ਮੁੰਬਈ (ਭਾਸ਼ਾ)–ਸ਼ੁਭਮਨ ਗਿੱਲ ਨੇ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਰਾਹੁਲ ਤੇਵਤੀਆ ਸੀ, ਜਿਸ ਨੇ ਆਖਰੀ ਦੋ ਗੇਂਦਾਂ ’ਤੇ ਛੱਕੇ ਲਾ ਕੇ ਗੁਜਰਾਤ ਟਾਈਟਨਸ ਨੂੰ ਆਈ. ਪੀ. ਐੱਲ.-2022 ਵਿਚ ਇੱਥੇ ਪੰਜਾਬ ਕਿੰਗਾਜ਼ ’ਤੇ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾਈ। ਗੁਜਰਾਤ ਨੂੰ ਆਖਰੀ ਓਵਰ ਵਿਚ 19 ਦੌੜਾਂ ਦੀ ਲੋੜ ਸੀ। ਹਾਰਦਿਕ ਪੰਡਯਾ (27) ਰਨ ਆਊਟ ਹੋ ਗਿਆ ਤੇ ਟੀਮ ਨੂੰ ਆਖਰੀ ਦੋ ਗੇਂਦਾਂ ’ਤੇ 12 ਦੌੜਾਂ ਦੀ ਲੋੜ ਸੀ। ਤੇਵਤੀਆ (3 ਗੇਂਦਾਂ ’ਤੇ ਅਜੇਤੂ 13) ਨੇ ਓਡੀਅਨ ਸਮਿਥ ’ਤੇ ਡੀਪ ਮਿਡਵਿਕਟ ਤੇ ਲਾਂਗ ਆਨ ’ਤੇ ਛੱਕੇ ਲਾਏ, ਜਿਸ ਨਾਲ ਗੁਜਰਾਤ ਨੇ ਚਾਰ ਵਿਕਟਾਂ ’ਤੇ 190 ਦੌੜਾਂ ਬਣਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪੰਜਾਬ ਦੀ ਇਹ 4 ਮੈਚਾਂ ਵਿਚ ਦੂਜੀ ਹਾਰ ਹੈ। ਗਿੱਲ ਨੇ 59 ਗੇਂਦਾਂ ’ਤੇ 11 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 96 ਦੌੜਾਂ ਬਣਾਈਆਂ। ਉਸ ਨੇ ਸਾਈ ਸੁਦਰਸ਼ਨ (35) ਨਾਲ ਦੂਜੀ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ।

ਗੁਜਰਾਤ ਲਈ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਗਿੱਲ ਨੇ ਚੁੱਕੀ। ਉਸ ਨੇ 29 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਜਲਦ ਹੀ ਆਪਣਾ ਪਿਛਲਾ ਬੈਸਟ ਸਕੋਰ (84) ਪਾਰ ਕੀਤਾ ਪਰ ਉਹ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਨਹੀਂ ਲਾ ਸਕਿਆ। ਮੈਥਿਊ ਵੇਡ 6 ਦੌੜਾਂ ਬਣਾ ਕੇ ਚਲਦਾ ਬਣਿਆ ਪਰ ਸਾਈ ਸੁਦਰਸ਼ਨ ਨੇ ਲੰਬੀਆਂ ਸ਼ਾਟਾਂ ਖੇਡਣ ਦੀ ਆਪਣੀ ਕਲਾ ਦਾ ਚੰਗਾ ਪ੍ਰਦਰਸ਼ਨ ਕੀਤਾ। ਗੁਜਰਾਤ ਨੂੰ ਜਦੋਂ 18 ਗੇਂਦਾਂ ’ਤੇ 37 ਦੌੜਾਂ ਦੀ ਲੋੜ ਸੀ ਤਦ ਅਰਸ਼ਦੀਪ ਸਿੰਘ (4 ਓਵਰਾਂ ਵਿਚ 31 ਦੌੜਾਂ) ਨੇ ਕਸੀ ਹੋਈ ਗੇਂਦਬਾਜ਼ੀ ਕਰ ਕੇ ਗਿੱਲ ਤੇ ਪੰਡਯਾ ਦੇ ਸਾਹਮਣੇ ਸਿਰਫ 5 ਦੌੜਾਂ ਦਿੱਤੀਆਂ। ਪੰਡਯਾ ਨੇ ਰਬਾਡਾ ’ਤੇ ਲਗਾਤਾਰ ਦੋ ਚੌਕੇ ਲਾਏ ਪਰ ਦੱਖਣੀ ਅਫਰੀਕੀ ਗੇਂਦਬਾਜ਼ ਨੇ ਗਿੱਲ ਨੂੰ ਸੈਂਕੜਾ ਪੂਰਾ ਨਹੀਂ ਕਰਨ ਦਿੱਤਾ। ਸਮਿਥ ਨੂੰ ਆਖਰੀ ਓਵਰ ਵਿਚ 19 ਦੌੜਾਂ ਦੀ ਲੋੜ ਸੀ ਪਰ ਤੇਵਤੀਆ ਨੇ ਉਸ ਨੂੰ ਸਟਾਰ ਨਹੀਂ ਬਣਨ ਦਿੱਤਾ।

ਇਹ ਵੀ ਪੜ੍ਹੋ : ਫਰਾਂਸ ਨੇ ਬੁਚਾ ਸ਼ਹਿਰ ਦੀਆਂ ਤਸਵੀਰਾਂ 'ਤੇ ਟਵੀਟ ਨੂੰ ਲੈ ਕੇ ਰੂਸੀ ਰਾਜਦੂਤ ਨੂੰ ਕੀਤਾ ਤਲਬ
ਇਸ ਤੋਂ ਪਹਿਲਾਂ ਲਿਆਮ ਲਿਵਿੰਗਸਟੋਨ ਦੀ ਇਕ ਹੋਰ ਧਮਾਕੇਦਾਰ ਪਾਰੀ ਨਾਲ ਪੰਜਾਬ ਕਿੰਗਜ਼ ਨੇ ਰਾਸ਼ਿਦ ਖਾਨ ਦੇ ਝਟਕਿਆਂ ਦੇ ਬਾਵਜੂਦ ਗੁਜਰਾਤ ਟਾਈਟਨਸ ਵਿਰੁੱਧ ਇੱਥੇ 9 ਵਿਕਟਾਂ ’ਤੇ 189 ਦੌੜਾਂ ਬਣਾਈਆਂ। ਲਿਵਿੰਗਸਟੋਨ ਨੇ 27 ਗੇਂਦਾਂ ’ਤੇ 64 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਤੇ 4 ਛੱਕੇ ਸ਼ਾਮਲ ਹਨ। ਉਸ ਤੋਂ ਇਲਾਵਾ ਸ਼ਿਖਰ ਧਵਨ (35) ਅਤੇ 9ਵੇਂ ਨੰਬਰ ਦੇ ਬੱਲੇਬਾਜ਼ ਰਾਹੁਲ ਚਾਹਰ (ਅਜੇਤੂ 22) ਅਤੇ 11ਵੇਂ ਨੰਬਰ ਦੇ ਬੱਲੇਬਾਜ਼ ਅਰਸ਼ਦੀਪ ਸਿੰਘ (ਅਜੇਤੂ 10) ਨੇ ਉਪਯੋਗੀ ਯੋਗਦਾਨ ਦਿੱਤਾ। ਪੰਜਾਬ ਦੇ ਜ਼ਿਆਦਾਤਰ ਬੱਲੇਬਾਜ਼ਾਂ ਨੇ ਲੰਬੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਵਿਚ ਆਪਣੀਆਂ ਵਿਕਟਾਂ ਗੁਆਈਆਂ। ਗੁਜਰਾਤ ਲਈ ਸਟਾਰ ਲੈੱਗ ਸਪਿਨਰ ਰਾਸ਼ਿਦ ਨੇ 22 ਦੌੜਾਂ ਦੇ ਕੇ 3 ਜਦਕਿ ਆਪਣਾ ਪਹਿਲਾ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਦਰਸ਼ਨ ਨਾਲਕੰਡੇ ਨੇ 37 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਪੰਜਾਬ ਕਿੰਗਜ਼ ਲਈ ਕੁਝ ਵੀ ਅਨੁਕੂਲ ਨਹੀਂ ਰਿਹਾ। ਉਸ ਨੇ ਪਹਿਲਾਂ ਟਾਸ ਗੁਆਇਆ ਤੇ ਫਿਰ ਪਾਵਰਪਲੇਅ ਵਿਚ ਹੀ ਕਪਤਾਨ ਮਯੰਕ ਅਗਰਵਾਲ (5) ਤੇ ਇਸ ਫ੍ਰੈਂਚਾਈਜ਼ੀ ਟੀਮ ਤੋਂ ਡੈਬਿਊ ਕਰ ਰਹੇ ਜਾਨੀ ਬੇਅਰਸਟੋ (8 ਦੀਆਂ ਵਿਕਟਾਂ ਗੁਆ ਦਿੱਤੀਆਂ। ਪੰਜਾਬ ਦੀ ਕਪਾਤਨੀ ਸੰਭਾਲਣ ਤੋਂ ਬਾਅਦ ਦੌੜਾਂ ਬਣਾਉਣ ਲਈ ਜੂਝ ਰਹੇ ਅਗਰਵਾਲ ਨੇ ਹਾਰਦਿਕ ਪੰਡਯਾ ਦੀ ਸ਼ਾਟ ਪਿੱਚ ’ਤੇ ਮਿਡਵਿਕਟ ’ਤੇ ਆਸਾਨ ਕੈਚ ਦਿੱਤਾ। ਬੇਅਰਸਟੋ ਵੀ ਲਾਕੀ ਫਰਗਿਊਸਨ ਦੀ ਸ਼ਾਟ ਪਿੱਚ ਗੇਂਦ ’ਤੇ ਕੰਟਰੋਲ ਸ਼ਾਟ ਨਹੀਂ ਲਾ ਸਕਿਆ। ਪਾਵਰਪਲੇਅ ਤੋਂ ਬਾਅਦ ਸਕੋਰ 2 ਵਿਕਟਾਂ ’ਤੇ 43 ਦੌੜਾਂ ਸੀ। ਮੈਚ ਦਾ ਮਹੱਤਵਪੂਰਨ ਮੋੜ ਤਦ ਆਇਆ ਜਦੋਂ ਪੰਡਯਾ ਨੇ ਬਾਊਂਡਰੀ ’ਤੇ ਲਿਵਿੰਗਸਟੋਨ ਦਾ ਕੈਚ ਫੜਿਆ ਪਰ ਉਸਦਾ ਪੈਰ ਇਸ ਵਿਚਾਲੇ ਬਾਊਂਡਰੀ ਰੇਖ ਨਾਲ ਲੱਗ ਗਿਆ। ਲਿਵਿੰਗਸਟੋਨ ਨੇ ਇਸ ਦਾ ਜਸ਼ਨ ਨਾਲਕੰਡੇ ’ਤੇ ਦੂਜਾ ਛੱਕਾ ਜੜ ਕੇ ਮਨਾਇਆ।

ਰਾਸ਼ਿਦ ਨੇ ਹਾਲਾਂਕਿ ਧਵਨ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਲਿਵਿੰਗਸਟੋਨ ਦੇ ਨਾਲ ਉਸਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦਾ ਅੰਤ ਕੀਤਾ ਪਰ ਉਸਦੀ ਜਗ੍ਹਾ ਲੈਣ ਲਈ ਉਤਰੇ ਜਿਤੇਸ਼ ਸ਼ਰਮਾ (11 ਗੇਂਦਾਂ ’ਤੇ 23 ਦੌੜਾਂ) ਨੇ ਰਾਹੁਲ ਤੇਵਤੀਆ ’ਤੇ ਲਗਾਤਾਰ ਦੋ ਛੱਕੇ ਲਾ ਕੇ ਆਪਣੇ ਹਮਲਾਵਰ ਤੇਵਰ ਦਿਖਾਏ। ਲਿਵਿੰਗਸੋਟਨ ਨੇ ਇਸ ਓਵਰ ਦੀ ਆਖਰੀ ਗੇਂਦ ਨੂੰ 6 ਦੌੜਾਂ ਲਈ ਭੇਜ ਕੇ 21 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਨਾਲਕੰਡੇ ਨੇ ਹਾਲਾਂਕਿ ਅਗਲੇ ਓਵਰ ਵਿਚ ਜਿਤੇਸ਼ ਤੇ ਨਵੇਂ ਬੱਲੇਬਾਜ਼ ਓਡਿਅਨ ਸਮਿਥ (0) ਨੂੰ ਲਗਾਤਾਰ ਗੇਂਦਾਂ ’ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾ ਦਿੱਤਾ। ਇਸ ਨਾਲ ਸ਼ਾਹਰੁਖ ਨੂੰ ਕ੍ਰੀਜ਼ ’ਤੇ ਉਤਰਨ ਦਾ ਮੌਕਾ ਮਿਲਿਆ, ਜਿਸ ਨੇ ਮੁਹੰਮਦ ਸ਼ੰਮੀ ’ਤੇ ਲਗਾਤਾਰ ਦੋ ਛੱਕੇ ਲਾਏ। ਰਾਸ਼ਿਦ ਨੇ ਡੈੱਥ ਓਵਰਾਂ ਤੋਂ ਪਹਿਲਾਂ ਲਿਵਿੰਗਸਟੋਨ ਤੇ ਸ਼ਾਹਰੁਖ ਨੂੰ ਆਊਟ ਕਰ ਕੇ ਗੁਜਰਾਤ ਦੇ ਖੇਮੇ ਵਿਚ ਖੁਸ਼ੀਆਂ ਪਰਤਾ ਦਿੱਤੀਆਂ। ਇਸ ਨਾਲ ਪੰਜਾਬ ਕੋਲ ਆਖਰੀ ਓਵਰਾਂ ਲਈ ਕੋਈ ਮਾਹਿਰ ਬੱਲੇਬਾਜ਼ ਨਹੀਂ ਬਚਿਆ ਸੀ ਪਰ ਰਾਹੁਲ ਚਾਹਰ ਨੇ ਕੁਝ ਚੰਗੀਆਂ ਸ਼ਾਟਾਂ ਲਾਈਆਂ, ਜਿਸ ਵਿਚ ਪੰਡਯਾ ਦੇ ਪਾਰੀ ਦੇ ਆਖਰੀ ਓਵਰ ਵਿਚ ਲਾਇਆ ਗਿਆ ਛੱਕਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਜਰਮਨੀ ਦੇ ਸਾਬਕਾ ਮੰਤਰੀਆਂ ਨੇ ਰੂਸ ਵਿਰੁੱਧ ਜੰਗੀ ਅਪਰਾਧ ਦੀ ਸ਼ਿਕਾਇਤ ਕਰਵਾਈ ਦਰਜ

ਟੀਮਾਂ :
ਪੰਜਾਬ ਕਿੰਗਜ਼ :-
ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਲੀਆਮ ਲਿਵਿੰਗਸਟੋਨ, ਜਾਨੀ ਬੇਅਰਸਟੋ (ਵਿਕੇਟ ਕੀਪਰ),ਜਿਤੇਸ਼ ਸ਼ਰਮਾ, ਸ਼ਾਹਰੁਖ਼ ਖ਼ਾਨ, ਓਡੀਅਨ ਸਮਿਥ,ਕੈਗਿਸੋ ਰਬਾਡਾ, ਰਾਹੁਲ ਚਾਹਰ,ਵੈਭਵ ਅਰੋੜਾ, ਅਰਸ਼ਦੀਪ ਸਿੰਘ
ਗੁਜਰਾਤ ਟਾਈਟਨਜ਼ :-
ਮੈਥਿਊ ਵੇਡ (ਵਿਕੇਟ ਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤੇਵਤੀਆ, ਅਭਿਨਵ ਮਨੋਹਰ, ਰਾਸ਼ਿਦ ਖ਼ਾਨ, ਲਾਕੀ ਫਗਯੂਰਸਨ, ਮੁਹੰਮਦ ਸ਼ੰਮੀ ,ਦਰਸ਼ਨ ਨਾਲਕਾਂਡੇ
ਇਹ ਵੀ ਪੜ੍ਹੋ : ਅਮਰੀਕੀ ਸੈਨੇਟ ਨੇ ਰੂਸ ਨਾਲ ਵਪਾਰ ਮੁਅੱਤਲ ਕਰਨ ਲਈ ਪਾਸ ਕੀਤਾ ਬਿੱਲ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਜੂਨੀਅਰ ਵਿਸ਼ਵ ਕੱਪ : ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ 'ਚ ਪੁੱਜਾ
NEXT STORY