ਚੇਨਈ— ਕਪਤਾਨ ਮਹਿੰਦਰ ਸਿੰਘ ਧੋਨੀ ਦੇ ਆਖਰੀ ਓਵਰ ਵਿਚ ਲਾਏ ਗਏ ਤਿੰਨ ਛੱਕਿਆਂ ਸਮੇਤ ਅਜੇਤੂ 75 ਦੌੜਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਐਤਵਾਰ ਨੂੰ 8 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

ਧੋਨੀ ਨੇ ਸੰਕਟਮੋਚਕ ਦੀ ਭੂਮਿਕਾ ਨਿਭਾਉਂਦੇ ਹੋਏ ਚੇਨਈ ਨੂੰ 5 ਵਿਕਟਾਂ 'ਤੇ 175 ਦੌੜਾਂ ਤਕ ਪਹੁੰਚਾਇਆ ਸੀ, ਜਿਸ ਦੇ ਜਵਾਬ ਵਿਚ ਰਾਜਸਥਾਨ ਦੀ ਟੀਮ 8 ਵਿਕਟਾਂ 'ਤੇ 167 ਦੌੜਾਂ ਹੀ ਬਣਾ ਸਕੀ ਤੇ ਇਹ ਉਸਦੀ ਲਗਾਤਾਰ ਤੀਜੀ ਹਾਰ ਸੀ। ਬੇਨ ਸਟੋਕਸ ਤੇ ਜੋਫ੍ਰਾ ਆਰਚਰ ਨੇ 44 ਦੌੜਾਂ ਦੀ ਸਾਂਝੇਦਾਰੀ ਕਰਕੇ ਉਮੀਦ ਜਗਾਈ ਸੀ ਪਰ ਡਵੇਨ ਬ੍ਰਾਵੋ ਨੇ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਦਕਿ ਰਾਇਲਜ਼ ਨੂੰ 12 ਦੌੜਾਂ ਦੀ ਲੋੜ ਸੀ। ਪਿਛਲੇ ਮੈਚ ਵਿਚ ਇੱਥੇ ਟਰਨਿੰਗ ਪਿੱਚ ਸੀ ਪਰ ਅੱਜ ਇੱਥੇ ਬੱਲੇਬਾਜ਼ਾਂ ਲਈ ਵੱਖਰੀ ਤਰ੍ਹਾਂ ਦੀ ਚੁਣੌਤੀ ਸਾਬਤ ਹੋਈ। ਇਸ 'ਤੇ ਸ਼ੁਰੂਆਤ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੀ ਪਰ ਬਾਅਦ ਵਿਚ ਇਹ ਬੱਲੇਬਾਜ਼ਾਂ ਦੇ ਅਨੁਕੂਲ ਹੋ ਗਈ। ਇਸ ਤੋਂ ਪਹਿਲਾਂ ਧੋਨੀ ਨੇ 46 ਗੇਂਦਾਂ 'ਤੇ ਅਜੇਤੂ 75 ਦੌੜਾਂ ਦੀ ਪਾਰੀ ਵਿਚ 4 ਚੌਕੇ ਤੇ 4 ਛੱਕੇ ਲਾਏ। ਧੋਨੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਦੇ ਪਾਰੀ ਦੇ ਆਖਰੀ ਓਵਰ ਵਿਚ ਤਿੰਨ ਛੱਕੇ ਲਾਏ। ਇਸੇ ਓਵਰ ਵਿਚ ਰਵਿੰਦਰ ਜਡੇਜਾ ਨੇ ਵੀ ਛੱਕਾ ਲਾਇਆ। ਉਨਾਦਕਤ ਨੂੰ ਇਸ ਓਵਰ ਵਿਚ ਕੁਲ 28 ਦੌੜਾਂ ਪਈਆਂ, ਜਿਸ ਨੇ ਇਕ ਝਟਕੇ ਵਿਚ ਸਕੋਰ ਨੂੰ 175 ਦੌੜਾਂ 'ਤੇ ਪਹੁੰਚਾ ਦਿੱਤਾ ਜਦਕਿ ਇਕ ਸਮੇਂ ਚਾਰ ਵਿਕਟਾਂ 88 ਦੌੜਾਂ 'ਤੇ ਗੁਆਉਣ ਤੋਂ ਬਾਅਦ ਚੇਨਈ ਲਈ 150 ਤਕ ਪਹੁੰਚਣਾ ਵੀ ਮੁਸ਼ਕਿਲ ਲੱਗ ਰਿਹਾ ਸੀ।

