ਦੁਬਈ : ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਐਤਵਾਰ ਨੂੰ ਹੋਣ ਵਾਲੀ ਆਈ. ਪੀ. ਐੱਲ.-13 ਦੀ ਟੱਕਰ ਦਾ ਫੈਸਲਾ ਦੋਵਾਂ ਟੀਮਾਂ ਦੇ ਧਮਾਕੇਦਾਰ ਬੱਲੇਬਾਜ਼ ਕਰਨਗੇ। ਦਿੱਲੀ ਦੀ ਟੀਮ ਪਿਛਲੇ ਸੈਸ਼ਨ ਵਿਚ ਪਲੇਅ ਆਫ ਵਿਚ ਪਹੁੰਚੀ ਸੀ ਤੇ ਤੀਜੇ ਸਥਾਨ 'ਤੇ ਰਹੀ ਸੀ, ਜਦਕਿ ਪੰਜਾਬ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਤੇ ਉਸ ਨੂੰ 6ਵਾਂ ਸਥਾਨ ਮਿਲਿਆ ਸੀ। ਪੰਜਾਬ ਦੀ ਕਪਤਾਨੀ ਪਿਛਲੇ ਸੈਸ਼ਨ ਵਿਚ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕੀਤੀ ਸੀ ਪਰ ਇਸ ਸੈਸ਼ਨ ਵਿਚ ਉਹ ਦਿੱਲੀ ਕੈਪੀਟਲਸ ਟੀਮ ਵਲੋਂ ਖੇਡ ਰਿਹਾ ਹੈ। ਰਵੀਚੰਦਰਨ ਅਸ਼ਵਿਨ, ਅਮਿਤ ਮਿਸ਼ਰਾ ਅਤੇ ਅਕਸ਼ਰ ਪਟੇਲ ਵਰਗੇ ਅਨੁਭਵੀ ਸਪਿਨਰਾਂ ਦੀ ਮੌਜੂਦਵੀ ਕਾਰਨ ਦਿੱਲੀ ਕੈਪੀਟਲਸ ਦਾ ਐਤਵਾਰ ਯਾਨੀ ਅੱਖ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ ਪੱਲਾ ਭਾਰੀ ਰਹੇਗਾ।
ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 24 ਮੁਕਾਬਲੇ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਕਿੰਗਜ਼ ਇਲੈਵਨ ਪੰਜਾਬ ਨੇ 14 ਮੈਚ ਜਿੱਤੇ ਹਨ, ਜਦੋਂਕਿ ਦਿੱਲੀ ਨੇ 10 ਵਿਚ ਬਾਜੀ ਮਾਰੀ ਹੈ। ਪਿਛਲੇ ਪੰਜਾਬ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਟੀਮ ਨੇ 4 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਆਖ਼ਰੀ ਮੈਚ ਵਿਚ ਦਿੱਲੀ ਦੀ ਟੀਮ ਭਾਰੀ ਪਈ ਸੀ। ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ ਪਹਿਲਾ ਮੁਕਾਬਲਾ ਹੋਵੇਗਾ, ਜਿੱਥੇ ਉਨ੍ਹਾਂ ਦੇ ਕਪਤਾਨਾਂ ਵਿਚਾਲੇ ਵੀ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਕਿੰਗਜ਼ ਇਲੈਵਨ ਦੇ ਕਪਤਾਨ ਕੇ.ਐਲ. ਰਾਹੁਲ ਅਤੇ ਦਿੱਲੀ ਕੈਪੀਟਲਸ ਦੇ ਸ਼੍ਰੇਅਸ ਅਈਅਰ ਨੂੰ ਭਵਿੱਖ ਦੇ ਭਾਰਤੀ ਕਪਤਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਹੀ ਨਹੀਂ ਦੋਵਾਂ ਟੀਮਾਂ ਦੇ ਕੋਚ ਵਿਸ਼ਵ ਪੱਧਰੀ ਖਿਡਾਰੀ ਰਹੇ ਹਨ ਅਤੇ ਅਜਿਹੇ ਵਿਚ ਉਨ੍ਹਾਂ ਦੀ ਰਣਨੀਤੀ ਨੂੰ ਦੇਖ਼ਣਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਨੇ ਆਪਣਾ ਗਮਛਾ ਛੱਡਿਆ, ਕੰਗਣਾ ਨੇ ਮਾਸਕ
