ਚੇਨਈ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਇਕਲੌਤੇ ਟੈਸਟ ਦੇ ਦੂਜੇ ਦਿਨ ਆਸਟ੍ਰੇਲੀਆ ਦੇ ਨੌਂ ਵਿਕਟਾਂ 'ਤੇ 575 ਦੌੜਾਂ ਦੇ ਪਿਛਲੇ ਪ੍ਰਦਰਸ਼ਨ ਨੂੰ ਪਛਾੜਦੇ ਹੋਏ ਮਹਿਲਾ ਟੈਸਟ ਕ੍ਰਿਕਟ 'ਚ ਸਭ ਤੋਂ ਵੱਡਾ ਟੀਮ ਸਕੋਰ ਬਣਾਇਆ। ਇਹ ਰਿਕਾਰਡ ਬਣਾਉਣ ਤੋਂ ਬਾਅਦ ਭਾਰਤੀ ਟੀਮ ਨੇ ਛੇ ਵਿਕਟਾਂ 'ਤੇ 603 ਦੌੜਾਂ 'ਤੇ ਪਹਿਲੀ ਪਾਰੀ ਐਲਾਨ ਦਿੱਤੀ।
ਆਸਟ੍ਰੇਲੀਆ ਨੇ ਇਸ ਸਾਲ ਪਰਥ ਵਿੱਚ ਇਹ ਸਕੋਰ ਬਣਾਇਆ ਸੀ ਪਰ ਭਾਰਤ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਜਦੋਂ ਐਨੀ ਡੇਰਕਸਨ ਦੇ 109ਵੇਂ ਓਵਰ ਦੀ ਸ਼ੁਰੂਆਤੀ ਗੇਂਦ ਉੱਤੇ ਰਿਚਾ ਘੋਸ਼ (86 ਦੌੜਾਂ) ਨੇ ਚੌਕਾ ਜੜ ਦਿੱਤਾ। ਇਸ ਪ੍ਰਾਪਤੀ ਦਾ ਸਿਹਰਾ ਵੱਡੇ ਪੱਧਰ 'ਤੇ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (205 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (149 ਦੌੜਾਂ) ਨੂੰ ਜਾਂਦਾ ਹੈ, ਜਿਨ੍ਹਾਂ ਨੇ 292 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਕੀਤੀ, ਜੋ ਮਹਿਲਾ ਕ੍ਰਿਕਟ 'ਚ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ।
ਕਪਤਾਨ ਹਰਮਨਪ੍ਰੀਤ ਕੌਰ (69 ਦੌੜਾਂ) ਅਤੇ ਰਿਚਾ ਦੇ ਨਾਲ ਜੇਮਿਮਾ ਰੌਡਰਿਗਜ਼ (55 ਦੌੜਾਂ) ਨੇ ਅਰਧ ਸੈਂਕੜੇ ਦਾ ਯੋਗਦਾਨ ਪਾਇਆ। ਭਾਰਤੀ ਮਹਿਲਾ ਟੀਮ ਨੇ ਪਹਿਲੇ ਦਿਨ ਚਾਰ ਵਿਕਟਾਂ ’ਤੇ 525 ਦੌੜਾਂ ਬਣਾਈਆਂ ਸਨ, ਜੋ ਟੈਸਟ ਮੈਚ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਸਕੋਰ ਵੀ ਸੀ। ਇਸ ਨੇ ਸ਼੍ਰੀਲੰਕਾ ਦੀ ਪੁਰਸ਼ ਟੀਮ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਜਿਸ ਨੇ 2002 ਵਿੱਚ ਕੋਲੰਬੋ ਵਿੱਚ ਬੰਗਲਾਦੇਸ਼ ਦੇ ਖਿਲਾਫ ਨੌਂ ਵਿਕਟਾਂ ਉੱਤੇ 509 ਦੌੜਾਂ ਬਣਾਈਆਂ ਸਨ।
T20 WC : ਅਰਸ਼ਦੀਪ ਸਿੰਘ ਦੀਆਂ ਨਜ਼ਰਾਂ ਵੱਡੇ ਰਿਕਾਰਡ 'ਤੇ, ਸਿਰਫ਼ 3 ਵਿਕਟਾਂ ਦੀ ਲੋੜ
NEXT STORY