ਨਵੀਂ ਦਿੱਲੀ : ਆਈ.ਪੀ.ਐੱਲ. 2020 ਦਾ ਆਗਾਜ਼ 19 ਸਤੰਬਰ ਯਾਨੀ ਸ਼ਨੀਵਾਰ ਨੂੰ ਅਬੂਧਾਬੀ ਦੇ ਮੈਦਾਨ 'ਤੇ ਚੇਨੱਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਜਾਣ ਵਾਲੇ ਮੈਚ ਨਾਲ ਹੋ ਜਾਵੇਗਾ। ਦੋਵੇਂ ਹੀ ਟੀਮਾਂ ਮੈਚ ਲਈ ਸਖ਼ਤ ਤਿਆਰੀਆਂ ਵਿਚ ਜੁਟੀਆਂ ਹਨ, ਹਾਲਾਂਕਿ ਇਸ ਦੌਰਾਨ ਚੇਨੱਈ ਸੁਪਰਕਿੰਗਜ਼ ਨੇ ਆਪਣੇ ਕਪਤਾਨ ਐੱਮ.ਐੱਸ. ਧੋਨੀ ਸਮੇਤ ਕਈ ਮੈਚ ਜੇਤੂ ਖਿਡਾਰੀਆਂ ਨੂੰ ਸਨਮਾਨਤ ਕੀਤਾ ਹੈ। ਦੁਬਈ ਵਿਚ ਚੇਨੱਈ ਸੁਪਰਕਿੰਗਸ ਫਰੈਂਚਾਇਜੀ ਨੇ ਆਈ.ਪੀ.ਐੱਲ. 2019 ਵਿਚ ਚੰਗੇ ਪ੍ਰਦਰਸ਼ਨ ਕਰਣ ਵਾਲੇ ਖਿਡਾਰੀਆਂ ਨੂੰ ਐਵਾਰਡ ਵੰਡੇ।
ਕਪਤਾਨ ਐੱਮ.ਐੱਸ. ਧੋਨੀ ਨੂੰ ਸਾਲ 2019 ਵਿਚ ਚੇਨੱਈ ਸੁਪਰਕਿੰਗਜ਼ ਦੀ ਕੁਸ਼ਲ ਅਗਵਾਈ ਅਤੇ ਟੀਮ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਲਈ ਐਵਾਰਡ ਦਿੱਤਾ ਗਿਆ। ਧੋਨੀ ਨੇ ਆਈ.ਪੀ.ਐੱਲ. 2019 ਵਿਚ 83.20 ਦੀ ਔਸਤ ਨਾਲ 416 ਦੌੜਾਂ ਬਣਾਈਆਂ ਸਨ। ਧੋਨੀ ਨੇ ਆਈ.ਪੀ.ਐੱਲ. 2019 ਵਿਚ 23 ਛੱਕੇ ਅਤੇ 22 ਚੌਕੇ ਜੜੇ ਸਨ।
ਆਲਰਾਊਂਡਰ ਰਵਿੰਦਰ ਜਡੇਜਾ ਨੂੰ ਵੀ ਆਈ.ਪੀ.ਐੱਲ. 2019 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਤ ਕੀਤਾ ਗਿਆ। ਜਡੇਜਾ ਨੂੰ ਆਈ.ਪੀ.ਐੱਲ. ਵਿਚ ਸਭ ਤੋਂ ਚੰਗਾ ਖੱਬੇ ਹੱਥ ਦਾ ਸਪਿਨਰ ਬਨਣ ਲਈ ਐਵਾਰਡ ਮਿਲਿਆ। ਜਡੇਜਾ ਨੇ ਆਈ.ਪੀ.ਐੱਲ. 2019 ਵਿਚ ਕੁੱਲ 15 ਵਿਕਟਾਂ ਆਪਣੇ ਨਾਮ ਕੀਤੀਆਂ ਸਨ।
