ਦਿੱਲੀ (ਭਾਸ਼ਾ)-ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵੀਰਵਾਰ ਨੂੰ ਇਥੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਮੱਧਕ੍ਰਮ ਦੀਆਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਕੇ ਜੇਤੂ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਮੁੰਬਈ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਇਸ ਮੈਚ ’ਚ ਉਤਰੇਗੀ। ਪਿਛਲੇ ਮੈਚ ’ਚ ਉਸ ਨੂੰ ਪੰਜਾਬ ਕਿੰਗਜ਼ ਹੱਥੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਉਹ ਦਿੱਲੀ ਪੜਾਅ ’ਚ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੇਗੀ। ਸੰਜੂ ਸੈਮਸਨ ਦੀ ਅਗਵਾਈ ਵਾਲੇ ਰਾਜਸਥਾਨ ਨੇ ਹੁਣ ਤਕ ਟੂਰਨਾਮੈਂਟ ’ਚ ਤਿੰਨ ਮੈਚ ਗੁਆਏ ਹਨ ਤੇ ਉਹ ਪਿਛਲੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਛੇ ਵਿਕਟਾਂ ਦੀ ਜਿੱਤ ਦੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ।
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ (201 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਉਹ ਹੁਣ ਤਕ ਵੱਡੀ ਪਾਰੀ ਨਹੀਂ ਖੇਡ ਸਕਿਆ ਹੈ। ਮੁੰਬਈ ਦਾ ਇਹ ਬੱਲੇਬਾਜ਼ ਤੇ ਉਸ ਦਾ ਓਪਨਰ ਜੋੜੀਦਾਰ ਕਵਿੰਟਨ ਡੀਕਾਕ ਦੋਵੇਂ ਵੱਡੀਆਂ ਪਾਰੀਆਂ ਖੇਡਣ ਲਈ ਪ੍ਰਤੀਬੱਧ ਹੋਣਗੇ। ਮੁੰਬਈ ਦੀ ਸਭ ਤੋਂ ਵੱਡੀ ਚਿੰਤਾ ਉਸ ਦਾ ਮੱਧਕ੍ਰਮ ਹੈ, ਜੋ ਇਕਾਈ ਦੇ ਰੂਪ ’ਚ ਪ੍ਰਦਰਸ਼ਨ ਨਹੀਂ ਕਰ ਰਿਹਾ। ਉਸ ਦੇ ਮੱਧਕ੍ਰਮ ’ਚ ਸੂਰਯ ਕੁਮਾਰ ਯਾਦਵ (154 ਦੌੜਾਂ) ਦੌੜਾਂ, ਈਸ਼ਾਨ ਕਿਸ਼ਨ (73), ਹਾਰਦਿਕ ਪੰਡਯਾ (36), ਕਰੁਣਾਲ ਪੰਡਯਾ (29) ਤੇ ਕੀਰੋਨ ਪੋਲਾਰਡ (65 ਦੌੜਾਂ) ਸ਼ਾਮਲ ਹਨ।
