ਦੁਬਈ, (ਭਾਸ਼ਾ)– ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਜੇਕਰ ਰੋਹਿਤ ਸ਼ਰਮਾ ਪਰਥ ਵਿਚ ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਟੈਸਟ ਵਿਚ ਨਹੀਂ ਖੇਡਦਾ ਤਾਂ ਜਸਪ੍ਰੀਤ ਬੁਮਰਾਹ ਨੂੰ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਦੇ ਨਾਲ ਟੀਮ ਦੀ ਅਗਵਾਈ ਦੀ ਦੋਹਰੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ।
ਪੋਂਟਿੰਗ ਨੇ ਹਾਲਾਂਕਿ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਲਈ ਕਪਤਾਨੀ ਕਰਨਾ ਮੁਸ਼ਕਿਲ ਕੰਮ ਹੋਵੇਗਾ। ਰੋਹਿਤ ਦੇ ਪਹਿਲੇ ਟੈਸਟ ਵਿਚ ਖੇਡਣ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ ਜਿਹੜਾ 22 ਨਵੰਬਰ ਤੋਂ ਆਪਟਸ ਸਟੇਡੀਅਮ ਵਿਚ ਖੇਡਿਆ ਜਾਵੇਗਾ। ਹਾਲ ਹੀ ਵਿਚ ਕਪਤਾਨ ਨੇ ਖੁਦ ਸਵੀਕਾਰ ਕੀਤਾ ਸੀ ਕਿ ਉਹ ਆਪਣੀ ਹਿੱਸੇਦਾਰੀ ਨੂੰ ਲੈ ਕੇ ਨਿਸ਼ਚਿਤ ਨਹੀਂ ਹੈ।
ਪੋਂਟਿੰਗ ਨੇ ਕਿਹਾ, ‘‘ਹਾਂ, ਕਪਤਾਨੀ ਸ਼ਾਇਦ ਇਸਦੇ ਲਈ ਸਭ ਤੋਂ ਮੁਸ਼ਕਿਲ ਕੰਮ ਹੈ। ਮੈਨੂੰ ਲੱਗਦਾ ਹੈ ਕਿ ਪੈਟ ਕਮਿੰਸ ਲਈ ਵੀ ਇਹ ਹਮੇਸ਼ਾ ਸਵਾਲ ਰਿਹਾ ਸੀ ਜਦੋਂ ਉਹ ਆਸਟ੍ਰੇਲੀਅਨ ਟੈਸਟ ਕਪਤਾਨ ਬਣਿਆ ਸੀ।’’
ਜੇਕਰ ਰੋਹਿਤ ਮੈਚ ਵਿਚ ਨਹੀਂ ਖੇਡਦਾ ਤਾਂ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਉਪ ਕਪਤਾਨ ਬੁਮਰਾਹ ’ਤੇ ਹੋਵੇਗੀ। ਪੋਂਟਿੰਗ ਨੇ ਕਿਹਾ ਕਿ 30 ਸਾਲਾ ਬੁਮਰਾਹ ਕੋਲ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦੇ ਹੋਏ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਜ਼ਿਆਦਾ ਤਜਰਬਾ ਨਹੀਂ ਹੈ। ਉਸ ਨੇ ਕਿਹਾ,‘‘ਭਾਰਤੀ ਟੀਮ ਵਿਚ ਉਸਦੇ ਲਈ ਕਾਫੀ ਸਾਰੇ ਤਜਬੇਕਾਰ ਖਿਡਾਰੀ ਮੌਜੂਦ ਹਨ ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਸ ਤਜਰਬੇ ਦਾ ਇਸਤੇਮਾਲ ਕਰੋ। ਭਾਵੇਂ ਹੀ ਤੁਸੀਂ ਕਪਤਾਨ ਹੋ। ਸਹੀ ਸਮੇਂ ’ਤੇ ਸਹੀ ਸਵਾਲ ਪੁੱਛੋ ਕਿਉਂਕਿ ਭਾਵੇਂ ਅਸੀਂ ਕਿੰਨੀ ਵੀ ਕ੍ਰਿਕਟ ਖੇਡੀ ਹੋਵੇ, ਅਸੀਂ ਹਮੇਸ਼ਾ ਸਹੀ ਨਹੀਂ ਹੁੰਦੇ।’’ਖੇਡ ਦੇ ਲੰਬੇ ਰੂਪ ਵਿਚ ਬੁਮਰਾਹ ਅਜੇ ਵੀ ਭਾਰਤ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣਿਆ ਹੋਇਆ ਹੈ ਤੇ ਉਹ ਆਈ. ਸੀ. ਸੀ. ਟੈਸਟ ਸੂਚੀ ਵਿਚ ਤੀਜੇ ਸਥਾਨ ’ਤੇ ਕਾਬਜ਼ ਹੈ।
ਮਹਿਲਾ ਹਾਕੀ ਏਸ਼ੀਆਈ ਚੈਂਪੀਅਨਜ਼ ਟਰਾਫੀ : ਖਿਤਾਬ ਬਰਕਰਾਰ ਰੱਖਣ ਉਤਰੇਗਾ ਭਾਰਤ
NEXT STORY