ਨੋਟਿਸ ਵੀ ਭੇਜਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਾਹਿੜੀ ਲਿਵ ਗੋਲਫ 'ਚ 10ਵੇਂ ਸਥਾਨ 'ਤੇ ਰਹੇ
NEXT STORY