ਸਪੋਰਟਸ ਡੈਸਕ– ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਕੁੰਭ ਦਾ ਮੰਚ ਸਜ ਚੁੱਕਾ ਹੈ ਅਤੇ ਪੂਰੀ ਦੁਨੀਆ ਦੇ ਖਿਡਾਰੀਆਂ ਵਾਂਗ ਭਾਰਤ ਦੇ 117 ਖਿਡਾਰੀ ਵੀ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ’ਚ ਆਪਣਾ ਵਧਿਆ ਪ੍ਰਦਰਸ਼ਨ ਕਰਨ ਲਈ ਤਿਆਰ ਹਨ, ਜਿਥੇ ਉਨ੍ਹਾਂ ਦਾ ਟੀਚਾ ਤਮਗਿਆਂ ਦੀ ਗਿਣਤੀ ਨੂੰ ਦੋਹਰੇ ਅੰਕਾਂ ਤੱਕ ਪਹੁੰਚਾਉਣਾ ਹੋਵੇਗਾ।
ਭਾਰਤ ਨੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤੇ ਸਨ, ਜੋ ਉਸ ਦਾ ਓਲੰਪਿਕ ਖੇਡਾਂ ’ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਵੇਂ ਹੀ ਉਨ੍ਹਾਂ ’ਤੇ ਇਸ ਲਈ ਉਮੀਦਾਂ ਦਾ ਭਾਰ ਹੈ ਪਰ ਕੁਸ਼ਤੀ ਨੂੰ ਛੱਡ ਕੇ ਕਿਸੇ ਵੀ ਹੋਰ ਖੇਡ ਦੇ ਖਿਡਾਰੀ ਆਪਣੀ ਤਿਆਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰ ਸਕਦੇ ਹਨ। ਖਿਡਾਰੀਆਂ ਨੇ ਭਾਵੇਂ ਵਿਦੇਸ਼ ’ਚ ਅਭਿਆਸ ਕਰਵਾਉਣਾ ਹੋਵੇ ਜਾਂ ਉਨ੍ਹਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣ, ਕਿਸੇ ਵੀ ਤਰ੍ਹਾਂ ਨਾਲ ਕੋਈ ਕਸਰ ਨਹੀਂ ਛੱਡੀ ਗਈ ਹੈ ਅਤੇ ਹੁਣ ਨਤੀਜਾ ਦੇਣਾ ਖਿਡਾਰੀਆਂ ਦਾ ਕੰਮ ਹੈ।
ਪਰ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਟੋਕੀਓ ਓਲੰਪਿਕ ਦੇ 7 ਤਮਗਿਆਂ ਦੀ ਗਿਣਤੀ ਦੀ ਬਰਾਬਰੀ ਕਰਨਾ ਵੀ ਸੌਖਾ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥ੍ਰੋ ਦੇ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਛੱਡ ਕੇ ਕੋਈ ਵੀ ਹੋਰ ਖਿਡਾਰੀ ਤਮਗੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ।
ਹਾਕੀ ਟੀਮ ’ਚ ਨਿਰੰਤਰਤਾ ਦੀ ਕਮੀ
ਹਾਕੀ ’ਚ ਭਾਰਤ ਨੇ ਪਿਛਲੇ ਓਲੰਪਿਕ ’ਚ ਕਾਂਸੀ ਤਮਗਾ ਜਿੱਤ ਕੇ 41 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕੀਤਾ ਸੀ ਪਰ ਫਿਲਹਾਲ ਟੀਮ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਰਹੀ ਹੈ। ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣਾ ਅਤੇ ਲੈਅ ਬਣਾਈ ਰੱਖਣਾ ਟੀਮ ਦੀ ਸਭ ਤੋਂ ਵੱਡੀ ਚਿੰਤਾ ਹੈ। ਇੰਨਾ ਹੀ ਨਹੀਂ ਭਾਰਤੀ ਟੀਮ ਨੂੰ ਆਸਟ੍ਰੇਲੀਆ, ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਨਾਲ ਮੁਸ਼ਕਿਲ ਗਰੁੱਪ ’ਚ ਰੱਖਿਆ ਗਿਆ ਹੈ। ਅਜਿਹੇ ’ਚ ਟੀਮ ਨੂੰ ਛੋਟੀ ਗਲਤੀ ਵੀ ਭਾਰੀ ਪੈ ਸਕਦੀ ਹੈ।
ਨਿਸ਼ਾਨੇਬਾਜ਼ੀ
