ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 18 ਅਪ੍ਰੈਲ 1992 ਨੂੰ ਕਰਨਾਟਕ ਦੇ ਮੈਂਗਲੁਰੂ ’ਚ ਹੋਇਆ ਸੀ। ਕੇ. ਐੱਲ. ਰਾਹੁਲ 2010 ਆਈ. ਸੀ. ਸੀ. ਅੰਡਰ-19 ਵਰਲਡ ਕੱਪ ਦਾ ਹਿੱਸਾ ਰਹਿ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਫ਼ਰਸਟ ਕਲਾਸ ਕ੍ਰਿਕਟ ’ਚ ਸਾਬਤ ਕਰਨ ’ਚ ਸਮਾਂ ਲੱਗਾ ਪਰ 2013-14 ਸੈਸ਼ਨ ਉਨ੍ਹਾਂ ਲਈ ਯਾਦਗਾਰ ਰਿਹਾ ਕਿਉਂਕਿ ਇਹ ਉਹੀ ਸਾਲ ਸੀ ਜਦੋਂ ਉਨ੍ਹਾਂ ਨੇ ਕਰਨਾਟਕ ਦੀ ਰਣਜੀ ਟਰਾਫ਼ੀ ਜਿੱਤਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੂੰ ਫ਼ਾਈਨਲ ਪਰਫ਼ਾਰਮੈਂਸ ਲਈ ਮੈਨ ਆਫ਼ ਦਿ ਮੈਚ ਵੀ ਮਿਲਿਆ।
ਲੰਬੇ ਫ਼ਾਰਮੈਟ ’ਚ ਉਨ੍ਹਾਂ ਦੇ ਕੌਸ਼ਲ ਤੇ ਤਕਨੀਕ ਨੂੰ ਦੇਖ ਕੇ ਚੋਣਕਰਤਾਵਾਂ ਨੇ ਕੇ. ਐੱਲ. ਰਾਹੁਲ ਨੂੰ 2014 ਦੇ ਆਸਟਰੇਲੀਆ ਦੌਰੇ ਦੇ ਦੌਰਾਨ ਕੌਮਾਂਤਰੀ ਟੈਸਟ ਕ੍ਰਿਕਟ ’ਚ ਡੈਬਿਊ ਦਾ ਮੌਕਾ ਦਿੱਤਾ। ਉਨ੍ਹਾਂ ਨੇ ਇਸ ਮੌਕੇ ਦਾ ਲਾਹਾ ਲੈਂਦੇ ਹੋਏ ਦੂਜੇ ਹੀ ਟੈਸਟ ’ਚ ਆਪਣਾ ਪਹਿਲਾ ਟੈਸਟ ਸੈਂਕੜਾ ਜੜ ਦਿੱਤਾ। ਜ਼ਿੰਬਾਬਵੇ ਖ਼ਿਲਾਫ਼ ਉਨ੍ਹਾਂ ਨੇ ਵਨ-ਡੇ ਤੇ ਟੀ-20 ਕੌਮਾਂਤਰੀ ਡੈਬਿਊ ਕੀਤਾ ਸੀ ਤੇ ਡੈਬਿਊ ਵਨ-ਡੇ ਮੈਚ ’ਚ ਸੈਂਕੜਾ ਲਾਉਣ ਵਾਲੇ ਭਾਰਤ ਦੇ ਪਹਿਲੇ ਕ੍ਰਿਕਟਰ ਬਣ ਗਏ।
ਇਸ ਵਿਕਟਕੀਪਰ ਬੱਲੇਬਾਜ਼ ਨੇ 36 ਟੈਸਟ ਮੈਚਾਂ ’ਚ 2006 ਦੌੜਾਂ ਤੇ 38 ਵਨ-ਡੇ ਮੈਚਾਂ ’ਚ 1509 ਦੌੜਾਂ ਬਣਾਈਆਂ ਹਨ। ਟੈਸਟ ਤੇ ਵਨ-ਡੇ ਦੇ ਮੁਕਾਬਲੇ ਕੇ. ਐੱਲ. ਰਾਹੁਲ ਟੀ-20 ’ਚ ਜ਼ਿਆਦਾ ਸਫਲ ਸਾਬਤ ਹੋਏ ਤੇ ਪਹਿਲੇ 19 ਮੈਚਾਂ ’ਚ 49.71 ਦੀ ਔਸਤ ਨਾਲ ਦੌੜਾਂ ਬਣਾਈਆਂ ਜਿਸ ’ਚ ਦੋ ਅਜੇਤੂ ਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਸਨ। ਰਾਹੁਲ ਨੇ 49 ਟੀ-20 ’ਚ 12 ਅਰਧ ਸੈਂਕੜੇ ਤੇ 2 ਸੈਂਕੜਿਆਂ ਦੀ ਮਦਦ ਨਾਲ 1557 ਦੌੜਾਂ ਬਣਾਈਆਂ।