ਟੀਮ ਦੇ ਓਪਨਰ ਸ਼ੇਨ ਵਾਟਸਨ ਨੂੰ ਵੀ ਆਈ.ਪੀ.ਐੱਲ. 2019 ਦੇ ਫਾਈਨਲ ਵਿਚ ਸਾਹਸਿਕ ਪਾਰੀ ਖੇਡਣ ਦਾ ਇਨਾਮ ਮਿਲਿਆ। ਸ਼ੇਨ ਵਾਟਸਨ ਨੇ ਆਈ.ਪੀ.ਐੱਲ. 2019 ਦੇ ਫਾਈਨਲ ਵਿਚ 59 ਗੇਂਦਾਂ ਵਿਚ 80 ਦੌੜਾਂ ਦੀ ਪਾਰੀ ਖੇਡੀ ਸੀ। ਪਾਰੀ ਦੌਰਾਨ ਵਾਟਸਨ ਨੂੰ ਸੱਟ ਵੀ ਲੱਗ ਗਈ ਸੀ ਅਤੇ ਉਨ੍ਹਾਂ ਦੇ ਪੈਰ ਵਿਚੋਂ ਖ਼ੂਨ ਵੀ ਵਗ ਰਿਹਾ ਸੀ ਪਰ ਇਸ ਦੇ ਬਾਵਜੂਦ ਉਹ ਕਰੀਜ 'ਤੇ ਡਟੇ ਰਹੇ ਸਨ।
ਚੇਨੱਈ ਸੁਪਰਕਿੰਗਜ਼ ਦੇ ਬੱਲੇਬਾਜੀ ਕੋਚ ਅਤੇ ਸਾਬਕਾ ਖਿਡਾਰੀ ਮਾਈਕਲ ਹਸੀ ਨੂੰ ਵੀ ਸਨਮਾਨਿਤ ਕੀਤਾ ਗਿਆ। ਮਾਇਕਲ ਹਸੀ 10 ਸਾਲਾਂ ਤੋਂ ਚੇਨੱਈ ਸੁਪਰਕਿੰਗਜ਼ ਨਾਲ ਜੁੜੇ ਹੋਏ ਹਨ, ਇਸ ਦੇ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ।
ਚੇਨੱਈ ਸੁਪਰਕਿੰਗਜ਼ ਨੇ ਪਹਿਲੀ ਵਾਰ ਆਪਣੀ ਟੀਮ ਨਾਲ ਜੁੜੇ ਸਪਿਨਰ ਸਤਿਆ ਸਾਈਂ ਕਿਸ਼ੋਰ ਨੂੰ ਧੋਨੀ ਅਤੇ ਕੋਚ ਸਟੀਫਨ ਫਲੇਮਿੰਗ ਦੇ ਹੱਥੋਂ ਜਰਸੀ ਭੇਂਟ ਕਰਾਈ। ਖ਼ੱਬੇ ਹੱਥ ਦੇ ਸਪਿਨਰ ਸਤਿੱਆ ਸਾਈਂ ਕਿਸ਼ੋਰ ਇਸ ਸੀਜ਼ਨ ਵਿਚ ਧਮਾਲ ਮਚਾ ਸਕਦੇ ਹਨ।
ਉਥੇ ਹੀ ਪਿਊਸ਼ ਚਾਵਲਾ ਨੂੰ ਵੀ ਚੇਨੱਈ ਦੀ ਜਰਸੀ ਸੌਂਪੀ ਗਈ। ਟੀ-20 ਕ੍ਰਿਕੇਟ ਵਿਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ ਡਿਵੇਨ ਬਰਾਵੋ ਨੂੰ ਵੀ ਇਕ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਬਰਾਵੋ ਆਪਣੇ ਹੋਟਲ ਦੇ ਕਮਰੇ 'ਚੋਂ ਵੀਡੀਓ ਕਾਨਫਰੰਸ ਜ਼ਰੀਏ ਸਮਾਰੋਹ ਨਾਲ ਜੁੜੇ।
ਆਈ.ਪੀ.ਐੱਲ. 2019 ਵਿਚ ਸਭ ਤੋਂ ਜ਼ਿਆਦਾ 26 ਵਿਕਟਾਂ ਲੈਣ ਵਾਲੇ ਇਮਰਾਨ ਤਾਹਿਰ ਨੂੰ ਵੀ ਚੇਨੱਈ ਸੁਪਰਕਿੰਗਸ ਨੇ ਸ਼ਾਨਦਾਰ ਟਰਾਫੀ ਦਿੱਤੀ। ਇਮਰਾਨ ਤਾਹਿਰ ਵੀ ਹੋਟਲ ਵਿਚ ਆਪਣਾ ਇਕਾਂਤਵਾਸ ਪੀਰੀਅਡ ਬਿਤਾ ਰਹੇ ਹਨ।
IPL 2020 'ਚ ਇਸ ਵਾਰ ਲੱਗੇਗਾ ਬਾਲੀਵੁੱਡ ਦਾ ਤੜਕਾ, ਇਹ ਅਦਾਕਾਰਾ ਕਰਨਗੀਆਂ ਐਂਕਰਿੰਗ (ਵੇਖੋ ਤਸਵੀਰਾਂ)
NEXT STORY