ਅਹਿਮਦਾਬਾਦ– ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀਆਂ 5 ਵਿਕਟਾਂ ਤੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਅਜੇਤੂ 150 ਦੌੜਾਂ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਸ਼ਨੀਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਗਰੁੱਪ-ਸੀ ਮੈਚ ਵਿਚ ਮੁੰਬਈ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
ਪ੍ਰਭਸਿਮਰਨ ਨੇ ਸਿਰਫ 101 ਗੇਂਦਾਂ ਵਿਚ 150 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 14 ਚੌਕੇ ਤੇ 10 ਛੱਕੇ ਸ਼ਾਮਲ ਸਨ। ਉਸ ਨੇ ਅਭਿਸ਼ੇਕ ਸ਼ਰਮਾ (66 ਦੌੜਾਂ, 4 ਚੌਕੇ ਤੇ 5 ਛੱਕੇ) ਦੇ ਨਾਲ ਮਿਲ ਕੇ ਪਹਿਲੀ ਵਿਕਟ ਲਈ 21.5 ਓਵਰਾਂ ਵਿਚ 150 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਪੰਜਾਬ ਨੇ 249 ਦੌੜਾਂ ਦਾ ਟੀਚਾ ਸਿਰਫ 29 ਓਵਰਾਂ ਵਿਚ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਮੁੰਬਈ ਦੀ ਟੀਮ ਅਰਸ਼ਦੀਪ (38 ਦੌੜਾਂ ’ਤੇ ਪੰਜ ਵਿਕਟ) ਦੇ ਸਾਹਮਣੇ ਜੂਝਦੀ ਹੋਈ ਨਜ਼ਰ ਆਈ, ਜਿਸ ਨਾਲ ਟੀਮ 48.5 ਓਵਰਾਂ ਵਿਚ 248 ਦੌੜਾਂ ’ਤੇ ਸਿਮਟ ਗਈ।
ਇਕ ਸਮੇਂ ਮੁੰਬਈ ਦੀ ਟੀਮ 28 ਦੌੜਾਂ ’ਤੇ 5 ਵਿਕਟਾਂ ਗੁਆ ਕੇ ਜੂਝ ਰਹੀ ਸੀ, ਜਿਸ ਤੋਂ ਬਾਅਦ ਇਹ ਸਕੋਰ 7 ਵਿਕਟਾਂ ’ਤੇ 112 ਦੌੜਾਂ ਹੋ ਗਿਆ ਪਰ ਅੰਤ ਵਿਚ ਅਰਥਵ ਅੰਕੋਲੇਕਰ (66) ਤੇ ਸ਼ਾਰਦੁਲ ਠਾਕੁਰ (43) ਦੀ ਮਦਦ ਨਾਲ ਮੁੰਬਈ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿਚ ਕਾਮਯਾਬ ਰਹੀ। ਇਹ ਗਰੁੱਪ ਵਿਚ ਮੁੰਬਈ ਦੀ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਸ ਨੂੰ ਪਿਛਲੇ ਹਫਤੇ ਟੂਰਨਾਮੈਂਟ ਦੇ ਵੱਡੇ ਸਕੋਰ ਵਾਲੇ ਸ਼ੁਰੂਆਤੀ ਮੈਚ ਵਿਚ ਕਰਨਾਟਕ ਹੱਥੋਂ ਹਾਰ ਝੱਲਣੀ ਪਈ ਸੀ।
IND vs AUS: ਚੌਥੇ ਟੈਸਟ ਦੌਰਾਨ ਜ਼ਖ਼ਮੀ ਹੋਇਆ ਇਹ ਖਿਡਾਰੀ, ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ
NEXT STORY