ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨਜ਼ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਦਿੱਲੀ ਦੇ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਦੀ ਬਦੌਲਤ ਇਕਤਰਫ਼ਾ ਅੰਦਾਜ਼ 'ਚ ਦਿੱਲੀ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਟੀਮ ਲਈ ਸਹੀ ਸਾਬਿਤ ਨਹੀਂ ਹੋਇਆ ਤੇ ਟੀਮ ਦੇ ਬੱਲੇਬਾਜ਼ਾਂ ਨੇ ਬਹੁਤ ਖ਼ਰਾਬ ਪ੍ਰਦਰਸ਼ਨ ਕੀਤਾ। ਕਪਤਾਨ ਪੰਤ (27) ਤੋਂ ਬਾਅਦ ਕੁਲਦੀਪ ਯਾਦਵ (35) ਦੀ ਸੂਝਬੂਝ ਭਰੀ ਪਾਰੀ ਦੇ ਬਾਵਜੂਦ ਦਿੱਲੀ 20 ਓਵਰਾਂ 'ਚ 9 ਵਿਕਟਾਂ ਗੁਆ ਕੇ 153 ਦੌੜਾਂ ਹੀ ਬਣਾ ਸਕੀ।
ਇਸ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੂੰ ਓਪਨਰ ਫਿਲ ਸਾਲਟ ਤੇ ਸੁਨੀਲ ਨਾਰਾਇਣ ਨੇ ਠੋਸ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 6 ਓਵਰਾਂ 'ਚ 79 ਦੌੜਾਂ ਜੜ ਦਿੱਤੀਆਂ। ਸੁਨੀਲ ਨਾਰਾਇਣ 10 ਗੇਂਦਾਂ 'ਚ 15 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ 'ਤੇ ਫ੍ਰੇਜ਼ਰ ਦੇ ਹੱਥੋਂ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ ਰਿੰਕੂ ਸਿੰਘ ਵੀ 11 ਗੇਂਦਾਂ 'ਚ 11 ਦੌੜਾਂ ਬਣਾ ਕੇ ਲੀਜ਼ਾਡ ਵਿਲੀਅਮਸ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਆਏ ਕਪਤਾਨ ਸ਼੍ਰੇਅਸ ਅਈਅਰ ਨੇ 23 ਗੇਂਦਾਂ 'ਚ 3 ਚੌਕੇ ਤੇ 1 ਛੱਕੇ ਦੀ ਮਦਦ ਨਾਲ ਨਾਬਾਦ 33 ਦੌੜਾਂ ਦੀ ਪਾਰੀ ਖੇਡੀ ਤੇ ਵੈਂਕਟੇਸ਼ ਅਈਅਰ ਨੇ ਉਸ ਦਾ ਚੰਗਾ ਸਾਥ ਦਿੱਤਾ, ਜਿਸ ਨੇ 23 ਗੇਂਦਾਂ 'ਚ 2 ਚੌਕੇ ਤੇ 1 ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 57 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰ ਕੇ ਟੀਮ ਨੂੰ 3 ਵਿਕਟਾਂ ਦੇ ਨੁਕਸਾਨ 'ਤੇ 16.3 ਓਵਰਾਂ 'ਚ ਹੀ ਜਿੱਤ ਦਿਵਾ ਦਿੱਤੀ।
ਕੋਲਕਾਤਾ ਇਸ ਜਿੱਤ ਨਾਲ 12 ਅੰਕਾਂ ਨਾਲ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਬਣੀ ਹੋਈ ਹੈ ਤੇ ਉਸ ਨੇ ਪਲੇਆਫ਼ 'ਚ ਪਹੁੰਚਣ ਦੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਉੱਥੇ ਹੀ ਦਿੱਲੀ ਨੂੰ ਇਸ ਹਾਰ ਤੋਂ ਬਾਅਦ 10 ਅੰਕਾਂ ਨਾਲ 6ਵੇਂ ਸਥਾਨ 'ਤੇ ਰਹਿਣਾ ਪਿਆ ਹੈ ਤੇ ਉਸ ਲਈ ਪਲੇਆਫ਼ 'ਚ ਸਿੱਧਾ ਪਹੁੰਚਣ ਲਈ ਅਗਲੇ ਸਾਰੇ ਮੁਕਾਬਲੇ ਜਿੱਤਣੇ ਪੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੀ. ਸੀ. ਬੀ. ਨੇ ਚੈਂਪੀਅਨਸ ਟਰਾਫੀ ਲਈ ਲਾਹੌਰ, ਕਰਾਚੀ ਤੇ ਰਾਵਲਪਿੰਡੀ ਨੂੰ ਚੁਣਿਆ
NEXT STORY