ਕੇ. ਐੱਲ. ਰਾਹੁਲ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 2013 ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਉਨ੍ਹਾਂ ਨੂੰ ਇਕ ਕਰੋੜ ਰੁਪਏ ’ਚ ਖ਼ਰੀਦਿਆ। ਹਾਲਾਂਕਿ 2016 ’ਚ ਉਹ ਇਕ ਵਾਰ ਫਿਰ ਆਰ. ਸੀ. ਬੀ. ’ਚ ਚਲੇ ਗਏ। ਆਈ. ਪੀ. ਐੱਲ. 2018 ’ਚ ਉਹ 11 ਕਰੋੜ ਰੁਪਏ ’ਚ ਵਿਕੇ ਤੇ ਉਸ ਸੈਸ਼ਨ ’ਚ ਤੀਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ। ਛੋਟੇ ਫ਼ਾਰਮੈਟ ’ਚ 659 ਦੌੜਾਂ ਠੋਕ ਕੇ ਉਨ੍ਹਾਂ ਨੇ ਇਕ ਵਾਰ ਫਿਰ ਖ਼ੁਦ ਨੂੰ ਸਾਬਤ ਕੀਤਾ।
ਕੇ. ਐੱਲ. ਰਾਹੁਲ ਨਾਲ ਜੁੜੇ ਕੁਝ ਖ਼ਾਸ ਰਿਕਾਰਡ
* ਕੇ. ਐੱਲ. ਰਾਹੁਲ ਫ਼ਰਸਟ ਕਲਾਸ ਕ੍ਰਿਕਟ ’ਚ ਕਰਨਾਟਕ ਵੱਲੋਂ ਤੀਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਖਿਡਾਰੀ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਖ਼ਿਲਾਫ਼ 2014-15 ਰਣਜੀ ਟਰਾਫ਼ੀ ’ਚ 448 ਗੇਂਦਾਂ ’ਤੇ 337 ਦੌੜਾਂ ਦੀ ਪਾਰੀ ਖੇਡੀ ਸੀ।
* ਉਹ ਡੈਬਿਊ ਵਨ-ਡੇ ਮੈਚ ’ਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਨੇ ਜ਼ਿੰਬਾਬਵ ਖ਼ਿਲਾਫ਼ 2016 ’ਚ ਇਹ ਰਿਕਾਰਡ ਬਣਾਇਆ ਸੀ।
* ਕੇ. ਐੱਲ. ਰਾਹੁਲ ਦੇ ਨਾਂ ਇਕ ਅਨੋਖਾ ਰਿਕਾਰਡ ਵੀ ਦਰਜ ਹੈ। ਦਰਅਸਲ, ਉਹ ਟੈਸਟ ਤੇ ਵਨ-ਡੇ ’ਚ ਓਪਨਰ ਦੇ ਰੂਪ ’ਚ ਪਹਿਲੀ ਇਨਿੰਗ ’ਚ ਸੈਂਕੜਾ ਲਾਉਣ ਵਾਲੇ ਇਕਮਾਤਰ ਬੱਲੇਬਾਜ਼ ਹਨ।
* ਰਾਹੁਲ ਤੀਜੇ ਖਿਡਾਰੀ ਹਨ ਜਿਨ੍ਹਾਂ ਨੇ ਤਿੰਨੇ ਫ਼ਾਰਮੈਟ ’ਚ ਸੈਂਕੜਾ ਲਾਇਆ ਹੈ।
* ਉਹ ਟੀ-20 ਕੌਮਾਂਤਰੀ ਕ੍ਰਿਕਟ ’ਚ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ ਨੰਬਰ 4 ਤੇ ਉਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਾਇਆ ਹੈ।
* ਆਈ. ਪੀ. ਐੱਲ. ’ਚ 73 ਇਨਿੰਗਸ ’ਚ ਕੇ. ਐੱਲ. ਰਾਹੁਲ ਦੀਆਂ 2378 ਦੌੜਾਂ ਹਨ ਤੇ ਇਸ ਲੀਗ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ’ਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ।
ਸਨਰਾਈਜ਼ਰਜ਼ ਨੂੰ ਹਰਾ ਕੇ ਟਾਪ ’ਤੇ ਪਹੁੰਚੀ ਮੁੰਬਈ, ਆਰੇਂਜ ਤੇ ਪਰਪਲ ਕੈਪ ਲਿਸਟ ’ਚ ਵੀ ਹੋਇਆ ਬਦਲਾਅ
NEXT STORY