ਗੇਂਦਬਾਜ਼ੀ ਵਿਭਾਗ ’ਚ ਤੇਜ਼ ਗੇਂਦਬਾਜ਼ ਟੇ੍ਰਂਟ ਬੋਲਟ (6 ਵਿਕਟਾਂ) ਤੇ ਜਸਪ੍ਰੀਤ ਬੁਮਰਾਹ (4 ਵਿਕਟਾਂ) ਨੇ ਵਿਸ਼ੇਸ਼ ਕਰਕੇ ਡੈੱਥ ਓਵਰਾਂ ’ਚ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਹੈ। ਲੈੱਗ ਸਪਿਨਰ ਰਾਹੁਲ ਚਾਹਰ (9 ਵਿਕਟਾਂ) ਤੇ ਕਰੁਣਾਲ (3 ਵਿਕਟਾਂ) ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਲਈ ਫਿਰੋਜ਼ਸ਼ਾਹ ਕੋਟਲਾ ਦੀ ਪਿੱਚ ਫਿੱਟ ਬੈਠੇਗੀ। ਪੋਲਾਰਡ ਨੂੰ ਪੰਜਵੇਂ ਜਾਂ ਛੇਵੇਂ ਗੇਂਦਬਾਜ਼ ਦੇ ਰੂਪ ’ਚ ਵਰਤਿਆ ਜਾ ਰਿਹਾ ਹੈ, ਜਦਕਿ ਹਾਰਦਿਕ ਬੱਲੇਬਾਜ਼ ਦੇ ਰੂਪ ’ਚ ਖੇਡ ਰਿਹਾ ਹੈ।
ਦੂਜੇ ਪਾਸੇ ਰਾਜਸਥਾਨ ਨੂੰ ਕਈ ਮਾਮਲਿਆਂ ਨਾਲ ਨਿਪਟਣਾ ਪਵੇਗਾ। ਵਿਸ਼ੇਸ਼ ਕਰਕੇ ਵਿਦੇਸ਼ੀ ਖਿਡਾਰੀਆਂ ਜੋਫ੍ਰਾ ਆਰਚਰ, ਬੇਨ ਸਟੋਕਸ, ਲਿਆਮ ਲਿਵਿੰਗਸਟੋਨ ਤੇ ਐਂਡ੍ਰਿਊ ਟਾਈ ਦੇ ਵੱਖ-ਵੱਖ ਕਾਰਨਾਂ ਕਰਕੇ ਹਟ ਜਾਣ ਨਾਲ ਟੀਮ ਕਮਜ਼ੋਰ ਹੋਈ ਹੈ। ਰਾਇਲਜ਼ ਹੁਣ ਤਕ ਪੱਕੀ ਸਲਾਮੀ ਜੋੜੀ ਸੈੱਟ ਨਹੀਂ ਕਰ ਸਕਿਆ ਹੈ। ਮਨਨ ਵੋਹਰਾ (42 ਦੌੜਾਂ) ਤੇ ਯਸ਼ਸਵੀ ਜਾਇਸਵਾਲ (22 ਦੌੜਾਂ) ਵੱਡੀ ਪਾਰੀ ਖੇਡਣ ’ਚ ਨਾਕਾਮ ਰਹੇ ਹਨ। ਇੰਗਲੈਂਡ ਦੇ ਜੋਸ ਬਟਲਰ ਨੂੰ ਵੀ ਵੱਡੀ ਪਾਰੀ ਖੇਡਣ ਦੀ ਜ਼ਰੂਰਤ ਹੈ, ਜਦਕਿ ਕਪਤਾਨ ਸੈਮਸਨ (187 ਦੌੜਾਂ) ਨੂੰ ਆਪਣੇ ਪ੍ਰਦਰਸ਼ਨ ’ਚ ਲਗਾਤਾਰਤਾ ਬਣਾਈ ਰੱਖਣੀ ਹੋਵੇਗੀ।
ਸ਼ਿਵਮ ਦੁਬੇ, ਡੇਵਿਡ ਮਿਲਰ ਤੇ ਰਿਆਨ ਪਰਾਗ ਨੂੰ ਵੀ ਮਹੱਤਵਪੂਰਨ ਯੋਗਦਾਨ ਦੇਣਾ ਹੋਵੇਗਾ। ਆਲਰਾਊਂਡਰ ਕ੍ਰਿਸ ਮੌਰਿਸ (9 ਵਿਕਟਾਂ ਤੇ 48 ਦੌੜਾਂ) ’ਤੇ ਫਿਰ ਤੋਂ ਆਪਣੀ ਵੱਡੀ ਕੀਮਤ ਨੂੰ ਸਹੀ ਸਾਬਿਤ ਕਰਨ ਦਾ ਦਬਾਅ ਹੋਵੇਗਾ। ਗੇਂਦਬਾਜ਼ੀ ’ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ (7 ਵਿਕਟਾਂ) ਨੇ ਅਹਿਮ ਭੂਮਿਕਾ ਨਿਭਾਈ ਹੈ, ਜਦਕਿ ਜੈਦੇਵ ਉਨਾਦਕਤ (4 ਵਿਕਟਾਂ) ਤੇ ਮੁਸਤਾਫਿਜ਼ੁਰ ਰਹਿਮਾਨ (4 ਵਿਕਟਾਂ) ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਖੱਬੇ ਹੱਥ ਦੇ ਇਨ੍ਹਾਂ ਤਿੰਨਾਂ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਮੌਰਿਸ ਨੂੰ ਵੀ ਆਪਣੇ ਪ੍ਰਦਰਸ਼ਨ ’ਚ ਲਗਾਤਾਰਤਾ ਰੱਖਣੀ ਹੋਵੇਗੀ। ਲੈੱਗ ਸਪਿਨਰ ਰਾਹੁਲ ਤੇਵਤੀਆ ਨੇ ਪੰਜ ਮੈਚਾਂ ’ਚ ਸਿਰਫ ਇਕ ਵਿਕਟ ਹਾਸਲ ਕੀਤੀ ਹੈ, ਜਦਕਿ ਇਕ ਹੋਰ ਲੈੱਗ ਸਪਿਨਰ ਸ਼੍ਰੇਅਸ ਗੋਪਾਲ ਦੋ ਮੈਚਾਂ ’ਚ ਕੋਈ ਵਿਕਟ ਨਹੀਂ ਲੈ ਸਕਿਆ। ਇਹ ਮੈਚ ਦੁਪਹਿਰ ਬਾਅਦ ਖੇਡਿਆ ਜਾਏਗਾ ਤੇ ਇਸ ਲਈ ਤ੍ਰੇਲ ਦਾ ਮਸਲਾ ਨਹੀਂ ਹੋਵੇਗਾ।
ਟੀਮਾਂ ਇਸ ਪ੍ਰਕਾਰ ਹਨ :
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਐਡਮ ਮਿਲਨੇ, ਆਦਿੱਤਯ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਅਰਜੁਨ ਤੇਂਦੁਲਕਰ, ਕ੍ਰਿਸ ਲਿਨ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ, ਜੇਮਸ ਨੀਸ਼ਾਮ, ਜਸਪ੍ਰੀਤ ਬੁਮਰਾਹ, ਜਯੰਤ ਯਾਦਵ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਮਾਰਕੋ ਜਾਨਸੇਨ, ਮੋਹਸਿਨ ਖਾਨ, ਨਾਥਨ ਕੂਲਟਰ ਨਾਈਲ, ਪਿਊਸ਼ ਚਾਵਲਾ, ਕਵਿੰਟਨ ਡੀਕਾਕ (ਵਿਕਟਕੀਪਰ), ਰਾਹੁਲ ਚਾਹਰ, ਸੌਰਭ ਤਿਵਾੜੀ, ਸੂਰਯਕੁਮਾਰ, ਟੇ੍ਰਂਟ ਬੋਲਟ, ਯੁੱਧਵੀਰ ਸਿੰਘ
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹੁਤ ਤੇਵਤੀਆ, ਮਹੀਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਜੈਦੇਵ ਉਨਾਦਕਤ, ਕਾਰਤਿਕ ਤਿਆਗੀ, ਸ਼ਿਵਮ ਦੁਬੇ, ਕ੍ਰਿਸ ਮੌਰਿਸ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ, ਕੇ. ਸੀ. ਕਰੀਅੱਪਾ, ਕੁਲਦੀਪ ਯਾਦਵ, ਆਕਾਸ਼ ਸਿੰਘ।
ਮੈਚ ਬਾਅਦ ਦੁਪਹਿਰ 3 ਵੱਜ ਕੇ 30 ਮਿੰਟ ’ਤੇ ਖੇਡਿਆ ਜਾਵੇਗਾ।
IPL 2021: KKR ਦੇ ਬੱਲੇਬਾਜ਼ਾਂ ਨੂੰ ਕਰਨਾ ਹੋਵੇਗਾ ਦਿੱਲੀ ਦੀ ਸਖ਼ਤ ਚੁਣੌਤੀ ਦਾ ਸਾਹਮਣਾ
NEXT STORY