ਹੈਦਰਾਬਾਦ, (ਭਾਸ਼ਾ)–ਆਪਣੀ ਧਰਤੀ ’ਤੇ ਪਿਛਲੇ 12 ਸਾਲ ਤੋਂ ਟੈਸਟ ਕ੍ਰਿਕਟ ਵਿਚ ਚੱਲੇ ਆ ਰਹੇ ਭਾਰਤ ਦੇ ਦਬਦਬੇ ਨੂੰ ਸਖਤ ਚੁਣੌਤੀ ਮਿਲੇਗੀ ਜਦੋਂ ਹਮਲਾਵਰਤਾ ਦੀ ਨਵੀਂ ਪਰਿਭਾਸ਼ਾ ਘੜਨ ਵਾਲੀ ਇੰਗਲੈਂਡ ਟੀਮ ਨਾਲ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਵਿਚ ਰੋਹਿਤ ਸ਼ਰਮਾ ਦੀ ਟੀਮ ਦਾ ਸਾਹਮਣਾ ਹੋਵੇਗਾ। ਆਖਰੀ ਵਾਰ ਭਾਰਤ ਨੂੰ ਉਸੇ ਦੀ ਹੀ ਧਰਤੀ ’ਤੇ 2012 ਵਿਚ ਐਲਿਸਟੀਅਰ ਕੁਕ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਨੇ ਟੈਸਟ ਲੜੀ ਵਿਚ 2-1 ਨਾਲ ਹਰਾਇਆ ਸੀ। ਉਸ ਤੋਂ ਬਾਅਦ ਤੋਂ ਭਾਰਤ ਨੇ ਲਗਾਤਾਰ 16 ਲੜੀਆਂ ਜਿੱਤੀਆਂ ਹਨ, ਜਿਨ੍ਹਾਂ ਵਿਚੋਂ 7 ਵਿਚ ‘ਕਲੀਨ ਸਵੀਪ’ ਕੀਤਾ ਹੈ। ਇਸ ਦੌਰਾਨ ਭਾਰਤ ਨੇ ਆਪਣੀ ਮੇਜ਼ਬਾਨੀ ਵਿਚ 44 ਟੈਸਟ ਖੇਡੇ ਤੇ ਸਿਰਫ 3 ਵਿਚ ਹਾਰ ਦਾ ਸਾਹਮਣਾ ਕੀਤਾ।
ਜੇਕਰ ਦਬਦਬੇ ਦੀ ਗੱਲ ਕੀਤੀ ਜਾਵੇ ਤੇ 80 ਦੇ ਦਹਾਕੇ ਦੀ ਵੈਸਟਇੰਡੀਜ਼ ਜਾਂ ਉਸ ਤੋਂ ਬਾਅਦ ਦੀ ਆਸਟ੍ਰੇਲੀਅਨ ਟੀਮ ਵੀ ਕਿਤੇ ਨਹੀਂ ਠਹਿਰਦੀ। ਪਿਛਲੇ ਇਕ ਦਹਾਕੇ ਵਿਚ ਇਸ ਪ੍ਰਦਰਸ਼ਨ ਦੇ ਪਿੱਛੇ ਅਨੁਕੂਲ ਪਿੱਚਾਂ ਅਤੇ ਗੇਂਦਬਾਜ਼ਾਂ ਦਾ ਵੀ ਯੋਗਦਾਨ ਰਿਹਾ, ਜਿਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਪਿੱਚਾਂ ਦਾ ਫਾਇਦਾ ਕਿਵੇਂ ਚੁੱਕਣਾ ਹੈ। ਭਾਰਤ ਦੀ ਕਾਮਯਾਬੀ ਦੀ ਕਹਾਣੀ ਲਿਖਣ ਵਿਚ ਆਫ ਸਪਿਨਰ ਆਰ. ਅਸ਼ਵਿਨ ਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਦੀ ਵੀ ਅਹਿਮ ਭੂਮਿਕਾ ਰਹੀ। ਟਰਨ ਲੈਣ ਵਾਲੀ ਪਿੱਚ ’ਤੇ ਪਹਿਲੇ ਮੈਚ ਵਿਚ ਅਸ਼ਵਿਨ ਤੇ ਜਡੇਜਾ ਇਕ ਵਾਰ ਫਿਰ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਇੰਗਲੈਂਡ ਟੀਮ ਅਤੀਤ ਵਿਚ ਇਨ੍ਹਾਂ ਦੋਵਾਂ ਦਾ ਸਾਹਮਣਾ ਕਰ ਚੁੱਕੀ ਹੈ ਤੇ ਖਾਸ ਤੌਰ ’ਤੇ ਅਸ਼ਵਿਨ ਨੂੰ ਲੈ ਕੇ ਕਾਫੀ ਚਿੰਤਿਤ ਹੋਵੇਗੀ।
37 ਸਾਲਾ ਅਸ਼ਵਿਨ ਵਿਚ ਅਜੇ ਵੀ 17 ਸਾਲ ਦੇ ਨੌਜਵਾਨ ਵਰਗਾ ਜੋਸ਼ ਹੈ। ਉਹ 2012 ਤੋਂ ਹੁਣ ਤਕ 46 ਟੈਸਟਾਂ ਵਿਚ 283 ਵਿਕਟਾਂ ਲੈ ਚੁੱਕਾ ਹੈ। ਜਡੇਜਾ ਨੂੰ ਉਸਦਾ ਸਹਿਯੋਗੀ ਕਿਹਾ ਜਾ ਸਕਦਾ ਹੈ ਪਰ ਆਪਣੇ ਆਪ ਵਿਚ ਵੀ ਉਹ ਕਾਫੀ ਖਤਰਨਾਕ ਗੇਂਦਬਾਜ਼ ਹੈ। ਉਸਦੀਆਂ ਸਟੀਕ ਪੈਂਦੀਆਂ ਗੇਂਦਾਂ ਟਰਨਿੰਗ ਪਿੱਚਾਂ ’ਤੇ ਬੱਲੇਬਾਜ਼ਾਂ ਨੂੰ ਝਕਾਨੀ ਦੇਣ ਲਈ ਕਾਫੀ ਹਨ। ਉਸ ਨੇ ਇਸ ਦੌਰਾਨ 39 ਟੈਸਟਾਂ ਵਿਚ 191 ਵਿਕਟਾਂ ਲਈਆਂ ਹਨ। ਦੋਵੇਂ ਮਿਲ ਕੇ 21 ਦੀ ਔਸਤ ਨਾਲ 500 ਦੇ ਤਕਰੀਬਨ ਵਿਕਟਾਂ ਲੈ ਚੁੱਕੇ ਹਨ। ਭਾਰਤੀ ਟੀਮ ਵਿਚ ਤੀਜੇ ਸਪਿਨਰ ਦੇ ਤੌਰ ’ਤੇ ਅਕਸ਼ਰ ਪਟੇਲ ਜਾਂ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ ਤੇ ਸੰਭਾਵਨਾ ਅਕਸ਼ਰ ਦੀ ਵੱਧ ਲੱਗ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਮਨਾਇਆ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ, ਦਿੱਤੀ ਵਧਾਈ
ਇੰਗਲੈਂਡ ਟੀਮ ਨੂੰ ਪਤਾ ਹੈ ਕਿ ਭਾਰਤ ਵਿਚ ਖੇਡਣ ਲਈ ਜਿੰਨੀ ਵੀ ਤਿਆਰੀ ਹੈ, ਉਹ ਘੱਟ ਹੈ ਤੇ ਇਸਦੇ ਲਈ ਉਸ ਨੂੰ ਮਾਨਸਿਕ ਮਜ਼ਬੂਤੀ ਦੀ ਵੀ ਲੋੜ ਪਵੇਗੀ। ਉਸਦੇ ਲਈ ਰਾਹਤ ਦੀ ਗੱਲ ਇਹ ਹੈ ਕਿ ਪਹਿਲੇ ਦੋ ਟੈਸਟਾਂ ਵਿਚ ਰਨ ਮਸ਼ੀਨ ਵਿਰਾਟ ਕੋਹਲੀ ਨਹੀਂ ਖੇਡੇਗਾ ਜਿਹੜਾ ਨਿੱਜੀ ਕਾਰਨਾਂ ਤੋਂ ਬਾਹਰ ਹੈ। ਕੋਹਲੀ ਨੇ ਇੰਗਲੈਂਡ ਵਿਰੁੱਧ 28 ਮੈਚਾਂ ਵਿਚ 1991 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 5 ਸੈਂਕੜੇ ਸ਼ਾਮਲ ਹਨ। ਮੱਧਕ੍ਰਮ ਦਾ ਬੱਲੇਬਾਜ਼ ਰਜਤ ਪਾਟੀਦਾਰ ਕੋਹਲੀ ਦੇ ਬਦਲ ਦੇ ਤੌਰ ’ਤੇ ਹੈਦਰਾਬਾਦ ਤੇ ਵਿਸ਼ਾਖਾਪਟਨਮ ਟੈਸਟ ਲਈ ਟੀਮ ਵਿਚ ਸ਼ਾਮਲ ਹੋਵੇਗਾ। ਚੌਥੇ ਤੇ 5ਵੇਂ ਨੰਬਰ ’ਤੇ ਸ਼੍ਰੇਅਸ ਅਈਅਰ ਤੇ ਕੇ. ਐੱਲ. ਰਾਹੁਲ ਉਤਰ ਸਕਦੇ ਹਨ ਜਦਕਿ ਕੋਨਾ ਭਰਤ ਵਿਕਟਕੀਪਿੰਗ ਕਰੇਗਾ।
