ਬੈਂਗਲੁਰੂ–ਭਾਰਤ-ਏ ਤੇ ਦੱਖਣੀ ਅਫਰੀਕਾ-ਏ ਵਿਚਾਲੇ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਚਾਰ ਦਿਨਾ ਗੈਰ-ਅਧਿਕਾਰਤ ਟੈਸਟ ਮੈਚ ਵਿਚ ਰਿਸ਼ਭ ਪੰਤ ਦੀ ਸੱਟ ਕਾਰਨ ਤਿੰਨ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਮੁੱਖ ਖਿੱਚ ਦਾ ਕੇਂਦਰ ਹੋਵੇਗੀ। ਪੰਤ ਨੂੰ 23 ਜੁਲਾਈ ਨੂੰ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਪੈਰ ਵਿਚ ਸੱਟ ਲੱਗ ਗਈ ਸੀ ਤੇ ਇਹ ਵਿਕਟਕੀਪਰ ਬੱਲੇਬਾਜ਼ ਤਦ ਤੋਂ ਰਿਹੈਬਿਲੀਟੇਸ਼ਨ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ। ਪੰਤ ਇਸ ਵਿਚਾਲੇ ਵੈਸਟਇੰਡੀਜ਼ ਵਿਰੁੱਧ ਘਰੇਲੂ ਟੈਸਟ ਲੜੀ ਵਿਚ ਨਹੀਂ ਖੇਡ ਸਕਿਆ ਸੀ ਪਰ ਬੀ. ਸੀ. ਸੀ. ਆਈ. ਦੇ ਸੀ.ਓ. ਈ. ਮੈਦਾਨ ’ਤੇ ਹੋਣ ਵਾਲੇ ਦੋ ਗੈਰ-ਅਧਿਕਾਰਤ ਟੈਸਟ ਮੈਚਾਂ ਵਿਚ ਉਸ ਨੂੰ ਵਿਸ਼ਵ ਚੈਂਪੀਅਨ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਦਾਨ ’ਤੇ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਅਭਿਆਸ ਮੈਚ ਦਾ ਮਹੱਤਵਪੂਰਨ ਮੌਕਾ ਮਿਲੇਗਾ।
ਦੱਖਣੀ ਅਫਰੀਕਾ-ਏ ਵਿਰੁੱਧ ਹੋਣ ਵਾਲੇ ਇਨ੍ਹਾਂ ਮੈਚਾਂ ਵਿਚੋਂ ਉਹ ਭਾਰਤ-ਏ ਦੀ ਕਪਤਾਨੀ ਵੀ ਕਰੇਗਾ। ਇਹ 28 ਸਾਲਾ ਖਿਡਾਰੀ ਸੀਨੀਅਰ ਟੀਮ ਵਿਚ ਧਰੁਵ ਜੁਰੈਲ ਦੀ ਜਗ੍ਹਾ ਲੈ ਸਕਦਾ ਹੈ ਜਿਸ ਨੇ ਵੈਸਟਇੰਡੀਜ਼ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ ਦੱਖਣੀ ਅਫਰੀਕਾ ਵਿਰੁੱਧ ਵਿਕਟਕੀਪਰ ਬੱਲੇਬਾਜ਼ ਦੇ ਰੂਪ ਵਿਚ ਖੇਡੇਗਾ। ਪੰਤ ਅਸਲ ਮੈਚ ਦੀ ਸਥਿਤੀ ਵਿਚ ਮੈਦਾਨ ’ਤੇ ਕੁਝ ਚੰਗਾ ਸਮਾਂ ਬਿਤਾਉਣ ਲਈ ਉਤਸ਼ਾਹਿਤ ਹੋਵੇਗਾ, ਬਸ਼ਰਤੇ ਇਸ ਹਿੱਸੇ ਵਿਚ ਲਗਾਤਾਰ ਮੀਂਹ ਖੇਡ ਵਿਚ ਅੜਿੱਕਾ ਨਾ ਪਾਵੇ। ਆਫ ਸਪਿੰਨਰ ਪ੍ਰੇਨੇਲਨ ਸੁਬ੍ਰਯੇਨ ਨੂੰ ਛੱਡ ਕੇ ਦੱਖਣੀ ਅਫਰੀਕਾ-ਏ ਦੀ ਘੱਟ ਤਜਰਬੇਕਾਰ ਗੇਂਦਬਾਜ਼ੀ ਇਕਾਈ ਪੰਤ ਲਈ ਵਾਪਸੀ ਵਿਚ ਜ਼ਿਆਦਾ ਪ੍ਰੇਸ਼ਾਨੀ ਖੜ੍ਹੀ ਨਹੀਂ ਕਰ ਸਕਦੀ।
ਇੱਥੇ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਆਪਣੀ ਬੱਲੇਬਾਜ਼ੀ ਨੂੰ ਨਿਖਾਰਨ ਤੋਂ ਇਲਾਵਾ ਪੰਤ ਆਪਣੀ ਵਿਕਟਕੀਪਿੰਗ ਨੂੰ ਵੀ ਦਰੁਸਤ ਕਰਨ ਲਈ ਉਤਸ਼ਾਹਿਤ ਹੋਵੇਗਾ ਕਿਉਂਕਿ ਟੈਸਟ ਲੜੀ ਵਿਚ ਉਸ ਨੂੰ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਵਰਗੇ ਚੋਟੀ ਪੱਧਰੀ ਗੇਂਦਬਾਜ਼ਾਂ ਸਾਹਮਣੇ ਵਿਕਟਾਂ ਦੇ ਪਿੱਛੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਇਸ ਸਬੰਧ ਵਿਚ ਸਾਰਾਂਸ਼ ਜੈਨ, ਮਾਨਵ ਸੁਥਾਰ ਤੇ ਹਰਸ਼ ਦੂਬੇ ਵਰਗੇ ਸਪਿੰਨਰਾਂ ਦੇ ਸਾਹਮਣੇ ਉਨ੍ਹਾਂ ਨੂੰ ਚੰਗਾ ਅਭਆਸ ਕਰਨ ਦਾ ਮੌਕਾ ਮਿਲੇਗਾ। ਸਾਈ ਸੁਦਰਸ਼ਨ ਨੇ ਆਪਣਾ ਆਖਰੀ ਮੈਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਦਿੱਲੀ ਵਿਚ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚ ਖੇਡਿਆ ਸੀ ਤੇ ਇਹ ਦੋ ਮੈਚ ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਟੈਸਟ ਲੜੀ ਤੋਂ ਪਹਿਲਾਂ ਆਪਣੀ ਖੇਡ ਵਿਚ ਨਿਖਾਰ ਲਿਆਉਣ ਦਾ ਮੌਕਾ ਪ੍ਰਦਾਨ ਕਰੇਗਾ। ਤਾਮਿਲਨਾਡੂ ਦੇ ਇਸ ਬੱਲੇਬਾਜ਼ ਨੇ ਫਿਲਹਾਲ ਤੀਜੇ ਨੰਬਰ ’ਤੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕਿਆ ਹੈ। ਉਹ ਇੱਥੇ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ।
ਜਿੱਥੋਂ ਤੱਕ ਦੱਖਣੀ ਅਫਰੀਕਾ ਦਾ ਸਵਾਲ ਹੈ ਤਾਂ ਉਹ ਜੁਬੈਰ ਹਮਜ਼ਾ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੇਗਾ, ਜਿਸ ਨੂੰ ਲੱਗਭਗ ਦੋ ਸਾਲ ਦੇ ਫਰਕ ਤੋਂ ਬਾਅਦ ਟੈਸਟ ਟੀਮ ਵਿਚ ਵਾਪਸ ਬੁਲਾਇਆ ਗਿਆ ਹੈ। ਹਮਜ਼ਾ ਇਸ ਸਮੇਂ ਚੰਗੀ ਫਾਰਮ ਵਿਚ ਹੈ ਤੇ ਉਸ ਨੇ ਪਿਛਲੇ 6 ਪਹਿਲੀ ਸ਼੍ਰੇਣੀ ਮੈਚਾਂ ਵਿਚ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਬਣਾਏ ਹਨ।
ਟੀਮਾਂ ਇਸ ਤਰ੍ਹਾਂ ਹਨ : ਭਾਰਤ-ਏ : ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਆਯੂਸ਼ ਮਹਾਤ੍ਰੇ, ਐੱਨ. ਜਗਦੀਸ਼ਨ (ਵਿਕਟਕੀਪਰ), ਸਾਈ ਸੁਦਰਸ਼ਨ (ਉਪ ਕਪਤਾਨ), ਦੇਵਦੱਤ ਪੱਡੀਕਲ, ਰਜਤ ਪਾਟੀਦਾਰ, ਹਰਸ਼ ਦੂਬੇ, ਤਨੁਸ਼ ਕੋਟਿਆਨ, ਮਾਨਵ ਸੁਥਾਰ, ਖਲੀਲ ਅਹਿਮਦ, ਗੁਰਨੂਰ ਬਰਾੜ, ਅੰਸ਼ੁਲ ਕੰਬੋਜ, ਯਸ਼ ਠਾਕੁਰ, ਆਯੂਸ਼ ਬਾਦੋਨੀ, ਸਾਰਾਂਸ਼ ਜੈਨ।
ਦੱਖਣੀ ਅਫਰੀਕਾ-ਏ : ਮਾਰਕਸ ਐਕਰਮੈਨ, ਤੇਂਬਾ ਬਾਵੂਮਾ (ਸਿਰਫ ਦੂਜੇ ਚਾਰ ਦਿਨਾ ਮੈਚ ਲਈ), ਓਕੁਹਲੇ ਸੇਲੇ, ਜੁਬੈਰ ਹਮਜ਼ਾ, ਜੌਰਡਨ ਹਰਮਨ, ਰੂਬਿਨ ਹਰਮਨ, ਰਿਵਾਲਡੋ ਮੁਨਸਾਮੀ, ਤਸ਼ੇਪੋ ਮੋਰੇਕੀ, ਮਿਹਲਾਲੀ ਮਪੋਂਗਵਾਨਾ, ਲੇਸੇਗੋ ਸੇਨੋਕਵਾਨੇ, ਪ੍ਰੇਨੇਲਨ ਸੁਬ੍ਰਾਯੇਨ, ਕਾਇਲ ਸਿਮੰਡਸ, ਤਸੇਪੋ ਨਦਵਾਂਡਵਾ, ਜੈਸਨ ਸਮਿਥ, ਤਿਆਨ ਵਾਨ ਵੁਰੇਨ, ਕੋਡੀ ਯੂਸਫ।
ਹਰਮਨਪ੍ਰੀਤ ਨੂੰ ਖੇਡਣੀ ਪਵੇਗੀ 8 ਸਾਲ ਪਹਿਲਾਂ ਵਰਗੀ ਜਾਦੂਈ ਪਾਰੀ
NEXT STORY