ਨਿਸ਼ਾਨੇਬਾਜ਼ੀ 'ਚ ਭਾਰਤ ਦੇ 21 ਖਿਡਾਰੀ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ ’ਚ ਮਨੂੰ ਭਾਕਰ ਅਤੇ ਸੌਰਭ ਚੌਧਰੀ ਵੀ ਸ਼ਾਮਲ ਹਨ, ਤੇ ਉਨ੍ਹਾਂ ਨੂੰ ਤਮਗੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਸਿਫਤ ਕੌਰ ਸਮਰਾ (50 ਮੀਟਰ ਥ੍ਰੀ ਪੋਜ਼ੀਸ਼ਨ), ਸੰਦੀਪ ਸਿੰਘ (10 ਮੀਟਰ ਏਅਰ ਰਾਈਫਲ) ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਮਰਦਾਂ ਦੀ 50 ਮੀਟਰ ਰਾਈਫਲ) ਨੇ ਵੀ ਨਿਸ਼ਾਨੇਬਾਜ਼ੀ ’ਚ ਤਮਗੇ ਦਾ 12 ਸਾਲਾਂ ਦਾ ਇੰਤਜ਼ਾਰ ਖ਼ਤਮ ਕਰਨ ਦਾ ਮਾਦਾ ਦਿਖਾਇਆ ਹੈ।
ਕੁਸ਼ਤੀ
ਭਾਰਤ ਨੇ ਪਿਛਲੀਆਂ 4 ਓਲੰਪਿਕ ਖੇਡਾਂ ’ਚ ਤਮਗਾ ਜਿੱਤਿਆ ਹੈ ਪਰ ਇਸ ਵਾਰ ਭਾਰਤੀ ਕੁਸ਼ਤੀ ਮਹਾਸੰਘ ਵਿਰੁੱਧ ਵਿਰੋਧ ਪ੍ਰਦਰਸ਼ਨ ਦੇ ਕਾਰਨ ਖਿਡਾਰੀਆਂ ਦੀ ਤਿਆਰੀ ਅਨੁਕੂਲ ਨਹੀਂ ਰਹੀ ਹੈ। ਇਸ ਦੇ ਬਾਵਜੂਦ ਅੰਸ਼ੂ ਮਲਿਕ, ਅੰਤਿਮ ਪੰਘਾਲ ਅਤੇ ਅਮਨ ਸਹਰਾਵਤ ਨੂੰ ਭਾਰਤ ਦਾ ਸਭ ਤੋਂ ਚੰਗਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅੰਡਰ-23 ਵਿਸ਼ਵ ਚੈਂਪੀਅਨ ਰੀਤਿਕਾ ਹੁੱਡਾ ਵੀ ਛੁਪੀ ਰੁਸਤਮ ਸਾਬਿਤ ਹੋ ਸਕਦੀ ਹੈ।
ਨੀਰਜ, ਸ਼ੈੱਟੀ ਅਤੇ ਸਾਤਵਿਕ ਤੋਂ ਤਮਗੇ ਦੀਆਂ ਉਮੀਦਾਂ
ਭਾਰਤ ਦੇ ਤਮਗੇ ਦੀਆਂ ਉਮੀਦਾਂ ਨੀਰਜ ਤੇ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਰੰਕੀਰੈੱਡੀ ਦੀ ਫਾਰਮ ’ਚ ਚੱਲ ਰਹੀ ਬੈਡਮਿੰਟਨ ਜੋੜੀ ’ਤੇ ਟਿਕੀਆਂ ਹਨ। ਨੀਰਜ ਭਾਵੇਂ ਹੀ ਹੁਣ ਤੱਕ 90 ਮੀਟਰ ਦੀ ਦੂਰੀ ਤੱਕ ਭਾਲਾ ਨਹੀਂ ਸੁੱਟ ਸਕਿਆ ਹੈ ਪਰ ਉਨ੍ਹਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਵੱਡੇ ਟੂਰਨਾਮੈਂਟਾਂ ’ਚ ਉਹ ਆਪਣੇ ਵਿਰੋਧੀਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਸ ਕੋਲ ਲਗਾਤਾਰ 2 ਓਲੰਪਿਕ ਖੇਡਾਂ ’ਚ ਤਮਗਾ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣਨ ਦਾ ਸ਼ਾਨਦਾਰ ਮੌਕਾ ਹੈ।
ਸਾਤਵਿਕ ਅਤੇ ਚਿਰਾਗ ਦੀ ਜੋੜੀ ਜਿਸ ਤਰ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਉਹ ਯਕੀਨੀ ਤੌਰ ’ਤੇ ਤਮਗੇ ਦੀ ਮਜ਼ਬੂਤ ਦਾਅਵੇਦਾਰ ਹੈ। ਸਿੰਧੂ ਵੀ ਲਗਾਤਾਰ ਤੀਜਾ ਤਮਗਾ ਜਿੱਤਣ ਲਈ ਪ੍ਰਤੀਬੱਧ ਹੈ। ਉਸ ਦੀ ਹਾਲੀਆ ਫਾਰਮ ਚੰਗੀ ਨਹੀਂ ਰਹੀ ਅਤੇ ਉਸ ਨੂੰ ਡਰਾਅ ਵੀ ਮੁਸ਼ਕਿਲ ਮਿਲਿਆ ਹੈ।
ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਿਲਾ ਏਸ਼ੀਆ ਕੱਪ ਸੈਮੀਫਾਈਨਲ : ਬੰਗਲਾਦੇਸ਼ ਵਿਰੁੱਧ ਮਜ਼ਬੂਤ ਦਾਅਵੇਦਾਰ ਹੋਵੇਗਾ ਭਾਰਤ
NEXT STORY