ਇੰਗਲੈਂਡ ਨੇ 2022 ਦੇ ਆਖਿਰ ਵਿਚ ਪਾਕਿਸਤਾਨ ਨੂੰ ਟੈਸਟ ਲੜੀ ਵਿਚ 3-0 ਨਾਲ ਹਰਾਇਆ ਪਰ ਇੱਥੇ ਚੁਣੌਤੀ ਕਾਫੀ ਮੁਸ਼ਕਿਲ ਹੋਵੇਗੀ। ਨੌਜਵਾਨ ਆਫ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦਾ ਵੀਜ਼ਾ ਮਿਲਣ ਵਿਚ ਦੇਰੀ ਕਾਰਨ ਵੀ ਉਸ ਨੂੰ ਪ੍ਰੇਸ਼ਾਨੀ ਹੋਈ। ਕਪਤਾਨ ਬੇਨ ਸਟੋਕਸ ਕਹਿ ਹੀ ਚੁੱਕਾ ਹੈ ਕਿ ਉਹ ਬਸ਼ੀਰ ਨੂੰ ਲੈ ਕੇ ਕਾਫੀ ਦੁਖੀ ਹੈ। ਕੋਚ ਬ੍ਰੈਂਡਨ ਮੈਕਕੁਲਮ ਤੇ ਕਪਤਾਨ ਸਟੋਕਸ ਦੀ ਹਮਲਾਵਰ ਸ਼ੈਲੀ ‘ਬੈਜਬਾਲ’ ਦੇ ਦਮ ’ਤੇ ਇੰਗਲੈਂਡ ਨੇ ਕਾਫੀ ਕਾਮਯਾਬੀ ਹਾਸਲ ਕੀਤੀ ਹੈ। ਉਸ ਨੂੰ ਇਕ ਵਾਰ ਫਿਰ ਇਕ ਇਕਾਈ ਦੇ ਰੂਪ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ, ਜਿਸ ਵਿਚ ਜੋ ਰੂਟ ਤੇ ਸਟੋਕਸ ’ਤੇ ਦੌੜਾਂ ਬਣਾਉਣ ਅਤੇ ਜੇਮਸ ਐਂਡਰਸਨ ਤੇ ਸਪਿਨਰਾਂ ’ਤੇ ਵਿਕਟਾਂ ਲੈਣ ਦੀ ਜ਼ਿੰਮੇਵਾਰੀ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਸ਼੍ਰੇਅਸ ਅਈਅਰ, ਕੇ. ਐੱਲ. ਰਾਹੁਲ, ਕੇ. ਐੱਸ. ਭਰਤ, ਧਰੁਵ ਜੂਰਲ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ, ਆਵੇਸ਼ ਖਾਨ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਗਸਨ, ਜਾਨੀ ਬੇਅਰਸਟੋ, ਜਾਨ ਲਾਰੈਂਸ, ਜੈਕ ਕ੍ਰਾਊਲੀ, ਬੇਨ ਡਕੇਟ, ਬੇਨ ਫੋਕਸ, ਟਾਮ ਹਾਰਟਲੀ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋ ਰੂਟ, ਮਾਰਕ ਵੁਡ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੀਜੇ ਸਪਿਨਰ ਲਈ ਅਕਸ਼ਰ ਅਤੇ ਕੁਲਦੀਪ ਵਿੱਚੋਂ ਇੱਕ ਨੂੰ ਚੁਣਨਾ ਮੁਸ਼ਕਲ : ਰੋਹਿਤ ਸ਼ਰਮਾ
NEXT STORY