ਸਪੋਰਟਸ ਡੈਸਕ- ਗੁਆਨਾ ਵਿਖੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਸਾਲ 2022 ਦੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਇੰਗਲੈਂਡ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਹੈ। ਖ਼ਿਤਾਬੀ ਮੁਕਾਬਲੇ 'ਚ ਹੁਣ ਭਾਰਤ ਦੱਖਣੀ ਅਫਰੀਕਾ ਨਾਲ 29 ਜੂਨ ਨੂੰ ਭਿੜੇਗੀ।

ਇੰਗਲੈਂਡ ਦੇ ਕਪਤਾਨ ਜਾਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈ਼ਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ (57) ਤੇ ਸੂਰਿਆਕੁਮਾਰ ਯਾਦਵ (47) ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 171 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ।

172 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੂੰ ਜਾਸ ਬਟਲਰ ਤੇ ਫਿਲ ਸਾਲਟ ਨੇ ਤੇਜ਼ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 26 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਪਟੇਲ ਚੌਥੇ ਓਵਰ 'ਚ ਗੇਂਦਬਾਜ਼ੀ ਕਰਨ ਆਇਆ ਤਾਂ ਪਹਿਲੀ ਹੀ ਗੇਂਦ 'ਤੇ ਬਟਲਰ ਨੂੰ ਰਿਸ਼ਭ ਪੰਤ ਹੱਥੋਂ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ।

ਇਸ ਤੋਂ ਬਾਅਦ ਫਿਲ ਸਾਲਟ ਨੂੰ ਜਸਪ੍ਰੀਤ ਬੁਮਰਾਹ ਨੇ 5 ਦੌੜਾਂ ਦੇ ਨਿੱਜੀ ਸਕੋਰ ਕਲੀਨ ਬੋਲਡ ਕਰ ਕੇ ਭਾਰਤ ਨੂੰ ਵੱਡੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਆਏ ਜਾਨੀ ਬੇਅਰਸਟਾ ਨੂੰ ਅਕਸ਼ਰ ਪਟੇਲ ਨੇ ਖਾਤਾ ਵੀ ਨਾ ਖੋਲ੍ਹਣ ਦਿੱਤਾ ਤੇ ਆਪਣੇ ਅਗਲੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ।

ਆਪਣਾ ਤੀਜਾ ਓਵਰ ਕਰਨ ਆਏ ਅਕਸ਼ਰ ਪਟੇਲ ਨੇ ਇਕ ਵਾਰ ਫ਼ਿਰ ਆਪਣੀ ਪਹਿਲੀ ਹੀ ਗੇਂਦ 'ਤੇ ਮੋਈਨ ਅਲੀ ਨੂੰ ਸਟੰਪ ਆਊਟ ਕਰ ਕੇ ਮੈਚ ਭਾਰਤ ਦੀ ਮੁੱਠੀ 'ਚ ਲਿਆ ਪਾਇਆ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਸੈਮ ਕਰਨ ਨੂੰ 2 ਦੌੜਾਂ ਦੇ ਨਿਜੀ ਸਕੋਰ 'ਤੇ ਐੱਲ.ਬੀ.ਡਬਲਯੂ. ਆਊਟ ਕਰ ਕੇ ਭਾਰਤ ਨੂੰ 5ਵੀਂ ਸਫ਼ਲਤਾ ਦਿਵਾਈ।

ਇਸ ਤੋਂ ਬਾਅਦ ਹੈਰੀ ਬਰੁੱਕ ਨੇ 19 ਗੇਂਦਾਂ 'ਚ 25 ਦੌੜਾਂ ਦੀ ਪਾਰੀ ਖੇਡੀ ਤੇ ਭਾਰਤ ਲਈ ਮੁਸ਼ਕਲ ਬਣਾਈ ਰੱਖੀ, ਪਰ ਉਸ ਨੂੰ ਕੁਲਦੀਪ ਯਾਦਵ ਨੇ ਕਲੀਨ ਬੋਲਡ ਕਰ ਕੇ ਪੈਵੇਲੀਅਨ ਪਰਤਾਇਆ। ਇਸ ਤੋਂ ਬਾਅਦ ਕ੍ਰਿਸ ਜਾਰਡਨ ਵੀ ਕੁਲਦੀਪ ਦਾ ਅਗਲਾ ਸ਼ਿਕਾਰ ਬਣੇ ਤੇ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ।

ਇੰਗਲੈਂਡ ਦੀਆਂ ਆਖ਼ਰੀ ਉਮੀਦਾਂ ਹੁਣ ਲਿਵਿੰਗਸਟੋਨ 'ਤੇ ਟਿਕੀਆਂ ਸਨ, ਪਰ 1 ਦੌੜ ਲੈਣ ਦੇ ਚੱਕਰ 'ਚ ਉਹ ਰਨ ਆਊਟ ਹੋ ਗਿਆ। ਇਸ ਦੇ ਨਾਲ ਹੀ ਇੰਗਲੈਂਡ ਦੀ ਜਿੱਤ ਦੀਆਂ ਉਮੀਦਾਂ ਲਗਭਗ ਖ਼ਤਮ ਹੀ ਹੋ ਗਈਆਂ ਹਨ। ਇਸ ਤੋਂ ਬਾਅਦ ਇੰਗਲੈਂਡ ਦਾ ਕੋਈ ਬੱਲੇਬਾਜ਼ ਨਾ ਚੱਲ ਸਕਿਆ ਤੇ ਪੂਰੀ ਟੀਮ 16.4 ਓਵਰਾਂ 'ਚ ਹੀ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੁਕਾਬਲਾ 68 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੋਹਿਤ-ਸੂਰਿਆ ਤੋਂ ਬਾਅਦ ਹਾਰਦਿਕ ਪੰਡਯਾ ਦਾ ਸ਼ਾਨਦਾਰ ਕੈਮਿਓ, ਭਾਰਤ ਨੇ ਇੰਗਲੈਂਡ ਨੂੰ ਦਿੱਤਾ 172 ਦੌੜਾਂ ਦਾ ਟੀਚਾ
NEXT STORY