ਦੋਵਾਂ ਹੀ ਟੀਮਾਂ ਵਿਚ ਕਈ ਧਮਾਕੇਦਾਰ ਬੱਲੇਬਾਜ਼ ਹਨ, ਜਿਨ੍ਹਾਂ ਉਪਰ ਆਪਣੀ ਟੀਮ ਦੀ ਜਿੱਤ ਦਾ ਦਾਰੋਮਦਾਰ ਰਹੇਗਾ। ਇਸ ਮੁਕਾਬਲੇ ਵਿਚ ਸਾਰੀਆਂ ਨਜ਼ਰਾਂ ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਬ ਪੰਤ ਤੇ ਪੰਜਾਬ ਦੇ ਆਲਰਾਊਂਡਰ ਗਲੇਨ ਮੈਕਸਵੈੱਲ 'ਤੇ ਰਹਿਣਗੀਆਂ, ਜਿਹੜੇ ਕੁਝ ਹੀ ਓਵਰਾਂ ਵਿਚ ਮੈਚ ਦਾ ਨਕਸ਼ਾ ਬਦਲਣ ਦਾ ਦਮ ਰੱਖਦੇ ਹਨ। ਪੰਜਾਬ ਦਾ ਆਸਟਰੇਲੀਆਈ ਆਲਰਾਊਂਡਰ ਮੈਕਸਵੈੱਲ ਇੰਗਲੈਂਡ ਨਾਲ ਟੀ-20 ਤੇ ਵਨ ਡੇ ਸੀਰੀਜ਼ ਖੇਡ ਕੇ ਦੁਬਈ ਪਹੁੰਚਿਆ ਹੈ। ਇੰਗਲੈਂਡ ਨਾਲ ਦੁਬਈ ਪਹੁੰਚੇ ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ ਸਿਰਫ 36 ਘੰਟੇ ਹੀ ਇਕਾਂਤਵਾਸ ਵਿਚ ਰੱਖਿਆ ਗਿਆ ਸੀ ਤਾਂ ਕਿ ਉਹ ਆਪਣੀਆਂ ਟੀਮਾਂ ਲਈ ਸ਼ੁਰੂਆਤ ਤੋਂ ਹੀ ਉਪਲੱਬਧ ਹੋ ਸਕਣ।
ਦੋਵਾਂ ਟੀਮਾਂ ਦੇ ਸਲਾਮੀ ਬੱਲੇਬਾਜ਼ਾਂ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਤੇ ਦਿੱਲੀ ਦੇ ਸ਼ਿਖਰ ਧਵਨ ਦਾ ਮੁਕਾਬਲਾ ਵੀ ਕਾਫੀ ਦਿਲਚਸਪ ਹੋਵੇਗਾ। ਰਾਹੁਲ ਤੇ ਸ਼ਿਖਰ ਪਿਛਲੇ ਸੈਸ਼ਨ ਦੇ ਟਾਪ-5 ਬੱਲੇਬਾਜ਼ਾਂ ਵਿਚ ਸ਼ਾਮਲ ਰਹੇ ਸਨ। ਰਾਹੁਲ 14 ਮੈਚਾਂ ਵਿਚ 593 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿਚ ਦੂਜੇ ਤੇ ਸ਼ਿਖਰ 16 ਮੈਚਾਂ ਵਿਚ 521 ਦੌੜਾਂ ਬਣਾ ਕੇ ਚੌਥੇ ਸਥਾਨ 'ਤੇ ਰਿਹਾ ਸੀ। ਪੰਜਾਬ ਦੇ ਇਕ ਹੋਰ ਬੱਲੇਬਾਜ਼ ਕ੍ਰਿਸ ਗੇਲ ਨੇ ਪਿਛਲੇ ਸੈਸ਼ਨ ਵਿਚ 13 ਮੈਚਾਂ ਵਿਚ 153 ਦੀ ਸਟ੍ਰਾਈਕ ਰੇਟ ਨਾਲ 490 ਦੌੜਾਂ ਬਣਾਈਆਂ ਸਨ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਵਿਚ ਉਹ 6ਵੇਂ ਸਥਾਨ 'ਤੇ ਰਿਹਾ ਸੀ। ਦਿੱਲੀ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ, ਕਪਤਾਨ ਸ਼੍ਰੇਅਸ ਅਈਅਰ ਤੇ ਕੈਰੇਬੀਆਈ ਧਾਕੜ ਸ਼ਿਮਰੋਨ ਹੈੱਟਮਾਇਰ ਵੀ ਦੌੜਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ। ਪੰਜਾਬ ਦੇ ਨਾਲ ਇਹ ਹੀ ਸਥਿਤੀ ਮਯੰਕ ਅਗਰਵਾਲ, ਕਰੁਣ ਨਾਇਰ ਤੇ ਸਰਫਰਾਜ ਖਾਨ ਦੇ ਨਾਲ ਹੈ।
ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਕਿੰਗਜ਼ ਇਲੈਵਨ ਪੰਜਾਬ-
ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।
ਘਾਨਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਫੁੱਟਬਾਲ ਖਿਡਾਰੀਆਂ ਦੀ ਮੌਤ
NEXT STORY