ਚੇਨਈ ਦੇ ਕਪਤਾਨ ਨੇ ਆਪਣਾ ਸਰਵਸ੍ਰੇਸ਼ਠ ਆਖਰੀ ਓਵਰਾਂ ਲਈ ਹੀ ਸੰਭਾਲੀ ਰੱਖਿਆ ਸੀ। ਉਸ ਨੇ ਜੋਫ੍ਰਾ ਆਰਚਰ ਦੀ ਗੇਂਦ 'ਤੇ ਚੌਕਾ ਮਾਰ ਕੇ ਆਈ. ਪੀ. ਐੱਲ. ਵਿਚ ਆਪਣਾ 21ਵਾਂ ਅਰਧ ਸੈਂਕੜਾ ਪੂਰਾ ਕੀਤਾ। ਧੋਨੀ ਦਾ ਰਾਜਸਥਾਨ ਵਿਰੁੱਧ ਇਹ ਪਹਿਲਾ ਸੈਂਕੜਾ ਸੀ। ਉਸ ਨੇ ਪਿਛਲੇ ਸੈਸ਼ਨ ਵਿਚ ਮੋਹਾਲੀ ਵਿਚ ਪੰਜਾਬ ਵਿਰੁੱਧ ਅਜੇਤੂ 79 ਦੌੜਾਂ ਬਣਾਈਆਂ ਸਨ। ਧੋਨੀ ਨੇ ਸੁਰੇਸ਼ ਰੈਨਾ ਨਾਲ ਚੌਥੀ ਵਿਕਟ ਲਈ 61 ਦੌੜਾਂ, ਡਵੇਨ ਬ੍ਰਾਵੋ ਨਾਲ ਪੰਜਵੀਂ ਵਿਕਟ ਲਈ 56 ਦੌੜਾਂ ਤੇ ਜਡੇਜਾ ਨਾਲ ਛੇਵੀਂ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 31 ਦੌੜਾਂ ਜੋੜੀਆਂ। ਰਾਜਸਥਾਨ ਵਲੋਂ ਆਰਚਰ ਨੇ 4 ਓਵਰਾਂ ਵਿਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦਕਿ ਧਵਲ ਕੁਲਕਰਨੀ, ਬੇਨ ਸਟੋਕਸ ਤੇ ਉਨਾਦਕਤ ਨੂੰ ਇਕ-ਇਕ ਵਿਕਟ ਮਿਲੀ। ਉਨਾਦਕਤ ਨੇ ਆਪਣੇ 4 ਓਵਰਾਂ ਵਿਚ 54 ਦੌੜਾਂ ਦਿੱਤੀਆਂ। ਉਸ ਦਾ ਆਖਰੀ ਓਵਰ ਆਈ. ਪੀ. ਐੱਲ.-2019 ਦਾ ਹੁਣ ਤਕ ਦਾ ਸਭ ਤੋਂ ਮਹਿੰਗਾ ਓਵਰ ਬਣ ਗਿਆ।

ਆਸਟਰੇਲੀਆਈ ਗੇਂਦਬਾਜ਼ਾਂ ਨੇ ਵਾਰਨਰ ਦੇ ਬਾਈਕਾਟ ਦੀਆਂ ਖਬਰਾਂ ਨੂੰ ਗਲਤ ਦੱਸਿਆ
NEXT STORY